ਪਟਿਆਲਾ, ਸਨੌਰ, 16 ਅਗਸਤ 2025 : ਵਿਧਾਨ ਸਭਾ ਹਲਕਾ ਸਨੌਰ (Sanaur Assembly Constituency) ਅਧੀਨ ਪੈਂਦੇ ਬਲਾਕ ਭੁੰਨਰਹੇੜੀ ਅਧੀਨ ਪੈਂਦੇ ਪਿੰਡ ਸਿਰਕਪੜਾ (Village Sirkapra) ਵਿਖੇ ਕਾਰ ਸੇਵਾ ਵਾਲੇ ਬਾਬਿਆਂ ਅਤੇ ਇਲਾਕੇ ਦੇ ਲੋਕਾਂ ਵਲੋਂ ਉੁਸ ਸਮੇਂ ਦੇ ਪਿੰਡ ਦੇ ਸਰਪੰਚ ਭੋਲਾ ਸਿੰਘ ਵਲੋਂ ਸਰਕਾਰ ਦੇ ਸਹਿਯੋਗ ਤੋਂ ਬਗੈਰ ਲੰਘ ਰਹੇ ਘੱਗਰ ਦਰਿਆ ਉਤੇੇ 1995 ਵਿਚ ਜੋ ਪੁੱਲ ਲਗਾਇਆ ਗਿਆ ਸੀ ਪੁੱਲ ਦੇ ਨਜ਼ਦੀਕ ਘੱਗਰ ਵਿਚ ਪਏ ਪਾੜ ਕਾਰਨ ਜਿਥੇ ਇਥੋਂ ਲੰਘ ਰਹੀ ਸੜਕ ਧੱਸ ਰਹੀ ਹੈ, ਉਥੇ ਇਸ ਪੁੱਲ ਨੂੰ ਵੀ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ ਪ੍ਰੰਤੂ ਪ੍ਰਸ਼ਾਸਨ ਸਾਰਾ ਕੁੱਝ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ । ਇਸ ਪਾੜ ਨੂੰ ਪੂਰਨ ਲਈ ਪ੍ਰਸ਼ਾਸਨ, ਮੰਡੀ ਬੋਰਡ ਅਤੇ ਡਰੇਨੇਜ ਵਿਭਾਗ ਸੰਜੀਦਾ ਨਹੀਂ ਹੈ । ਸਗੋਂ ਇਹ ਸਾਰੇ ਇਕ ਦੂਸਰੇ ਤੇ ਹੀ ਦੋਸ਼ ਮੜ੍ਹਨ ਲੱਗੇ ਹੋਏ ਹਨ ਅਤੇੇ ਕੋਈ ਵੀ ਵਿਭਾਗ ਜਿੰਮੇਵਾਰੀ ਲੈਣ ਨੂੰ ਤਿਆਰ ਹੀ ਨਹੀਂ ਹੈ ।
ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
ਮੌਕੇ ਤੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਨਜ਼ਦੀਕ ਲੰਘ ਰਹੇ ਘੱਗਰ ਉਤੇ ਜੋ ਪੁੱਲ ਬਣਿਆਂ ਹੋਇਆ ਹੈ ਉਸਦੇ ਪੱਛਮ ਵਾਲੇ ਪਾਸੇ ਕਿਨਾਰੇ ਵਿਚ ਵੱਡਾ ਪਾੜ ਪੈ ਗਿਆ ਹੈ । ਇਥੋਂ ਲੰਘ ਰਹੀ ਸੜਕ ਘੱਗਰ ਵਿਚ ਧਸਦੀ ਜਾ ਰਹੀ ਹੈ, ਜੇਕਰ ਇਸ ਪਾੜ ਨੂੰ ਜਲਦ ਨਾ ਪੂਰਿਆ ਗਿਆ ਤਾਂ ਲੋਕਾਂ ਵਲੋਂ ਆਪਣੇ ਪੱਧਰ ਤੇ ਬਣਾਏ ਇਸ ਪੁੱਲ ਤੇ ਸੜਕ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ ਅਤੇ ਜਿਥੇ ਇਸ ਪੁੱਲ ਤੋਂ ਲੰਘਣ ਵਾਲੇ ਦੋ ਦਰਜਨ ਪਿੰਡਾਂ ਦੇ ਵਸਨੀਕਾਂ ਲਈ ਆਵਾਜਾਈ ਦੀ ਮੁਸੀਬਤ ਪੈਦਾ ਹੋ ਸਕਦੀ ਹੈ, ਉਥੇ ਕਰੋੜਾਂ ਦਾ ਨੁਕਸਾਨ ਹੋ ਸਕਦਾ ਹੈ ।
ਏਰੀਏ ਦੇ ਲੋਕਾਂ ਵਲੋਂ ਆਪਣੇ ਪੱਧਰ ਤੇ ਬਣਾਏ ਪੁੱਲ ਦਾ ਹੁਣ ਕੋਈ ਵਾਲੀਵਾਰਸ ਨਹੀਂ
