ਮਹਾਰਾਸ਼ਟਰ ਦੇ ਕੋਹਲਾਪੁਲ ਵਿਚ ਇਕ 22 ਸਾਲਾ ਪਹਿਲਵਾਨ ਨੇ ਮੁਕਾਬਲੇ ਵਿਚ ਆਪਣੇ ਵਿਰੋਧੀ ਨੂੰ ਹਰਾਉਣ ਦੇ ਕੁੱਝ ਘੰਟਿਆਂ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਨ ਦਮ ਤੋੜ ਦਿੱਤਾ। ਮਾਰੂਤੀ ਸੁਰਵਾਸੇ ਪਿਛਲੇ ਕੁੱਝ ਮਹੀਨਿਆਂ ਤੋਂ ਰਾਸ਼ਟਰਕੁਲ ਕੁਸ਼ਤੀ ਸੰਕੁਲ ਅਕੈਡਮੀ ਵਿਚ ਸਿਖਲਾਈ ਲੈ ਰਿਹਾ ਸੀ। ਉਹ ਸੋਲਾਪੁਰ ਜ਼ਿਲ੍ਹੇ ਦੇ ਪੰਢਰਪੁਰ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: ਅਰੁਣਾਚਲ ਪ੍ਰਦੇਸ਼ ‘ਚ ਸੈਨਾ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਪਾਇਲਟ ਦੀ ਮੌਤ
ਅਕੈਡਮੀ ਦੇ ਸੰਚਾਲਕ ਰਾਮ ਸਾਰੰਗ ਨੇ ਕਿਹਾ, ‘ਕੋਹਲਾਪੁਲ ਜ਼ਿਲ੍ਹੇ ਵਿਚ ਇਕ ਕੁਸ਼ਤੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਸੀ। ਸੁਰਵਾਸੇ ਨੇ ਇਕ ਵਰਗ ਵਿਚ ਜਿੱਤ ਦਰਜ ਕੀਤੀ ਅਤੇ ਦੂਜੇ ਪਹਿਲਵਾਨਾਂ ਨਾਲ ਅਕੈਡਮੀ ਪਰਤ ਰਿਹਾ ਸੀ। ਉਸ ਨੂੰ ਰਾਤ ਨੂੰ ਛਾਤੀ ਵਿਚ ਦਰਦ ਹੋਇਆ।’ ਉਨ੍ਹਾਂ ਕਿਹਾ, ‘ਇਕ ਸਾਥੀ ਪਹਿਲਵਾਨ ਸੁਰਵਾਸੇ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਦਵਾਈ ਲੈਣ ਗਿਆ ਪਰ ਸੁਰਵਾਸੇ ਡਿੱਗ ਗਿਆ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।’ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਹੈ।