ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ’ਚ ਰਾਜ ਸਭਾ ਦੀਆਂ ਚੋਣਾਂ ਲਈ ਅੱਜ ਤੋਂ ਨਾਮਜ਼ਦਗੀ ਕਾਗਜ਼ ਭਰਨ ਦੀ ਪ੍ਰਕਿਰਿਆ ਆਰੰਭ
ਪੰਜਾਬ ਤੋਂ ਚੁਣੇ ਗਏ ਰਾਜ ਸਭਾ ਦੇ ਪੰਜ ਮੈਂਬਰਾਂ ਦੇ ਅਹੁਦੇ ਦੀ ਮਿਆਦ ਅਪ੍ਰੈਲ, 2022 ਨੂੰ ਖ਼ਤਮ ਹੋਣ ਵਾਲੀ ਹੈ, ਇਸ ਲਈ ਚੋਣ ਕਮਿਸ਼ਨ ਭਾਰਤ (ਈ. ਸੀ. ਆਈ.) ਵਲੋਂ ਪੰਜਾਬ ਤੋਂ ਰਾਜ ਸਭਾ ਦੀਆਂ ਦੋ-ਸਾਲਾ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਤੋਂ ਚੁਣੇ ਗਏ ਸੁਖਦੇਵ ਸਿੰਘ, ਪ੍ਰਤਾਪ ਸਿੰਘ ਬਾਜਵਾ, ਸ਼ਵੇਤ ਮਲਿਕ, ਨਰੇਸ਼ ਗੁਜਰਾਲ ਅਤੇ ਸਮਸ਼ੇਰ ਸਿੰਘ ਦੂਲੋ ਸਮੇਤ ਰਾਜ ਸਭਾ ਮੈਂਬਰਾਂ ਦੇ ਅਹੁਦੇ ਦੀ ਮਿਆਦ 9 ਅਪ੍ਰੈਲ, 2022 ਨੂੰ ਸੇਵਾਮੁਕਤ ਉਪਰੰਤ ਖ਼ਤਮ ਹੋਣੀ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਸ਼ਡਿਊਲ ਅਨੁਸਾਰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ 14 ਮਾਰਚ, 2022 ਤੋਂ ਨਾਮਜ਼ਦਗੀ ਕਾਗਜ਼ ਭਰਨ ਦੀ ਪ੍ਰਕਿਰਿਆ ਆਰੰਭ ਹੋ ਜਾਵੇਗੀ, ਜਦਕਿ ਨਾਮਜ਼ਦਗੀ ਕਾਗਜ਼ ਭਰਨ ਦੀ ਆਖਰੀ ਮਿਤੀ 21 ਮਾਰਚ 2022 ਹੈ। ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ 22 ਮਾਰਚ, 2022 ਮਾਰਚ ਨੂੰ ਕੀਤੀ ਜਾਵੇਗੀ। ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੀ ਆਖਰੀ ਮਿਤੀ 24 ਮਾਰਚ 2022 ਨਿਰਧਾਰਿਤ ਕੀਤੀ ਗਈ ਹੈ। ਵੋਟਾਂ ਪੈਣ ਦਾ ਕੰਮ ਮਿਤੀ 31 ਮਾਰਚ, 2022 ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗਾ, ਜਦਕਿ ਗਿਣਤੀ ਵੀ ਉਸੇ ਦਿਨ ਸ਼ਾਮ 5 ਵਜੇ ਹੋਵੇਗੀ। ਚੋਣਾਂ ਦਾ ਕਾਰਜ 2 ਅਪ੍ਰੈਲ 2022 ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇਗਾ।
ਡਾ. ਰਾਜੂ ਨੇ ਅੱਗੇ ਦੱਸਿਆ ਕਿ ਰਾਜ ਸਭਾ ਚੋਣਾਂ ਲਈ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਕਾਗਜ਼ 14.03.2022 ਤੋਂ 21.03.2022 ਤਕ (ਜਨਤਕ ਛੁੱਟੀ ਤੋਂ ਇਲਾਵਾ) ਕਿਸੇ ਵੀ ਦਿਨ ਦੁਪਹਿਰ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਦੇ ਵਿਚਕਾਰ ਦਾਖਲ ਕੀਤੇ ਜਾ ਸਕਦੇ ਹਨ। 