ਪੱਛਮੀ ਬੰਗਾਲ ਦੇ ਕੂਚ ਬਿਹਾਰ ‘ਚ ਐਤਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਹੈ। ਪਿਕਅੱਪ ਵੈਨ ‘ਚ ਕਰੰਟ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਸਾਰੇ ਕਾਂਵੜੀਏ ਸਨ। ਹਾਦਸੇ ‘ਚ ਕਈ ਲੋਕ ਝੁਲਸ ਗਏ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਜਨਰੇਟਰ (ਡੀਜੇ ਸਿਸਟਮ) ਦੀ ਵਾਇਰਿੰਗ ਕਾਰਨ ਹੋਇਆ ਹੈ, ਜੋ ਕਿ ਪਿਕਅੱਪ ਦੇ ਪਿਛਲੇ ਪਾਸੇ ਲਗਾਇਆ ਗਿਆ ਸੀ। ਇਹ ਪਿਕਅੱਪ ਵੈਨ ਜਲਪੇਸ਼ ਲਈ ਜਾ ਰਹੀ ਸੀ। ਝੁਲਸ ਗਏ ਲੋਕਾਂ ਨੂੰ ਜਲਪਾਈਗੁੜੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮੀਡੀਆ ਰਿਪੋਰਟ ਮੁਤਾਬਕ ਪਿਕਅੱਪ ਵੈਨ ਵਿੱਚ 27 ਲੋਕ ਸਵਾਰ ਸਨ। ਇਨ੍ਹਾਂ ‘ਚੋਂ 16 ਲੋਕਾਂ ਨੂੰ ਜਲਪਾਈਗੁੜੀ ਦੇ ਹਸਪਤਾਲ ‘ਚ ਰੈਫਰ ਕੀਤਾ ਗਿਆ। ਜਦਕਿ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਿਕਅੱਪ ਵੈਨ ਵਿੱਚ ਡੀਜੇ ਸਿਸਟਮ ਦੇ ਜਨਰੇਟਰ ਦੀਆਂ ਤਾਰਾਂ ਕਾਰਨ ਇਹ ਘਟਨਾ ਵਾਪਰੀ ਹੋ ਸਕਦੀ ਹੈ। ਇਸ ਕਾਰਨ ਪੂਰੇ ਵਾਹਨ ਵਿੱਚ ਕਰੰਟ ਫੈਲਿਆ ਹੋ ਸਕਦਾ ਹੈ।
ਮਾਥਾਭੰਗਾ ਦੇ ਐਸਪੀ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਜਲਪਾਈਗੁੜੀ ਦੇ ਹਸਪਤਾਲ ਭੇਜਿਆ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ। ਏਐਸਪੀ ਨੇ ਦੱਸਿਆ ਕਿ ਪਿਕਅੱਪ ਨੂੰ ਜ਼ਬਤ ਕਰ ਲਿਆ ਗਿਆ ਹੈ। ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇ।