Home Blog Page 2140

ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਬਾਰੇ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਸਿੱਖ ਸੰਗਤਾਂ- ਕੁਲਵਿੰਦਰ ਸਿੰਘ ਰਮਦਾਸ

0

ਪੰਜਾਬ ਵਿਚ ਚੋਣਾਂ ਜਿੱਤਣ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਸ. ਭਗਵੰਤ ਸਿੰਘ ਮਾਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਨਾ ਦੇਣ ਦੇ ਫੈਲਾਏ ਜਾ ਰਹੇ ਭਰਮ ਬਾਰੇ ਸਪੱਸ਼ਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਅਜਿਹਾ ਕੂੜ ਪ੍ਰਚਾਰ ਸਿੱਖ ਸੰਸਥਾ ਨੂੰ ਬਦਨਾਮ ਕਰਨ ਵਾਲਾ ਹੈ।

ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸ. ਭਗਵੰਤ ਸਿੰਘ ਮਾਨ ਨੂੰ ਪ੍ਰਸ਼ਾਦ ਵਜੋਂ ਫੁੱਲਾਂ ਦਾ ਸਿਹਰਾ ਦੇ ਕੇ ਸਨਮਾਨ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਮਾਡਲ ਨਾਲ ਵੀ ਸਨਮਾਨਿਆ ਗਿਆ ਸੀ।

ਸ. ਰਮਦਾਸ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦਾ ਅਧਿਆਤਮਿਕ ਕੇਂਦਰ ਹੈ ਅਤੇ ਇਥੇ ਰੋਜ਼ਾਨਾ ਲੱਖਾਂ ਸੰਗਤਾਂ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ, ਪਰ ਕੁਝ ਲੋਕ ਜਾਣਬੁਝ ਕੇ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਲਈ ਕੋਝੇ ਯਤਨ ਕਰਦੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕਾਂ ਤੋਂ ਦੂਰ ਰਹਿਣ ਅਤੇ ਬੇਤੁਕੇ ਬਿਆਨਾਂ ਤੋਂ ਗੁਰੇਜ ਕਰਨ।

 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੀਨਾਕਾਰੀ ਅਤੇ ਸੋਨੇ ਦੇ ਪੱਤਰਿਆਂ ਦੀ ਮੁਰੰਮਤ ਦੀ ਸੇਵਾ ਆਰੰਭ

0

ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ਅੱਜ ਸੋਨੇ ਦੇ ਪੱਤਰਿਆਂ ਅਤੇ ਮੀਨਾਕਾਰੀ ਦੀ ਸੇਵਾ ਆਰੰਭ ਕੀਤੀ ਗਈ। ਸੇਵਾ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਰਵਣ ਕਰਵਾਇਆ। ਸੇਵਾ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਸਮੇਤ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਬਾਬਾ ਸੁੱਚਾ ਸਿੰਘ ਕਿਲ੍ਹਾ ਅਨੰਦਗੜ੍ਹ, ਬਾਬਾ ਸਤਨਾਮ ਸਿੰਘ ਸਮੇਤ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਮੌਜੂਦ ਸਨ।

ਇਸੇ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਤਿਗੁਰੂ ਦੀ ਰਹਿਮਤ ਨਾਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਮੀਨਾਕਾਰੀ ਤੇ ਸੋਨੇ ਦੇ ਪੱਤਰਿਆਂ ਦੀ ਸੇਵਾ ਆਰੰਭ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੌਂਪੀ ਗਈ ਹੈ, ਇਹ ਸੇਵਾ ਮਾਹਿਰਾਂ ਦੀ ਨਿਗਰਾਨੀ ਵਿਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੋਨੇ ਦੇ ਪੱਤਰਿਆਂ ਦੀ ਚਮਕ ਖਰਾਬ ਹੋ ਰਹੀ ਸੀ, ਜਿਸ ਨੂੰ ਲੈ ਕੇ ਮਾਹਿਰਾਂ ਦੀ ਰਾਇ ਅਨਸੁਾਰ ਇਸ ਸੇਵਾ ਸ਼ੁਰੂ ਕੀਤੀ ਗਈ ਹੈ। ਸੇਵਾ ਦੌਰਾਨ ਮੁਰੰਮਤ ਲਈ ਪੁਰਾਤਨ ਰਵਾਇਤ ਅਨੁਸਾਰ ਕਾਰਜ ਕੀਤੇ ਜਾਣਗੇ ਅਤੇ ਖਰਾਬ ਹੋਏ ਪੱਤਰਿਆਂ ਨੂੰ ਬਦਲਿਆ ਜਾਵੇਗਾ।

