ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਅੰਦਰ ਮੋਬਾਇਲ ਅਤੇ ਹੋਰ ਨਸ਼ੀਲਾ ਪਦਾਰਥ ਮਿਲਣ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜੇਲ੍ਹ ਅੰਦਰ ਸਖ਼ਤੀ ਵਰਤੀ ਜਾ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਮੈਕਸੀਮਮ ਸਕਿਉਰਿਟੀ ਜੇਲ੍ਹ ਅੰਦਰੋਂ ਵੱਡੀ ਗਿਣਤੀ ਵਿੱਚ ਮੋਬਾਇਲ ਮਿਲ ਰਹੇ ਸਨ ਇਨ੍ਹਾਂ ਮੋਬਾਈਲਾਂ ਦੀ ਵਰਤੋਂ ਜੇਲ੍ਹ ਅੰਦਰ ਬੰਦ ਨਾਮੀ ਗੈਂਗਸਟਰਾਂ ਦੇ ਵੱਲੋਂ ਜੇਲ੍ਹਾਂ ਦੇ ਅੰਦਰੋਂ ਨੈਕਸਸ ਚਲਾ ਕੇ ਫਿਰੌਤੀ ਮੰਗਣਾ ਅਤੇ ਜੇਲ੍ਹ ਅੰਦਰੋਂ ਧਮਕੀਆਂ ਦੇਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਉਪਰੰਤ ਨਾਭਾ ਪੁਲਿਸ ਦੇ ਵੱਲੋਂ ਕਈ ਨਾਮੀ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਨ੍ਹਾਂ ਨਾਮੀ ਗੈਂਗਸਟਰਾਂ ਦਾ ਰਿਮਾਂਡ ਹਾਸਲ ਕਰਕੇ ਸਖ਼ਤੀ ਦੇ ਨਾਲ ਪੁੱਛਗਿੱਛ ਕੀਤੀ।
ਇਸ ਸੰਬੰਧੀ ਇੱਕ ਸੱਚ ਸਾਹਮਣੇ ਆਇਆ ਕਿ ਕਿ ਨਾਭਾ ਮੈਕਸੀਮਮ ਸਕਿਓਰਿਟੀ ਜੇਲ੍ਹ ਦਾ ਆਈ.ਆਰ.ਬੀ ਦਾ ਏ.ਐਸ.ਆਈ ਗੁਰਜਿੰਦਰ ਜੋ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਦੇ ਕੋਲੋਂ ਮੋਟੀ ਰਕਮ ਵਸੂਲ ਗੂਗਲ ਪੇਅ ਦੇ ਜ਼ਰੀਏ ਕਰ ਕੇ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਨੂੰ ਮੋਬਾਇਲ ਪਹੁੰਚਾਉਂਦਾ ਸੀ। ਇਸ ਬਾਰੇ ਖੁਲਾਸਾ ਨਾਭਾ ਪੁਲਿਸ ਨੇ ਕੀਤਾ। ਹੁਣ ਨਾਭਾ ਕੋਤਵਾਲੀ ਪੁਲਿਸ ਦੇ ਵੱਲੋਂ ਆਈ.ਆਰ.ਬੀ ਦੇ ਏ.ਐਸ.ਆਈ ਗੁਰਜਿੰਦਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਭਾ ਕੋਤਵਾਲੀ ਪੁਲਿਸ ਵੱਲੋਂ ਗੁਰਜਿੰਦਰ ਸਿੰਘ ਦੇ ਕੋਲੋਂ ਚਾਰ ਮੋਬਾਇਲ, ਦੋ ਚਾਰਜਰ, ਤੇ ਇਕ ਸਿਮ ਬਰਾਮਦ ਕੀਤਾ ਹੈ। ਇਹ ਖੁਲਾਸਾ ਮੈਕਸੀਮਮ ਸਕਿਉਰਿਟੀ ਜੇਲ੍ਹ ਅੰਦਰ ਬੰਦ ਕੈਦੀ ਕਰਮਜੀਤ ਸਿੰਘ ਜੋ ਧਾਰਾ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਤੋਂ 2 ਮੋਬਾਇਲ ਬਰਾਮਦ ਹੋਣ ਤੋਂ ਬਾਅਦ ਇਹ ਖੁਲਾਸਾ ਸਾਹਮਣੇ ਆਇਆ ਹੈ।
ਇਸ ਮੌਕੇ ਨਾਭਾ ਦੇ ਡੀ.ਐੱਸ.ਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਨਾਭਾ ਮੈਕਸੀਮਮ ਸਕਿਓਰਿਟੀ ਜੇਲ੍ਹ ਦੇ ਵੱਲੋਂ ਇਕ ਪੱਤਰ ਨਾਭਾ ਕੋਤਵਾਲੀ ਪੁਿਲਸ ਨੂੰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਜਾਂਚ ਦੇ ਵਿਚ ਸਾਹਮਣੇ ਆਇਆ ਕਿ ਆਈ.ਆਰ.ਬੀ ਦਾ ਏ.ਐੱਸ.ਆਈ ਗੁਰਜਿੰਦਰ ਸਿੰਘ ਜੋ ਗੂਗਲ ਪੇ ਜ਼ਰੀਏ ਮੋਟੀ ਰਕਮ ਵਸੂਲ ਕਰ ਕੇ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਨੂੰ ਮੋਬਾਇਲ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਆਈ.ਆਰ.ਬੀ ਦਾ ਮੁਲਾਜ਼ਮ 10 ਹਜ਼ਾਰ ਰੁਪਏ ਗੂਗਲ ਪੇਅ ਦੇ ਜ਼ਰੀਏ ਵਸੂਲ ਕਰਕੇ ਜੇਲ੍ਹ ਦੇ ‘ਚ ਮੋਬਾਇਲ ਸਪਲਾਈ ਕਰਦਾ ਸੀ। ਜਿਸ ਖਿਲਾਫ ਮਾਮਲਾ ਦਰਜ ਕਰਕੇ ਨਾਭਾ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਕੇਸ ਦੇ ਵਿੱਚ ਹੋਰ ਖੁਲਾਸੇ ਸਾਹਮਣੇ ਆਉਣਗੇ।