ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ 6-5-2025

0
7

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮਨ ਰੇ ਸਰਿਓ ਨ ਏਕੈ ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥ ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥

ਮੰਗਲਵਾਰ, ੨੪ ਵੈਸਾਖ (ਸੰਮਤ ੫੫੭ ਨਾਨਕਸ਼ਾਹੀ)

(ਅੰਗ: ੬੫੪)

ਪੰਜਾਬੀ ਵਿਆਖਿਆ

ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ), ਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ । ਪੰਡਿਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ (ਜਗਤ ਤਿਆਗ ਗਏ) ।੧। ਹੇ ਮਨ! ਤੂੰ ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ, ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ ।੧।ਰਹਾਉ। ਕਈ ਲੋਕਾਂ ਨੇ ਜੰਗਲਾਂ ਵਿਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ-ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ; ਜੋਗੀ, ਕਰਮ-ਕਾਂਡੀ, ‘ਅਲੱਖ’ ਆਖਣ ਵਾਲੇ ਜੋਗੀ, ਮੋਨਧਾਰੀ—ਇਹ ਸਾਰੇ ਜਮ ਦੇ ਲੇਖੇ ਵਿਚ ਹੀ ਲਿਖੇ ਗਏ (ਭਾਵ, ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ) ।੨। ਜਿਸ ਮਨੁੱਖ ਨੇ ਸਰੀਰ ਉੱਤੇ ਤਾਂ (ਧਾਰਮਿਕ ਚਿੰਨ੍ਹ) ਚੱਕਰ ਆਦਿਕ ਲਾ ਲਏ ਹਨ, ਪਰ ਪੇ੍ਰਮਾ-ਭਗਤੀ ਉਸ ਦੇ ਹਿਰਦੇ ਵਿਚ ਪੈਦਾ ਨਹੀਂ ਹੋਈ, ਜੋ ਰਾਗ ਰਾਗਨੀਆਂ ਤਾਂ ਗਾਉਂਦਾ ਹੈ ਪਰ ਨਿਰਾ ਪਖੰਡ-ਮੂਰਤੀ ਹੀ ਬਣ ਬੈਠਾ ਹੈ, ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ ।੩। ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ, ਭਰਮੀ ਗਿਆਨੀ ਭੀ ਉਸੇ ਹੀ ਲੇਖੇ ਵਿਚ ਲਿਖੇ ਗਏ ਹਨ (ਉਹ ਭੀ ਮੌਤ ਦੇ ਸਹਿਮ ਵਿਚ ਹੀ ਹਨ) । ਹੇ ਕਬੀਰ! ਆਖ—ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ ।੪।੩।

LEAVE A REPLY

Please enter your comment!
Please enter your name here