18 ਮਾਰਚ 2022 ਨੂੰ ਹੋਲੀ ਦਾ ਤਿਉਹਾਰ ਅਤੇ 20 ਮਾਰਚ, 2022 ਨੂੰ ਐਤਵਾਰ ਹੋਣ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਦੇ ਤਹਿਤ ਛੁੱਟੀ ਹੋਵੇਗੀ। ਇਸ ਲਈ ਉਸ ਦਿਨ ਨਾਮਜ਼ਦਗੀ ਕਾਗਜ਼ ਰਿਟਰਨਿੰਗ ਅਫ਼ਸਰ ਨੂੰ ਪੇਸ਼ ਨਹੀਂ ਕੀਤੇ ਜਾ ਸਕਦੇ ਹਨ। ਹਾਲਾਂਕਿ 19 ਮਾਰਚ 2022 ਨੂੰ ਸ਼ਨੀਵਾਰ ਦੇ ਦਿਨ ਛੁੱਟੀ ਨਹੀਂ ਹੈ ਅਤੇ ਨਾਮਜ਼ਦਗੀ ਕਾਗਜ਼ ਰਿਟਰਨਿੰਗ ਅਫ਼ਸਰ ਨੂੰ ਪੇਸ਼ ਕੀਤੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਨਾਮਜ਼ਦਗੀ ਕਾਗਜ਼ ਫਾਰਮ 2 ਸੀ ਵਿਚ ਦਾਖਲ ਕੀਤੇ ਜਾਣੇ ਹਨ। ਖਾਲੀ ਫਾਰਮ ਸਕੱਤਰ, ਪੰਜਾਬ ਵਿਧਾਨ ਸਭਾ ਕੋਲ ਉਪਲੱਬਧ ਹਨ। ਟਾਈਪ ਕੀਤੇ ਨਾਮਜ਼ਦਗੀ ਕਾਗਜ਼ ਵੀ ਸਵੀਕਾਰ ਕੀਤੇ ਜਾਣਗੇ ਪਰ ਫਾਰਮ ਨਿਰਧਾਰਤ ਫਾਰਮੈਟ ਵਿਚ ਹੋਣ। ਰਾਜ ਸਭਾ ਦੇ ਮੈਂਬਰਾਂ ਲਈ ਯੋਗਤਾ ਪ੍ਰਾਪਤ ਕਰਨ ਲਈ, ਉਮੀਦਵਾਰ ਨੂੰ ਭਾਰਤ ਵਿਚ ਕਿਸੇ ਵੀ ਸੰਸਦੀ ਹਲਕੇ ਵਿਚ ਇਕ ਵੋਟਰ ਵਜੋਂ ਰਜਿਸਟਰ ਹੋਣਾ ਚਾਹੀਦਾ ਹੈ। ਇਸ ਨੁਕਤੇ ’ਤੇ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਸੰਤੁਸ਼ਟ ਕਰਨ ਲਈ, ਉਮੀਦਵਾਰਾਂ ਨੂੰ ਆਪਣੇ ਵੋਟਰ ਹੋਣ ਦੇ ਸਬੂਤ ਵਜੋਂ ਵੋਟਰ ਸੂਚੀ ਵਿਚ ਐਂਟਰੀ ਦੀ ਇਕ ਪ੍ਰਮਾਣਿਤ ਕਾਪੀ ਪੇਸ਼ ਕਰਨੀ ਹੋਵੇਗੀ। ਉਮੀਦਵਾਰ ਲਈ ਸਬੰਧਤ ਰਿਟਰਨਿੰਗ ਅਫ਼ਸਰ ਜਾਂ ਭਾਰਤ ਦੇ ਚੋਣ ਕਮਿਸ਼ਨ ਵਲੋਂ ਅਧਿਕਾਰਤ ਕਿਸੇ ਹੋਰ ਵਿਅਕਤੀ ਦੇ ਸਾਹਮਣੇ ਨਿਰਧਾਰਤ ਫਾਰਮ ਵਿਚ ਸਹੁੰ ਜਾਂ ਪੁਸ਼ਟੀ ਕਰਨਾ ਜ਼ਰੂਰੀ ਹੋਵੇਗਾ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੈਨੇਡਾ ‘ਚ 5 ਭਾਰਤੀਆਂ ਦੀ ਮੌਤ ‘ਤੇ ਦੁੱਖ ਕੀਤਾ ਪ੍ਰਗਟ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਕੈਨੇਡਾ ‘ਚ ਇਕ ਸੜਕ ਹਾਦਸੇ ‘ਚ 5 ਭਾਰਤੀਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਅਨੁਸਾਰ ਹਾਦਸਾ ਸ਼ਨੀਵਾਰ ਨੂੰ ਟੋਰਾਂਟੋ ਕੋਲ ਵਾਪਰਿਆ ਅਤੇ 2 ਜ਼ਖ਼ਮੀ ਵਿਦਿਆਰਥੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵੀਟ ਕੀਤਾ,”ਕੈਨੇਡਾ ‘ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ‘ਤੇ ਡੂੰਘਾ ਸੋਗ ਜ਼ਾਹਰ ਕਰਦਾ ਹਾਂ। ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ‘ਤੇ ਜ਼ਖ਼ਮੀਆਂ ਦੇ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। @IndiainToronto ਸਾਰੀ ਜ਼ਰੂਰੀ ਮਦਦ ਪ੍ਰਦਾਨ ਕਰੇਗਾ।”

ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਕਿਹਾ ਕਿ ਟੋਰਾਂਟੋ ‘ਚ ਭਾਰਤੀ ਮਿਸ਼ਨ ਜ਼ਰੂਰੀ ਮਦਦ ਲਈ ਪੀੜਤਾਂ ਦੇ ਦੋਸਤਾਂ ਦੇ ਸੰਪਰਕ ‘ਚ ਹੈ। ਉਨ੍ਹਾਂ ਨੇ ਟਵੀਟ ਕੀਤਾ,”ਕੈਨੇਡਾ ‘ਚ ਦਿਲ ਦਹਿਲਾ ਦੇਣ ਵਾਲੀ ਤ੍ਰਾਸਦੀ ਸ਼ਨੀਵਾਰ ਨੂੰ ਟੋਰਾਂਟੋ ਕੋਲ ਇਕ ਆਟੋ ਹਾਦਸੇ ‘ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। 2 ਹੋਰ ਹਸਪਤਾਲ ‘ਚ ਹਨ। ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ, @IndiainToronto ਟੀਮ ਮਦਦ ਲਈ ਪੀੜਤਾਂ ਦੇ ਦੋਸਤਾਂ ਦੇ ਸੰਪਰਕ ‘ਚ ਹੈ।”
ਕੇਂਦਰ ਸਰਕਾਰ ਨੇ ਸਿੱਖਾਂ ਲਈ ਘਰੇਲੂ ਉਡਾਣਾਂ ‘ਚ ਕਿਰਪਾਨ ‘ਤੇ ਲੱਗੀ ਪਾਬੰਦੀ ਹਟਾਈ
ਕੇਂਦਰ ਸਰਕਾਰ ਨੇ ਸਿੱਖਾਂ ਲਈ ਇੱਕ ਅਹਿਮ ਫੈਸਲਾ ਲਿਆ ਹੈ। ਘਰੇਲੂ ਉਡਾਣਾਂ ‘ਚ ਕਿਰਪਾਨ ਪਹਿਨ ਕੇ ਜਾਣ ‘ਤੇ ਲੱਗੀ ਪਾਬੰਦੀ ਹਟਾਈ ਗਈ ਹੈ। ਜਾਰੀ ਹੋਏ ਨੋਟੀਫਿਕੇਸ਼ਨ ‘ਚ ਹੁਣ ਸਿੱਖ ਸੰਗਤਾਂ ਨੂੰ 9 ਇੰਚ ਤੱਕ ਦੀ ਕਿਰਪਾਨ ਨਾਲ ਹਵਾਈ ਯਾਤਰਾ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਹੁਣ ਕਿਸੇ ਵੀ ਸਿੱਖ ਕਰਮਚਾਰੀ ਨੂੰ ਜੋ ਡੋਮੈਸਟਿਕ ਏਅਰਪੋਰਟ ‘ਤੇ ਕੰਮ ਕਰਦਾ ਹੈ ਕਕਾਰ ਰੱਖਣ ‘ਤੇ ਮਨਾਹੀ ਨਹੀਂ ਹੋਵੇਗੀ।

ਏ. ਵੇਣੂ ਪ੍ਰਸਾਦ ਨੇ ਭਗਵੰਤ ਮਾਨ ਦੇ ਵਧੀਕ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ
ਆਈ. ਏ. ਐੱਸ. ਏ. ਵੇਣੂ ਪ੍ਰਸਾਦ ਵੱਲੋਂ ਸੋਮਵਾਰ ਨੂੰ ਮੁੱਖ ਮੰਤਰੀ ਦੇ ਅਹੁਦੇਦਾਰ ਭਗਵੰਤ ਮਾਨ ਦੇ ਵਧੀਕ ਮੁੱਖ ਸਕੱਤਰ ਵੱਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਏ. ਵੇਣੂ ਪ੍ਰਸਾਦ ਸਾਲ 1991 ਬੈਚ ਦੇ ਆਈ. ਏ. ਅਫ਼ਸਰ ਹਨ। ਏ. ਵੇਣੂ ਪ੍ਰਸਾਦ ਹੁਸਨ ਲਾਲ ਦੀ ਥਾਂ ਲੈਣਗੇ।
ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ
ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੈ। ਜਿਸ ‘ਚ ਵਿਰੋਧੀ ਧਿਰ ਵਧਦੀ ਬੇਰੁਜ਼ਗਾਰੀ, ਕਰਮਚਾਰੀ ਭਵਿੱਖ ਨਿਧੀ ‘ਤੇ ਵਿਆਜ ਦਰਾਂ ‘ਚ ਕਟੌਤੀ ਅਤੇ ਯੂਕਰੇਨ ਜੰਗ ‘ਚ ਫਸੇ ਭਾਰਤੀਆਂ ਨੂੰ ਕੱਢਣ ਸਮੇਤ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਸਕਦੀ ਹੈ।
ਬਜਟ ਪ੍ਰਸਤਾਵਾਂ ਲਈ ਸੰਸਦ ਦੀ ਮਨਜ਼ੂਰੀ ਦੀ ਮੰਗ ਕਰਨਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਲਈ ਬਜਟ ਪੇਸ਼ ਕਰਨਾ ਸਰਕਾਰ ਦੇ ਏਜੰਡੇ ਦੇ ਸਿਖਰ ‘ਤੇ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੰਮੂ-ਕਸ਼ਮੀਰ ਲਈ ਬਜਟ ਪੇਸ਼ ਕਰੇਗੀ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਸਦਨ ਵਿੱਚ ਕਾਰਵਾਈ ਦੌਰਾਨ ਇਸ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਲੋਕ ਸਭਾ ਵਿੱਚ ਵਿਚਾਰ ਕਰਨ ਅਤੇ ਪਾਸ ਕਰਨ ਲਈ ਸੰਵਿਧਾਨ (ਅਨੁਸੂਚਿਤ ਜਨਜਾਤੀ) ਆਰਡਰ (ਸੋਧ) ਬਿੱਲ ਨੂੰ ਵੀ ਸੂਚੀਬੱਧ ਕੀਤਾ ਹੈ।
29 ਜਨਵਰੀ ਤੋਂ 11 ਫਰਵਰੀ ਤੱਕ ਬਜਟ ਸੈਸ਼ਨ ਦੇ ਪਹਿਲੇ ਪੜਾਅ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੋ ਵੱਖ-ਵੱਖ ਸ਼ਿਫਟਾਂ ਵਿੱਚ ਚਲਾਈ ਗਈ। ਹਾਲਾਂਕਿ ਇਸ ਵਾਰ ਕੋਵਿਡ -19 ਨਾਲ ਸਬੰਧਤ ਸਥਿਤੀ ਵਿੱਚ ਸੁਧਾਰ ਦੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸਵੇਰੇ 11 ਵਜੇ ਤੋਂ ਇਕਸਾਰ ਚੱਲੇਗੀ।
ਸੋਨੀਆ ਗਾਂਧੀ ਨੇ ਅਸਤੀਫ਼ੇ ਦੀ ਕੀਤੀ ਪੇਸ਼ਕਸ਼, CWC ਨੇ ਠੁਕਰਾਇਆ
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ(Sonia Gandhi) ਨੇ ਐਤਵਾਰ ਨੂੰ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਪਾਰਟੀ ਦੀ ਵਰਕਿੰਗ ਕਮੇਟੀ (CWC) ਦੀ ਮੀਟਿੰਗ ਨੇ ਇਸ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਸੀ। ਇਹ ਮੀਟਿੰਗ ਫਰਵਰੀ-ਮਾਰਚ ‘ਚ ਚੋਣਾਂ ‘ਚ ਪੰਜ ਰਾਜਾਂ ਵਿੱਚ ਹੋਈ ਹਾਰ ਬਾਰੇ ਚਰਚਾ ਕਰਨ ਲਈ ਬੁਲਾਈ ਗਈ ਸੀ।
