ਪਟਿਆਲਾ, 12 ਸਤੰਬਰ 2025 : ਪਟਿਆਲਾ ਨੂੰ ਇੱਕ ਸਾਫ਼-ਸੁਥਰਾ ਅਤੇ ਵਧੇਰੇ ਵਾਤਾਵਰਣ ਪੱਖੀ ਸ਼ਹਿਰ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ ਨਗਰ ਨਿਗਮ (Municipal Corporation) ਨੇ ਕੇਂਦਰੀ ਜੇਲ੍ਹ ਦੇ ਨੇੜੇ ਭਾਦਸੋਂ ਰੋਡ ‘ਤੇ ਸਥਿਤ ਸੈਕੰਡਰੀ ਕੂੜਾ ਇਕੱਠਾ ਕਰਨ ਵਾਲੇ ਸਥਾਨ ਨੂੰ ਪੱਕੇ ਤੌਰ ‘ਤੇ ਸਾਫ਼ ਕਰਕੇ ਇੱਥੋਂ ਕੂੜੇ ਦੇ ਡੰਪ ਨੂੰ ਸਫਲਤਾਪੂਰਵਕ ਹਟਾ ਦਿੱਤਾ ਹੈ ।
ਨਗਰ ਨਿਗਮ ਨੇ ਭਾਦਸੋਂ ਰੋਡ ‘ਤੇ ਕੂੜੇ ਦਾ ਢੇਰ ਬਣ ਰਹੇ ‘ਸੈਕੰਡਰੀ ਵੇਸਟ ਕੁਲੈਕਸ਼ਨ ਪੁਆਇੰਟ’ ਨੂੰ ਪੱਕੇ ਤੌਰ ‘ਤੇ ਸਾਫ਼ ਕੀਤਾ
ਮੇਅਰ ਕੁੰਦਨ ਗੋਗੀਆ (Mayor Kundan Gogia) ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀ ਨਿਗਰਾਨੀ ਹੇਠ ਚੱਲ ਰਹੀ ਇਸ ਮੁਹਿੰਮ ਦੌਰਾਨ ਨਗਰ ਨਿਗਮ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਇਸ ਜਗ੍ਹਾ ਨੂੰ ਸਾਫ਼ ਕੀਤਾ ਗਿਆ । ਸ਼ਹਿਰ ਦੀ ਸਫ਼ਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਜਗ੍ਹਾ ਨੂੰ ਹੁਣ ਸੁੰਦਰੀਕਰਨ ਲਈ ਨਿਰਧਾਰਤ ਕੀਤਾ ਗਿਆ ਹੈ । ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ “ਪਟਿਆਲਾ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣਾ ਸਾਡੇ ਨਿਗਮ ਦੀ ਸਭ ਤੋਂ ਵੱਡੀ ਤਰਜੀਹ ਹੈ ।
ਸ਼ਹਿਰ ਦੀਆਂ 42 ‘ਚੋਂ 24 ਕੂੜਾ ਇਕੱਠਾ ਕਰਨ ਵਾਲੀਆਂ ਥਾਵਾਂ ਨੂੰ ਕੀਤਾ ਸਾਫ਼, ਸਾਫ਼ ਥਾਵਾਂ ਦਾ ਸੁੰਦਰੀਕਰਨ ਕੀਤਾ : ਕਮਿਸ਼ਨਰ ਪਰਮਵੀਰ ਸਿੰਘ
ਭਾਦਸੋਂ ਰੋਡ ‘ਤੇ ਸੈਕੰਡਰੀ ਵੇਸਟ ਪੁਆਇੰਟ (Secondary waste point) ਨੂੰ ਸਦਾ ਲਈ ਹਟਾਉਣਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਅਸੀਂ ਸਿਰਫ਼ ਅਸਥਾਈ ਹੱਲ ਨਹੀਂ, ਸਗੋਂ ਟਿਕਾਊ ਪ੍ਰਬੰਧਨ ਲਈ ਵਚਨਬੱਧ ਹਾਂ । ਨਗਰ ਨਿਗਮ ਦੀ ਟੀਮ ਘਰ-ਘਰ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰ ਰਹੀ ਹੈ ਤਾਂ ਜੋ ਸ਼ਹਿਰ ਵਿੱਚ ਕਿਸੇ ਵੀ ਥਾਂ ‘ਤੇ ਗੰਦਗੀ ਨਾ ਰਹੇ । ਪਟਿਆਲਵੀਆਂ ਨੂੰ ਵੀ ਅਪੀਲ ਹੈ ਕਿ ਉਹ ਇਸ ਮੁਹਿੰਮ ਵਿੱਚ ਸਾਥ ਦੇਣ ਅਤੇ ਸਫ਼ਾਈ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ । ਸਾਡਾ ਮਕਸਦ ਪਟਿਆਲਾ ਨੂੰ ਇੱਕ ਸਿਹਤਮੰਦ, ਹਰਾ-ਭਰਾ ਅਤੇ ਸੁੰਦਰ ਸ਼ਹਿਰ ਬਣਾਉਣਾ ਹੈ ।
ਸੁਚਾਰੂ ਅਤੇ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ, ਨਗਰ ਨਿਗਮ ਨੇ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਲਈ ਇਲੈਕਟ੍ਰਿਕ ਵਾਹਨ ਲਗਾਏ ਹਨ
ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਸੁਚਾਰੂ ਅਤੇ ਟਿਕਾਊ ਰਹਿੰਦ-ਖੂੰਹਦ (Waste) ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ, ਨਗਰ ਨਿਗਮ ਨੇ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਲਈ ਇਲੈਕਟ੍ਰਿਕ ਵਾਹਨ ਲਗਾਏ ਹਨ । ਇਹ ਗੱਡੀਆਂ ਘਰਾਂ ਤੋਂ ਕੂੜਾ ਇਕੱਠਾ ਕਰਨ ਵਾਲੇ ਰੇਹੜੀਆਂ ਵਾਲਿਆਂ ਤੋਂ ਕੂੜਾ ਲੈਕੇ ਇਸਨੂੰ ਸਿੱਧੇ ਮਟੀਰੀਅਲ ਰਿਕਵਰੀ ਸਹੂਲਤ (ਐਮ. ਆਰ. ਐਫ.) ਅਤੇ ਨਿਰਧਾਰਤ ਡੰਪਿੰਗ ਸਾਈਟ ‘ਤੇ ਪਹੁੰਚਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਵਾਤਾਵਰਣ-ਅਨੁਕੂਲ ਪਹਿਲਕਦਮੀ ਪਟਿਆਲਾ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਂਦੇ ਹੋਏ ਕੂੜੇ ਦੇ ਪ੍ਰਬੰਧਨ ਨੂੰ ਸੁਚਾਰੂ ਬਣਾਉਂਦੀ ਹੈ ।
ਹੁਣ ਤੱਕ 42 ਸੈਕੰਡਰੀ ਕੂੜਾ ਇਕੱਠਾ ਕਰਨ ਦੀਆਂ ਥਾਂਵਾਂ ਵਿੱਚੋਂ 24 ਨੂੰ ਹਟਾ ਦਿੱਤਾ ਹੈ
ਕਮਿਸ਼ਨਰ ਨੇ ਅੱਗੇ ਕਿਹਾ ਕਿ ਭਾਦਸੋਂ ਰੋਡ ਸਥਿਤ ਇਸ ਕੂੜੇ ਦੇ ਸੈਕੰਡਰੀ ਸਾਈਟ ਨੂੰ ਹਟਾਉਣਾ ਨਗਰ ਨਿਗਮ ਦੀ ਸਵੱਛ ਭਾਰਤ ਮਿਸ਼ਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਣ ਸਮੇਤ ਇੱਕ ਸਿਹਤਮੰਦ, ਹਰਾ-ਭਰਾ ਅਤੇ ਵਧੇਰੇ ਸੁੰਦਰ ਪਟਿਆਲਾ ਬਣਾਉਣ ਵੱਲ ਇੱਕ ਹੋਰ ਮੀਲ ਪੱਥਰ ਹੈ । ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਨਵਿੰਦਰ ਸਿੰਘ (Health Officer Dr. Navinder Singh) ਨੇ ਦੱਸਿਆ ਕਿ ਨਿਗਮ ਨੇ ਹੁਣ ਤੱਕ 42 ਸੈਕੰਡਰੀ ਕੂੜਾ ਇਕੱਠਾ ਕਰਨ ਦੀਆਂ ਥਾਂਵਾਂ ਵਿੱਚੋਂ 24 ਨੂੰ ਹਟਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ‘ਤੇ ਲੋਕਾਂ ਵੱਲੋਂ ਕੂੜਾ ਸੁੱਟਣ ਨੂੰ ਰੋਕਣ ਅਤੇ ਇਨ੍ਹਾਂ ਥਾਵਾਂ ਨੂੰ ਸਾਫ਼ ਰੱਖਣ ਲਈ ਸਾਫ਼ ਕੀਤੀਆਂ ਥਾਵਾਂ ‘ਤੇ ਬੂਟੇ ਲਾਸ਼ ਸਮੇਤ ਗਮਲੇ ਵੀ ਰੱਖੇ ਗਏ ਹਨ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਕਰਨਾਲ ਜੇਵੀ ਸਿੰਘ, ਜੁਆਇੰਟ ਸਟੇਟ ਸੈਕਟਰੀ ਦਵਿੰਦਰ ਸਿੰਘ ਵਾਲੀਆ, ਸੈਕਟਰੀ ਰਜਿੰਦਰ ਮੋਹਨ ਮੇਅਰ, ਬਲਾਕ ਇੰਚਾਰਜ ਸੁਸ਼ੀਲ ਮਿੱਡਾ, ਕੌਂਸਲਰ ਜਸਬੀਰ ਗਾਂਧੀ, ਚਰਨਜੀਤ ਸਿੰਘ (ਐਸ. ਕੇ.), ਕੌਂਸਲਰ ਮਨਦੀਪ ਸਿੰਘ ਵਿਰਦੀ, ਕੌਂਸਲਰ ਕੁਲਵੰਤ ਸਿੰਘ ਕਾਲਕਾ, ਕੌਸਲਰ ਹਰਿੰਦਰ ਸ਼ੁਕਲਾ, ਬਲਾਕ ਇੰਚਾਰਜ ਲਾਲ ਸਿੰਘ, ਵਾਰਡ ਇੰਚਾਰਜ ਕੇਵਲ ਬਾਵਾ, ਸਿਹਤ ਅਫਸਰ ਡਾ: ਨਵਿੰਦਰ ਸਿੰਘ, ਇਲਾਕਾ ਇੰਸਪੈਕਟਰ ਹਰਵਿੰਦਰ ਸਿੰਘ, ਦਰੋਗਾ ਬਲਜਿੰਦਰ ਸਿੰਘ, ਵੇਦ ਪ੍ਰਕਾਸ਼, ਰਤਨ ਲਾਲ ਅਤੇ ਪੂਰੀ ਸਿਹਤ ਟੀਮ ਵੀ ਮੌਜੂਦ ਸਨ ।
Read More : ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਜਿ਼ਆਦਾਤਰ ਸਟਾਫ ਸੀ ਗੈਰ ਹਾਜ਼ਰ