ਤੇਲੰਗਾਨਾ ਦੇ ਸ੍ਰੀਸੈਲਮ ਲੇਫ਼੍ਟ ਬੈਂਕ ਕਨਾਲ (ਐਸਐਲਬੀਸੀ) ਸੁਰੰਗ ਤੋਂ ਪਹਿਲੀ ਲਾਸ਼ ਬਰਾਮਦ ਕੀਤੀ ਗਈ। ਲਾਸ਼ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪੰਜਾਬ ਵਜੋਂ ਹੋਈ ਹੈ। ਸੋਮਵਾਰ ਨੂੰ ਲਾਸ਼ ਨੂੰ ਗੁਰਪ੍ਰੀਤ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਉਨ੍ਹਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਹੋਰ 7 ਮਜ਼ਦੂਰਾਂ ਦੀ ਭਾਲ ਜਾਰੀ
ਅਧਿਕਾਰੀਆਂ ਨੇ ਦੱਸਿਆ ਸੀ ਕਿ ਲਾਸ਼ 10 ਫੁੱਟ ਹੇਠਾਂ ਚੱਕੜ ਵਿੱਚ ਮਸ਼ੀਨ ਵਿੱਚ ਫੱਸੀ ਹੋਈ ਸੀ। ਸਿਰਫ਼ ਉਸਦੇ ਹੱਥ ਹੀ ਦਿਖਾਈ ਦੇ ਰਹੇ ਸਨ। ਮਸ਼ੀਨ ਕੱਟ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਨਾਗਰਕੁਰਨੂਲ ਦੇ ਸਰਕਾਰੀ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਲਾਸ਼ ਨੂੰ ਸਪੈਸ਼ਲ ਐਂਬੂਲੈਂਸ ਵਿੱਚ ਪੰਜਾਬ ਭੇਜ ਦਿੱਤਾ ਗਿਆ। ਹੋਰ 7 ਮਜ਼ਦੂਰਾਂ ਦੀ ਭਾਲ ਜਾਰੀ ਹੈ।
22 ਫਰਵਰੀ ਨੂੰ ਧਸ ਗਿਆ ਸੀ ਇੱਕ ਹਿੱਸਾ
ਦੱਸ ਦਈਏ ਕਿ ਸੁਰੰਗ ਦਾ ਇੱਕ ਹਿੱਸਾ 22 ਫਰਵਰੀ ਨੂੰ ਧਸ ਗਿਆ ਸੀ। ਇਸ ਕਾਰਨ ਅੰਦਰ ਕੰਮ ਕਰ ਰਹੇ 8 ਮਜ਼ਦੂਰ ਫਸ ਗਏ ਸਨ। ਸੂਬਾ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ। ਤੇਲੰਗਾਨਾ ਦੇ ਸਿੰਚਾਈ ਮੰਤਰੀ ਉੱਤਮ ਕੁਮਾਰ ਰੈੱਡੀ ਨੇ ਦੱਸਿਆ ਸੀ ਕਿ 7 ਮਾਰਚ ਨੂੰ ਸੁਰੰਗ ਵਿੱਚ ਸਨਿਫਰ ਕੁੱਤੇ ਲਿਜਾਏ ਗਏ ਸਨ। ਕੁੱਤਿਆਂ ਨੇ ਕਿਸੇ ਖਾਸ ਸਥਾਨ ‘ਤੇ ਤੇਜ਼ ਗੰਧ (ਮਨੁੱਖੀ ਗੰਧ) ਦਾ ਪਤਾ ਲਗਾਇਆ ਸੀ।