ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਮੀਟਿੰਗ ਅੱਜ 6 ਜੁਲਾਈ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਵੇਗੀ। ਭਗਵੰਤ ਮਾਨ ਕੈਬਨਿਟ ਵਿਚ 5 ਨਵੇਂ ਮੰਤਰੀ ਹੋਰ ਸ਼ਾਮਿਲ ਹੋਣ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੋ ਰਹੀ ਹੈ। ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਵੇਰੇ 10.30 ਵਜੇ ਹੋਵੇਗੀ।
ਦੱਸ ਦਈਏ ਕਿ ਪੰਜਾਬ ਵਿਚ ਨਵੇਂ ਬਣੇ ਮੰਤਰੀਆਂ ਨੂੰ ਬੀਤੇ ਦਿਨੀ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੂੰ ਲੋਕ ਸੰਪਰਕ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਅੰਮ੍ਰਿਤਸਰ ਸਾਊਥ ਤੋਂ ਡਾ. ਇੰਦਰਬੀਰ ਨਿੱਝਰ ਨੂੰ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ ਹੈ। ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਵਿਭਾਗ ਦਿੱਤਾ ਗਿਆ ਹੈ। ਫੌਜਾ ਸਿੰਘ ਸਰਾਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦਾ ਕਾਰਜਭਾਰ ਸੰਭਾਲਣਗੇ। ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੀ ਵਾਗਡੋਰ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਸਿੱਖਿਆ ਮਹਿਕਮਾ ਵਾਪਸ ਲੈ ਲਿਆ ਹੈ। ਹੁਣ ਹਰਜੋਤ ਬੈਂਸ ਨਵੇਂ ਸਕੂਲ ਸਿੱਖਿਆ ਮੰਤਰੀ ਹੋਣਗੇ। ਹਰਜੋਤ ਬੈਂਸ ਕੋਲ ਜੇਲ੍ਹ ਮਹਿਕਮਾ ਵੀ ਰਹੇਗਾ। ਦੂਜੇ ਪਾਸੇ ਮੀਤ ਹੇਅਰ ਨੂੰ ਹੁਣ ਗਵਰਨੈਂਸ ਸੁਧਾਰ, ਪ੍ਰਿੰਟਿੰਗ ਐਂਡ ਸਟੇਸ਼ਨਰੀ, ਸਾਇੰਸ ਟੈਕਨਾਲੌਜੀ ਐਂਡ ਐਨਵਾਇਰਮੈਂਟ, ਸਪੋਰਟਸ ਐਂਡ ਯੂਥ ਸਰਵਿਸ ਅਤੇ ਉੱਚ ਸਿੱਖਿਆ ਮਹਿਕਮੇ ਦਿੱਤੇ ਗਏ ਹਨ।