ਸਿਮਰਨਜੀਤ ਕੌਰ ਪੰਜਾਬ ਦੀ ਪਹਿਲੀ ਅਜਿਹੀ ਮਹਿਲਾ ਮੁੱਕੇਬਾਜ਼ ਹੈ, ਜਿਨ੍ਹਾਂ ਨੇ ਓਲੰਪਿਕ ‘ਚ ਭਾਗ ਲੈਣਾ ਹੈ। ਜਲਦ ਹੀ ਸਿਮਰਨਜੀਤ ਕੌਰ ਤੁਹਾਨੂੰ ਟੋਕੀਓ ਓਲੰਪਿਕ ਦੇ ਰਿੰਗ ’ਚ ਨਜ਼ਰ ਆਵੇਗੀ ਤੇ ਦੇਸ਼ ਲਈ ਮੈਡਲ ਲਿਆਉਣ ਲਈ ਆਪਣੇ ਵਿਰੋਧੀ ਖਿਡਾਰੀਆਂ ਨਾਲ ਦੋ-ਦੋ ਹੱਥ ਕਰਦੀ ਨਜ਼ਰ ਆਵੇਗੀ।
ਸਿਮਰਨਜੀਤ ਕੌਰ ਨੂੰ ਵੂਮੈਨਜ਼ ਕੈਟੇਗਰੀ ਦੇ 60 ਕਿਲੋਗ੍ਰਾਮ ਭਾਰ ਵਰਗ ’ਚ ਬਾਕਸਿੰਗ ’ਚ ਦੋ-ਦੋ ਹੱਥ ਕਰਦੇ ਦੇਖਿਆ ਜਾਵੇਗਾ। ਪੰਜਾਬ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦੇ ਪਰਿਵਾਰ ਦਾ ਸੰਬੰਧ ਖੇਡਾਂ ਨਾਲ ਜ਼ਰੂਰ ਰਿਹਾ ਹੈ ਪਰ ਕੋਈ ਵੱਡਾ ਖਿਡਾਰੀ ਅਜੇ ਤਕ ਉਨ੍ਹਾਂ ਦੇ ਪਰਿਵਾਰ ਤੋਂ ਨਹੀਂ ਨਿਕਲਿਆ ਹੈ। ਹਾਲਾਂਕਿ ਉਨ੍ਹਾਂ ਦੇ ਭਰਾ-ਭੈਣ ਬਾਕਸਿੰਗ ਜ਼ਰੂਰ ਕਰਦੇ ਹਨ ਤੇ ਰਾਸ਼ਟਰੀ ਪੱਧਰ ਤਕ ਖੇਡ ਚੁੱਕੇ ਹਨ ਪਰ ਸਭ ਤੋਂ ਅੱਗੇ ਸਿਮਰਨਜੀਤ ਕੌਰ ਹੈ, ਜਿਨ੍ਹਾਂ ਤੋਂ ਸਾਰਿਆਂ ਨੂੰ ਉਮੀਦ ਹੈ।
ਸਿਮਰਨਜੀਤ ਕੌਰ 2011 ਤੋਂ ਪੇਸ਼ੇਵਰ ਮੁੱਕੇਬਾਜ਼ੀ ’ਚ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਓਲੰਪਿਕ ਲਈ ਖੂਬ ਤਿਆਰੀ ਕੀਤੀ ਹੈ ਤੇ ਵਿਰੋਧੀ ਖਿਡਾਰੀਆਂ ਦੀ ਕਮਜ਼ੋਰੀ ਨੂੰ ਤਲਾਸ਼ ਦੇ ਹੋਏ ਖੁਦ ਦੀਆਂ ਕਮਜ਼ੋਰੀਆਂ ਨੂੰ ਵੀ ਦੂਰ ਕਰ ਰਹੀ ਹੈ। ਇਸ ਦਾ ਨਤੀਜਾ ਸਾਨੂੰ ਓਲੰਪਿਕ ਦੇ ਰਿੰਗ ’ਚ ਦੇਖਣ ਨੂੰ ਮਿਲ ਸਕਦਾ ਹੈ।
ਸਿਮਰਨਜੀਤ ਕੌਰ ਨੇ 2018 ਏਆਈਬੀਏ ਵੋਮੈਨਜ਼ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਤਾਂਬੇ ਦਾ ਮੈਡਲ ਜਿੱਤਿਆ ਹੈ। 64 ਕਿਲੋਗ੍ਰਾਮ ਭਾਰ ਵਰਗ ’ਚ ਸਿਮਰਨਜੀਤ ਕੌਰ ਨੇ ਅਹਿਮਟ ਕਾਮਰਟ ਬਾਕਸਿੰਗ ਟੂਰਨਾਮੈਂਟ ’ਚ ਗੋਲਡ ਮੈਡਲ ਜਿੱਤਿਆ ਹੈ। 9 ਮਾਰਚ 2021 ਨੂੰ ਇਸ ਖਿਡਾਰਨ ਨੂੰ ਟੋਕੀਓ ਓਲੰਪਿਕ ਦਾ ਟਿਕਟ ਮਿਲਿਆ ਸੀ।