ਐਡਵੋਕੇਟ ਧਾਮੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਿਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਅਤੇ ਸਮੁੱਚੇ ਜਥੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਤਿਗੁਰੂ ਨੇ ਇਨ੍ਹਾਂ ਪਾਸੋਂ ਪਹਿਲਾਂ ਵੀ ਵੱਡੀਆਂ ਸੇਵਾਵਾਂ ਲਈਆਂ ਹਨ। ਇਸ ਮੌਕੇ ਭਾਈ ਮਹਿੰਦਰ ਸਿੰਘ ਨੇ ਕਿਹਾ ਕਿ ਸਤਿਗੁਰੂ ਦੀ ਮਿਹਰ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਦਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸੇਵਾ ਦੀ ਨਿਗਰਾਨੀ ਲਈ ਡਾ. ਭੁਪਿੰਦਰ ਸਿੰਘ ਪ੍ਰੋਫੈਸਰ ਆਈ.ਆਈ.ਟੀ. ਰੁੜਕੀ, ਇੰਜੀ: ਡਾ. ਕਾਇਜ਼ਾਕ ਬੜੌਦਾ ਅਤੇ ਸ੍ਰੀ ਪੰਕਜ ਦੱਤਾ ਆਦਿ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਿਰਮਿੰਘਮ ਦੇ ਨੁਮਾਇੰਦਿਆਂ ਨੂੰ ਗੁਰੂ ਬਖ਼ਸ਼ਿਸ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਗੁਰਨਾਮ ਸਿੰਘ ਜੱਸਲ, ਸ. ਸੁਖਵਰਸ਼ ਸਿੰਘ ਪੰਨੂ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸੁਲੱਖਣ ਸਿੰਘ ਭੰਗਾਲੀ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਸੁਖਬੀਰ ਸਿੰਘ, ਸ. ਨਿਰਵੈਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਕਥਾਵਾਚਕ ਸ. ਗੁਰਬਖ਼ਸ਼ ਸਿੰਘ ਗੁਲਸ਼ਨ, ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵੱਲੋਂ ਬਾਬਾ ਅਵਤਾਰ ਸਿੰਘ, ਸਾਬਕਾ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਭਾਈ ਸੁਰਿੰਦਰ ਸਿੰਘ, ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ਭਾਈ ਜਸਵਿੰਦਰ ਸਿੰਘ, ਭਾਈ ਸੁਖਦੇਵ ਸਿੰਘ ਭੋਗਲ, ਭਾਈ ਇਕਬਾਲ ਸਿੰਘ, ਭਾਈ ਪਾਲ ਸਿੰਘ ਕੀਨੀਆ, ਭਾਈ ਭਜਨ ਸਿੰਘ, ਡਾ. ਭੁਪਿੰਦਰ ਸਿੰਘ ਆਈ.ਆਈ.ਟੀ. ਰੁੜਕੀ, ਇੰਜੀ: ਡਾ. ਕਾਇਜ਼ਾਕ ਬੜੌਦਾ, ਸ੍ਰੀ ਪੰਕਜ ਦੱਤਾ ਆਦਿ ਮੌਜੂਦ ਸਨ।

ਉੱਤਰਾਖੰਡ ‘ਚ ਹਾਰ ਹੋਣ ‘ਤੇ ਹਰੀਸ਼ ਰਾਵਤ ਆਪਣੇ ‘ਤੇ ਲੱਗੇ ਦੋਸ਼ਾਂ ਲਈ ਬੋਲੇ, ਮੈਨੂੰ ਵੀ ਹੋਲਿਕਾ ਦਹਨ ’ਚ ‘ਸਾੜ’ ਦੇਵੇ ਕਾਂਗਰਸ

0

ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਉੱਤਰਾਖੰਡ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਕਿਹਾ ਕਿ ਪਾਰਟੀ ਦੀ ਟਿਕਟ ਵੇਚਣ ਦਾ ਦੋਸ਼ ਬਹੁਤ ਹੀ ਗੰਭੀਰ ਹੈ। ਜੇਕਰ ਉਹ ਦੋਸ਼ ਇਕ ਅਜਿਹੇ ਵਿਅਕਤੀ ’ਤੇ ਲਾਇਆ ਜਾ ਰਿਹਾ ਹੋਵੇ, ਜੋ ਮੁੱਖ ਮੰਤਰੀ ਰਿਹਾ ਹੈ, ਜੋ ਪਾਰਟੀ ਦਾ ਪ੍ਰਦੇਸ਼ ਪ੍ਰਧਾਨ ਰਿਹਾ ਹੈ, ਜੋ ਪਾਰਟੀ ਦਾ ਜਨਰਲ ਸਕੱਤਰ ਰਿਹਾ ਹੈ ਅਤੇ ਕਾਂਗਰਸ ਕਾਰਜ ਕਮੇਟੀ ਦਾ ਮੈਂਬਰ ਹੈ, ਤਾਂ ਮੈਂ ਭਗਵਾਨ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਕਾਂਗਰਸ ਪਾਰਟੀ ਮੇਰੇ ਉੱਪਰ ਲੱਗੇ ਇਸ ਦੋਸ਼ ’ਚ ਮੈਨੂੰ ਪਾਰਟੀ ’ਚੋਂ ਕੱਢ ਦੇਵੇ।

