ਪੰਜਾਬ ‘ਚ ‘Emergency’ ਦੀ ਰੋਕ ਨੂੰ ਲੈ ਕੇ ਇੱਕ ਵਾਰ ਫਿਰ ਭੜਕੀ ਕੰਗਨਾ, ਕਹੀ ਇਹ ਗੱਲ
ਇੰਨੇ ਵਿਵਾਦਾਂ ਮਗਰੋਂ ਕੰਗਨਾ ਦੀ ਫ਼ਿਲਮ ‘Emergency’ 17 ਜਨਵਰੀ ਨੂੰ ਆਖ਼ਿਰਕਾਰ ਰਿਲੀਜ਼ ਹੋ ਚੁੱਕੀ ਹੈ | ਪਰ ਹਲੇ ਵੀ ਇਸ ਫ਼ਿਲਮ ‘ਤੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ | ਬੰਗਲਾਦੇਸ਼ ‘ਚ ਜਿੱਥੇ ‘ਐਮਰਜੈਂਸੀ’ ‘ਤੇ ਪਾਬੰਦੀ ਲੱਗੀ ਹੋਈ ਹੈ, ਉਥੇ ਦੇਸ਼ ‘ਚ ਵੀ ਇਸ ਦਾ ਵਿਰੋਧ ਕਰਨ ਵਾਲੇ ਲੋਕ ਘੱਟ ਨਹੀਂ ਹਨ। ਪੰਜਾਬ ‘ਚ ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਹੁਣ ਸੂਬੇ ‘ਚ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ ਹੈ।
ਫਿਲਮ ਨਾ ਲੱਗਣ ਉਤੇ ਕੰਗਨਾ ਨੇ ਆਪਣੀ ਭਾਵਨਾ ਸਾਂਝੀ ਕੀਤੀ
ਹੁਣ ਕੰਗਨਾ ਨੇ ਇੱਕ ਵੀਡੀਓ ਸਾਂਝੀ ਕਰਕੇ ਫਿਲਮ ਨਾ ਲੱਗਣ ਉਤੇ ਆਪਣੀ ਭਾਵਨਾ ਸਾਂਝੀ ਕੀਤੀ ਹੈ ਅਤੇ ਕਿਹਾ, ‘ਮੈਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਸਾਡੀ ਫਿਲਮ ਨੂੰ ਇੰਨਾ ਪਿਆਰ ਦਿੱਤਾ ਅਤੇ ਸਨਮਾਨ ਦਿੱਤਾ। ਸਾਡੇ ਕੋਲ ਸ਼ਬਦ ਨਹੀਂ ਹਨ ਇਸ ਨੂੰ ਵਿਅਕਤ ਕਰਨ ਲਈ। ਪਰ ਮੇਰੇ ਦਿਲ ਵਿੱਚ ਅਜੇ ਵੀ ਦਰਦ ਹੈ, ਪੰਜਾਬ…ਇੰਡਸਟਰੀ ਵਿੱਚ ਕਿਹਾ ਜਾਂਦਾ ਸੀ ਕਿ ਪੰਜਾਬ ਵਿੱਚ ਮੇਰੀਆਂ ਫਿਲਮਾਂ ਸਭ ਤੋਂ ਚੰਗਾ ਪ੍ਰੋਫਾਰਮ ਕਰਦੀਆਂ ਹਨ ਅਤੇ ਅੱਜ ਇੱਕ ਦਿਨ ਹੈ, ਜਦੋਂ ਪੰਜਾਬ ਵਿੱਚ ਮੇਰੀ ਫਿਲਮ ਨੂੰ ਰਿਲੀਜ਼ ਹੀ ਨਹੀਂ ਹੋਣ ਦਿੱਤਾ ਗਿਆ ਹੈ, ਇਸ ਤਰ੍ਹਾਂ ਦੇ ਹਮਲੇ ਕੈਨੇਡਾ ਵਿੱਚ ਵੀ ਕੀਤੇ ਗਏ ਹਨ, ਕੁੱਝ ਚੋਣਵੇਂ ਲੋਕਾਂ ਨੇ ਅੱਗ ਲਾਈ ਹੋਈ ਹੈ ਅਤੇ ਇਸ ਅੱਗ ਵਿੱਚ ਮੈਂ ਅਤੇ ਤੁਸੀਂ ਜਲ ਰਹੇ ਹਾਂ।’
ਅਦਾਕਾਰਾ ਨੇ ਅੱਗੇ ਕਿਹਾ, ‘ਦੋਸਤੋ, ਮੇਰੀ ਫਿਲਮ, ਮੇਰੇ ਵਿਚਾਰ ਅਤੇ ਮੇਰਾ ਦੇਸ਼ ਪ੍ਰਤੀ ਕੀ ਪਿਆਰ ਹੈ, ਉਹ ਇਸ ਫਿਲਮ ਵਿੱਚ ਪ੍ਰਦਰਸ਼ਿਤ ਹੁੰਦਾ ਹੈ, ਤੁਸੀਂ ਇਹ ਫਿਲਮ ਖੁਦ ਦੇਖ ਕੇ ਨਿਰਣਾ ਕਰੋ ਕਿ ਇਹ ਫਿਲਮ ਜੋੜਦੀ ਹੈ ਜਾਂ ਤੋੜਦੀ ਹੈ। ਮੈਂ ਬਸ ਹੋਰ ਨਹੀਂ ਕਹਾਂਗੀ।’
ਰੋਕ ਲਗਾਉਣ ਦੀ ਮੰਗ ਕਿਉਂ ਉੱਠੀ ?
ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। SGPC ਨੇ ਫਿਲਮ ‘ਤੇ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਅਤੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਇਲਜ਼ਾਮ ਲਗਾਇਆ ਹੈ।
ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਪੱਤਰ ਵਿੱਚ ਲਿਖਿਆ, ‘ਫਿਲਮ ਐਮਰਜੈਂਸੀ ਨੂੰ ਪੰਜਾਬ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇ, ਕਿਉਂਕਿ ਇਹ ਸਿੱਖਾਂ ਨੂੰ ਸਿਆਸੀ ਤੌਰ ’ਤੇ ਬਦਨਾਮ ਕਰਨ ਦੇ ਉਦੇਸ਼ ਨਾਲ ਬਣਾਈ ਗਈ ਹੈ।’ ਪ੍ਰਸਤਾਵ ਵਿੱਚ ਮੰਗ ਕੀਤੀ ਗਈ ਕਿ ਸੂਬਾ ਸਰਕਾਰ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਹੋਣ ਤੋਂ ਰੋਕੇ। ਇਸ ਤੋਂ ਇਲਾਵਾ ਫਿਲਮ ਐਮਰਜੈਂਸੀ ਖਿਲਾਫ ਵੀਰਵਾਰ ਨੂੰ ਅੰਮ੍ਰਿਤਸਰ ‘ਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅੰਮ੍ਰਿਤਸਰ ਡੀਸੀ ਦਫ਼ਤਰ ਪਹੁੰਚ ਕੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਅਤੇ ਹੁਣ ਫਿਲਮ ਦੀ ਰਿਲੀਜ਼ ’ਤੇ ਰੋਕ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਗਾਇਕੀ ਛੱਡ ਫੁੱਲ ਗੋਭੀ ਵੇਚਣ ਲੱਗੀ ਇਹ ਪੰਜਾਬੀ ਗਾਇਕਾ? ਵੀਡੀਓ ਦੇਖ ਫੈਨਜ਼ ਹੋਏ ਹੈਰਾਨ
ਸੁਖਪਾਲ ਸਿੰਘ ਖਹਿਰਾ ਦੇ ਟਵੀਟ ‘ਤੇ ਕੰਗਨਾ ਨੇ ਕੀ ਲਿਖਿਆ ?
ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਟਵੀਟ ‘ਤੇ ਕੰਗਨਾ ਨੇ ਪਹਿਲਾਂ ਲਿਖਿਆ ਸੀ, ‘ਇਹ ਕਲਾ ਅਤੇ ਕਲਾਕਾਰੀ ਦਾ ਪੂਰੀ ਤਰ੍ਹਾਂ ਨਾਲ ਸ਼ੋਸ਼ਣ ਹੈ, ਪੰਜਾਬ ਦੇ ਕਈ ਸ਼ਹਿਰਾਂ ਤੋਂ ਰਿਪੋਰਟਾਂ ਆ ਰਹੀਆਂ ਹਨ ਕਿ ਇਹ ਲੋਕ ਐਮਰਜੈਂਸੀ ਸਕ੍ਰੀਨਿੰਗ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਮੈਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੀ ਹਾਂ, ਮੈਂ ਸਿੱਖ ਧਰਮ ਨੂੰ ਬਹੁਤ ਨੇੜਿਓ ਦੇਖਿਆ ਹੈ ਅਤੇ ਉਸਦਾ ਸਤਿਕਾਰ ਵੀ ਕਰਦੀ ਹਾਂ। ਇਹ ਸਰਾਸਰ ਝੂਠ ਹੈ ਅਤੇ ਮੇਰੇ ਅਕਸ ਨੂੰ ਖਰਾਬ ਕਰਨ ਅਤੇ ਮੇਰੀ ਫਿਲਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’