ਪੁੱਲ ਹੇਠਾਂ ਜੋ ਪਿੱਲਰ ਬਣੇ ਹੋਏ ਹਨ ਦੇ ਨਾਲ ਲੱਗੇ ਪੱਥਰ ਜਾਲ ਟੁੱਟਣ ਕਾਰਨ ਪਿਛਲੇ ਇਕ ਸਾਲ ਪਹਿਲਾਂ ਤੋਂ ਪਾਣੀ ਵਿਚ ਰੁੜ ਗਏ ਹਨ ਅਤੇ ਪਿੱਲਰਾਂ ਲਾਗੇ ਮਿੱਟੀ ਦਰਿਆ ਦੇ ਪਾਣੀ ਵਿਚ ਰੁੜਨ ਕਾਰਨ 20-25 ਫੁੱਟ ਡੂੰਘੇ ਟੋਏ ਪੈ ਗਏ ਹਨ ਅਤੇ ਇਥੋਂ ਲੰਘਣ ਵਾਲੀ ਸੜਕ ਦਾ ਅੱਧਾ ਹਿੱਸਾ ਵੀ ਘੱਗਰ ਦਰਿਆ ਵਿਚ ਡਿੱਗਗ ਚੁੱਕਿਆ ਹੈ, ਜਿਸ ਕਾਰਨ ਪਿੱਲਰਾਂ ਨੂੰ ਭਾਰੀ ਨੁਕਸਾਨ ਪਹੁੰਚਣ ਕਾਰਨ ਪੁੱਲ ਟੁੱਟਣ ਦਾ ਭਵਿੱਖ ਵਿਚ ਖਤਰਾ ਪੈਦਾ ਹੋ ਸਕਦਾ ਹੈ ।
ਪ੍ਰਸ਼ਾਸਨ, ਮੰਡੀ ਬੋਰਡ ਅਤੇ ਡੇਰੇਨੇਜ ਵਿਭਾਗ ਇਕ ਦੂਸਰੇ ਤੇ ਮੜ੍ਹਨ ਲੱਗੇ ਦੋਸ਼
ਜਦੋਂ ਪਿੰਡ ਦੇ ਸਰਪੰਚ ਗੁਰਪ੍ਰੀਤ ਗੋਲਡੀ (Sarpanch Gurpreet Goldy) ਨਾਲ ਪੁੱਲ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁੱਲ ਵਿਚ ਪਏ ਇਸ ਪਾੜ ਨੂੰ ਪੂਰਨ ਲਈ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਹੈ। ਉਨ੍ਹ੍ਹਾਂ ਕਿਹਾ ਕਿ ਵਿਧਾਇਕ ਅਤੇ ਵਿਭਾਗਾ ਵਲੋਂ ਇਹ ਪਾੜ ਜਲਦ ਪੂਰਨ ਦਾ ਭਰੋਸਾ ਦਿੱਤਾ ਗਿਆ ਹੈੈ।
ਕੀ ਆਖਦੇ ਹਨ ਹਲਕਾ ਵਿਧਾਇਕ ਪਠਾਣਮਾਜਰਾ :
ਘੱਗਰ ਦਰਿਆ (Ghaggar River) ਨੇੜੇ ਬਣੇ ਪੁੱਲ ਵਿਚ ਪਏ ਪਾੜ ਨੂੰ ਪੂਰਨ ਸਬੰਧੀ ਜਦੋਂ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਉਨ੍ਹਾਂ ਵਲੋਂ ਸਰਕਾਰ-ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਧਿਆਨ ਵਿਚ ਲਿਆ ਕੇ ਇਸ ਪਾੜ ਨੂੰ ਤੁਰੰਤ ਪੂਰਨ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਮੰਡੀ ਬੋਰਡ, ਡਰੇਨੇਜ ਵਿਭਾਗ ਅਤੇ ਨਰੇਗਾ ਦੇ ਅਧਿਕਾਰੀ ਤੇ ਕਰਮਚਾਰੀ ਇਕੱਠ ਮਿਲ ਕੇ ਇਸ ਪਾੜ ਨੂੰ ਜਲਦ ਪੂਰਾ ਕਰ ਦੇਣਗੇ ਅਤੇ ਪੁੱਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾਵੇਗਾ ।
ਕੀ ਆਖਿਆ ਮੰਡੀ ਬੋਰਡ ਦੇ ਐਕਸੀਅਨ ਨੇ