ਹਰੀਸ਼ ਰਾਵਤ ਨੇ ਅੱਗੇ ਕਿਹਾ ਕਿ ਦੋਸ਼ ਲਾਉਣ ਵਾਲਾ ਵਿਅਕਤੀ ਵੀ ਗੰਭੀਰ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਹੋਵੇ ਤਾਂ ਹੋਲਿਕਾ ਦਹਨ ਇਕ ਉੱਚਿਤ ਉਤਸਵ ਹੈ। ਹਰੀਸ਼ ਰਾਵਤ ਰੂਪੀ ਬੁਰਾਈ ਦਾ ਵੀ ਇਸ ਹੋਲਿਕਾ ’ਚ ਕਾਂਗਰਸ ਨੂੰ ‘ਦਹਨ’ ਕਰ ਦੇਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਉੱਤਰਾਖੰਡ ’ਚ ਚੁਣਾਵੀ ਹਾਰ ਤੋਂ ਬਾਅਦ ਰੰਜੀਤ ਰਾਵਤ ਨੇ ਹਰੀਸ਼ ਰਾਵਤ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰੰਜੀਤ ਨੇ ਹਰੀਸ਼ ’ਤੇ ਵੱਡਾ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਹਰੀਸ਼ ਰਾਵਤ ਨੇ ਪੈਸੇ ਲੈ ਕੇ ਟਿਕਟਾਂ ਵੰਡੀਆਂ। ਰੰਜੀਤ ਨੇ ਕਿਹਾ ਕਿ ਟਿਕਟ ਨਾ ਮਿਲਣ ’ਤੇ ਲੋਕ ਹੁਣ ਹਰੀਸ਼ ਨੂੰ ਲੱਭ ਰਹੇ ਹਨ, ਕੁਝ ਲੋਕਾਂ ਦੇ ਪੈਸੇ ਹਰੀਸ਼ ਰਾਵਤ ਦੇ ਮੈਨੇਜਰ ਨੇ ਵਾਪਸ ਕਰ ਦਿੱਤੇ ਪਰ ਕੁਝ ਅਜੇ ਵੀ ਪੈਸੇ ਮੰਗਦੇ ਹੋਏ ਨਜ਼ਰ ਆ ਰਹੇ ਹਨ। ਰੰਜੀਤ ਰਾਵਤ ਨੇ ਹਰੀਸ਼ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਨਵੇਂ ਨੇਤਾਵਾਂ ਨੂੰ ਹਰੀਸ਼ ਰਾਵਤ ਇੰਝ ਅਫੀਮ ਚਟਾ ਦਿੰਦੇ ਹਨ ਕਿ ਉਹ ਮੋਹ ਤੋਂ ਬਾਹਰ ਹੀ ਨਹੀਂ ਨਿਕਲ ਪਾਉਂਦੇ।

ਪੰਜਾਬ ਸਰਕਾਰ ਨੇ ਸੂਬੇ ‘ਚੋਂ ਸਾਰੀਆਂ ਕੋਵਿਡ ਪਾਬੰਦੀਆਂ ਹਟਾਈਆਂ

0

ਪੰਜਾਬ ‘ਚ ਕੋਰੋਨਾ ਦਾ ਕਹਿਰ ਘੱਟ ਹੋ ਗਿਆ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਵੱਲੋਂ ਸੂਬੇ ‘ਚ ਕੋਰੋਨਾ ਮਹਾਂਮਾਰੀ ਕਾਰਨ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਅੱਜ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਕੋਰੋਨਾ ਦੇ ਮੱਦੇਨਜ਼ਰ ਲਾਈਆਂ ਗਈਆਂ ਪਾਬੰਦੀਆਂ ਨੂੰ ਪੂਰਨ ਤੌਰ ‘ਤੇ ਹਟਾ ਦਿੱਤਾ ਜਾਵੇ। ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਸਕ ਪਾ ਕੇ ਰੱਖਣ ਅਤੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣ ਤਾਂ ਜੋ ਇਹ ਮਹਾਂਮਾਰੀ ਦੁਬਾਰਾ ਨਾ ਫੈਲ ਸਕੇ।

ਇਸ ਮਹਾਂਮਾਰੀ ਨੂੰ ਪੁੂਰੀ ਤਰ੍ਹਾਂ ਖਤਮ ਹੋਇਆ ਨਹੀਂ ਮੰਨਿਆ ਜਾ ਸਕਦਾ ਪਰ ਇਸ ਦੀ ਕਮਜ਼ੋਰ ਹੋਈ ਸਥਿਤੀ ਦੇ ਮੱਦੇਨਜ਼ਰ ਇਸ ਸਬੰਧੀ ਪਹਿਲਾਂ ਜਾਰੀ ਕੀਤੀਆਂ ਹਦਾਇਤਾਂ ਨੂੰ ਤੁਰੰਤ ਪ੍ਰਭਾਵ ਅਧੀਨ ਹਟਾਇਆ ਜਾਂਦਾ ਹੈ।

ਭਗਵੰਤ ਮਾਨ ਦੇ ਖ਼ਟਕੜ ਕਲਾਂ ‘ਚ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਪੁਲਿਸ ਵੱਲੋਂ ‘ਰੂਟ ਪਲੈਨ’ ਜਾਰੀ

0

ਕੱਲ੍ਹ 16 ਮਾਰਚ ਨੂੰ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਸਹੁੰ ਚੁੱਕਣਗੇ। ਇਸ ਲਈ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਖਟਕੜ ਕਲਾਂ ਵਿਖੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਰੋਹ ਦੇ ਮੱਦੇਨਜ਼ਰ ਆਮ ਲੋਕਾਂ ਦੀ ਸਹੂਲਤ ਅਤੇ ਸਮਾਰੋਹ ਵਿੱਚ ਪੁੱਜਣ ਵਾਲਿਆਂ ਲਈ ਰੂਟ ਪਲਾਨ ਜਾਰੀ ਕੀਤਾ ਹੈ।

ਇਸ ਪਲਾਨ ਅਨੁਸਾਰ 16 ਮਾਰਚ ਨੂੰ ਜ਼ਿਲ੍ਹਾ ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਮੋਗਾ, ਮੁਕਤਸਰ ਅਤੇ ਫਰੀਦਕੋਟ ਦੇ ਲੋਕ ਲੁਧਿਆਣਾ ਤੋਂ ਵਾਇਆ ਫਗਵਾੜਾ ਹੁੰਦੇ ਹੋਏ ਬੰਗਾ ਵਾਇਆ ਖਟਕੜ ਕਲਾਂ ਜਾਂ ਨਕੋਦਰ ਤੋਂ ਫਗਵਾੜਾ ਹੁੰਦੇ ਹੋਏ ਬੰਗਾ ਤੋਂ ਖਟਕੜ ਕਲਾਂ ਆ ਸਕਦੇ ਹਨ। ਉੱਥੇ ਹੀ ਜਲੰਧਰ, ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ ਤੋਂ ਆਉਣ ਲਈ ਰੂਟ ਫਗਵਾੜਾ ਬਾਈਪਾਸ ਤੋਂ ਬੰਗਾ ਤੋਂ ਖਟਕੜ ਕਲਾਂ ਹੋਵੇਗਾ।