ਮੀਟਿੰਗ ਵਿੱਚ ਹਲਕਾ ਇੰਚਾਰਜਾਂ ਅਤੇ ਅਬਜ਼ਰਵਰਾਂ ਨੇ ਪੰਜ ਰਾਜਾਂ ਵਿੱਚ ਹੋਈ ਹਾਰ ਬਾਰੇ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਵਿੱਚ ਹਾਰ ਦੇ ਕਾਰਨਾਂ, ਖਾਮੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਦਿਗਵਿਜੇ ਸਿੰਘ ਨੇ ਇਸ ਗੱਲ ‘ਤੇ ਗੱਲਬਾਤ ਕੀਤੀ ਕਿ ਕਿਵੇਂ ਹਾਰ ‘ਤੇ ਕਾਬੂ ਪਾਇਆ ਜਾਵੇ ਅਤੇ ਲੋਕਾਂ ਤੱਕ ਆਪਣੀ ਗੱਲ ਕਿਵੇਂ ਪਹੁੰਚਾਈ ਜਾਵੇ।
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜੇਕਰ ਪਾਰਟੀ ਮਹਿਸੂਸ ਕਰਦੀ ਹੈ ਕਿ ਅਸੀਂ ਤਿੰਨੋਂ (ਖੁਦ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ) ਅਸਤੀਫਾ ਦੇਣ ਲਈ ਤਿਆਰ ਹਾਂ, ਪਰ ਸੀਡਬਲਯੂਸੀ(CWC) ਨੇ ਸਰਬਸੰਮਤੀ ਨਾਲ ਇਸ ਨੂੰ ਰੱਦ ਕਰ ਦਿੱਤਾ।”
ਪਾਰਟੀ ਦੀ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸੋਨੀਆ ਗਾਂਧੀ ਸਾਡੀ ਅਗਵਾਈ ਕਰਨਗੇ ਤੇ ਭਵਿੱਖ ਦੇ ਕਦਮ ਚੁੱਕਣਗੇ। “ਸਾਨੂੰ ਸਭ ਨੂੰ ਉਨ੍ਹਾਂ ਦੀ ਅਗਵਾਈ ਵਿੱਚ ਵਿਸ਼ਵਾਸ ਹੈ।”
ਪਾਰਟੀ ਨੇ ਕਿਹਾ ਕਿ ਕਾਂਗਰਸ ਨੇ ਕਿਹਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਸਮੇਤ ਆਉਣ ਵਾਲੀਆਂ ਚੋਣਾਂ ਵਿੱਚ ਚੋਣ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਰਹੇਗੀ। ਪਾਰਟੀ ਨੇ ਕਿਹਾ, “ਸੀਡਬਲਯੂਸੀ ਨੇ ਸਰਬਸੰਮਤੀ ਨਾਲ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਨੂੰ ਅੱਗੇ ਤੋਂ ਅਗਵਾਈ ਕਰਨ ਦੀ ਬੇਨਤੀ ਕੀਤੀ।”
ਸੀਡਬਲਯੂਸੀ ਦੀ ਚਾਰ ਘੰਟੇ ਤੋਂ ਵੱਧ ਦੀ ਬੈਠਕ ਤੋਂ ਬਾਅਦ, ਏਆਈਸੀਸੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੰਗਠਨ ਨੂੰ ਸੁਧਾਰਨ ਅਤੇ ਮੁੜ ਮਜ਼ਬੂਤ ਕਰਨ ਲਈ ਤੁਰੰਤ ਸੁਧਾਰਾਤਮਕ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸੰਸਦ ਦੇ ਬਜਟ ਸੈਸ਼ਨ ਤੋਂ ਤੁਰੰਤ ਬਾਅਦ ਚਿੰਤਨ ਸ਼ਿਵਿਰ ਆਯੋਜਿਤ ਕਰੇਗੀ ਅਤੇ ਇਸ ਤੋਂ ਪਹਿਲਾਂ ਸੀਡਬਲਯੂਸੀ ਦੀ ਦੁਬਾਰਾ ਬੈਠਕ ਹੋਵੇਗੀ।
ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਕਿਹਾ, “CWC ਦਾ ਹਰ ਇੱਕ ਮੈਂਬਰ ਚਾਹੁੰਦਾ ਹੈ ਕਿ ਸੋਨੀਆ ਗਾਂਧੀ ਸੰਗਠਨਾਤਮਕ ਚੋਣਾਂ ਹੋਣ ਤੱਕ ਪਾਰਟੀ ਦਾ ਮਾਰਗਦਰਸ਼ਨ ਕਰੇ।”












