Home Blog Page 1954

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌ.ਤ

0

ਬਟਾਲਾ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਮਸਰਾਲਾ ਵਿਖੇ ਉਸ ਸਮੇ ਮਾਤਮ ਛਾਂ ਗਿਆ ਜਦ ਇਸ ਪਿੰਡ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ਦੇ ਬਰਹਮਟਨ ਸ਼ਹਿਰ ਵਿੱਚ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪ ਅਸਥਾਨ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗਰੀਬ ਦਾਸ ਦੀ ਗੱਦੀ ਨਸ਼ੀਨ ਬਾਬਾ ਗੁਰਸੇਵਕ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਮਸ਼ਰਾਲਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਪਾਲ ਸਿੰਘ (ਗੋਪੀ ) ਕੈਨੇਡਾ ਦੇ ਸ਼ਹਿਰ ਬਰਹਮਟਨ ਸਟੱਡੀ ਵੀਜੇ ਤੇ ਸੰਨ 2019 ਵਿੱਚ ਗਿਆ ਸੀ , ਅਤੇ ਕੁਝ ਮਹੀਨੇ ਪਹਿਲਾ ਸਤੰਬਰ 2023 ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਸ਼ਰਾਲਾ ਵਿਖੇ ਆਇਆ ਸੀ ।

ਕੁਝ ਸਮਾ ਰਹਿਣ ਤੋ ਬਾਅਦ ਵਾਪਸ ਕੈਨੇਡਾ ਚਲਾ ਗਿਆ ਸੀ ।ਉੱਨਾਂ ਦੱਸਿਆ ਕਿ ਉਸ ਨੇ ਦੁਬਾਰਾ ਭਾਰਤ ਆਉਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ , ਪਰ ਬੀਤੇ ਦਿਨ 26 ਦਸੰਬਰ ਨੂੰ ਕਰੀਬ 1 ਵਜੇ ਦੁਪਹਿਰ ਘਰ ਵਿੱਚ ਹੀ ਅਚਾਨਕ ਉਸ ਨੂੰ ਦਿਮਾਗ ਦੀ ਨਾੜੀ ਫੱਟ ਗਈ ਤੇ ਉਸ ਦੇ ਕੰਨਾਂ ਵਿੱਚ ਖੂਨ ਨਿਕਲਣਾ ਸ਼ੁਰੂ ਹੋ ਗਿਆ । ਉਸ ਦੇ ਦੋਸਤਾ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹੂਲਤ ਦੇਣ ਲਈ ਐਬੂਲੈਸ ਰਾਹੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾ ਵੱਲੋਂ ਕੀਤੇ ਜਾ ਰਹੇ ਇਲਾਜ ਦੌਰਾਨ ਹੀ ਮੇਰੇ ਬੇਟੇ ਦੀ ਮੌਤ ਹੋ ਗਈ ।

ਇਸ ਮੌਕੇ ਪੱਤਰਕਾਰਾ ਨਾਲ ਭਰੇ ਮੰਨ ਨਾਲ ਗੱਲ-ਬਾਤ ਕਰਦਿਆ ਮ੍ਰਿਤਕ ਦੇ ਪਿਤਾ ਬਾਬਾ ਨਿਸ਼ਾਨ ਸਿੰਘ ਮਸ਼ਰਾਲਾ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਨੌਜਵਾਨ ਪੀੜੀ ਜਿਹੜੀ ਅੱਜ ਲੱਖਾ ਰੁਪਏ ਖਰਚ ਕਰਕੇ ਵਿਦੇਸ਼ਾਂ ਵਿੱਚ ਪੜਾਈ ਕਰਨ ਵਾਸਤੇ ਜਾ ਰਹੀ ਹੈ , ਤੇ ਉਹ ਵਿਦੇਸ਼ ਵਿੱਚ ਜਾ ਕੇ ਖਰਚੇ ਦੇ ਬੋਝ ਕਾਰਨ ਮਾਨਸਿਕ ਤਨਾਅ ਵਿੱਚ ਆਉਣ ਤੇ ਹਾਰਟ ਅਟੈਕ ਸਮੇਤ ਭਿਆਨਕ ਬਿਮਾਰੀਆ ਦੇ ਸ਼ਿਕਾਰ ਹੋ ਰਹੇ ਹਨ।

