ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ‘ਚ ਦਿੱਲੀ ਦੀ ਤਰਜ਼ ‘ਤੇ 117 ਸਮਾਰਟ ਸਕੂਲ ਖੋਲ੍ਹੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਲਈ ਟੀਮਾਂ ਵੀ ਜੁੜ ਚੁੱਕੀਆਂ ਹਨ। ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਇਸ ਲਈ ਇੱਕ ਟੀਮ ਨਾਲ ਮਿਲ ਕੇ ਕੰਮ ਸ਼ੁਰੂ ਕਰ ਚੁੱਕੇ ਹਨ। ਇਸ ਤਹਿਤ ਪੰਜਾਬ ਦੇ ਹਰ ਜ਼ਿਲ੍ਹੇ ‘ਚ ਸਮਾਰਟ ਸਕੂਲ ਖੋਲ੍ਹੇ ਜਾਣਗੇ।

ਇਨ੍ਹਾਂ ਸਮਾਰਟ ਸਕੂਲਾਂ ‘ਚ ਡਿਜੀਟਲ ਬੋਰਡ, ਨਵੀਆਂ ਲੈਬਾਂ, ਲਾਈਬ੍ਰੇਰੀ ਅਤੇ ਤਕਨੀਕੀ ਅਧਿਆਪਕ ਹੋਣਗੇ। ਸੂਬੇ ‘ਚ ਮੁਹੱਲਾ ਕਲੀਨਿਕਾਂ ਦੇ ਐਲਾਨ ਤੋਂ ਬਾਅਦ ਹੁਣ ਪੰਜਾਬ ‘ਚ ਇਹ ਸਮਾਰਟ ਸਕੂਲ ਖੋਲ੍ਹਣ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਹੁਣ ਤੱਕ ਕਰੀਬ 100 ਖੇਤਰਾਂ ਦੀ ਪਛਾਣ ਕਰ ਚੁੱਕਾ ਹੈ।
ਇਨ੍ਹਾਂ ਸਮਾਰਟ ਸਕੂਲਾਂ ਨੂੰ ਖੋਲ੍ਹੇ ਜਾਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ ਨੂੰ ਵੀ ਵਧਾਇਆ ਜਾਵੇਗਾ। ਇਨ੍ਹਾਂ ਸਕੂਲਾਂ ‘ਚ ਪੜ੍ਹਾਈ ਦਾ ਪੱਧਰ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਨ੍ਹਾਂ ਸਮਾਰਟ ਸਕੂਲਾਂ ‘ਚ ਸਮਾਰਟ ਕਲਾਸ ਰੂਮ ਹੋਣਗੇ, ਜਿੱਥੇ ਪ੍ਰਾਜੈਕਟ ਲਗਾਏ ਜਾਣਗੇ।
ਇਸ ਦੇ ਲਈ ਸਾਰਾ ਬਜਟ ਤਿਆਰ ਕਰ ਲਿਆ ਗਿਆ ਹੈ। ਇਨ੍ਹਾਂ ਸਮਾਰਟ ਸਕੂਲਾਂ ‘ਚ ਇਨਡੋਰ-ਆਊਟਡੋਰ ਖੇਡਾਂ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਅਤੇ ਸਾਫ-ਸੁਥਰੇ ਕਲਾਸਰੂਮਾਂ ‘ਚ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਵਾਂ ਦਿੱਤੀਆਂ ਜਾਣਗੀਆਂ।









