ਪਟਿਆਲਾ, 3 ਸਤੰਬਰ 2025 : ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਪਟਿਆਲਾ ਪੁਲਸ ਦੀ ਸਾਈਬਰ ਕਰਾਈਮ ਟੀਮ ਨੇ ਐਸ. ਪੀ. (ਸਾਈਬਰ ਕਰਾਈਮ) ਅਤੇ ਆਰਥਿਕ ਅਪਰਾਧ ਪਟਿਆਲਾ ਆਸਵੰਤ ਸਿੰਘ ਅਤੇ ਇੰਸਪੈਕਟਰ ਤਰਨਦੀਪ ਕੌਰ, ਐਸ. ਐਚ. ਓ. ਥਾਣਾ ਸਾਈਬਰ ਕਰਾਈਮ ਪਟਿਆਲਾ ਦੀ ਅਗਵਾਈ ਹੇਠ ਪਟਿਆਲੇ ਦੇ ਇੱਕ ਅਜਿਹੇ ਗਿਰੋਹ ਨੂੰ ਫੜਿਆ ਗਿਆ ਹੈ ਜੋ ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ (Cyber thugs based in the Philippines) ਨੂੰ ਪੈਸੇ ਲੈ ਕੇ ਸਾਈਬਰ ਠੱਗੀ ਮਾਰਨ ਲਈ ਬੈਂਕ ਖਾਤੇ ਅਤੇ ਮੋਬਾਇਲ ਸਿੰਮ ਕਾਰਡ ਮੁਹੱਈਆ ਕਰਵਾ ਰਿਹਾ ਸੀ।
ਐਸ. ਐਚ. ਓ. ਥਾਣਾ ਸਾਈਬਰ ਕਰਾਈਮ ਪਟਿਆਲਾ ਨੇ ਦੱਸਿਆ ਕਿਵੇੇਂ ਕਰਦੇ ਸੀ ਕੰਮ
ਐਸ. ਐਚ. ਓ. ਥਾਣਾ ਸਾਈਬਰ ਕਰਾਈਮ (S. H. O. Thana Cyber Crime) ਪਟਿਆਲਾ ਨੇ ਦੱਸਿਆ ਕਿ ਆਮ ਲੋਕਾਂ ਦੇ ਨਾਮ ਤੇ ਲਏ ਗਏ ਇਹਨਾਂ ਮੋਬਾਇਲ ਸਿਮਾਂ ਰਾਹੀਂ ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਫੋਨ ਕਰਕੇ ਉਹਨਾਂ ਨੂੰ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਜਾਂ ਨਿਵੇਸ਼ ਸਕੀਮਾਂ ਦਾ ਝਾਂਸਾ ਦੇ ਕੇ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾ ਕੇ ਇਹਨਾਂ ਆਮ ਲੋਕਾਂ ਦੇ ਨਾਮ ਤੇ ਖੋਲੇ ਗਏ ਬੈਂਕ ਖਾਤਿਆਂ ਵਿੱਚ ਪੈਸੇ ਪੁਆ ਲਏ ਜਾਂਦੇ ਸਨ ਅਤੇ ਫਿਰ ਇਸ ਪੈਸੇ ਨੂੰ ਹੋਰ ਬੈਂਕ ਖਾਤਿਆਂ ਵਿਚੋਂ ਘੁਮਾ ਕੇ ਕਢਵਾ ਲਿਆ ਜਾਂਦਾ ਸੀ ।
ਹੁਣ ਤੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਜਾ ਚੁੱਕਿਐ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਗਿਰੋਹ ਦੇ 4 ਮੈਂਬਰਾ ਨੂੰ ਗ੍ਰਿਫਤਾਰ (4 members of the gang arrested) ਕੀਤਾ ਜਾ ਚੁੱਕਿਆ ਹੈ ।