ਅਗਰ ਜੇ ਸਰਕਾਰਾਂ ਬੱਚਿਆ ਲਈ ਇੱਥੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ , ਤੇ ਕੋਈ ਵੀ ਮਾਂ ਬਾਪ ਆਪਣੇ ਜਿਗਰ ਦੇ ਟੋਟਿਆਂ ਨੂੰ ਰੋਜ਼ਗਾਰ ਲਈ ਬਾਹਰ ਨਾ ਭੇਜੇ । ਇਸ ਨੌਜਵਾਨ ਦੀ ਹੋਈ ਅਚਾਨਕ ਮੌਤ ਨਾਲ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ , ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪਿੰਡ ਮਸ਼ਰਾਲਾ ਵਿਖੇ ਪਹੁੰਚ ਰਹੇ ਹਨ ।

ਪੰਜਾਬ ਪੁਲਿਸ ਵੱਲੋਂ 127 ਕਰੋੜ ਰੁਪਏ ਦੀਆਂ 294 ਜਾਇਦਾਦਾਂ ਕੀਤੀਆਂ ਗਈਆਂ ਜ਼ਬਤ: IGP ਸੁਖਚੈਨ ਸਿੰਘ ਗਿੱਲ

0

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਰਹੱਦੀ ਸੂਬੇ ‘ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਹੋਰ ਤੇਜ਼ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਸਾਲ 2023 ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 1161 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਕੇ ਇੱਕ ਨਵਾਂ ਮੀਲਪੱਥਰ ਸਥਾਪਤ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਦਿੱਤੀ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ- ਇਨਫੋਰਸਮੈਂਟ, ਪ੍ਰੀਵੈਂਸ਼ਨ ਅਤੇ ਰੀਹੈਬਲੀਟੇਸ਼ਨ- ਅਪਣਾਈ ਹੈ। ਇਸ ਰਣਨੀਤੀ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਐਨਡੀਪੀਐਸ ਐਕਟ ਦੀ ਧਾਰਾ 64-ਏ, ਜੋ ਕੁਝ ਗ੍ਰਾਮ ਹੈਰੋਇਨ ਜਾਂ ਨਸ਼ੀਲੇ ਪਾਊਡਰ ਸਮੇਤ ਫੜੇ ਜਾਣ ਵਾਲੇ ਨਸ਼ਾ ਪੀੜਤਾਂ ਨੂੰ ਮੁੜ-ਵਸੇਬੇ ਦਾ ਮੌਕਾ ਪ੍ਰਦਾਨ ਕਰਦੀ ਹੈ, ਬਾਰੇ ਪ੍ਰਚਾਰ ਅਤੇ ਜਾਗਰੂਕਤਾ ਪੈਦਾ ਕਰ ਰਹੀ ਹੈ।

ਆਈਜੀਪੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ 65 ਨਸ਼ਾ ਪੀੜਤਾਂ, ਜਿਨ੍ਹਾਂ ਨੂੰ ਘੱਟ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨਾਲ ਫੜਿਆ ਗਿਆ ਸੀ, ਨੇ ਮੁੜ ਵਸੇਬੇ ਲਈ ਇਲਾਜ ਕਰਵਾਉਣ ਦਾ ਪ੍ਰਣ ਕਰਕੇ ਐਨਡੀਪੀਐਸ ਦੀ ਧਾਰਾ 64-ਏ ਦਾ ਲਾਭ ਉਠਾਇਆ ਹੈ।
ਡਾ. ਸੁਖਚੈਨ ਸਿੰਘ ਗਿੱਲ, ਜੋ ‘ਯੀਅਰ ਐਂਡਰ’ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ 1 ਜਨਵਰੀ ਤੋਂ 26 ਦਸੰਬਰ, 2023 ਤੱਕ ਪੰਜਾਬ ਪੁਲਿਸ ਨੇ 10786 ਐਫ.ਆਈ.ਆਰਜ਼, ਜਿਨ੍ਹਾਂ ਵਿੱਚ 1385 ਵਪਾਰਕ ਮਾਮਲੇ ਹਨ, ਦਰਜ ਕਰਕੇ 2424 ਵੱਡੀਆਂ ਮੱਛੀਆਂ ਸਮੇਤ 14951 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ 1161 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਸੂਬੇ ਭਰ ਵਿੱਚੋਂ 795 ਕਿਲੋਗ੍ਰਾਮ ਅਫੀਮ, 403 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਓਡਜ਼ ਦੀਆਂ 83.17 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਕੋਲੋਂ 13.67 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

ਆਈਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਇਸ ਸਾਲ ਵੱਡੇ ਨਸ਼ਾ ਤਸਕਰਾਂ ਦੀਆਂ 127 ਕਰੋੜ ਰੁਪਏ ਦੀਆਂ 294 ਜਾਇਦਾਦਾਂ (110.64 ਕਰੋੜ ਰੁਪਏ ਦੀਆਂ ਅਚੱਲ ਅਤੇ 16.45 ਕਰੋੜ ਰੁਪਏ ਦੀਆਂ ਚੱਲ ਜਾਇਦਾਦਾਂ) ਜ਼ਬਤ ਕੀਤੀਆਂ ਗਈਆਂ ਹਨ, ਜਦਕਿ 26 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀਆਂ ਹੋਰ 90 ਤਜਵੀਜ਼ਾਂ ਸਮਰੱਥ ਅਥਾਰਟੀ ਕੋਲ ਲੰਬਿਤ ਹਨ।
ਉਨ੍ਹਾਂ ਕਿਹਾ ਕਿ ਐਨਡੀਪੀਐਸ ਕੇਸਾਂ ਵਿੱਚ ਭਗੌੜੇ ਅਪਰਾਧੀਆਂ ਨੂੰ ਫੜਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ 1 ਜਨਵਰੀ, 2023 ਤੋਂ ਹੁਣ ਤੱਕ 673 ਪੀ.ਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਐਨਡੀਪੀਐਸ ਐਕਟ ਤਹਿਤ ਵਾਰ-ਵਾਰ ਅਪਰਾਧ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਨੇ ਐਸਟੀਐਫ ਹੈੱਡਕੁਆਰਟਰ ਨੂੰ 55 ਅਜਿਹੇ ਹੀ ਨਸ਼ਾ ਤਸਕਰਾਂ ਦੀ ਸੂਚੀ ਭੇਜੀ ਹੈ ਤਾਂ ਜੋ ਉਨ੍ਹਾਂ ਵਿਰੁੱਧ ਪ੍ਰੀਵੈਸ਼ਨ ਆਫ਼ ਇਲਿਸਿਟ ਟਰੈਫਿਕ ਇਨ ਨਾਰਕੋਟਿਕ ਡਰੱਗਜ਼ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਪੀਆਈਟੀ-ਐਨਡੀਪੀਐਸ) ਐਕਟ ਤਹਿਤ ਕਾਰਵਾਈ ਕੀਤੀ ਜਾ ਸਕੇ। ਪੀਆਈਟੀ-ਐਨਡੀਪੀਐਸ ਐਕਟ ਦੀ ਧਾਰਾ 3, ਸਰਕਾਰ ਨੂੰ ਅਜਿਹੇ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਅਤੇ ਸਾਈਕੋਟ੍ਰੋਪਿਕ ਸਬਸਟਾਂਸਿਜ਼ ਦੀ ਗੈਰ-ਕਾਨੂੰਨੀ ਤਸਕਰੀ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਨਿਵਾਰਕ ਹਿਰਾਸਤ ਵਿੱਚ ਲੈਣ ਦਾ ਅਧਿਕਾਰ ਦਿੰਦੀ ਹੈ।

ਸਾਲ 2023 ਵਿੱਚ ਗੈਂਗਸਟਰਾਂ ਵਿਰੁੱਧ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ, ਆਈਜੀਪੀ ਨੇ ਦੱਸਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਫੀਲਡ ਯੂਨਿਟਾਂ ਨਾਲ ਮਿਲ ਕੇ ਇਸ ਸਾਲ 188 ਗੈਂਗਸਟਰ/ਅਪਰਾਧੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਅਤੇ 482 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਟੀਮਾਂ ਵੱਲੋਂ ਉਨ੍ਹਾਂ ਪਾਸੋਂ 519 ਹਥਿਆਰ, ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 102 ਵਾਹਨ, 4.5 ਕਿਲੋ ਹੈਰੋਇਨ ਅਤੇ 71.08 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਸਾਲ ਪੁਲਿਸ ਪਾਰਟੀਆਂ ਅਤੇ ਅਪਰਾਧੀਆਂ ਦਰਮਿਆਨ ਘੱਟੋ-ਘੱਟ 60 ਮੁਕਾਬਲੇ ਹੋਏ, ਜਿਸ ਦੌਰਾਨ 9 ਗੈਂਗਸਟਰ/ਅਪਰਾਧੀਆਂ ਨੂੰ ਮਾਰ-ਮੁਕਾਇਆ ਗਿਆ ਅਤੇ 127 ਗੈਂਗਸਟਰ/ਅਪਰਾਧੀ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਵਿੱਚੋਂ 32 ਜ਼ਖਮੀ ਹੋਏ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਗੋਲੀਬਾਰੀ ਦੌਰਾਨ ਸਾਡਾ ਇੱਕ ਸਾਥੀ ਕਰਮਚਾਰੀ ਸ਼ਹੀਦ ਹੋ ਗਿਆ, ਜਦੋਂ ਕਿ ਛੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ।

