ਚੰਡੀਗੜ੍ਹ/ਨੰਗਲ, 2 ਸਤੰਬਰ 2025 : ਲਗਾਤਾਰ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੇ ਮੱਦੇਨਜ਼ਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਬਚਾਅ ਤੇ ਰਾਹਤ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਅੱਗੇ ਆਉਂਦਿਆਂ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ (Punjab Education and Information and Public Relations Minister) ਹਰਜੋਤ ਸਿੰਘ ਬੈਂਸ ਨੇ ਅੱਜ ਸਤਲੁਜ ਦਰਿਆ ਕੰਢੇ ਸਥਿਤ ਦਰਜਨ ਤੋਂ ਵੱਧ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤਾਂ ਜੋ ਲੋੜਵੰਦ ਲੋਕਾਂ ਲਈ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ ਜਾ ਸਕੇ ।
ਸਿੱਖਿਆ ਮੰਤਰੀ ਨੇ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਮੀਂਹ ਨਾਲ ਪ੍ਰਭਾਵਿਤ ਸਤਲੁਜ ਦਰਿਆ ਨੇੜਲੇ ਦਰਜਨ ਤੋਂ ਵੱਧ ਪਿੰਡਾਂ ਦਾ ਕੀਤਾ ਦੌਰਾ
ਭਾਰੀ ਮੀਂਹ ਦੇ ਬਾਵਜੂਦ ਬੈਂਸ ਨੇ ਕਿਸ਼ਤੀ ਅਤੇ ਮੋਟਰਸਾਈਕਲ ਰਾਹੀਂ ਰਾਹਤ ਕੈਂਪਾਂ ਅਤੇ ਹਰਸਾ ਬੇਲਾ, ਭਨਾਮ, ਭਲਾਣ, ਭੱਲੜੀ, ਨਾਂਗੜਾ, ਬੇਲਾ ਰਾਮਗੜ੍ਹ ਅਤੇ ਬੇਲਾ ਧਿਆਨੀ ਸਮੇਤ ਵੱਖ-ਵੱਖ ਪਿੰਡਾਂ ਤੱਕ ਪਹੁੰਚ ਕਰਕੇ ਪ੍ਰਬੰਧਾਂ ਦਾ ਜ਼ਾਇਜਾ ਲਿਆ । ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ, ਮੰਤਰੀ ਨੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਉਨ੍ਹਾਂ ਦੀ ਜਾਨ-ਮਾਲ ਦੀ ਰੱਖਿਆ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ ।
ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ 30 ਤੋਂ ਵੱਧ ਰਾਹਤ ਕੈਂਪ ਸਥਾਪਤ : ਬੈਂਸ
ਹਰਜੋਤ ਸਿੰਘ ਬੈਂਸ (Harjot Singh Bains) ਨੇ ਦੱਸਿਆ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਡਾਕਟਰੀ ਸਹਾਇਤਾ, ਭੋਜਨ ਅਤੇ ਰੈਣ ਬਸੇਰਾ ਸਮੇਤ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ 30 ਤੋਂ ਵੱਧ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ । ਸਿੱਖਿਆ ਮੰਤਰੀ ਨੇ ਯੂਥ ਕਲੱਬਾਂ ਅਤੇ ਮਹਿਲਾ ਮੰਡਲਾਂ ਸਮੇਤ ਸਥਾਨਕ ਸੰਗਠਨਾਂ ਨੂੰ ਰਾਹਤ ਕਾਰਜਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ । ਉਨ੍ਹਾਂ ਨੇ ਨਹਿਰ ਦੇ ਕਿਨਾਰਿਆਂ ਦਾ ਵੀ ਜਾਇਜ਼ਾ ਲਿਆ ਅਤੇ ਪਾਣੀ ਦੀ ਖਾਰ ਪੈਣ ਨਾਲ ਹੋਣ ਵਾਲੇ ਸੰਭਾਵੀ ਨੁਕਸਾਨ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਰਾਹਤ ਕੇਂਦਰ ਕਾਰਜਸ਼ੀਲ ਹਨ ਅਤੇ ਸਾਵਧਾਨੀ ਦੇ ਉਪਾਅ ਵਜੋਂ ਸੰਵੇਦਨਸ਼ੀਲ ਖੇਤਰਾਂ ਦੇ ਵਸਨੀਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ-ਬਰ-ਤਿਆਰ ਹਨ ।
ਬੈਂਸ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ, ਅਫਵਾਹਾਂ ਤੋਂ ਬਚਣ ਅਤੇ ਰਾਹਤ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ । ਉਨ੍ਹਾਂ ਕਿਹਾ ਕਿ ਐਮਰਜੈਂਸੀ ਜਾਂ ਕਿਸੇ ਸਹਾਇਤਾ ਲਈ ਸ੍ਰੀ ਆਨੰਦਪੁਰ ਸਾਹਿਬ ਦੇ ਵਸਨੀਕ ਕੰਟਰੋਲ ਰੂਮ ਨੰਬਰ 87279-62441 ‘ਤੇ ਸੰਪਰਕ ਕਰ ਸਕਦੇ ਹਨ ।
Read More : ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ‘ਚ ਤਰਸ ਦੇ ਅਧਾਰ ‘ਤੇ 27 ਉਮੀਦਵਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