ਜਾਣਕਾਰੀ ਅਨੁਸਾਰ ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਬਟਾਲਾ ਲਈ ਰੂਟ ਦਾ ਪ੍ਰਬੰਧ ਹੁਸ਼ਿਆਰਪੁਰ ਤੋਂ ਗੜਸ਼ੰਕਰ ਤੋਂ ਮੈਹਿੰਦੀਪੁਰ ਬਾਈਪਾਸ ਤੋਂ ਹੁੰਦੇ ਹੋਏ ਖਟਕੜ ਕਲਾਂ ਵਿਖੇ ਆਉਣ ਲਈ ਇਸ ਰੂਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੰਗਰੂਰ, ਮਾਨਸਾ, ਬਰਨਾਲਾ ਤੋਂ ਆਉਣ ਵਾਲੇ ਵਿਅਕਤੀਆਂ ਵੱਲੋਂ ਲੁਧਿਆਣਾ ਤੋਂ ਫਿਲੌਰ ਤੋਂ ਨਗਰ ਤੋਂ ਅੱਪਰਾ ਤੋਂ ਮੁਕੰਦਪੁਰ ਤੋਂ ਬੰਗਾ ਜਾਂ ਚੱਕਦਾਨਾ ਤੋਂ ਮੁਕੰਦਪੁਰ ਤੋਂ ਬੰਗਾ ਤੋਂ ਹੁੰਦੇ ਹੋਏ ਖਟਕੜ ਕਲਾਂ ਆਇਆ ਜਾ ਸਕਦਾ ਹੈ। ਐੱਸ. ਏ. ਐੱਸ. ਨਗਰ (ਮੋਹਾਲੀ), ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਬਲਾਚੌਰ ਤੋਂ ਹੁੰਦੇ ਹੋਏ ਲੰਗੜੋਆ ਬਾਈਪਾਸ ਤੋਂ ਖਟਕੜ ਕਲਾਂ।

ਇਸ ਤੋਂ ਇਲਾਵਾ ਜੋ ਵੀ ਆਮ ਪਬਲਿਕ ਵੱਲੋਂ ਜਲੰਧਰ ਤੋਂ ਚੰਡੀਗੜ੍ਹ ਨੂੰ ਜਾਣਾ ਹੈ, ਉਹ ਵਾਇਆ ਹੁਸ਼ਿਆਰਪੁਰ ਤੋਂ ਬਲਾਚੌਰ ਵਾਇਆ ਰੂਪਨਗਰ ਹੁੰਦੇ ਹੋਏ ਚੰਡੀਗੜ੍ਹ ਜਾ ਸਕਦੇ ਹਨ ਜਾਂ ਫਿਰ ਜਲੰਧਰ ਤੋਂ ਫਗਵਾੜਾ ਹੁੰਦੇ ਹੋਏ ਲੁਧਿਆਣਾ ਤੋਂ ਚੰਡੀਗੜ੍ਹ ਜਾ ਸਕਦੇ ਹਨ। ਜੋ ਵੀ ਆਮ ਪਬਲਿਕ ਵੱਲੋ ਚੰਡੀਗੜ੍ਹ ਤੋਂ ਜਲੰਧਰ ਨੂੰ ਜਾਣਾ ਹੈ, ਉਹ ਵਾਇਆ ਚੰਡੀਗੜ੍ਹ ਤੋਂ ਲੁਧਿਆਣਾ ਤੋਂ ਫਗਵਾੜਾ ਤੋਂ ਜਲੰਧਰ ਹੁੰਦੇ ਹੋਏ ਅੰਮ੍ਰਿਤਸਰ ਜਾ ਸਕਦੇ ਹਨ ਜਾਂ ਫਿਰ ਚੰਡੀਗੜ੍ਹ ਤੋਂ ਮੋਹਾਲੀ ਤੋਂ ਬਲਾਚੌਰ ਤੋਂ ਗੜ੍ਹਸ਼ੰਕਰ ਹੁੰਦੇ ਹੋਏ ਵਾਇਆ ਹੁਸ਼ਿਆਰਪੁਰ ਤੋਂ ਜਲੰਧਰ/ਅੰਮ੍ਰਿਤਸਰ ਜਾ ਸਕਦੇ ਹਨ।

ਹੋਲਾ ਮਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਰੂਟ ਜਲੰਧਰ ਤੋਂ ਫਗਵਾੜਾ, ਮੇਹਟੀਆਣਾ, ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਹੀ ਜਾਣਗੇ। ਇਸੇ ਤਰ੍ਹਾਂ ਫਿਲੌਰ ਤੋਂ ਰਾਹੋਂ, ਮੱਤੇਵਾੜਾ ਤੋਂ ਰਾਹੋਂ ਮਾਛੀਵਾੜਾ ਤੋਂ ਵਾਇਆ ਜਾਡਲਾ ਤੋਂ ਬੀਰੋਵਾਲ ਤੋਂ ਭੁਲੇਖਾ ਚੌਂਕ ਗੜ੍ਹੀ ਤੋਂ ਰੂਪਨਗਰ ਤੋਂ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਜਾਣਗੇ। ਜ਼ਿਲ੍ਹਾ ਪੁਲਿਸ ਨੇ ਉਕਤ ਸਾਰੇ ਰੂਟ ਪਲਾਨ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਹੁੰ ਚੁੱਕ ਸਮਾਰੋਹ ’ਚ ਆਉਣ ਦੇ ਇਛੁੱਕ ਅਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ, ਇਸ ਲਈ ਇਹ ਰੂਟ ਪਲਾਨ ਤਿਆਰ ਕੀਤਾ ਹੈ।

ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਆਲੀਸ਼ਾਨ ਫਲੈਟ ਖ਼ਾਲੀ ਕਰਨ ਦੇ ਹੁਕਮ ਹੋਏ ਜਾਰੀ

0

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਦੇ 17 ਸਾਬਕਾ ਕੈਬਨਿਟ ਮੰਤਰੀਆਂ ਸਮੇਤ 40 ਵਿਧਾਇਕਾਂ ਨੂੰ ਆਲੀਸ਼ਾਨ ਫਲੈਟ ਖ਼ਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਸਾਬਕਾ ਕੈਬਨਿਟ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਨੂੰ 26 ਮਾਰਚ ਤੱਕ ਫਲੈਟ ਖ਼ਾਲੀ ਕਰਨ ਲਈ ਕਿਹਾ ਗਿਆ ਹੈ।

ਜੇਕਰ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਅਜਿਹੇ ‘ਚ ਇਨ੍ਹਾਂ ਫਲੈਟਾਂ ਦਾ ਕਈ ਗੁਣਾ ਜ਼ਿਆਦਾ ਕਿਰਾਇਆ ਦੇਣਾ ਪਵੇਗਾ। ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ‘ਚ ਜਿੱਤ ਕੇ ਆਉਣ ਵਾਲੇ ਵਿਧਾਇਕਾਂ ਨੂੰ ਚੰਡੀਗੜ੍ਹ ਰਹਿਣ ਲਈ ਸੈਕਟਰ-2 ਅਤੇ 4 ‘ਚ ਸਰਕਾਰੀ ਫਲੈਟ ਦਿੱਤੇ ਜਾਂਦੇ ਹਨ।

ਜਿਹੜੇ ਵੀ ਵਿਧਾਇਕਾਂ ਨੂੰ ਇਹ ਫਲੈਟ ਅਲਾਟ ਹੁੰਦੇ ਹਨ, ਉਨ੍ਹਾਂ ਨੂੰ ਅਗਲੀਆਂ ਚੋਣਾਂ ‘ਚ ਹਾਰ ਦਾ ਸਾਹਮਣਾ ਕਰਨ ਮਗਰੋਂ ਫਲੈਟ ਨੂੰ ਖ਼ਾਲੀ ਕਰਨਾ ਹੁੰਦਾ ਹੈ ਤਾਂ ਜੋ ਉਨ੍ਹਾਂ ਦੀ ਥਾਂ ‘ਤੇ ਜਿੱਤ ਕੇ ਆਉਣ ਵਾਲੇ ਵਿਧਾਇਕਾਂ ਨੂੰ ਰਿਹਾਇਸ਼ ਲਈ ਸਰਕਾਰੀ ਫਲੈਟ ਅਲਾਟ ਕੀਤੇ ਜਾ ਸਕਣ।

ਇਸ ਦੇ ਨਾਲ ਹੀ ਇਹ ਦੱਸ ਦਈਏ ਕਿ ਕੱਲ੍ਹ 16 ਮਾਰਚ ਨੂੰ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਸਹੁੰ ਚੁੱਕਣਗੇ।

ਯੂਟੀ ਚੰਡੀਗੜ੍ਹ ਨੇ ਫੌਜ, ਪੁਲਿਸ ਅਤੇ ਅਰਧ ਸੈਨਿਕ ਬਲਾਂ ਨਾਲ ਸਬੰਧਤ ਵਸਤੂਆਂ ਦੀ ਵਿਕਰੀ ‘ਤੇ ਲਗਾਈ ਪਾਬੰਦੀ

0

ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਅਜਿਹੀਆਂ ਵਸਤਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਆਰਮੀ/ਪੁਲਿਸ/ਪੈਰਾ ਮਿਲਟਰੀ ਫੋਰਸਿਜ਼ ਨਾਲ ਸਬੰਧਤ ਵਸਤਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ।

ਦੇਸ਼ ਵਿੱਚ ਅੱਤਵਾਦੀ ਹਮਲੇ ਮਨੁੱਖੀ ਜੀਵਨ ਅਤੇ ਸੁਰੱਖਿਆ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਅਮਨ-ਸ਼ਾਂਤੀ ਨੂੰ ਭੰਗ ਕਰਨ ਅਤੇ ਜਨਤਕ ਸ਼ਾਂਤੀ ਨੂੰ ਭੰਗ ਕਰਨ ਲਈ ਗੰਭੀਰ ਖਤਰਾ ਪੈਦਾ ਕਰਦੇ ਹਨ। ਫੌਜ/ਪੁਲਿਸ/ਪੈਰਾ ਮਿਲਟਰੀ ਫੋਰਸਿਜ਼ ਨਾਲ ਸਬੰਧਤ ਵਸਤੂਆਂ, ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰਨ ਲਈ। ਇਨ੍ਹਾਂ ਹਾਲਾਤਾਂ ਵਿੱਚ ਰਾਏ ਹੈ ਕਿ ਇਨ੍ਹਾਂ ਸਰਕਾਰੀ ਬਲਾਂ ਨਾਲ ਸਬੰਧਤ ਵਸਤੂਆਂ ਦੀ ਵਿਕਰੀ ‘ਤੇ ਚੈੱਕ ਹੋਣਾ ਚਾਹੀਦਾ ਤਾਂ ਜੋ ਸਮਾਜ ਵਿਰੋਧੀ ਅਨਸਰ ਫੌਜ/ਪੁਲਿਸ/ਪੈਰਾ ਮਿਲਟਰੀ ਕਰਮਚਾਰੀਆਂ ਦੀ ਆੜ ਨਾਗਰਿਕਾਂ ਲਈ ਖਤਰਾ ਨਾ ਬਣ ਸਕੇ।

