ਖੇਤੀ ਕਾਨੂੰਨ ਰੱਦ ਕਰਵਾਉਣ ਲਈ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੇ ਦਿੱਲੀ ਦੇ ਬਾਰਡਰਾਂ ’ਤੇ ਲਗਾਤਾਰ ਧਰਨੇ ਲਾਏ ਹੋਏ ਹਨ। ਇਹ ਦੁਨੀਆਂ ਦਾ ਸਭ ਤੋਂ ਲੰਬਾ ਅਤੇ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਹਰਦੀਪ ਸਿੰਘ ਫੌਜੀ, ਭਜਨ ਸਿੰਘ ਵੈਰੋਨੰਗਲ ਨੇ ਕਿਹਾ ਹੈ ਕਿ ਸਰਕਾਰ ਕੋਰੋਨਾ ਦਾ ਬਹਾਨਾ ਬਣਾ ਕੇ ਕਿਸਾਨਾਂ ਦੇ ਧਰਨੇ ਨੂੰ ਖਦੇੜਨਾ ਚਾਹੁੰਦੀ ਹੈ। ਦੂਸਰੇ ਪਾਸੇ ਪੰਜਾਬ ਦੇ ਕਿਸਾਨ ਵੀ ਹਾੜੀ ਦੀ ਫਸਲ ਨੂੰ ਸੰਭਾਲ ਕੇ ਹੁਣ ਦਿੱਲੀ ਦੇ ਬਾਰਡਰਾਂ ਵੱਲ ਨੂੰ ਵਹੀਰਾਂ ਘੱਤ ਰਹੇ ਹਨ।
ਜਿਲ੍ਹਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਕਿਸਾਨ, ਮਜ਼ਦੂਰ ਅਤੇ ਬੀਬੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘੂ-ਕੁੰਡਲੀ ਬਾਰਡਰ ’ਤੇ ਪਹੁੰਚ ਚੁੱਕੇ ਹਨ। ਕੇਂਦਰ ਸਰਕਾਰ ਨੇ ਜੇਕਰ ਕਿਸਾਨਾਂ ਦੇ ਧਰਨੇ ਨੂੰ ਚੁਕਵਾਉਣ ਦੀ ਕੋਝੀ ਹਰਕਤ ਕੀਤੀ ਤਾਂ ਇਹ ਕੁੱਝ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਕੋਰੋਨਾ ਨੂੰ ਮਹਾਮਾਰੀ ਮੰਨਦੀ ਹੈ ਤਾਂ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ’ਚ ਕੀ ਹਰਜਾ ਹੈ। ਅਜਿਹਾ ਹੋਣ ਉਪਰੰਤ ਕਿਸਾਨ ਆਪਣੇ ਆਪ ਹੀ ਆਪਣੇ ਘਰਾਂ ਨੂੰ ਚਲੇ ਜਾਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਧਰਨਾਕਾਰੀਆਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ, ਪਰ ਸਰਕਾਰ ਸਿਹਤ ਸੇਵਾਵਾਂ ਦੇਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਜੇਕਰ ਕੋਰੋਨਾ ਮਹਾਮਾਰੀ ਦਾ ਅਗਾਊਂ ਬਿਗਲ ਵੱਜ ਗਿਆ ਸੀ ਤਾਂ ਸਰਕਾਰ ਨੇ ਇਸ ਸਬੰਧੀ ਢੁਕਵੇਂ ਇੰਤਜਾਮ ਕਿਉਂ ਨਹੀਂ ਕੀਤਾ। ਆਕਸੀਜਨ ਦਾ ਪ੍ਰਬੰਧ ਕਿਉਂ ਨਾ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਉਹਨਾਂ ਐਮਰਜੈਂਸੀ ਸੇਵਾਵਾਂ ਲਈ ਸਦਾ ਰਾਹ ਖੋਲ੍ਹੇ ਹਨ, ਪਰ ਸਰਕਾਰ ਦੀ ਪੁਲਸ ਨੇ ਆਪ ਹੀ ਬੈਰੀਕੇਡ ਲਗਾ ਕੇ ਰਸਤੇ ਬੰਦ ਕੀਤੇ ਹੋਏ ਹਨ। ਸੜਕਾਂ ਵਿੱਚ ਕਿੱਲ ਗੱਡੇ ਹਨ। ਦਿੱਲੀ ਵਾਸੀਆਂ ਲਈ ਆਮ ਲਾਂਭੇ ਬੰਦ ਕੀਤੇ ਹੋਏ ਹਨ। ਪਰ ਇਸ ਲਈ ਬਦਨਾਮ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਐਮਰਜੈਂਸੀ ਸੇਵਾਵਾਂ ਲਈ ਧਰਨੇ ਦੇ ਨਾਲ ਦੀਆਂ ਸੜਕਾਂ ਦੇ ਬੈਰੀਕੇਡ ਹਟਾਉਣਾ ਚਾਹੁੰਦੀ ਹੈ ਤਾਂ ਕਿਸਾਨ ਇਸ ਲਈ ਤਿਆਰ ਹੋਣਗੇ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਹਰਗੁਰਪ੍ਰਤਾਪ ਸਿੰਘ, ਬੀਬੀ ਦਵਿੰਦਰ ਕੌਰ, ਸੋਹਣ ਸਿੰਘ, ਬਖਸ਼ੀਸ਼ ਸਿੰਘ, ਕੁਲਬੀਰ ਸਿੰਘ, ਗੁਰਮੁਖ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ ਭੁੱਲਾ, ਨਿਸ਼ਾਨ ਸਿੰਘ ਸਤਨਾਮ ਸਿੰਘ ਤੇ ਪਰਮਜੀਤ ਸਿੰਘ ਆਦਿ ਆਗੂ ਹਾਜ਼ਰ ਸਨ।