Women’s Day 2025: ਕਦੋਂ ਮਨਾਇਆ ਗਿਆ ਪਹਿਲਾ ਮਹਿਲਾ ਦਿਵਸ, ਜਾਣੋ ਇਸਦਾ ਇਤਿਹਾਸ, ਮਹੱਤਵ ਅਤੇ ਇਸ ਸਾਲ ਦੀ ਥੀਮ
ਚੰਡੀਗੜ੍ਹ, 8 ਮਾਰਚ: ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਹ ਸਿਰਫ਼ ਇੱਕ ਤਾਰੀਖ ਨਹੀਂ ਹੈ, ਸਗੋਂ ਮਹਿਲਾ ਸਸ਼ਕਤੀਕਰਨ, ਸਮਾਨਤਾ ਅਤੇ ਅਧਿਕਾਰਾਂ ਦੀ ਬੁਲੰਦ ਆਵਾਜ਼ ਹੈ। ਇਹ ਦਿਨ ਸਾਨੂੰ ਉਨ੍ਹਾਂ ਸੰਘਰਸ਼ਾਂ ਦੀ ਯਾਦ ਦਿਵਾਉਂਦਾ ਹੈ ਜੋ ਔਰਤਾਂ ਨੇ ਆਪਣੇ ਅਧਿਕਾਰਾਂ, ਪਛਾਣ ਅਤੇ ਸਨਮਾਨ ਲਈ ਲੜੇ। ਦੁਨੀਆ ਭਰ ਦੇ ਕਈ ਦੇਸ਼ ਔਰਤਾਂ ਦੇ ਅਧਿਕਾਰਾਂ, ਸਮਾਨਤਾ ਅਤੇ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹਨ। ਹਰ ਸਾਲ ਮਹਿਲਾ ਦਿਵਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸ
ਅੱਜ ਵੀ ਔਰਤਾਂ ਤੋਂ ਬਿਨਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਮਾਜ ਵਿੱਚ ਔਰਤਾਂ ਦਾ ਯੋਗਦਾਨ ਹੋਵੇ ਜਾਂ ਆਰਥਿਕ ਖੇਤਰ ਵਿੱਚ ਉਨ੍ਹਾਂ ਦੀ ਤਰੱਕੀ, ਉਹ ਹਰ ਖੇਤਰ ਵਿੱਚ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧ ਰਹੀਆਂ ਹਨ। ਦੱਸ ਦਈਏ ਕਿ ਮਹਿਲਾ ਦਿਵਸ ਮਨਾਉਣਾ 20ਵੀਂ ਸਦੀ ਵਿੱਚ ਸ਼ੁਰੂ ਹੋਇਆ। 1908 ਵਿੱਚ, ਅਮਰੀਕਾ ਵਿੱਚ ਕੰਮਕਾਜੀ ਔਰਤਾਂ ਨੇ ਨਿਊਯਾਰਕ ਵਿੱਚ ਘੱਟ ਤਨਖ਼ਾਹ, ਲੰਬੇ ਕੰਮ ਦੇ ਘੰਟੇ ਅਤੇ ਵੋਟ ਦੇ ਅਧਿਕਾਰ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ। ਇੱਕ ਸਾਲ ਬਾਅਦ, 1909 ਵਿੱਚ, ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ 28 ਫਰਵਰੀ ਨੂੰ ਪਹਿਲਾ ਰਾਸ਼ਟਰੀ ਮਹਿਲਾ ਦਿਵਸ ਮਨਾਇਆ। ਬਾਅਦ ਵਿੱਚ ਕਲਾਰਾ ਜੇਟਕਿਨ ਨਾਮਕ ਇੱਕ ਸਮਾਜਵਾਦੀ ਨੇਤਾ ਨੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਘੋਸ਼ਿਤ ਕਰਨ ਦਾ ਪ੍ਰਸਤਾਵ ਰੱਖਿਆ। ਸੰਯੁਕਤ ਰਾਸ਼ਟਰ (UN) ਨੇ ਅਧਿਕਾਰਤ ਤੌਰ ‘ਤੇ 1975 ਵਿੱਚ 8 ਮਾਰਚ ਦੇ ਦਿਨ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਘੋਸ਼ਿਤ ਕੀਤਾ।
ਮਹਿਲਾ ਦਿਵਸ 2025 ਦਾ ਥੀਮ
ਇਹ ਥੀਮ ਔਰਤਾਂ ਦੀ ਬਿਹਤਰੀ ਲਈ ਤੇਜ਼ ਅਤੇ ਪ੍ਰਭਾਵੀ ਕਦਮ ਚੁੱਕਣ ‘ਤੇ ਜ਼ੋਰ ਦਿੰਦੀ ਹੈ। ਇਸ ਦਾ ਉਦੇਸ਼ ਸਰਕਾਰਾਂ, ਸੰਸਥਾਵਾਂ ਅਤੇ ਸਮਾਜ ਨੂੰ ਔਰਤਾਂ ਦੇ ਅਧਿਕਾਰਾਂ, ਬਰਾਬਰ ਮੌਕੇ ਅਤੇ ਵਿਤਕਰੇ ਦੇ ਖਾਤਮੇ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨਾ ਹੈ। ਹਰ ਸਾਲ ਸੰਯੁਕਤ ਰਾਸ਼ਟਰ ਮਹਿਲਾ ਦਿਵਸ ਲਈ ਇੱਕ ਥੀਮ ਤੈਅ ਕਰਦਾ ਹੈ। ਇਸ ਸਾਲ ਮਹਿਲਾ ਦਿਵਸ 2025 ਦਾ ਥੀਮ ‘ਐਕਸੀਲੇਰੇਟ ਐਕਸ਼ਨ’ ਹੈ। ਥੀਮ ਸਾਰੀਆਂ ਔਰਤਾਂ ਅਤੇ ਲੜਕੀਆਂ ਲਈ ਅਧਿਕਾਰਾਂ, ਸਮਾਨਤਾ ਅਤੇ ਸਸ਼ਕਤੀਕਰਨ ‘ਤੇ ਆਧਾਰਿਤ ਹੈ।
ਅੱਜ ਅੰਮ੍ਰਿਤਸਰ ਵਿਖੇ ਪੁੱਜਣਗੇ ਮੁੱਖ ਮੰਤਰੀ ਮਾਨ; ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ‘ਚ ਕਰਨਗੇ ਸ਼ਿਰਕਤ