ਮੀਤ ਹੇਅਰ ਨੇ ਪਾਰਲੀਮੈਂਟ ਵਿੱਚ 14 ਹਾਕੀ ਓਲੰਪੀਅਨ ਪੈਦਾ ਕਰਨ ਵਾਲੇ ਹਾਕੀ ਦੇ ਮੱਕਾ ਪਿੰਡ ਸੰਸਾਰਪੁਰ ਦਾ ਚੁੱਕਿਆ ਮੁੱਦਾ

0
160

– ਫੌਜ ਤੋਂ ਐਨ.ਓ.ਸੀ. ਨਾ ਮਿਲਣ ਕਾਰਨ ਐਸਟੋਟਰਫ ਤੋਂ ਹਾਲੇ ਵੀ ਸੱਖਣਾ ਹੈ ਸੰਸਾਰਪੁਰ
– ਸੰਸਾਰਪੁਰ ਨੇ 14 ਹਾਕੀ ਓਲੰਪੀਅਨ ਪੈਦਾ ਕੀਤੇ ਅਤੇ ਓਲੰਪਿਕਸ ਵਿੱਚ ਸੱਤ ਤਮਗ਼ੇ ਜਿੱਤੇ

ਚੰਡੀਗੜ੍ਹ/ਨਵੀਂ ਦਿੱਲੀ, 28 ਮਾਰਚ 2025 – ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਲੀਮੈਂਟ ਦੇ ਸਿਫ਼ਰ ਕਾਲ ਵਿੱਚ ਹਾਕੀ ਦੇ ਮੱਕਾ ਪਿੰਡ ਸੰਸਾਰਪੁਰ ਦਾ ਮੁੱਦਾ ਚੁੱਕਦਿਆਂ ਇਸ ਪਿੰਡ ਦੀ ਹਾਕੀ ਨੂੰ ਵੱਡੀ ਦੇਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਪਿੰਡ ਹਾਲੇ ਵੀ ਐਸਟੋਟਰਫ ਹਾਕੀ ਗਰਾਊਂਡ ਤੋਂ ਸੱਖਣਾ ਹੈ।

ਮੀਤ ਹੇਅਰ ਨੇ ਕਿਹਾ ਕਿ ਸੰਸਾਰਪੁਰ ਨੇ 14 ਹਾਕੀ ਓਲੰਪੀਅਨ ਪੈਦਾ ਕੀਤੇ ਅਤੇ ਓਲੰਪਿਕਸ ਵਿੱਚ ਸੱਤ ਤਮਗ਼ੇ ਜਿੱਤੇ। ਇਨ੍ਹਾਂ ਵਿੱਚ ਚਾਰ ਸੋਨੇ, ਇਕ ਚਾਂਦੀ ਤੇ ਦੋ ਕਾਂਸੀ ਦੇ ਤਮਗ਼ੇ ਸ਼ਾਮਲ ਹਨ। 1975 ਵਿੱਚ ਭਾਰਤ ਲਈ ਇਕਲੌਤਾ ਵਿਸ਼ਵ ਕੱਪ ਜਿੱਤਣ ਵਾਲੇ ਅਜੀਤ ਪਾਲ ਸਿੰਘ ਵੀ ਸੰਸਾਰਪੁਰ ਤੋਂ ਸਨ ਅਤੇ ਸਾਰੇ ਓਲੰਪੀਅਨ ਇਕੋ ਗਲੀ ਦੇ ਰਹਿਣ ਵਾਲੇ ਸਨ ਅਤੇ ਸਾਰੇ ਹੀ ਕੁਲਾਰ ਸਨ।

ਇਹ ਵੀ ਪੜ੍ਹੋ: ਹਿਰਾਸਤ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਸਪਤਾਲ ਤੋਂ ਪਹਿਲੀ ਤਸਵੀਰ ਆਈ ਸਾਹਮਣੇ

ਮੀਤ ਹੇਅਰ ਨੇ ਕਿਹਾ ਕਿ 1976 ਤੋਂ ਬਾਅਦ ਸੰਸਾਰਪੁਰ ਤੋਂ ਭਾਰਤ ਲਈ ਇਕ ਵੀ ਓਲੰਪੀਅਨ ਪੈਦਾ ਨਹੀਂ ਹੋਇਆ ਅਤੇ 1976 ਤੋਂ ਹੀ ਹਾਕੀ ਐਸਟੋਟਰਫ ਉਪਰ ਖੇਡੀ ਜਾਣ ਲੱਗੀ। ਉਨ੍ਹਾਂ ਕਿਹਾ ਕਿ ਸੰਸਾਰਪੁਰ ਪਿੰਡ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸਦਾ ਹੈ। ਇੱਥੇ ਨਾ ਹੀ ਪਿੰਡ ਕੋਲ ਖੇਡ ਮੈਦਾਨ ਲਈ ਜ਼ਮੀਨ ਹੈ। ਘਾਹ ਵਾਲੇ ਗਰਾਊਂਡ ਵਿੱਚ ਐਸਟੋਟਰਫ ਲਗਾਉਣ ਲਈ ਸੈਨਾ ਕੋਲੋ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਦੀ ਲੋੜ ਹੈ, ਨਾ ਹੀ ਇਹ ਐਨ.ਓ.ਸੀ. ਦਿੱਤੀ ਗਈ ਅਤੇ ਨਾ ਹੀ ਸੈਨਾ ਵੱਲੋਂ ਆਪਣੇ ਪੱਧਰ ਉਤੇ ਐਸਟੋਟਰਫ ਲਗਾਈ ਗਈ।

ਮੀਤ ਹੇਅਰ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ, ਖੇਡ ਮੰਤਰੀ ਅਤੇ ਅਨੁਰਾਗ ਠਾਕੁਰ ਕੋਲੋ ਉਚੇਚੇ ਤੌਰ ਉਤੇ ਮੰਗ ਕੀਤੀ ਕਿ ਸੰਸਾਰਪੁਰ ਦੀ ਹਾਕੀ ਨੂੰ ਦੇਣ ਦੇਖਦਿਆਂ ਇਸ ਦੀ ਸਾਰ ਲਈ ਜਾਵੇ ਅਤੇ ਸੈਨਾ ਨਾਲ ਇਸ ਦਾ ਮਾਮਲਾ ਉਠਾਉਂਦਿਆਂ ਇੱਥੇ ਹਾਕੀ ਐਸਟੋਟਰਫ ਗਰਾਊਂਡ ਤਿਆਰ ਕੀਤਾ ਜਾਵੇ।

LEAVE A REPLY

Please enter your comment!
Please enter your name here