ਹੁਕਮਾਂ ਅਨੁਸਾਰ ਚੰਡੀਗੜ੍ਹ ਦੀ ਹਦੂਦ ਅੰਦਰ ਕੋਈ ਵੀ ਦੁਕਾਨਦਾਰ/ਵਿਕਰੇਤਾ, ਆਰਮੀ/ਪੁਲਿਸ/ਪੈਰਾ ਮਿਲਟਰੀ ਫੋਰਸਿਜ਼ ਦੀਆਂ ਕਾਰਾਂ ‘ਤੇ ਲੱਗਾ ਕੋਈ ਕੱਪੜਾ/ਵਰਦੀ/ਸਟਿੱਕਰ/ਲੋਗੋ/ਝੰਡੇ ਨੂੰ ਖਰੀਦਦਾਰਾਂ ਦੇ ਸਬੂਤ,ਰਿਕਾਰਡ ਅਤੇ ਪਛਾਣ ਪੱਤਰ ਰੱਖੇ ਬਿਨਾਂ ਨਹੀਂ ਵੇਚੇਗਾ। ।

ਹੁਕਮ ਵਿਚ ਕਿਹਾ ਗਿਆ ਹੈ, “ਆਰਡਰ ਦੀ ਹੰਗਾਮੀ ਪ੍ਰਕਿਰਤੀ ਦੇ ਮੱਦੇਨਜ਼ਰ, ਇਹ ਇਕਪਾਸੜ ਜਾਰੀ ਕੀਤਾ ਜਾ ਰਿਹਾ ਹੈ ਅਤੇ ਆਮ ਤੌਰ ‘ਤੇ ਜਨਤਾ ਨੂੰ ਸੰਬੋਧਿਤ ਕੀਤਾ ਗਿਆ ਹੈ। ਇਸ ਹੁਕਮ ਵਿਚ ਕਿਹਾ ਗਿਆ ਹੈ ਕਿ ਇਸ ਹੁਕਮ ਦੀ ਕੋਈ ਵੀ ਉਲੰਘਣਾ ਕਰਨ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 188 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਹੁਕਮ 21.03.2022 ਨੂੰ ਸਿਫ਼ਰ ਕਾਲ ਤੋਂ ਲਾਗੂ ਹੋਵੇਗਾ ਅਤੇ 19.05.2022 ਸਮੇਤ 60 ਦਿਨਾਂ ਦੀ ਮਿਆਦ ਲਈ ਲਾਗੂ ਹੋਵੇਗਾ।

ਲਾਹੌਰ ‘ਚ ਅੱਜ ਤੋਂ 18 ਮਾਰਚ ਤੱਕ ਹੋਵੇਗੀ ਵਿਸ਼ਵ ਪੰਜਾਬੀ ਕਾਨਫਰੰਸ

0

15 ਮਾਰਚ ਤੋਂ 18 ਮਾਰਚ ਤੱਕ ਲਾਹੌਰ (ਪਾਕਿਸਤਾਨ) ਵਿਖੇ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਪੰਜਾਬ, ਅਮਰੀਕਾ, ਦਿੱਲੀ , ਆਸਟਰੀਆ , ਫਰਾਂਸ ਤੋਂ ਆਇਆ 50 ਮੈਂਬਰੀ ਵਫਦ ਅੱਜ ਲਾਹੌਰ ਦੇ ਪਾਕਿ ਹੈਰੀਟੇਜ ਹੋਟਲ ਵਿੱਚ ਪਹੁੰਚ ਗਿਆ ਹੈ।  ਵਾਘਾ ਸਰਹੱਦ ਤੇ ਜਨਾਬ ਫ਼ਖਰ ਜਮਾਂ ਵੱਲੋਂ ਮੁਹੰਮਦ ਜਮੀਲ,ਖ਼ਾਲਿਜ ਐਜਾਜ਼ ਮੁਫਤੀ ਨੇ ਵਫਦ ਦਾ ਸਵਾਗਤ ਕੀਤਾ। ਪੰਜਾਬੀ ਲਹਿਰ ਚੈਨਲ ਵੱਲੋਂ ਨਾਸਿਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਨੇ ਸੁੱਚੇ ਗੁਲਾਬ ਦੇ ਫੁੱਲਾਂ ਨਾਲ ਵਫਦ ਦੇ ਆਗੂ ਡਾ. ਦੀਪਕ ਮਨਮੋਹਨ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਦਾ ਸਵਾਗਤ ਕੀਤਾ।