ਜਿਨ੍ਹਾਂ ਵਿਚ ਪੰਕਜ਼, ਅਰਸ਼ਦੀਪ ਅਤੇ ਮੰਗਾ ਸਿੰਘ (ਸਾਰੇ ਪਟਿਆਲਾ ਦੇ ਵਾਸੀ) ਸ਼ਾਮਲ ਹਨ ਵੱਲੋਂ ਹੀ ਇਹ ਗਿਰੋਹ ਚਲਾਇਆ ਜਾ ਰਿਹਾ ਸੀ ਤੇ ਇਸ ਗਿਰੋਹ ਵਲੋਂ ਭੋਲੇ ਭਾਲੇ ਨੋਜਵਾਨਾ ਨੂੰ ਨੋਕਰੀ ਦੇਣ ਦਾ ਝਾਂਸਾ ਦੇ ਕੇ ਉਹਨਾਂ ਦਾ ਸੈਲਰੀ ਖਾਤੇ ਉਹਨਾ ਦੇ ਨਾਮ ਤੇ ਖੁਲਵਾ ਕੇ ਉਸ ਖਾਤੇ ਦਾ ਸਾਰਾ ਵੇਰਵਾ, ਏ. ਟੀ. ਐਮ. ਕਾਰਡ ਅਤੇ ਬੈਂਕ ਖਾਤਿਆਂ ਦਾ ਵੇਰਵਾ ਵੇਰਵਾ ਆਪਣੇ ਕੋਲ ਰੱਖ ਲੈਂਦੇ ਸਨ।
ਉਨ੍ਹਾਂ ਦੱਸਿਆ ਕਿ ਫਿਰ ਇਸ ਬੈਂਕ ਖਾਤੇ ਦਾ ਏ. ਟੀ. ਐਮ. ਕਾਰਡ ਅਤੇ ਬੈਂਕ ਖਾਤੇ ਦਾ ਵੇਰਵਾ ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਬਾਬੂ ਅਤੇ ਸੂਮੀ (ਜੋ ਪੰਜਾਬੀ ਮੂਲ ਦੇ ਹਨ) ਨੂੰ ਵੇਚ ਦਿੰਦੇ ਸਨ । ਇਹਨਾ ਵੱਲੋਂ ਇੱਕ ਸੇਵਿੰਗ ਬੈਂਕ ਖਾਤਾ 10 ਹਜ਼ਾਰ ਰੁਪਏ ਅਤੇ ਇੱਕ ਕਰੰਟ ਬੈਂਕ ਖਾਤਾ 40 ਹਜ਼ਾਰ ਰੁਪਏ ਵਿੱਚ ਵੇਚਿਆ ਜਾਂਦਾ ਸੀ । ਹੁਣ ਤੱਕ ਇਸ ਗੈਂਗ ਨੇ 30 ਤੋਂ ਵੱਧ ਬੈਂਕ ਖਾਤੇ ਫਿਲੀਪੀਨਜ਼ ਬੈਠੇ ਸਾਈਬਰ ਠੱਗਾ ਨੂੰ ਵੇਚੇ ਹਨ, ਜਿਨ੍ਹਾ ਵੱਲੋਂ ਕੁੱਝ ਮਹੀਨਿਆਂ ਵਿੱਚ ਹੀ ਇਹਨਾ ਬੈਂਕ ਖਾਤਿਆ ਰਾਹੀ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ ।
ਇਹਨਾ ਮਿਊਲ ਬੈਂਕ ਖਾਤਿਆਂ ਵਿੱਚ ਹੋਏ ਲੈਣ-ਦੇਣ ਦੀ ਪੂਰੀ ਜਾਣਕਾਰੀ ਬੈਂਕਾ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ
ਉਨ੍ਹਾਂ ਦੱਸਿਆ ਕਿ ਇਹਨਾ ਮਿਊਲ ਬੈਂਕ ਖਾਤਿਆਂ ਵਿੱਚ ਹੋਏ ਲੈਣ-ਦੇਣ ਦੀ ਪੂਰੀ ਜਾਣਕਾਰੀ ਬੈਂਕਾ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ । ਇਸ ਗਿਰੋਹ ਨੇ ਚੌਰਾ ਰੋਡ ਪਟਿਆਲਾ ਵਿਖੇ ਕੁੱਝ ਸਮੇਂ ਲਈ ਇੱਕ ਅਣ-ਅਧਿਕਾਰਤ ਡੀ-ਐਡੀਕਸ਼ਨ ਸੈਂਟਰ ਵੀ ਚਲਾਇਆ ਸੀ ਅਤੇ ਨਸ਼ਾ ਕਰਨ ਵਾਲਿਆ ਨੂੰ 500 ਰੁਪਏ ਪ੍ਰਤੀ ਸਿੰਮ ਦਾ ਲਾਲਚ ਦੇ ਕੇ ਉਹਨਾ ਦੇ ਨਾਵਾਂ ਤੇ ਨਵੇਂ ਸਿਮ ਕਾਰਡ ਖਰੀਦ ਲਏ ।