ਮਹਾਕੁੰਭ ਦੇ ਮੇਲੇ ‘ਚ ਧੂੰਮਾਂ ਪਾਉਂਦਾ ਨਜ਼ਰ ਆਏਗਾ ਇਹ ਪੰਜਾਬੀ ਗਾਇਕ
ਉੱਤਰ ਪ੍ਰਦੇਸ਼ ’ਚ ਮਹਾਕੁੰਭ ਦਾ ਮੇਲਾ ਇੰਨ ਦਿਨੀਂ ਕਾਫ਼ੀ ਚਰਚਾ ਦੇ ਵਿੱਚ ਹੈ ਤੇ ਸਾਰਿਆਂ ਦਾ ਧਿਆਨ ਵੀ ਲਗਭਗ ਇਸੇ ‘ਤੇ ਹੈ | ਜਿਸ ਨੂੰ ਚਾਰ ਚੰਨ ਲਾਉਣ ਵਿੱਚ ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਵੀ ਅਹਿਮ ਭੂਮਿਕਾ ਨਿਭਾਉਣਗੇ, ਜੋ ਦੇਸ਼ ਭਰ ਤੋਂ ਆਏ ਬਿਹਤਰੀਨ ਕਲਾਕਾਰਾਂ ਨਾਲ ਮੰਚ ਸਾਂਝਾ ਕਰਨ ਦਾ ਮਾਣ ਵੀ ਹਾਸਿਲ ਕਰਨਗੇ।
23 ਜਨਵਰੀ ਨੂੰ ਹੋਵੇਗਾ ਪ੍ਰੋਗਰਾਮ
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਉਮਦਾ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਇਹ ਹੋਣਹਾਰ ਗਾਇਕ 23 ਜਨਵਰੀ ਨੂੰ ਹੋਣ ਵਾਲੇ ਸੱਭਿਆਚਾਰਕ ਮੇਲੇ ਦੌਰਾਨ ਆਪਣੀ ਸ਼ਾਨਦਾਰ ਗਾਇਕੀ ਦਾ ਮੁਜ਼ਾਹਰਾ ਕਰਨਗੇ, ਜੋ ਪੰਜਾਬੀਅਤ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਅਤੇ ਸੂਫੀਇਜ਼ਮ ਦੇ ਵੱਖ-ਵੱਖ ਰੰਗਾਂ ਨੂੰ ਪ੍ਰਤੀਬਿੰਬਤ ਕਰਦੇ ਅਪਣੇ ਬੇਸ਼ੁਮਾਰ ਗਾਣਿਆਂ ਦੀ ਪੇਸ਼ਕਾਰੀ ਮੇਲਾ ਪ੍ਰੇਮੀਆਂ ਦੇ ਸਨਮੁੱਖ ਕਰਨਗੇ।
ਇਹ ਵੀ ਪੜ੍ਹੋ : ਪਹਿਲੀ ਵਾਰ ਇਸ ਵੱਡੀ ਟੀਮ ਨੂੰ ਹਰਾ ਕੇ ਨਾਈਜੀਰੀਆ ਨੇ ਰਚਿਆ ਇਤਿਹਾਸ, ਸਭ ਰਹਿ ਗਏ ਹੈਰਾਨ
ਬਹੁਤ ਸਾਰੇ ਨਾਮੀ ਕਲਾਕਾਰ ਗਾਇਕੀ ਕਲਾ ਦਾ ਅਨੂਠਾ ਮੁਜ਼ਾਹਰਾ ਕਰਨਗੇ
ਉਨ੍ਹਾਂ ਤੋਂ ਇਲਾਵਾ ਹੋਰ ਕਈ ਪ੍ਰਸਿੱਧ ਗਾਇਕ, ਸੰਗੀਤਕਾਰ ਅਤੇ ਨ੍ਰਿਤ ਕਲਾਕਾਰ ਵੀ ਆਪਣੀਆਂ ਬਹੁ-ਕਲਾਵਾਂ ਦਾ ਪ੍ਰਦਰਸ਼ਨ ਕਰਨਗੇ। ਭਾਰਤ ਸਰਕਾਰ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਉਕਤ ਕਲਾ ਸਮਾਰੋਹ ਦਾ ਹਿੱਸਾ ਬਣਨ ਵਾਲੇ ਪਹਿਲੇ ਪੰਜਾਬੀ ਗਾਇਕ ਹੋਣ ਦਾ ਮਾਣ ਵੀ ਅਪਣੀ ਝੋਲੀ ਪਾਉਣ ਜਾ ਰਹੇ ਹਨ ਇਹ ਬਾਕਮਾਲ ਗਾਇਕ, ਜੋ ਆਪਣੀ ਇਸ ਮਾਣਮੱਤੀ ਪ੍ਰਾਪਤੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।
ਭਾਰਤੀ ਕਲਾ ਅਤੇ ਸੱਭਿਆਚਾਰ ਦੇ ਵਿਸ਼ਾਲ ਮੰਚ ’ਤੇ ਆਯੋਜਿਤ ਹੋਣ ਜਾ ਰਹੇ ਉਕਤ ਸਮਾਰੋਹ ਦੌਰਾਨ ਦੇਸ਼ ਦੇ ਪ੍ਰਸਿੱਧ ਗਾਇਕ ਕੈਲਾਸ਼ ਖੇਰ, ਕਵਿਤਾ ਸੇਠ, ਨਿਤਿਨ ਮੁਕੇਸ਼, ਸੁਰੇਸ਼ ਵਾਡੇਕਰ, ਹਰੀਹਰਨ, ਕਵਿਤਾ ਕ੍ਰਿਸ਼ਨਾਮੂਰਤੀ ਅਤੇ ਹੋਰ ਬਹੁਤ ਸਾਰੇ ਨਾਮੀ ਕਲਾਕਾਰ ਵੀ ਆਪਣੀ ਗਾਇਕੀ ਕਲਾ ਦਾ ਅਨੂਠਾ ਮੁਜ਼ਾਹਰਾ ਕਰਨਗੇ।