ਇਸ ਵਫ਼ਦ ਵਿੱਚ ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਖਾਲਿਦ ਹੁਸੈਨ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਕੁਲਬੀਰ ਗੋਜਰਾ, ਡਾ. ਖਾਲਿਦ ਅਸ਼ਰਫ,ਪਰਵੇਸ਼ ਕੌਰ, ਕਮਲ ਦੋਸਾਂਝ, ਪਰਮਜੀਤ ਸਿੰਘ ਆਦਿ ਸ਼ਾਮਲ ਹਨ

ਪੰਜਾਬੀ ਫ਼ਿਲਮ ਅਭਿਨੇਤਰੀ ਡਾ. ਸੁਨੀਤਾ ਧੀਰ, ਡਾ. ਨਿਰਮਲ ਸਿੰਘ ਬਾਸੀ,ਪੰਜਾਬ ਯੂਨੀਵਰਸਿਟੀ ਸੈਨੇਟਰ ਡਾ. ਤਰਲੋਕ ਬੰਧੂ,ਡਾ. ਸਵੈਰਾਜ ਸੰਧੂ, ਡਾ. ਸ਼ਿੰਦਰਪਾਲ ਸਿੰਘ, ਪੰਜਾਬੀ ਕਵੀ ਬੀਬਾ ਬਲਵੰਤ,ਡਾ. ਸਾਂਵਲ ਧਾਮੀ, ਗੁਰਤੇਜ ਕੋਹਾਰਵਾਲਾ,ਹਰਵਿੰਦਰ ਚੰਡੀਗੜ੍ਹ,ਅਜ਼ੀਮ ਸ਼ੇਖ਼ਰ ਤੇ ਦਰਸ਼ਨ ਬੁਲੰਦਵੀ ਯੂ ਕੇ , ਬਲਦੇਵ ਬਾਵਾ ਅਮਰੀਕਾ, ਅੰਜੂ ਪਰੋਬਿਸਟ ਪੈਰਿਸ ਫਰਾਂਸ, ਸਤੀਸ਼ ਗੁਲਾਟੀ, ਅਮਰਪਾਲ ਸਿੰਘ ਰੰਧਾਵਾ ਐਡਵੋਕੇਟ ਆਦਿ ਸ਼ਾਮਲ ਹਨ।

ਡੇਵਿਸ ਰੋਡ ਸਥਿਤ ਪਾਕਿ ਹੈਰੀਟੇਜ ਹੋਟਲ ਵਿੱਚ ਅੱਜ ਸਾਹੀਵਾਲ ਤੋਂ ਆਈ ਪੰਜਾਬੀ ਜ਼ਬਾਨ ਦੇ ਵੱਡੇ ਕਿੱਸਾਕਾਰ ਤੇ ਕਵੀਸ਼ਰੀ ਪਰੰਪਰਾ ਦੇ ਸਿਰਮੌਰ ਹਸਤਾਖਰ ਬਾਬੂ ਰਜਬ ਅਲੀ ਦੀ ਪੋਤਰੀ  ਰੇਹਾਨਾ ਸ਼ਮਸ਼ੇਰ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਫੁਲਕਾਰੀ ਤੇ ਬਾਬੂ ਰਜਬ ਅਲੀ ਜੀ ਦੀਆਂ ਲਿਖਤਾਂ ਭੇਂਟ ਕਰਕੇ ਗੁਰਭਜਨ ਗਿੱਲ, ਦੀਪਕ ਮਨਮੋਹਨ ਸਿੰਘ , ਅਮਨਦੀਪ ਫੱਲੜ੍ਹ ਤੇ ਜਸਵਿੰਦਰ ਕੌਰ ਗਿੱਲ ਨੇ ਸਨਮਾਨਿਤ ਕੀਤਾ।

ਵਾਘਾ ਬਾਰਡਰ ਤੇ ਪੰਜਾਬੀ ਸ਼ਾਇਰ ਹਰਵਿੰਦਰ ਚੰਡੀਗੜ੍ਹ ਦਾ ਲਿਖਿਆ ਅਤੇ ਵੀਰ ਸੁਖਵੰਤ ਦਾ ਗਾਇਆ ਗੀਤ ਨਾਮਵਰ ਲੇਖਕਾਂ ਦੀ ਹਾਜ਼ਰੀ ਵਿੱਚ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ ਅਤੇ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਵੱਲੋਂ ਵਾਹਗਾ ਸਰਹੱਦ ‘ਤੇ ਰਿਲੀਜ ਕੀਤਾ ਗਿਆ।

ਇਸ ਮੌਕੇ ਹੋਰਨਾ ਤੋਂ ਇਲਾਵਾ ਗੀਤ ਦੇ ਲੇਖਕ ਹਰਵਿੰਦਰ ਚੰਡੀਗੜ੍ਹ ਵਫ਼ਦ ਦੇ ਕੋਆਰਡੀਨਰ ਲੇਖਕ ਸਹਿਜਪ੍ਰੀਤ ਮਾਂਗਟ , ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਕੁਲਬੀਰ ਗੋਜਰਾ ,ਗੁਰਤੇਜ ਕੋਹਾਰਵਾਲਾ, ਦਲਜੀਤ ਸਿੰਘ ਸ਼ਾਹੀ , ਡਾ. ਸਾਂਵਲ ਧਾਮੀ , ਜਗਤਾਰ ਭੁੱਲਰ ,ਨਾਮਵਰ ਲੇਖਕ ਸ਼ਾਮਲ ਸਨ।

 

