ਮਸ਼ਹੂਰ ਅਦਾਕਾਰਾ ਰਜਿਤਾ ਕੋਚਰ ਦਾ 23 ਦਸੰਬਰ ਨੂੰ ਮੁੰਬਈ ਵਿੱਚ ਦਿਹਾਂਤ ਹੋ ਗਿਆ ਹੈ। ਰਜਿਤਾ ਕੋਚਰ ਨੇ ਕਈ ਫਿਲਮਾਂ ਅਤੇ ਟੀ-ਸ਼ੋਅ ‘ਚ ਕੰਮ ਕੀਤਾ ਸੀ। ਉਹ ਆਖਰੀ ਵਾਰ ਕੰਗਨਾ ਰਣੌਤ ਦੀ ਫਿਲਮ ‘ਮਣੀਕਰਨਿਕਾ’ ਵਿੱਚ ਨਜ਼ਰ ਆਈ ਸੀ। ਉਨ੍ਹਾਂ ਨੇ 70 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ।
ਹਾਤਿਮ’ ਅਤੇ ‘ਕਹਾਨੀ ਘਰ ਘਰ ਕੀ’ ਵਰਗੇ ਸੀਰੀਅਲਾਂ ‘ਚ ਆਪਣਾ ਨਾਂ ਕਮਾਉਣ ਵਾਲੀ ਅਭਿਨੇਤਰੀ ਰਜਿਤਾ ਕੋਚਰ ਦਾ ਕਿਡਨੀ ਫੇਲ ਹੋਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੁੰਬਈ ਦੇ ਇਕ ਹਸਪਤਾਲ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਰਿਸ਼ਤੇਦਾਰ ਨੂਪੁਰ ਕੰਪਾਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦਾ ਸ਼ੂਗਰ ਦਾ ਪੱਧਰ ਵਧਣ ਤੋਂ ਬਾਅਦ ਮੰਗਲਵਾਰ ਨੂੰ ਚੇਂਬੂਰ ਦੇ ਜੈਨ ਮਲਟੀ ਸਪੈਸ਼ਲਿਟੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ‘ਡਾਇਬਟੀਜ਼ ਦਾ ਪੱਧਰ ਵਧਣ ਅਤੇ ਨਬਜ਼ ਹੌਲੀ ਹੋਣ ਤੋਂ ਬਾਅਦ ਅਸੀਂ ਮੰਗਲਵਾਰ ਨੂੰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਉਹ ਆਈਸੀਯੂ ਵਿੱਚ ਸੀ। ਉਨ੍ਹਾਂ ਦੀ ਹਾਲਤ ਸਥਿਰ ਹੋ ਰਹੀ ਸੀ। ਹਾਲਾਂਕਿ ਕਿਡਨੀ ਫੇਲ ਹੋਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਸ਼ੁੱਕਰਵਾਰ ਸਵੇਰੇ 10.26 ਵਜੇ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਨੇ ਕਿਹਾ ਕਿ ਅਦਾਕਾਰਾ ਨੂੰ ਪਿਛਲੇ ਸਾਲ ਸਤੰਬਰ ਵਿੱਚ ‘ਬ੍ਰੇਨ ਸਟ੍ਰੋਕ’ ਹੋਇਆ ਸੀ ਅਤੇ ਉਦੋਂ ਤੋਂ ਉਹ ਆਰਾਮ ਕਰ ਰਹੀ ਸੀ। ਰਜਿਤਾ ਕੋਚਰ ਆਪਣੇ ਪਿੱਛੇ ਪਤੀ ਅਤੇ ਬੇਟੀ ਛੱਡ ਗਈ ਹੈ। ਨੂਪੁਰ ਕੰਪਾਨੀ ਦੇ ਅਨੁਸਾਰ, ਕੋਚਰ ਦਾ ਅੰਤਿਮ ਸੰਸਕਾਰ ਕੱਲ੍ਹ ਸਵੇਰੇ 11.30 ਵਜੇ ਚੇਂਬੂਰ ਵਿੱਚ ਉਨ੍ਹਾਂ ਦੀ ਧੀ ਦੇ ਯੂਕੇ ਤੋਂ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ। ਦੱਸ ਦੇਈਏ ਕਿ ਰਜਿਤਾ ਕੋਚਰ ਨੇ ਟੀਵੀ ਸ਼ੋਅ ਤੋਂ ਇਲਾਵਾ ਫਿਲਮਾਂ ਵਿੱਚ ਵੀ ਕਾਫੀ ਕੰਮ ਕੀਤਾ ਹੈ।