ਜ਼ਿਕਰਯੋਗ ਹੈ ਕਿ ਸੱਤਾ ‘ਚ ਆਉਣ ਤੋਂ ਤੁਰੰਤ ਬਾਅਦ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ‘ਚੋਂ ਗੈਂਗਸਟਰਾਂ ਦਾ ਖ਼ਾਤਮਾ ਕਰਨ ਲਈ 6 ਅਪ੍ਰੈਲ, 2022 ਨੂੰ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਹੇਠ ਵਿਸ਼ੇਸ਼ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਦਾ ਗਠਨ ਕੀਤਾ ਸੀ।

ਆਈਜੀਪੀ ਨੇ ਕਿਹਾ ਕਿ ਇਸ ਸਾਲ ਪੰਜਾਬ ਵਿੱਚ ਛੇ ਵੱਡੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਵਿੱਚ ਤਿੰਨ ਘੱਟ-ਦਰਜੇ ਦੇ ਵਿਸਫੋਟਕ ਧਮਾਕੇ; ਬਟਾਲਾ ਸਥਿਤ ਹਿੰਦੂ ਸ਼ਿਵ ਸੈਨਾ (ਸਮਾਜਵਾਦੀ) ਨੇਤਾ ਅਤੇ ਉਸਦੇ ਭਰਾ ਤੇ ਉਸਦੇ ਪੁੱਤਰ ‘ਤੇ ਕਾਤਲਾਨਾ ਹਮਲਾ; ਬਠਿੰਡਾ ‘ਚ ਕੁਲਚੇ ਦੀ ਦੁਕਾਨ ਦੇ ਮਾਲਕ ਦਾ ਕਤਲ; ਲੁਧਿਆਣਾ ਵਿੱਚ ਡਕੈਤੀ; ਮੋਗਾ ਦੇ ਪਿੰਡ ਖੋਸਾ ਕੋਟਲਾ ਵਿੱਚ ਸਾਬਕਾ ਸਰਪੰਚ ਦਾ ਕਤਲ; ਬਦਮਾਸ਼ਾਂ ਵੱਲੋਂ ਲੁਧਿਆਣਾ ਦੇ ਉਦਯੋਗਪਤੀ ਨੂੰ ਲੁੱਟਣ ਲਈ ਅਗਵਾ ਕਰਕੇ ਉਸਦੇ ਗੋਲੀ ਮਾਰਨ ਦਾ ਮਾਮਲਾ, ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਰਿਕਾਰਡ ਸਮੇਂ ਵਿੱਚ ਇਨ੍ਹਾਂ ਸਾਰੇ ਵੱਡੇ ਅਪਰਾਧਾਂ ਦੀ ਗੁੱਥੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਲਝਾ ਲਿਆ ਗਿਆ।

ਉਨ੍ਹਾਂ ਕਿਹਾ ਕਿ ਫਿਰੌਤੀ ਦੀਆਂ ਕਾਲਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ 201 ਐਫ.ਆਈ.ਆਰਜ਼. ਦਰਜ ਕੀਤੀਆਂ ਅਤੇ ਰਸੂਖ਼ਵਾਨ ਵਿਅਕਤੀਆਂ ਤੋਂ ਪੈਸੇ ਵਸੂਲਣ ਲਈ ਧਮਕੀ ਭਰੀਆਂ ਕਾਲਾਂ ਕਰਨ ਵਾਲੇ 99 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਈਜੀਪੀ ਨੇ ਅੱਤਵਾਦੀਆਂ ਵਿਰੁੱਧ ਕਾਰਵਾਈ ਬਾਰੇ ਵੇਰਵੇ ਦਿੰਦਿਆਂ ਦੱਸਿਆ ਕਿ 2023 ਵਿੱਚ, ਅੰਦਰੂਨੀ ਸੁਰੱਖਿਆ ਇਕਾਈ ਨੇ 67 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ 13 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਅਤੇ ਉਹਨਾਂ ਦੇ ਕਬਜ਼ੇ ‘ਚੋਂ ਦੋ ਰਾਈਫਲਾਂ, 55 ਰਿਵਾਲਵਰ/ਪਿਸਤੌਲ, ਦੋ ਟਿਫਿਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀਜ਼), 2.14 ਕਿਲੋ ਆਰਡੀਐਕਸ ਹੋਰ ਵਿਸਫੋਟਕ, ਦੋ ਹੈਂਡ ਗ੍ਰਨੇਡ ਅਤੇ 111 ਡਰੋਨ ਬਰਾਮਦ ਕੀਤੇ।