ਇਹ ਸਿੰਮ ਕਾਰਡ ਵੀ ਅੱਗੇ ਫਿਲੀਪੀਨਜ਼ ਬੈਠੇ ਸਾਈਬਰ ਠੱਗਾ ਨੂੰ ਵੇਚੇ ਜਾਂਦੇ ਸਨ ਅਤੇ ਕੋਰੀਅਰ ਰਾਹੀ ਟੀ-ਸ਼ਰਟ ਦੀ ਸੀਨ ਵਿੱਚ ਲੁਕਾ ਛੁਪਾ ਕੇ ਫਿਲੀਪੀਨਜ਼ ਭੇਜੇ ਜਾਂਦੇ ਸਨ ।
ਗਿਰੋਹ ਨੇ ਹੁਣ ਤੱਕ 50 ਸਿੰਮ ਕਾਰਡ ਭੇਜੇ ਹਨ ਫਿਲੀਪੀਨਜ਼
ਐਸ. ਐਚ. ਓ. ਸਾਈਬਰ ਕਰਾਈਮ ਨੇ ਦੱਸਿਆ ਕਿ ਹੁਣ ਤੱਕ ਇਸ ਗੈਂਗ ਨੇ ਲਗਭਗ 50 ਸਿਮ ਕਾਰਡ ਫਿਲੀਪੀਨਜ਼ ਭੇਜੇ ਹਨ (50 SIM cards sent to the Philippines) । ਇਹ ਸਿਮ ਕਾਰਡ ਸਾਈਬਰ ਠੱਗਾਂ ਵੱਲੋਂ ਭਾਰਤ ਵਿੱਚ ਭੋਲਾ ਭਾਲੇ ਲੋਕਾ ਨੂੰ ਕਾਲ ਕਰਨ ਲਈ ਵਰਤੇ ਜਾਂਦੇ ਹਨ ।ਇਹ ਸਾਰੇ ਸਿਮ ਕਾਰਡ ਡੀਜੀਟਲ ਜ਼ੋਨ ਦੁਕਾਨ ਤੋਂ ਬਿਨਾਂ ਸਹੀ ਜਾਂਚ ਪੜਤਾਲ ਦੇ ਵੇਚੇ ਗਏ ਸਨ ।ਇਸ ਦੁਕਾਨ ਦੇ ਮਾਲਕ ਬੀਰਬਲ ਪੁੱਤਰ ਕ੍ਰਿਸ਼ਨ ਚੰਦ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ।
ਗ੍ਰਿਫ਼ਤਾਰ ਵਿਅਕਤੀਆਂ ਵਿਰੁੱਧ ਕੇਸ ਕਰ ਲਿਆ ਗਿਆ ਹੈ ਦਰਜ
ਇਸ ਮਾਮਲੇ ਸਬੰਧੀ ਮੁਕੱਦਮਾ ਨੰਬਰ 29 ਮਿਤੀ 27.08.2025 ਅ/ਧ 316 (2), 318 (4), 336 (3), 338, 340 (2), 351 (2), 61(2) ਬੀ. ਐਨ. ਐਸ. ਅਤੇ 66-ਸੀ ਆਈ. ਟੀ. ਐਕਟ ਥਾਣਾ ਸਾਈਬਰ ਕਰਾਇਮ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ, ਜਿਸ ਵਿੱਚ ਹੁਣ ਤੱਕ 4 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ । ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਬਾਬੂ ਅਤੇ ਸੂਮੀ ਦੇ ਪੰਜਾਬ ਕਨੈਕਸ਼ਨ ਸਬੰਧੀ ਤਫਤੀਸ਼ ਜਾਰੀ ਹੈ ਤਾਂ ਜੋ ਇਸ ਸਾਈਬਰ ਧੋਖਾਧੜੀ (Cyber fraud) ਦੇ ਪੂਰੇ ਜਾਲ ਨੂੰ ਬੇਨਕਾਬ ਕੀਤਾ ਜਾ ਸਕੇ ।
Read More : 72 ਸਾਲਾ ਵਕੀਲ ਨਾਲ ਸਾਈਬਰ ਠੱਗਾਂ ਠੱਗੇ ਕਰੋੜਾਂ