ਪੰਜਾਬ ਦੀ ਬਿਜਲੀ ਕ੍ਰਾਂਤੀ ਪੂਰੇ ਜ਼ੋਰਾਂ ‘ਤੇ: ਮਾਨ ਸਰਕਾਰ ਨੇ ਬਿਜਲੀ ਖੇਤਰ ਵਿੱਚ ਕੀਤਾ ਬੇਮਿਸਾਲ ਵਿਕਾਸ – ਵਿਧਾਇਕ ਰੰਧਾਵਾ
ਗੁਰਦਾਸਪੁਰ, 03 ਫਰਵਰੀ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਿਜਲੀ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਵੱਡੇ ਮਾਅਰਕੇ ਮਾਰੇ ਗਏ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਘਰੇਲੂ ਖਪਤਕਾਰਾਂ ਨੂੰ ਹਰ ਦੋ ਮਹੀਨਿਆਂ ਲਈ 600 ਯੂਨਿਟ ਮੁਫ਼ਤ ਬਿਜਲੀ (ਜਾਂ 300 ਯੂਨਿਟ ਪ੍ਰਤੀ ਮਹੀਨਾ) ਸਫਲਤਾਪੂਰਵਕ ਮੁਹੱਈਆ ਕਰਵਾਈ ਹੈ, ਜਿਸ ਸਦਕਾ ਸੂਬੇ ਦੇ 90 ਫ਼ੀਸਦੀ ਘਰੇਲੂ ਖਪਤਕਾਰਾਂ ਨੂੰ ਜ਼ੀਰੋ ਬਿਜਲੀ ਬਿੱਲ ਪ੍ਰਾਪਤ ਹੋ ਰਹੇ ਹਨ। ਬਿਜਲੀ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੀਆਂ ਅਹਿਮ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਦਸੰਬਰ 2022 ਤੋਂ ਸ਼ੁਰੂ ਕੀਤੀ ਗਈ ਪਛਵਾੜਾ ਕੋਲਾ ਖਾਣ ਸੂਬੇ ਦੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ 1 ਅਪ੍ਰੈਲ, 2024 ਤੋਂ 1277 ਰੈਕਾਂ ਰਾਹੀਂ ਇਸ ਖਾਣ ਤੋਂ ਕੁੱਲ 50.84 ਲੱਖ ਮੀਟਰਿਕ ਟਨ ਕੋਲੇ ਦੀ ਪ੍ਰਾਪਤੀ ਹੋਈ, ਜਿਸ ਦੀ ਲਾਗਤ ਕੋਲ ਇੰਡੀਆ ਲਿਮਟਿਡ ਨਾਲੋਂ 11 ਕਰੋੜ ਪ੍ਰਤੀ 1 ਲੱਖ ਮੀਟਰਿਕ ਟਨ ਸਸਤਾ ਹੈ। ਇਸ ਦੇ ਨਤੀਜੇ ਵਜੋਂ ਸੂਬੇ ਨੂੰ ਇਸ ਵਿੱਤੀ ਸਾਲ ਦੌਰਾਨ 593 ਰੁਪਏ ਦੀ ਬੱਚਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਨਾਲ ਦਸੰਬਰ 2022 ਵਿੱਚ ਸ਼ੁਰੂ ਹੋਈ ਇਸ ਖਾਣ ਤੋਂ ਹੁਣ ਤੱਕ 93.87 ਲੱਖ ਮੀਟਰਿਕ ਟਨ ਕੋਲਾ ਪ੍ਰਾਪਤ ਕੀਤਾ ਗਿਆ ਹੈ ਜਿਸ ਨਾਲ ਕੁੱਲ 1000 ਕਰੋੜ ਰੁਪਏ ਦੀ ਬੱਚਤ ਹੋਈ ਹੈ।
ਬਿਜਲੀ ਉਤਪਾਦਨ ਸਮਰੱਥਾ ਹੋਈ ਦੁੱਗਣੀ
ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਇੱਕ ਸੂਬਾ ਸਰਕਾਰ ਦੁਆਰਾ ਇੱਕ ਪ੍ਰਾਈਵੇਟ ਪਾਵਰ ਪਲਾਂਟ ਖ਼ਰੀਦਿਆ ਗਿਆ ਹੈ, ਜਿਸ ਦਾ ਸਿਹਰਾ ਮਾਨ ਸਰਕਾਰ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੀ.ਵੀ.ਕੇ ਪਾਵਰ ਤੋਂ ਗੋਇੰਦਵਾਲ ਪਾਵਰ ਪਲਾਂਟ ਨੂੰ 1080 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦ ਕੇ ਇਤਿਹਾਸ ਕਾਇਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ‘ਤੇ ਰੱਖੇ ਗਏ ਇਸ ਥਰਮਲ ਪਲਾਂਟ ਦਾ ਲੋਡ ਫੈਕਟਰ ਪਿਛਲੇ ਸਾਲ ਦੌਰਾਨ 35 ਪ੍ਰਤੀਸ਼ਤ ਤੋਂ ਵਧਾ ਕੇ 77 ਪ੍ਰਤੀਸ਼ਤ ਕਰ ਦਿੱਤਾ ਗਿਆ, ਜਿਸ ਨਾਲ ਇਸ ਦੀ ਬਿਜਲੀ ਉਤਪਾਦਨ ਸਮਰੱਥਾ ਦੁੱਗਣੀ ਹੋ ਗਈ। ਇਹ 540 ਮੈਗਾਵਾਟ ਥਰਮਲ ਪਲਾਂਟ 2 ਕਰੋੜ ਪ੍ਰਤੀ ਮੈਗਾਵਾਟ ਦੀ ਕਿਫ਼ਾਇਤੀ ਦਰ ‘ਤੇ ਪ੍ਰਾਪਤ ਕੀਤਾ ਗਿਆ, ਜਿਸ ਨਾਲ ਰਾਜ ਨੂੰ ਸਾਲਾਨਾ 350 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਣ ਦਾ ਅਨੁਮਾਨ ਹੈ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 5 ਨਵੇਂ 66 ਕੇਵੀ ਸਬ-ਸਟੇਸ਼ਨ ਚਾਲੂ ਕੀਤੇ ਗਏ ਅਤੇ 14 ਪਾਵਰ ਟਰਾਂਸਫ਼ਾਰਮਰਾਂ ਦੀ ਸਮਰੱਥਾ ਦਾ ਵਿਸਤਾਰ ਕਰਕੇ 66 ਕੇਵੀ ਟਰਾਂਸਮਿਸ਼ਨ ਵਿੱਚ 780 ਮੈਗਾਵਾਟ ਦਾ ਵਾਧਾ ਕੀਤਾ ਗਿਆ। ਇਸ ਦੇ ਨਾਲ ਹੀ 27 ਕਿੱਲੋਮੀਟਰ ਲੰਬੀਆਂ 66 ਕੇਵੀ ਟਰਾਂਸਮਿਸ਼ਨ ਲਾਈਨਾਂ ਨੂੰ ਜੋੜਿਆ ਗਿਆ ਅਤੇ 400 ਕੇਵੀ, 220 ਕੇਵੀ ਜਾਂ 132 ਕੇਵੀ ਦੇ 28 ਪਾਵਰ ਟਰਾਂਸਫ਼ਾਰਮਰਾਂ ਦੀ ਸਮਰੱਥਾ ਵਧਾਈ ਗਈ ਜਾਂ ਨਵੇਂ ਟਰਾਂਸਫ਼ਾਰਮਰ ਲਗਾਏ ਗਏ, ਜਿਸ ਨਾਲ ਇਸ ਟਰਾਂਸਮਿਸ਼ਨ ਸਮਰੱਥਾ ਵਿੱਚ ਕੁੱਲ 2591 ਐਮਵੀਏ ਦਾ ਵਾਧਾ ਹੋਇਆ। ਉਨ੍ਹਾਂ ਦੱਸਿਆ ਕਿ 400 ਕੇਵੀ, 220 ਕੇਵੀ ਜਾਂ 132 ਕੇਵੀ ਸਬ-ਸਟੇਸ਼ਨਾਂ ਨਾਲ 131 ਸਰਕਟ ਕਿੱਲੋਮੀਟਰ ਟਰਾਂਸਮਿਸ਼ਨ ਲਾਈਨਾਂ ਨੂੰ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰੋਪੜ ਵਿੱਚ ਇੱਕ ਨਵਾਂ 400 ਕੇਵੀ ਸਬ-ਸਟੇਸ਼ਨ ਚਾਲੂ ਕੀਤਾ ਗਿਆ ਹੈ ਅਤੇ ਗੁਰਦਾਸਪੁਰ ਵਿੱਚ 132 ਕੇਵੀ ਸਬ-ਸਟੇਸ਼ਨ ਨੂੰ 220 ਕੇਵੀ ਸਮਰੱਥਾ ਤੱਕ ਅਪਗਰੇਡ ਕੀਤਾ ਗਿਆ ਹੈ।