ਚੰਡੀਗੜ੍ਹ, 28 ਅਕਤੂਬਰ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆ ਨਗਰ ਨਿਗਮ ਲੁਧਿਆਣਾ ਵਿਖੇ ਤਾਇਨਾਤ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrest) ਕੀਤਾ ਹੈ ।
ਕੌਣ ਹੈ ਇਹ ਨਗਰ ਨਿਗਮ ਇੰਸਪੈਕਟਰ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਵਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਆਪਣੀ ਮੁਹਿੰਮ ਦੌਰਾਨ ਜੋ ਨਗਰ ਨਿਗਮ ਜ਼ੋਨ-ਬੀ ਲੁਧਿਆਣਾ ਵਿਖੇ ਤਾਇਨਾਤ ਇੰਸਪੈਕਟਰ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ਦੀ ਪਛਾਣ ਇੰਸਪੈਕਟਰ ਸ਼ੁਭਮ (Inspector Shubham) ਦੇ ਤੌਰ ‘ਤੇ ਹੋਈ ਹੈ ।
ਕੀ ਜਾਣਕਾਰੀ ਦਿੱਤੀ ਵਿਜੀਲੈਂਸ ਦੇ ਬੁਲਾਰੇ ਨੇ
ਉਪਰੋਕਤ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਲੁਧਿਆਣਾ ਦੇ ਅਜੀਤ ਨਗਰ ਦੇ ਵਸਨੀਕ ਵੱਲੋਂ ਦਰਜ ਕਰਵਾਈ ਗਈ ਸਿ਼ਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸਿ਼ਕਾਇਤਕਰਤਾ (Complainant) ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਜੱਦੀ ਜਾਇਦਾਦ ਨੂੰ ਉਸ ਦੇ ਅਤੇ ਉਸ ਦੇ ਭਰਾਵਾਂ ਦੇ ਨਾਮ ਤਬਦੀਲ ਕਰਵਾਉਣ ਲਈ ਉਨ੍ਹਾਂ ਵੱਲੋਂ ਲੋੜੀਂਦੇ ਦਸਤਾਵੇਜ਼ ਨਗਰ ਨਿਗਮ ਜ਼ੋਨ-ਬੀ, ਲੁਧਿਆਣਾ ਵਿਖੇ ਜਮ੍ਹਾਂ ਕਰਵਾਏ ਗਏ ਸਨ, ਜੋ ਸਬੰਧਤ ਇੰਸਪੈਕਟਰ ਸ਼ੁਭਮ, ਨਗਰ ਨਿਗਮ ਜ਼ੋਨ-ਬੀ, ਲੁਧਿਆਣਾ ਨੂੰ ਮਾਰਕ ਕੀਤੇ ਗਏ ਸਨ ।
ਕਿਸ ਕਾਰਨ ਮੰਗੀ ਜਾ ਰਹੀ ਸੀ ਰਿਸ਼ਵਤ
ਸਿ਼ਕਾਇਤਕਰਤਾ ਅਤੇ ਉਸ ਦੇ ਭਰਾਵਾਂ ਦੇ ਨਾਮ ਜੱਦੀ ਜਾਇਦਾਦ ਤਬਦੀਲ ਕਰਨ ਬਦਲੇ ਉਕਤ ਇੰਸਪੈਕਟਰ ਸ਼ੁਭਮ ਉਨ੍ਹਾਂ ਤੋਂ 25 ਹਜ਼ਾਰ ਰੁਪਏ ਰਿਸ਼ਵਤ ਮੰਗ ਰਿਹਾ ਸੀ । ਰਿਸ਼ਵਤ ਦੇਣ ਲਈ ਰਾਜ਼ੀ ਨਾ ਹੋਣ ਕਰਕੇ ਸਿ਼ਕਾਇਤਕਰਤਾ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ ।
ਵਿਜੀਲੈਂਸ ਨੇ ਕਰ ਲਿਆ ਹੈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ
ਉਸ ਦੀ ਸਿ਼ਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਮੁਲਜ਼ਮ ਇੰਸਪੈਕਟਰ ਸ਼ੁਭਮ ਨੂੰ ਸਿ਼ਕਾਇਤਕਰਤਾ ਤੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ । ਇਸ ਸਬੰਧੀ ਮੁਲਜ਼ਮ ਖਿ਼ਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।









