ਪੰਜਾਬੀ ਗਾਇਕ ਸਿੱਧੂ ਮੂਸੇਵਾਲਾ(Sidhu Moose Wala) ਦੇ ਕਤਲ ਮਾਮਲੇ ਨੂੰ ਲੈ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਪੰਜਾਬ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਇਸ ਸਬੰਧ ਵਿੱਚ ਮਾਨਸਾ ਦੇ SSP ਗੌਰਵ ਤੁਰਾ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਜਲਦ ਪੰਜਾਬ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਕਤਲਕਾਂਡ ‘ਚ ਬਿਸ਼ਨੋਈ ਤੋਂ ਪੁੱਛਗਿੱਛ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਕਤਲ ਦੀ ਜਿੰਮੇਵਾਰੀ ਲਈ ਹੈ। ਕਤਲਕਾਂਡ ‘ਚ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 2 ਹੋਰ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਲਿਆਂਦਾ ਗਿਆ ਹੈ। ਹਾਲੇ ਸਿਰਫ਼ ਇੱਕ ਮੁਲਜ਼ਮ ਨੂੰ ਹੀ ਨਾਮਜ਼ਦ ਕੀਤਾ ਗਿਆ।
ਮਾਨਸਾ ਦੇ ਐਸਐਸਪੀ ਨੇ ਬੁੱਧਵਾਰ ਨੂੰ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਪਹਿਲੀ ਵਾਰ ਮੀਡੀਆ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਦੇ ਆਈਜੀਪੀ ਨੇ ਮੂਸੇਵਾਲਾ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਹੈ। ਮੂਸੇਵਾਲਾ ਦਾ ਐਤਵਾਰ ਨੂੰ ਮਾਨਸਾ ਦੇ ਪਿੰਡ ਮੂਸੇ ਵਿਖੇ ਘਰ ਤੋਂ ਕੁਝ ਦੂਰ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਤੋਂ ਕਾਂਗਰਸੀ ਆਗੂ ਬਣੇ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਝੂਠੇ ਮੁਕਾਬਲੇ ਦੇ ਡਰੋਂ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਉਸਨੇ ਬੁੱਧਵਾਰ ਨੂੰ ਦਿੱਲੀ ਹਾਈਕੋਰਟ ਤੋਂ ਪਟੀਸ਼ਨ ਵਾਪਸ ਲੈ ਲਈ ਹੈ। ਹੁਣ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ। ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਲਾਰੇਂਸ ਬਿਸ਼ਨੋਈ ਦੀ ਪਟੀਸ਼ਨ ‘ਤੇ ਸੁਣਵਾਈ ਕਰਨੀ ਸੀ।
ਆਪਣੀ ਪਟੀਸ਼ਨ ਵਿੱਚ, ਬਿਸ਼ਨੋਈ, ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮੁੱਖ ਸ਼ੱਕੀਆਂ ਵਿੱਚੋਂ ਇੱਕ ਨੇ ਤਿਹਾੜ ਜੇਲ੍ਹ ਅਥਾਰਟੀ ਅਤੇ ਦਿੱਲੀ ਪੁਲਿਸ ਨੂੰ ਕਿਸੇ ਹੋਰ ਰਾਜ ਦੀ ਪੁਲਿਸ ਨੂੰ ਉਸਦੀ ਹਿਰਾਸਤ ਦੇਣ ਤੋਂ ਪਹਿਲਾਂ ਉਸਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ।