ਤਰਨ ਤਾਰਨ DC ਵੱਲੋਂ ਸਬ-ਡਵੀਜ਼ਨ ਪੱਟੀ ਦੇੇ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ ਦਾ ਦੌਰਾ

0
24

ਹਰੀਕੇ, ਪੱਟੀ (ਤਰਨ ਤਾਰਨ), 04 ਜੂਨ : ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਆਈ. ਏ. ਐੱਸ. ਨੇ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੜ੍ਹਾਂ ਤੋਂ ਬਚਾਅ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਸਬ-ਡਵੀਜ਼ਨ ਪੱਟੀ ਦੇੇ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਐੱਸ. ਡੀ. ਐੱਮ. ਪੱਟੀ ਡਾ. ਕਰਨਬੀਰ ਸਿੰਘ (ਵਾਧੂ ਚਾਰਜ), ਐਕਸੀਅਨ ਡਰੇਨਜ਼ ਸ੍ਰੀ ਵਿਸ਼ਾਲ ਮਹਿਤਾ ਅਤੇ ਐੱਸ. ਡੀ. ਓ. ਸਿਮਰਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਆਪਣੇ ਦੌਰੇ ਦੌਰਾਨ ਹਰੀਕੇ ਹਥਾੜ ਏਰੀਏ ਦੇ ਪਿੰਡ ਘੜੂੰਮ, ਕੁੱਤੀਵਾਲ, ਭਾਓਵਾਲ, ਸਭਰਾ, ਰਾਦਲਕੇ, ਰਾਮ ਸਿੰਘ ਵਾਲਾ, ਜੱਲੋ ਕੇ, ਸੀਤੋ ਨੌਂ ਆਬਾਦ, ਕੋਟ ਬੁੱਢਾ ਅਤੇ ਮੁੱਠਿਆਵਾਲੀ ਆਦਿ ਪਿੰਡਾਂ ਨੂੰ ਲੱਗਦੇ ਦਰਿਆ ਸਤਲੁਜ ਦਾ ਕੰਢਾ ਵੇਖਿਆ ਅਤੇ ਦਰਿਆ ਵੱਲੋਂ ਨਾਲ ਲੱਗਦੇ ਖੇਤਾਂ ਨੂੰ ਲਗਾਈ ਜਾ ਰਹੀ ਢਾਹ ਦਾ ਜਾਇਜ਼ਾ ਲਿਆ।

ਇਸ ਮੌਕੇ ਉਹਨਾਂ ਇਲਾਕੇ ਦੇ ਲੋਕਾਂ ਤੋਂ ਹੜ੍ਹਾਂ ਦੌਰਾਨ ਆਉਂਦੀਆਂ ਮੁਸ਼ਕਿਲਾਂ ਦੀ ਵੀ ਜਾਣਕਾਰੀ ਲਈ ਅਤੇ ਭਰੋਸਾ ਦਿਵਾਇਆ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਪਿੰਡ ਘੜੂੰਮ, ਕੁੱਤੀਵਾਲ, ਭਾਓਵਾਲ ਅਤੇ ਸਭਰਾ ਵਿਖੇ ਧੁੱਸੀ ਬੰਨ੍ਹ ਨੂੰ 2 ਤੋਂ 3 ਫੁੱਟ ਤੱਕ ਉੱਚਾ ਕਰਨ ਲਈ ਸਰਕਾਰ ਨੂੰ ਪ੍ਰਸਤਾਵ ਵੀ ਭੇਜਿਆ ਗਿਆ ਹੈ। ਇਸ ਮੌਕੇ ਉਹਨਾਂ ਐਕਸੀਅਨ ਡਰਨੇਜ਼ ਨੂੰ ਹਦਾਇਤ ਕੀਤੀ ਕਿ ਉਹ ਧੁੱਸੀ ਬੰਨ ਅਤੇ ਦਰਿਆ ਸਤਲੁਜ ਨਾਲ ਲੱਗਦੇ ਨਾਜ਼ੁਕ ਸਥਾਨਾਂ ‘ਤੇ ਹੜ ਰੋਕੂ ਕੰਮਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਅਤੇ ਡਰੇਨਾਂ ਦੀ ਸਫਾਈ ਨੂੰ ਵੀ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਉਨਾਂ ਦਰਿਆ ਦੇ ਨਾਲ ਲੱਗਦੇ ਧੁੱਸੀ ਬੰਨ੍ਹ ਅਤੇ ਦਰਿਆ ਨੂੰ ਆਉਂਦੇ ਰਾਹਾਂ ਦੀ ਸਾਫ-ਸਫਾਈ ਤੇ ਪੱਕੇ ਕਰਨ ਦੇ ਹੁਕਮ ਵੀ ਦਿੱਤੇ, ਤਾਂ ਜੋ ਹੰਗਾਮੀ ਹਾਲਤ ਵਿਚ ਮਸ਼ੀਨਰੀ ਆਦਿ ਨੂੰ ਦਰਿਆ ਤੱਕ ਲਿਆਉਣ ਵਿੱਚ ਕੋਈ ਦਿੱਕਤ ਨਾ ਆਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਂਹ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਸੰਭਾਵੀ ਹੜਾਂ ਤੋਂ ਬਚਾਅ ਲਈ ਜਿਲਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਬਰਸਾਤ ਤੋਂ ਪਹਿਲਾਂ-ਪਹਿਲਾਂ ਜਿੱਥੇ ਦਰਿਆ ਜ਼ਿਆਦਾ ਕੰਢੇ ਵੱਲ ਵੱਧ ਰਿਹਾ ਹੈ, ਉੱਥੇ ਡਰੇਨਜ਼ ਵਿਭਾਗ ਵੱਲੋਂ ਲੋੜੀਂਦੇ ਕੰਮ ਕਰਵਾਏ ਜਾਣਗੇ, ਤਾਂ ਜੋ ਜ਼ਿਆਦਾ ਮੀਂਹ ਆਉਣ ਨਾਲ ਕੰਢੇ ਨੂੰ ਖੋਰਾ ਲੱਗਣ ਤੋਂ ਬਚਾਇਆ ਜਾ ਸਕੇ।ਇਸ ਤੋਂ ਇਲਾਵਾ ਉਹਨਾਂ ਸਬੰਧਿਤ ਵਿਭਾਗਾਂ ਨੂੰ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਦੇ ਵੀ ਆਦੇਸ਼ ਦਿੱਤੇ।

LEAVE A REPLY

Please enter your comment!
Please enter your name here