ਇਸ ਸਬੰਧੀ ਜਦੋਂ ਪੰਜਾਬ ਮੰਡੀ ਬੋਰਡ (Punjab Mandi Board) ਦੇ ਸਬੰਧਤ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵਲੋਂ ਉੁਪਰੋਕਤ ਪੁੱਲ ਦਾ ਨਿਰਮਾਣ ਨਾ ਤਾਂ ਕੀਤਾ ਗਿਆ ਹੈ ਤੇ ਨਾ ਹੀ ਇਹ ਮੰਡੀ ਬੋਰਡ ਦੀ ਕਿਸੇ ਤਰ੍ਹਾਂ ਦੀ ਜਿੰਮੇਵਾਰੀ ਹੈ ਬਲਕਿ ਇਹ ਸਾਰੀ ਜਿੰਮੇਵਾਰੀ ਡਰੇਨੇਜ ਵਿਭਾਗ ਦੀ ਹੈ । ਪ੍ਰੰਤੂ ਲੋਕ ਹਿਤ ਲਈ ਇਸ ਪਾੜ ਨੂੰ ਪੂਰਨ ਲਈ ਮੰਡੀ ਬੋਰਡ, ਡਰੇਨੇਜ ਵਿਭਾਗ ਅਤੇ ਨਰੇਗਾ ਵਰਕਰਾਂ ਦੀ ਸਾਂਝੀ ਟੀਮ ਵਲੋਂ ਇਸ ਪਾੜ ਨੂੰ ਪੂਰਨ ਲਈ ਥੈਲਿਆਂ ਵਿਚ ਮਿੱੱਟੀ ਭਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਜਲਦੀ ਹੀ ਇਸ ਪਾੜ ਨੂੰ ਪੂਰ ਕੇ ਪੁੱਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਲਿਆ ਜਾਵੇਗਾ ।
ਕੀ ਬੋਲਦੇ ਨੇ ਡਰੇਨੇਜ ਵਿਭਾਗ ਦੇ ਅਧਿਕਾਰੀ
ਜਦੋਂ ਡਰੇਨੇਜ ਵਿਭਾਗ (Drainage Department) ਦੇ ਸਬੰਧਤ ਐਸ. ਡੀ. ਓ. ਰੁਕਵਿੰਦਰ ਸਿੰਘ ਅਤੇ ਜੇ. ਈ. ਹਰਸ਼ਪ੍ਰੀਤ ਸਿੰਘ ਖਾਲਸਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਪੁੱਲ ਦੀ ਜਿੰਮੇਵਾਰੀ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਡਰੇਨੇਜ ਵਿਭਾਗ ਦਾ ਇਸ ਪੁੱਲ ਨਾਲ ਕੋਈ ਲੇਗਾ ਦੇਗਾ ਹੀ ਨਹੀਂ ਹੈ । ਉਨ੍ਹਾਂ ਕਿਹਾ ਕਿ ਇਹ ਪੁੱਲ ਮੰਡੀ ਬੋਰਡ ਦੇ ਅਧੀਨ ਹੈ । ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਪੁੱਲ ਵਿਚ ਪਏ ਪਾੜ ਨੂੰ ਜੇ ਪਹਿਲਾਂ ਪੂਰ ਕੇ ਉਸਦੀ ਮੁਰੰਮਤ ਕਰੇਗਾ ਉਸ ਤੋਂ ਬਾਅਦ ਡਰੇਨੇਜ ਵਿਭਾਗ ਘੱਗਰ ਵਿਚ ਪਾਣੀ ਘਟਣ ਤੋਂ ਬਾਅਦ ਪਏ ਪਾੜ ਅੱਗੇ ਜਾਲਾਂ ਨਾਲ ਪੱਥਰ ਲਗਾਵੇਗਾ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਪਣੇ ਵਿਭਾਗ ਨੂੰ ਸੂਚਿਤ ਕਰਨ ਉਪਰੰਤ ਪੱਥਰ ਲਗਾਉਣ ਦਾ ਐਸਟੀਮੇਟ ਭੇਜਿਆ ਹੋਇਆ ਹੈ । ਐਸ. ਡੀ. ਓ. ਨੇ ਦੱਸਿਆ ਕਿ ਉਹ ਮਿਲ ਕੇ ਪਾੜ ਪੂਰਨ ਲਈ ਮੰਡੀ ਬੋਰਡ ਨਾਲ ਸੰਪਰਕ ਕਰ ਰਹੇ ਹਨ ।
Read More : ਵਿਧਾਨ ਸਭਾ ‘ਚ ਵਿਧਾਇਕ ਪਠਾਣਮਾਜਰਾ ਨੇ ਚੁਕਿਆ ਸਰਕਾਰੀ ਸਕੂਲਾਂ ਨੂੰ ਬਿਜਲੀ ਮੁਫ਼ਤ ਦੇਣ ਦਾ ਮੁੱਦਾ, ਮੰਤਰੀਆਂ ਨੇ ਵੀ ਭਰੀ ਹਾਂਮੀ