ਨਵੀਂ ਦਿੱਲੀ, 17 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਹਰਿਆਣਾ ਸਥਿਤ ਅਲ-ਫਲਾਹ ਯੂਨੀਵਰਸਿਟੀ (Al-Falah University) ਦੀਆਂ ਲੱਗਭਗ 140 ਕਰੋੜ ਰੁਪਏ ਦੀਆਂ ਜਾਇਦਾਦਾਂ (Properties) ਸ਼ੁੱਕਰਵਾਰ ਨੂੰ ਕੁਰਕ (Hook) ਕਰ ਲਈਆਂ ।
ਜਵਾਦ ਅਹਿਮਦ ਸਿੱਦੀਕੀ ਖਿਲਾਫ ਦੋਸ਼-ਪੱਤਰ ਦਾਇਰ
ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਨੇ ਅਲ-ਫਲਾਹ ਸਮੂਹ ਦੇ ਪ੍ਰਧਾਨ ਜਵਾਦ ਅਹਿਮਦ ਸਿੱਦੀਕੀ ਅਤੇ ਉਨ੍ਹਾਂ ਦੇ ਟਰੱਸਟ ਖਿਲਾਫ ਦੋਸ਼-ਪੱਤਰ ਦਾਇਰ ਕੀਤਾ ਹੈ । ਅਲ-ਫਲਾਹ ਯੂਨੀਵਰਸਿਟੀ ਰਾਸ਼ਟਰੀ ਰਾਜਧਾਨੀ `ਚ ਪਿਛਲੇ ਸਾਲ 10 ਨਵੰਬਰ ਨੂੰ ਲਾਲ ਕਿਲੇ ਦੇ ਨੇੜੇ ਹੋਏ ਕਾਰ ਬੰਬ ਧਮਾਕੇ ਤੋਂ ਬਾਅਦ ਕੇਂਦਰੀ ਏਜੰਸੀਆਂ ਦੀ ਜਾਂਚ ਦੇ ਘੇਰੇ `ਚ ਹੈ ।
ਕੀ ਕੀ ਕੀਤਾ ਗਿਆ ਹੈ ਕੁਰਕ
ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (Anti-Money Laundering Law) (ਪੀ. ਐੱਮ. ਐੱਲ. ਏ.) ਦੇ ਤਹਿਤ ਜਾਰੀ ਇਕ ਅੰਤ੍ਰਿਮ ਹੁਕਮ ਤਹਿਤ ਫਰੀਦਾਬਾਦ ਦੇ ਧੌਜ ਖੇਤਰ `ਚ ਸਥਿਤ ਯੂਨੀਵਰਸਿਟੀ ਦੀ 54 ਏਕੜ ਜ਼ਮੀਨ, ਯੂਨੀਵਰਸਿਟੀ ਦੀਆਂ ਇਮਾਰਤਾਂ, ਵੱਖ-ਵੱਖ ਸਕੂਲਾਂ ਅਤੇ ਵਿਭਾਗਾਂ ਨਾਲ ਸਬੰਧਤ ਇਮਾਰਤਾਂ ਅਤੇ ਹੋਸਟਲਾਂ ਨੂੰ ਕੁਰਕ ਕਰ ਲਿਆ ਗਿਆ ਹੈ। ਸਿੱਦੀਕੀ ਨੂੰ ਨਵੰਬਰ `ਚ ਈ. ਡੀ. ਨੇ ਉਨ੍ਹਾਂ ਦੇ ਟਰੱਸਟ ਵੱਲੋਂ ਸੰਚਾਲਿਤ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨਾਲ ਧੋਖਾਦੇਹੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ ।
ਵਿੱਦਿਅਕ ਸੰਸਥਾਵਾਂ ਕੋਲ ਪੜ੍ਹਾਉਣ ਲਈ ਲੋੜੀਂਦੀ ਜਾਇਜ਼ ਮਾਨਤਾ ਨਹੀਂ ਸੀ ਦਾ ਈ. ਡੀ. ਨੇ ਕੀਤਾ ਦਾਅਵਾ
ਈ. ਡੀ. ਨੇ ਦਾਅਵਾ ਕੀਤਾ ਕਿ ਵਿੱਦਿਅਕ ਸੰਸਥਾਵਾਂ ਕੋਲ ਪੜ੍ਹਾਉਣ ਲਈ ਲੋੜੀਂਦੀ ਜਾਇਜ਼ ਮਾਨਤਾ ਨਹੀਂ ਸੀ । ਅਧਿਕਾਰੀਆਂ ਨੇ ਦੱਸਿਆ ਕਿ ਪੀ. ਐੱਮ. ਐੱਲ. ਏ. ਦੀ ਵਿਸ਼ੇਸ਼ ਅਦਾਲਤ `ਚ ਸਿੱਦੀਕੀ ਅਤੇ ਅਲ-ਫਲਾਹ ਟਰੱਸਟ ਦੇ ਖਿਲਾਫ ਵੀ ਦੋਸ਼-ਪੱਤਰ (Chargesheet) ਦਾਇਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਮੁਲਜ਼ਮ ਬਣਾ ਕੇ ਅਦਾਲਤ `ਚ ਪੇਸ਼ ਕੀਤਾ ਗਿਆ ਹੈ ਅਤੇ ਈ. ਡੀ. ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਉਨ੍ਹਾਂ `ਤੇ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਹੈ । ਸਰਕਾਰ ਵੱਲੋਂ ਨਿਯੁਕਤ `ਰਿਸੀਵਰ` ਨੂੰ ਅਲ-ਫਲਾਹ ਯੁਨੀਵਰਸਿਟੀ ਕੰਪਲੈਕਸ ਦਾ ਪ੍ਰਸ਼ਾਸਨ ਸੌਂਪਿਆ ਜਾ ਸਕਦਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਵੇਗੀ ।
Read More : ਮਹਾਦੇਵ ਐਪ ਮਾਮਲੇ ਵਿਚ ਈ. ਡੀ. ਨੇ ਕੁਰਕ ਕੀਤੀ 21 ਕਰੋੜ ਰੁਪਏ ਦੀ ਜਾਇਦਾਦ









