ਚੰਡੀਗੜ੍ਹ, 13 ਨਵੰਬਰ 2026 : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ (Member of Parliament) ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਲੋਂ ਅੰਤਰਿਮ ਜ਼ਮਾਨਤ ਦੇ ਦਿੱਤੇ ਜਾਣ ਦਾ ਸਮਾਚਾਰ ਹੈ ।
ਕਿੰਨੇ ਦਿਨਾਂ ਦੀ ਦਿੱਤੀ ਗਈ ਹੈ ਅੰਤਰਿਮ ਜ਼ਮਾਨਤ
ਮਿਲੀ ਜਾਣਕਾਰੀ ਅਨੁਸਾਰ ਡਿਬਰੂਗੜ੍ਹ ਜੇਲ ਵਿਚ ਬੰਦ ਲੋਕ ਸਭਾ ਸੰਸਦ ਮੈਂਬਰ (Member of Parliament (Lok Sabha)) ਅੰਮ੍ਰਿਤਪਾਲ ਸਿੰਘ ਨੂੰ ਜੋ ਅਦਾਲਤ ਵਲੋਂ ਅੱਜ ਆਪਣਾ ਫ਼ੈਸਲਾ ਸੁਣਾੳਂੁਦਿਆਂ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ ਤਹਿਤ ਇਕ ਦਿਨ ਦੀ ਹੀ ਅੰਤਰਿਮ ਜ਼ਮਾਨਤ (Interim Bail) ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਉਕਤ ਅੰਤਰਿਮ ਜ਼ਮਾਨਤ ਅੰਮ੍ਰਿਤਪਾਲ ਸਿੰਘ ਨੂੰ ਦਾਦੀ ਦੇ ਅੰਤਿਮ ਸੰਸਕਾਰ ਅਤੇ ਹੋਰ ਧਾਰਮਿਕ ਰਸਮਾਂ ਵਿਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ ।
ਕਿਸ ਨੇ ਦਾਖਲ ਕੀਤੀ ਸੀ ਅੰਤਰਿਮ ਜ਼ਮਾਨਤ ਦੀ ਮੰਗ ਵਾਲੀ ਅਰਜ਼ੀ
ਪ੍ਰਾਪਤ ਸੂਚਨਾ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਉਸਦੀ ਦਾਦੀ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਮਾਨਯੋਗ ਅਦਾਲਤ ਵਿਚ ਅਪੀਲ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਹੀ ਦਾਇਰ ਕੀਤੀ ਗਈ ਸੀ । ਜਿਸਨੂੰ ਅੱਜ ਅਦਾਲਤ ਨੇ ਮਨਜ਼ੂਰ ਕਰਦਿਆਂ ਸਿਰਫ਼ ਇਕ ਦਿਨ ਲਈ ਪੈਰੋਲ ਦੇੇ ਦਿੱਤੀ ਹੈ ।
ਅੰਮ੍ਰਿਤਪਾਲ ਰਹੇਗਾ ਪੂਰਾ ਦਿਨ ਪੁਲਸ ਹਿਰਾਸਤ ਤੇ ਸੁਰੱਖਿਆ ਬਲਾਂ ਦੀ ਨਿਗਰਾਨੀ ਵਿਚ
ਜ਼ਮਾਨਤ ਦੀਆਂ ਸ਼ਰਤਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਆਸਾਮ ਤੋਂ ਪੰਜਾਬ ਲਿਆਉਣ ਅਤੇ ਵਾਪਸ ਲਿਜਾਣ ਦੀ ਸਾਰੀ ਪ੍ਰਕਿਰਿਆ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ। ਉਹ ਪੂਰਾ ਸਮਾਂ ਪੁਲਿਸ ਹਿਰਾਸਤ ਅਤੇ ਸੁਰੱਖਿਆ ਬਲਾਂ ਦੀ ਸਖ਼ਤ ਨਿਗਰਾਨੀ ਹੇਠ ਰਹਿਣਗੇ । ਸਸਕਾਰ ਵਾਲੀ ਥਾਂ `ਤੇ ਵੀ ਭਾਰੀ ਪੁਲਿਸ ਫੋਰਸ ਤਾਇਨਾਤ ਰਹੇਗੀ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ ।
ਕਿਹੜੇ ਪਿੰਡ ਲਿਆਂਦਾ ਜਾਵੇਗਾ ਡਿਬਰੂਗੜ੍ਹ ਜੇਲ ਤੋਂ
ਉਨ੍ਹਾਂ ਨੂੰ ਕਿਸੇ ਵੀ ਸਿਆਸੀ ਗਤੀਵਿਧੀ ਜਾਂ ਬਿਆਨਬਾਜ਼ੀ ਕਰਨ ਦੀ ਮਨਾਹੀ ਹੋਣ ਦੀ ਸੰਭਾਵਨਾ ਹੈ ਅਤੇ ਜ਼ਮਾਨਤ ਦਾ ਸਮਾਂ ਪੂਰਾ ਹੁੰਦੇ ਹੀ ਉਨ੍ਹਾਂ ਨੂੰ ਮੁੜ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਵੇਗਾ । ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਅਤੇ ਸਮਰਥਕਾਂ ਵਿੱਚ ਸੋਗ ਦੇ ਨਾਲ-ਨਾਲ ਉਨ੍ਹਾਂ ਦੇ ਪੰਜਾਬ ਆਉਣ ਨੂੰ ਲੈ ਕੇ ਚਰਚਾ ਛਿੜ ਗਈ ਹੈ ।