ਕੈਪਟਨ ਅਮਰਿੰਦਰ ਸਿੰਘ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਕੀਤੀ ਮੰਗ

0

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ‘ਤੇ ਟਵੀਟ ਕਰਕੇ ਦੁੱਖ ਸਾਂਝਾ ਕੀਤਾ ਤੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਉਨ੍ਹਾਂ ਨੇ ਟਵੀਟ ‘ਚ ਲਿਖਿਆ ਹੈ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਦਿਨ ਦਿਹਾੜੇ ਕਤਲ ਕਰਨ ਦੀ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ। ਉਨ੍ਹਾਂ ਦੇ ਸਮਰਥਕਾਂ ਅਤੇ ਦੁਖੀ ਪਰਿਵਾਰ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ।

ਦੱਸ ਦਈਏ ਕਿ ਬੀਤੀ ਸ਼ਾਮ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਪਿੰਡ ਮੱਲੀਆਂ ਖੁਰਦ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਛਾਬੜਾ ਹਸਪਤਾਲ ਨਕੋਦਰ ਵਿਖੇ ਲਿਜਾਇਆ ਗਿਆ ਜਿੱਥੇ ਇਸ ਖਿਡਾਰੀ ਦੀ ਮੌਤ ਹੋ ਗਈ ।

ਹਾਈਕੋਰਟ ਨੇ ਮੁਸਲਿਮ ਵਿਦਿਆਰਥਣਾਂ ਦੀ ਪਟੀਸ਼ਨ ਕੀਤੀ ਖਾਰਜ, ਕਿਹਾ- ਹਿਜਾਬ ਇਸਲਾਮ ‘ਚ ਜ਼ਰੂਰੀ ਨਹੀਂ

0

ਕਰਨਾਟਕ ਹਾਈਕੋਰਟ ਨੇ ਜਮਾਤ ‘ਚ ਹਿਜਾਬ ਪਹਿਨਣ ਦੀ ਮਨਜ਼ੂਰੀ ਮੰਗਣ ਦੇ ਸੰਬੰਧ ‘ਚ ਮੁਸਲਿਮ ਕੁੜੀਆਂ ਵਲੋਂ ਦਾਇਰ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਹਾਈਕੋਰਟ ਨੇ ਕਿਹਾ ਕਿ ਇਸਲਾਮ ਧਰਮ ‘ਚ ਹਿਜਾਬ ਪਹਿਨਣਾ ਜ਼ਰੂਰੀ ਨਹੀਂ ਹੈ। ਹਾਈ ਕੋਰਟ ਦੇ ਚੀਫ਼ ਜਸਟਿਸ ਰਿਤੂਰਾਜ ਅਵਸਥੀ, ਜਸਟਿਸ ਕ੍ਰਿਸ਼ਨ ਐੱਸ. ਦੀਕਸ਼ਤ ਅਤੇ ਜੱਜ ਜੇ.ਐੱਮ. ਕਾਜੀ ਦੀ ਬੈਂਚ ਨੂੰ ਉਡੁਪੀ ਦੀਆਂ ਕੁੜੀਆਂ ਦੀ ਪਟੀਸ਼ਨ ਦੀ ਸੁਣਵਾਈ ਲਈ ਗਠਿਤ ਕੀਤਾ ਗਿਆ ਸੀ। ਇਨ੍ਹਾਂ ਕੁੜੀਆਂ ਵਲੋਂ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਜਮਾਤ ‘ਚ ਸਕੂਲੀ ਯੂਨੀਫਾਰਮ ਦੇ ਨਾਲ-ਨਾਲ ਹਿਜਾਬ ਪਹਿਨਣ ਦੀ ਮਨਜ਼ੂਰੀ ਦਿੱਤੀ ਜਾਵੇ, ਕਿਉਂਕਿ ਇਹ ਉਨ੍ਹਾਂ ਦੀ ਧਾਰਮਿਕ ਆਸਥਾ ਦਾ ਹਿੱਸਾ ਹੈ।

ਦੱਸਣਯੋਗ ਹੈ ਕਿ 25 ਫਰਵਰੀ 2022 ਨੂੰ ਹੀ ਕਰਨਾਟਕ ਹਾਈਕੋਰਟ ‘ਚ ਸੁਣਵਾਈ ਪੂਰੀ ਹੋ ਗਈ ਸੀ ਅਤੇ ਹਾਈ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਹਿਜਾਬ ਵਿਵਾਦ ਨੂੰ ਲੈ ਕੇ ਕਰਨਾਟਕ ਹਾਈਕੋਰਟ ਦੀ ਸਿੰਗਲ ਬੈਂਚ ਨੇ ਪਹਿਲੀ ਸੁਣਵਾਈ 8 ਫਰਵਰੀ 2022 ਨੂੰ ਕੀਤੀ ਸੀ। ਫਿਰ 9 ਫਰਵਰੀ 2022 ਨੂੰ ਸਿੰਗਲ ਬੈਂਚ ਨੇ ਮਾਮਲੇ ਨੂੰ ਵੱਡੀ ਬੈਂਚ ‘ਚ ਭੇਜ ਦਿੱਤਾ। ਇਸ ਤੋਂ ਬਾਅਦ 10 ਫਰਵਰੀ ਨੂੰ 2022 ਨੂੰ 3 ਜੱਜਾਂ ਦੀ ਬੈਂਚ ਨੇ ਸੁਣਵਾਈ ਸ਼ੁਰੂ ਕੀਤੀ ਅਤੇ ਅਗਲੇ ਆਦੇਸ਼ ਤੱਕ ਵਿਦਿਆਰਥਣਾਂ ਦੇ ਹਿਜਾਬ ਪਹਿਨਣ ‘ਤੇ ਰੋਕ ਲਗਾ ਦਿੱਤੀ ਸੀ।