ਕੋਰੋਨਾ ਮਹਾਂਮਾਰੀ ਦਾ ਖਤਰਾ ਅਜੇ ਵੀ ਘੱਟ ਨਹੀਂ ਹੋਇਆ ਹੈ। ਇਸ ਲਈ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਡਰ ਦੇ ਮੱਦੇਨਜ਼ਰ ਉੜੀਸਾ ਸਰਕਾਰ ਨੇ ਸਾਵਨ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਪਵਿੱਤਰ ‘ਬੋਲ-ਬਮ ਯਾਤਰਾ’ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਹੀ ਉੜੀਸਾ ਸਰਕਾਰ ਨੇ ਕਾਂਵੜ ਯਾਤਰਾ ਮੁਲਤਵੀ ਕਰ ਦਿੱਤੀ ਹੈ।
ਇਹ ਜਾਣਕਾਰੀ ਵਿਸ਼ੇਸ਼ ਰਾਹਤ ਕਮਿਸ਼ਨਰ ਪ੍ਰਦੀਪ ਜੇਨਾ ਨੇ ਦਿੱਤੀ। ਇਸ ਤੋਂ ਪਹਿਲਾਂ ਉਤਰਾਖੰਡ ਸਰਕਾਰ ਨੇ ਕਾਂਵੜ ਯਾਤਰਾ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ।ਪਰ ਉੱਤਰ ਪ੍ਰਦੇਸ਼ ਵਿੱਚ ਪ੍ਰੋਟੋਕੋਲ ਨਾਲ ਯਾਤਰਾ ਹੋ ਸਕੇਗੀ। ਉੜੀਸਾ ਸਰਕਾਰ ਦੇ ਅਨੁਸਾਰ ਕਿਸੇ ਵੀ ਕਾਂਵੜੀਏ ਜਾਂ ਸ਼ਰਧਾਲੂ ਨੂੰ ਨਾ ਤਾਂ ਧਾਰਮਿਕ ਸਥਾਨ ‘ਤੇ ਜਾਣ ਦੀ ਆਗਿਆ ਹੋਵੇਗੀ ਅਤੇ ਨਾ ਹੀ ਉਹ ਜਨਤਕ ਥਾਵਾਂ ‘ਤੇ ਜਾ ਸਕਣਗੇ।
ਉੜੀਸਾ ਸਰਕਾਰ ਦੇ ਆਦੇਸ਼ ਦੇ ਅਨੁਸਾਰ ਨਦੀਆਂ ਤੋਂ ਬੋਲ-ਬਮ ਦੇ ਸ਼ਰਧਾਲੂਆਂ ਅਤੇ ਕਾਂਵੜਿਆਂ ਨੂੰ ਜਲ ਭਰਨ ਦੀ ਆਗਿਆ ਨਹੀਂ ਹੈ। ਇਸਦੇ ਨਾਲ ਹੀ ਰਾਜ ਵਿੱਚ ਸਾਵਨ ਮਹੀਨੇ ਦੌਰਾਨ ਸ਼ਰਧਾਲੂਆਂ ਨੂੰ ਰਾਜ ਦੇ ਕਿਸੇ ਵੀ ਸ਼ਿਵ ਮੰਦਰ ਵਿੱਚ ਜਲ ਚੜਾਉਣ ਦੀ ਆਗਿਆ ਨਹੀਂ ਹੈ।
ਸਾਵਨ ਮਹੀਨੇ ਵਿੱਚ ਉੜੀਸਾ ਦੀ ਰਾਜਧਾਨੀ ਭੁਵਨੇਸ਼੍ਵਰ ਸਥਿਤ ਲਿੰਗਰਾਜ ਮੰਦਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ। ਇਸ ਦੌਰਾਨ ਸ਼ਰਧਾਲੂ ਕਿਸੇ ਵੀ ਮੰਦਰ ਦੇ ਦਰਸ਼ਨ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਜਨਤਕ ਸਥਾਨਾਂ ‘ਤੇ ਜਾ ਸਕਦੇ ਹਨ।