ਅੰਮ੍ਰਿਤਸਰ, 7 ਮਾਰਚ 2026 : ਹਰਿਆਣਾ ਦੇ ਡੇਰਾ ਮੁਖੀ ਸੌਦਾ ਸਾਧ (Dera chief Sauda Sadh) ਨੂੰ ਪੱਤਰਕਾਰ ਕਤਲ ਮਾਮਲੇ ਵਿਚ ਬਰੀ ਕੀਤੇ ਜਾਣਾ ਆਪਣੇ ਆਪ ਵਿਚ ਇਕ ਬਹੁਤ ਵੱਂਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ।
ਕੀ ਆਖਿਆ ਗਿਆਨੀ ਰਘਬੀਰ ਸਿੰਘ ਨੇ
ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਹਾਈਕੋਰਟ ਵਲੋਂ ਪੱਤਰਕਾਰ ਦੇ ਕਤਲ ਮਾਮਲੇ ਵਿਚ ਬਰੀ ਕੀਤੇ ਜਾਣ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਗਿਆਨੀ ਰਘਬੀਰ ਸਿੰਘ (Giani Raghbir Singh) ਨੇ ਕਿਹਾ ਕਿ ਜਦੋਂ ਤੋਂ ਸਾਧ ਨੂੰ ਵਾਰ-ਵਾਰ ਪੈਰੋਲ ਮਿਲਣੀ ਸ਼ੁਰੂ ਹੋਈ ਸੀ, ਉਦੋਂ ਤੋਂ ਹੀ ਇਹ ਕਿਆਸਰਾਈਆਂ ਲੱਗ ਰਹੀਆਂ ਸਨ ਕਿ ਸਰਕਾਰਾਂ ਅਤੇ ਕਾਨੂੰਨ ਉਸ ਦੇ ਹੱਕ ਵਿੱਚ ਭੁਗਤ ਰਹੇ ਹਨ ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਬਲਾਤਕਾਰੀ ਅਤੇ ਕਾਤਲ ਸਾਧ ਹੈ ਜਿਸ ਨੂੰ ਕਾਨੂੰਨ ਨਾਲ ਖਿਲਵਾੜ ਕਰਦਿਆਂ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ, ਅਤੇ ਦੂਜੇ ਪਾਸੇ ਉਹ ਬੰਦੀ ਸਿੰਘ ਹਨ ਜੋ ਪਿਛਲੇ 32 ਸਾਲਾਂ ਤੋਂ ਧਰਮ ਦੀ ਖਾਤਰ ਜੇਲ੍ਹਾਂ ਵਿੱਚ ਬੰਦ ਹਨ । ਉਨ੍ਹਾਂ ਅਫ਼ਸੋਸ ਜਤਾਇਆ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਸਿੱਖ ਕੈਦੀਆਂ ਨੂੰ ਨਾ ਪੈਰੋਲ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਰਿਹਾਅ ਕੀਤਾ ਜਾ ਰਿਹਾ ਹੈ ।
ਦੇਸ਼ ਵਿਚ ਕਾਨੂੰਨ ਸਭ ਲਈ ਬਰਾਬਰ ਨਹੀਂ
ਉਨ੍ਹਾਂ ਭਾਰਤੀ ਲੋਕਤੰਤਰ ਵਿੱਚ ਨਿਆਂ ਦੇ ਦੋਹਰੇ ਮਾਪਦੰਡਾਂ (Double standards) ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਸੰਗੀਨ ਜ਼ੁਰਮਾਂ ਵਾਲੇ ਵਿਅਕਤੀ ਨੂੰ ਬਰੀ ਕਰਨਾ ਅਤੇ ਸਿੱਖਾਂ ਨਾਲ ਲਗਾਤਾਰ ਵਿਤਕਰਾ ਕਰਨਾ ਇਹ ਸਾਬਤ ਕਰਦਾ ਹੈ ਕਿ ਦੇਸ਼ ਵਿੱਚ ਕਾਨੂੰਨ ਸਭ ਲਈ ਬਰਾਬਰ ਨਹੀਂ ਹੈ । ਉਨ੍ਹਾਂ ਕਿਹਾ ਕਿ ਇਹ ਫੈਸਲਾ ਹੈਰਾਨੀਜਨਕ ਹੈ ਅਤੇ ਸਿੱਖ ਕੌਮ ਦੇ ਮਨਾਂ ਵਿੱਚ ਬੇਗਾਨਗੀ ਦੇ ਅਹਿਸਾਸ ਨੂੰ ਹੋਰ ਗੂੜ੍ਹਾ ਕਰਦਾ ਹੈ ।
Read More : ਡੇਰਾ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਨੇ ਕੀਤਾ ਪੱਤਰਕਾਰ ਕਤਲ ਮਾਮਲੇ ਵਿਚ ਬਰੀ









