ਬੱਸ ਕਾਮਿਆਂ ਦੀ ਹੜਤਾਲ ਜਾਰੀ, ਬੱਸ ਨਾ ਮਿਲਣ ‘ਤੇ ਮੁਸਾਫਿਰ ਹੋ ਰਹੇ ਪ੍ਰੇਸ਼ਾਨ

0
348

ਬਠਿੰਡਾ:ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਕਾਰਕੁਨਾਂ ਨੇ ਹੜਤਾਲ ਕਰ ਕੇ ਇੱਥੇ ਬੱਸ ਅੱਡੇ ’ਚ ਰੋਸ ਵਜੋਂ ਧਰਨਾ ਦਿੱਤਾ। ਇਸ ਦੌਰਾਨ ਸਰਕਾਰੀ ਬੱਸਾਂ ਬੰਦ ਹੋਣ ਕਾਰਨ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ਵਾਲੇ ਮੁਸਾਫ਼ਿਰਾਂ ਨੂੰ ਦੁਸ਼ਵਾਰੀਆਂ ਨਾਲ ਦੋ-ਚਾਰ ਹੋਣਾ ਪਿਆ। ਇਸ ਹੜਤਾਲ ਦਾ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਚੰਗਾ ਲਾਹਾ ਮਿਲਿਆ। ਸਰਕਾਰੀ ਬੱਸਾਂ ਬੰਦ ਰਹੀਆਂ ਜਦਕਿ ਨਿੱਜੀ ਬੱਸਾਂ ਵਿਚ ਭੀੜ ਦੇਖਣ ਨੂੰ ਮਿਲੀ। ਲੁਧਿਆਣਾ ਤੇ ਮੁਕਤਸਰ ‘ਚ ਵੀ ਅਜਿਹਾ ਹੀ ਹਾਲ ਹੈ। ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਦਰਸ਼ਨਕਾਰੀ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ, ਬਠਿੰਡਾ ਡਿੱਪੂ ਦੇ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਤੇ ਕੁਲਦੀਪ ਸਿੰਘ ਆਦਿ ਆਗੂਆਂ ਨੇ ਹੜਤਾਲ ਦੀ ਵਜ੍ਹਾ ਬਿਆਨਦਿਆਂ ਕਿਹਾ ਕਿ ਪਿਛਲੇ ਦਿਨੀਂ ਬਟਾਲਾ ਬੱਸ ਡਿੱਪੂ ਦੇ ਇੱਕ ਕੰਡਕਟਰ ਖ਼ਿਲਾਫ਼ ਚੈਕਿੰਗ ਇੰਸਪੈਕਟਰ ਨੇ ਇਸ ਕਰ ਕੇ ਰਿਪੋਰਟ ਕਰ ਦਿੱਤੀ ਸੀ ਕਿ ਉਸ ਨੇ ਬੱਸ ’ਚ ਇੱਕ ਸਵਾਰੀ ਦੀ ਟਿਕਟ ਨਹੀਂ ਕੱਟੀ ਸੀ। ਉਨ੍ਹਾਂ ਕਿਹਾ ਕਿ ਸਵਾਰੀ ਤੋਂ ਦਸ ਗੁਣਾਂ ਜੁਰਮਾਨਾ ਵਸੂਲਿਆ ਗਿਆ ਅਤੇ ਕੰਡਕਟਰ ਨੇ ਦੱਸਿਆ ਕਿ ਸਵਾਰੀ ਨੇ ਟਿਕਟ ਨਹੀਂ ਕਟਵਾਈ ਪਰ ਇਸ ਦੇ ਬਾਵਜੂਦ ਕੰਡਕਟਰ ਨੂੰ ਦੋਸ਼ੀ ਮੰਨ ਕੇ ਨੌਕਰੀਓਂ ਕੱਢ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਉਹ ਕੰਡਕਟਰ ਹੁਣ ਪਿਛਲੇ ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਹੋਇਆ ਹੈ ਅਤੇ ਉਸ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਆਗੂਆਂ ਨੇ ਫ਼ਿਰੋਜ਼ਪੁਰ ਡਿੱਪੂ ਦੇ 15 ਕੰਡਕਟਰਾਂ ਦੀ ਪੱਟੀ ਡਿੱਪੂ ’ਚ ਬਦਲੀ ਕਰਨ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਡਿੱਪੂ ਦੀਆਂ 15 ਬੱਸਾਂ ਪਹਿਲਾਂ ਕੰਡਕਟਰਾਂ ਤੋਂ ਸੱਖਣੀਆਂ ਹੋਣ ਕਰਕੇ ਖੜ੍ਹੀਆਂ ਹਨ ਅਤੇ ਹੁਣ 15 ਕੰਡਕਟਰਾਂ ਦੀ ਬਦਲੀ ਹੋਣ ਕਾਰਨ ਇਨ੍ਹਾਂ ਦੀ ਗਿਣਤੀ 30 ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਉਂਜ ਵੀ ਰੋਜ਼ਾਨਾ 50 ਕਿਲੋਮੀਟਰ ਦਾ ਸਫ਼ਰ ਕਰ ਕੇ ਕੰਡਕਟਰਾਂ ਲਈ ਡਿਊਟੀ ਕਰਨੀ ਔਖੀ ਹੈ। ਉਨ੍ਹਾਂ ਮੰਗ ਕੀਤੀ ਕਿ ਮੁਅੱਤਲ ਕੀਤੇ ਕੰਡਕਟਰ ਨੂੰ ਬਹਾਲ ਕੀਤਾ ਜਾਵੇ ਅਤੇ ਫ਼ਿਰੋਜ਼ਪੁਰ ਵਾਲੇ ਕੰਡਕਟਰਾਂ ਦੀਆਂ ਬਦਲੀਆਂ ਰੱਦ ਕਰਨ ਸਮੇਤ ਪਹਿਲਾਂ ਤੋਂ ਸੰਘਰਸ਼ ਅਧੀਨ ਯੂਨੀਅਨ ਦੀਆਂ ਮੰਗਾਂ ਮੰਨੀਆਂ ਜਾਣ।

LEAVE A REPLY

Please enter your comment!
Please enter your name here