ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ 2 ਇਮਾਰਤਾਂ ’ਤੇ ਚੱਲਿਆ ਬੁਲਡੋਜਰ

0
46

ਗਿੱਦੜਬਹਾ, ਸ੍ਰੀ ਮੁਕਤਸਰ ਸਾਹਿਬ, 08 ਮਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿੱਚ ਦੋ ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਇਮਾਰਤਾਂ ਨੂੰ ਢਾਇਆ ਗਿਆ।

ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਾ ਗਿੱਦੜਬਾਹਾ ਅਧੀਨ ਨੇੜੇ ਭਾਰੂ ਚੌਂਕ ਗਿੱਦੜਬਾਹਾ ਵਿਖੇ ਜਸਵਿੰਦਰ ਸਿੰਘ ਉਰਫ਼ ਭੱਲਾ ਪੁੱਤਰ ਤਿਰਲੋਕ ਸਿੰਘ ਅਤੇ ਬਲਜੀਤ ਕੌਰ ਉਰਫ਼ ਬੱਗੋ ਪਤਨੀ ਤੇਜਾ ਸਿੰਘ ਵਾਸੀਆਨ ਨੇੜੇ ਭਾਰੂ ਚੌਂਕ ਗਿੱਦੜਬਾਹਾ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤਾਂ ਬਣਾਈਆਂ ਗਈਆਂ ਸਨ। ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਉਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਇਹਨਾਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ।

ਉਹਨਾਂ ਨੇ ਦੱਸਿਆ ਕਿ ਇੱਕ ਇਮਾਰਤ ਦੀ ਜਸਵਿੰਦਰ ਸਿੰਘ ਉਰਫ਼ ਭੱਲਾ ਵੱਲੋਂ ਉਸਾਰੀ ਗਈ ਸੀ ਉਸ ਉੱਪਰ ਨਸ਼ਾ ਤਸਕਰੀ ਅਤੇ ਚੋਰੀ ਦੇ 3 ਪਰਚੇ ਪਹਿਲਾਂ ਤੋਂ ਹੀ ਦਰਜ ਹਨ ਅਤੇ ਬਲਜੀਤ ਕੌਰ ਉਰਫ਼ ਬੱਗੋ ਦੇ ਖਿਲਾਫ਼ ਨਸ਼ਾ ਤਸਕਰੀ ਦੇ 2 ਮੁਕੱਦਮੇ ਦਰਜ ਹਨ। ਐਸ.ਐਸ.ਪੀ ਡਾ .ਅਖਿਲ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸ ਨੂੰ ਅਟੈਚ ਕਰਵਾਇਆ ਜਾਵੇਗਾ ਅਤੇ ਜੇਕਰ ਕਿਸੇ ਨੇ ਸਰਕਾਰੀ ਸੰਪੱਤੀ ਤੇ ਕੋਈ ਇਮਾਰਤ ਬਣਾਈ ਤਾਂ ਉਸ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਉਹਨਾਂ ਨੇ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਨਿਡਰ ਹੋ ਕੇ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here