ਫਿਰੋਜ਼ਪੁਰ ‘ਚ ਇੱਕ ASI ‘ਤੇ ਰਿਸ਼ਵਤ ਲੈਣ ਦੇ ਮਾਮਲੇ ‘ਚ ਵਿਭਾਗ ਵਲੋਂ ਸਖਤ ਐਕਸ਼ਨ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ASI ਦੀ ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਈ ਸੀ। ਵਾਇਰਲ ਹੋਈ ਰਿਸ਼ਵਤ ਦੀ ਵੀਡੀਓ ‘ਤੇ ਟਿੱਪਣੀ ਕਰਦਿਆਂ ਐਸਐਸਪੀ ਫਿਰੋਜ਼ਪੁਰ ਸੁਰਿੰਦਰ ਲਾਂਬਾ ਨੇ ਕਿਹਾ, ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੀਐਸ ਮੱਲਾਂਵਾਲਾ ਵਿਖੇ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਰਿਸ਼ਵਤ ਲੈਂਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਪੁਰਾਣੀ ਹੈ ਪਰ ਰਿਪੋਰਟ ਆਉਣ ‘ਤੇ ਉਸ ਨੂੰ ਉਸੇ ਦਿਨ ਹੀ ਐਸ.ਐਸ.ਪੀ ਫਿਰੋਜ਼ਪੁਰ ਨੇ ਬਕਾਇਦਾ ਵਿਭਾਗੀ ਜਾਂਚ ਦੇ ਨਾਲ ਮੁਅੱਤਲ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ ਜਾਵੇਗੀ। ਐਸਐਸਪੀ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਅਜੇ ਆਪਣੀ ਸ਼ਿਕਾਇਤ ਦਰਜ ਨਹੀਂ ਕੀਤੀ ਹੈ।
ਗੁਰਮੀਤ ਸਿੰਘ ਚੀਮਾ ਐਸ.ਪੀ (ਆਈ.ਐਨ.ਵੀ.) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਏ.ਐਸ.ਆਈ ਦੀ ਰਿਸ਼ਵਤ ਲੈਣ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਅਧਿਕਾਰੀ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।