ਚੰਡੀਗੜ੍ਹ, 8 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਸੂਬੇ ਦੇ ਪਹਿਲੇ ਹਾਈਬ੍ਰਿਡ ਸਫਾਈ ਮਾਡਲ ਦੀ ਸ਼ੁਰੂਆਤ ਸ਼ਾਹੀ ਸ਼ਹਿਰ ਪਟਿਆਲਾ ਤੋਂ ਕਰਨ ਦਾ ਐਲਾਨ ਕੀਤਾ ਗਿਆ ਹੈ ।
ਸਥਾਨਕ ਸਰਕਾਰਾਂ ਮੰਤਰੀ ਹਰਜੋਤ ਬੈਂਸ ਨੇ ਕੀਤੀ ਸ਼ੁਰੂਆਤ
ਪੰਜਾਬ ਸਰਕਾਰ ਨੇ ਸ਼ਹਿਰੀ ਸਫ਼ਾਈ ਪ੍ਰਬੰਧ ਵਿੱਚ ਨਵਾਂ ਅਧਿਆਇ ਜੋੜਦਿਆਂ ਪਟਿਆਲਾ ਤੋਂ ਸੂਬੇ ਦੇ ਪਹਿਲੇ ਹਾਈਬ੍ਰਿਡ ਸਫ਼ਾਈ ਮਾਡਲ (Hybrid cleaning model) ਦੀ ਸ਼ੁਰੂਆਤ ਕੀਤੀ ਹੈ। ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮਾਡਲ ਦਾ ਆਗ਼ਾਜ਼ ਕੀਤਾ ਅਤੇ ਸਰਕਾਰ ਨੇ ਪਟਿਆਲਾ ਨੂੰ 30 ਦਿਨਾਂ ਦੇ ਅੰਦਰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣ ਦਾ ਟੀਚਾ ਮਿੱਥਿਆ ਹੈ ।
ਉਨ੍ਹਾਂ ਕਿਹਾ ਕਿ ਨਵਾਂ ਹਾਈਬ੍ਰਿਡ ਸਫ਼ਾਈ ਮਾਡਲ ਮਸ਼ੀਨੀ ਅਤੇ ਮੈਨੂਅਲ ਸਫ਼ਾਈ ਪ੍ਰਣਾਲੀਆਂ ਦਾ ਸੁਮੇਲ ਹੈ । ਇਸ ਤਹਿਤ ਘਾਹ-ਫੂਸ ਅਤੇ ਝਾੜੀਆਂ ਦੀ ਮਸ਼ੀਨੀ ਕਟਾਈ, ਸੁਪਰ-ਸਕਸ਼ਨ ਮਸ਼ੀਨਾਂ ਅਤੇ ਸਕਰੱਬਰਾਂ ਰਾਹੀਂ ਸੜਕਾਂ ਦੀ ਸਫ਼ਾਈ, ਜੈਵਿਕ ਕੂੜੇ-ਕਰਕਟ ਨੂੰ ਹੱਥੀਂ ਇਕੱਠਾ ਕਰਨ ਦਾ ਕੰਮ ਅਤੇ ਸੜਕਾਂ ਦੀ ਧੁਆਈ ਵਰਗੇ ਕੰਮ ਇੱਕ ਨਿਰਧਾਰਿਤ ਹਫ਼ਤਾਵਾਰੀ ਸ਼ਡਿਊਲ ਅਨੁਸਾਰ ਕੀਤੇ ਜਾਣਗੇ ।
ਦੇਸ਼ ਦਾ ਸਭ ਤੋਂ ਪ੍ਰਭਾਵਸ਼ਾਲੀ ਸਫਾਈ ਮਾਡਲ ਮੁੱਖ ਮੰਤਰੀ ਦੀ ਅਗਵਾਈ ਹੇਠ ਕੀਤਾ ਜਾ ਰਿਹੈ ਲਾਗੂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਪੰਜਾਬ ਵਿੱਚ ਦੇਸ਼ ਦਾ ਸਭ ਤੋਂ ਪ੍ਰਭਾਵਸ਼ਾਲੀ ਸਫ਼ਾਈ ਮਾਡਲ ਲਾਗੂ ਕੀਤਾ ਜਾ ਰਿਹਾ ਹੈ । ਇਸ ਚਹੁੰ-ਪੜਾਵੀਂ ਪ੍ਰਣਾਲੀ ਰਾਹੀਂ ਪਹਿਲਾਂ ਝਾੜੀਆਂ ਅਤੇ ਘਾਹ ਦੀ ਕਟਾਈ ਕੀਤੀ ਜਾਵੇਗੀ, ਫਿਰ ਰਹਿੰਦ-ਖੂੰਹਦ ਦੀ ਸਫ਼ਾਈ, ਉਸ ਤੋਂ ਬਾਅਦ ਮਸ਼ੀਨਾਂ ਰਾਹੀਂ ਡੂੰਘੀ ਸਫ਼ਾਈ ਅਤੇ ਅੰਤ ਵਿੱਚ ਸੜਕਾਂ ਦੀ ਧੁਆਈ ਕੀਤੀ ਜਾਵੇਗੀ । ਇਸ ਮੁਹਿੰਮ ਵਿੱਚ ਸਫ਼ਾਈ ਕਰਮਚਾਰੀਆਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ । ਉਨ੍ਹਾਂ ਅਨੁਸਾਰ ਮਸ਼ੀਨਾਂ ਭਾਰੀ ਅਤੇ ਵੱਡੇ ਪੱਧਰ ਦਾ ਕੰਮ ਕਰਨਗੀਆਂ, ਜਦਕਿ ਸਫ਼ਾਈ ਸੇਵਕ ਬਾਰੀਕੀ ਨਾਲ ਸਫ਼ਾਈ ਨੂੰ ਯਕੀਨੀ ਬਣਾਉਣਗੇ । ਇਸ ਨਾਲ ਕਰਮਚਾਰੀਆਂ ਦੀ ਸਖ਼ਤ ਮਿਹਨਤ ਘਟੇਗੀ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ ।
ਪਟਿਆਲਾ ਵਿਚ ਨਜ਼ਰ ਆਵੇਗਾ ਸੜਕਾਂ ਅਤੇ ਜਨਤਕ ਥਾਵਾਂ ‘ਤੇ ਸਫਾਈ ਦਾ ਵੱਡਾ ਬਦਲਾਅ
ਆਉਣ ਵਾਲੇ ਹਫ਼ਤਿਆਂ ਵਿੱਚ ਪਟਿਆਲਾ ਦੀਆਂ ਸੜਕਾਂ ਅਤੇ ਜਨਤਕ ਥਾਵਾਂ ਵਿੱਚ ਸਫ਼ਾਈ ਦਾ ਵੱਡਾ ਬਦਲਾਅ ਨਜ਼ਰ ਆਵੇਗਾ । ਸਰਕਾਰ ਦੀ ਯੋਜਨਾ ਹੈ ਕਿ ਪਟਿਆਲਾ ਵਿੱਚ ਇਸ ਮਾਡਲ ਦੀ ਸਫ਼ਲਤਾ ਤੋਂ ਬਾਅਦ ਇਸਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਤਾਂ ਜੋ ਸੂਬੇ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਰਾਜਾਂ ਵਿੱਚ ਸ਼ਾਮਲ ਕੀਤਾ ਜਾ ਸਕੇ । ਨਵੀਂ ਤਕਨੀਕ, ਮਸ਼ੀਨੀਕਰਨ ਅਤੇ ਸਫ਼ਾਈ ਕਰਮਚਾਰੀਆਂ ਦੀ ਭਾਗੀਦਾਰੀ ਨਾਲ ਸ਼ਹਿਰੀ ਸਫ਼ਾਈ ਪ੍ਰਬੰਧ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਟਿਕਾਊ ਬਣਾਇਆ ਜਾ ਸਕੇਗਾ ।