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਡਰੋਨਾਂ ਰਾਹੀਂ ਭੇਜੀ ਗਈ 253 ਕਿਲੋ ਹੈਰੋਇਨ, 16 ਪਿਸਤੌਲਾਂ, ਏਕੇ-47 ਰਾਈਫਲ ਸਮੇਤ ਦੋ ਰਾਈਫਲਾਂ (ਮੈਗਜ਼ੀਨ ਅਤੇ ਜਿੰਦਾ ਕਾਰਤੂਸਾਂ ਸਮੇਤ) ਅਤੇ 20.26 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਇਸ ਸਾਲ 303 ਡਰੋਨ ਗਤੀਵਿਧੀਆਂ ਦੇਖੀਆਂ ਗਈਆਂ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁਰੱਖਿਆ ਦੀ ਦੂਜੀ ਪੰਕਤੀ ਨੂੰ ਹੋਰ ਮਜ਼ਬੂਤ ਕਰਨ ਅਤੇ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੌਕਸੀ ਰੱਖਣ ਲਈ ਸਰਹੱਦੀ ਖੇਤਰਾਂ ਵਿੱਚ ਕਲੋਜ਼ਡ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰੇ ਲਗਾਉਣ ਲਈ ਪਹਿਲਾਂ ਹੀ 19.25 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਦੇ ਨਾਲ ਹੀ ਡਰੋਨ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕਰਨ ਲਈ ਦੋ ਕਮੇਟੀਆਂ ਵੀ ਬਣਾਈਆਂ ਗਈਆਂ ਸਨ।

ਉਹਨਾਂ ਕਿਹਾ ਕਿ ਏਡੀਜੀਪੀ ਸੁਰੱਖਿਆ ਐਸਐਸ ਸ੍ਰੀਵਾਸਤਵਾ ਦੀ ਅਗਵਾਈ ਵਾਲੀ ਪਹਿਲੀ ਕਮੇਟੀ ਡਰੋਨ ਖੋਜ, ਨਿਰਪੱਖਤਾ, ਪ੍ਰਭਾਵਸ਼ਾਲੀ ਪੁਲਿਸਿੰਗ, ਆਫ਼ਤ ਪ੍ਰਬੰਧਨ, ਡਰੋਨ ਸਿਖਲਾਈ ਅਤੇ ਡਰੋਨ ਫੋਰੈਂਸਿਕ ਲਈ ਡਰੋਨਾਂ ਦੀ ਕਾਨੂੰਨੀ ਵਰਤੋਂ, ਜਦੋਂ ਕਿ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਦੀ ਅਗਵਾਈ ਵਾਲੀ ਦੂਜੀ ਕਮੇਟੀ ਡਰੋਨ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਕਰਨ, ਡਰੋਨ ਦੀ ਵਰਤੋਂ ਲਈ ਸਿਖਲਾਈ, ਡਰੋਨਾਂ ਦਾ ਮੁਕਾਬਲਾ ਕਰਨ ਅਤੇ ਉਪਕਰਣਾਂ ਦੀ ਖਰੀਦ ਲਈ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵਾਸਤੇ ਭਵਿੱਖੀ ਰੋਡ ਮੈਪ ਤਿਆਰ ਕਰੇਗੀ।

ਆਈਜੀਪੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਪਾਸੇ ਲਗਾਉਣ ਲਈ ਪੰਜਾਬ ਸਰਕਾਰ ਨੇ ਆਉਣ ਵਾਲੇ ਚਾਰ ਸਾਲਾਂ ਲਈ ਹਰ ਸਾਲ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 746 ਸਬ-ਇੰਸਪੈਕਟਰਾਂ ਅਤੇ 144 ਸਿਵਲ ਸਪੋਰਟ ਸਟਾਫ਼ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਜਦੋਂ ਕਿ ਇਨਵੈਸਟੀਗੇਸ਼ਨ ਕਾਡਰ ਵਿੱਚ 787 ਹੈੱਡ ਕਾਂਸਟੇਬਲਾਂ ਦੀ ਭਰਤੀ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਵੱਖ-ਵੱਖ ਕਾਡਰਾਂ ਵਿੱਚ 3496 ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ।

ਉਨ੍ਹਾਂ ਕਿਹਾ ਕਿ 2023 ਵਿੱਚ 2 ਕਰੋੜ ਰੁਪਏ ਦੇ 6 ਚੈੱਕ (1 ਕਰੋੜ ਰੁਪਏ ਐਕਸ-ਗ੍ਰੇਸ਼ੀਆ ਅਤੇ 1 ਕਰੋੜ ਰੁਪਏ ਦਾ ਐਚ.ਡੀ.ਐਫ.ਸੀ. ਬੀਮਾ ਕਵਰ) ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੰਜਾਬ ਪੁਲਿਸ ਦੇ ਪੰਜ ਮੁਲਾਜ਼ਮਾਂ ਅਤੇ ਇੱਕ ਹੋਮਗਾਰਡ ਦੇ ਪਰਿਵਾਰਾਂ ਨੂੰ ਸੌਂਪੇ ਗਏ।

ਆਗਾਮੀ ਪ੍ਰੋਜੈਕਟ ਬਾਰੇ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਅਤੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਦੇ ਉਦੇਸ਼ ਨਾਲ ਬਣਾਏ ਗਏ ਅਭਿਲਾਸ਼ੀ ਪ੍ਰੋਜੈਕਟ ਸੜਕ ਸੁਰੱਖਿਆ ਫੋਰਸ (ਐਸਐਸਐਫ) ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜ਼ਿਕਰਯੋਗ ਹੈ ਕਿ ਐਸਐਸਐਫ ਇੱਕ ਵਿਸ਼ੇਸ਼ ਪੁਲਿਸ ਟੀਮ ਹੈ ਜੋ ਸੜਕ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਪਰਾਧੀਆਂ ਦਾ ਪਿੱਛਾ ਕਰਨ ਲਈ ਸਮਰਪਿਤ ਹੋਵੇਗੀ।

ਸੂਬੇ ਵਿੱਚ ਸੜਕੀ ਨੈਟਵਰਕ ਨੂੰ ਹੋਰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਇੱਕ ਹੋਰ ਵਿਲੱਖਣ ਪਹਿਲਕਦਮੀ ਕਰਦਿਆਂ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਦੀ ਅਗਵਾਈ ਹੇਠ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ (ਪੀਆਰਐਸਟੀਆਰਸੀ) ਨੇ ਅਡਵਾਂਸਡ ਏਆਈ ਸਮਰੱਥਾਵਾਂ ਵਾਲੇ ਸੋਲਰ ਪਾਵਰਡ ਸਮਾਰਟ ਬੈਰੀਕੇਡ ਲਗਾਏ ਹਨ, ਜੋ ਲਾਇਸੈਂਸ ਪਲੇਟਾਂ ਨੂੰ ਬਾਰੀਕੀ ਨਾਲ ਸਕੈਨ ਕਰ ਸਕਦੇ ਹਨ, ਬਲੈਕਲਿਸਟ ਕੀਤੇ ਵਾਹਨਾਂ ਦੀ ਪਛਾਣ ਕਰ ਸਕਦੇ ਹਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀਆਂ ਲਈ ਅਧਿਕਾਰੀਆਂ ਨੂੰ ਤੁਰੰਤ ਸੁਚੇਤ ਕਰ ਸਕਦੇ ਹਨ। ਇਹ ਬੈਰੀਕੇਡ, ਜੋ ਕਿ ਫਲੈਸ਼ਿੰਗ ਲਾਈਟਾਂ ਅਤੇ ਸਪੀਕਰ ਨਾਲ ਲੈਸ ਹਨ, 24×7 ਕੰਮ ਕਰਨ ਦੇ ਸਮਰੱਥ ਹਨ।

ਪਾਣੀ ਦੇ ਡਿੱਗਦੇ ਪੱਧਰ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਚਨਬੱਧ: ਚੇਤਨ ਸਿੰਘ ਜੌੜਾਮਾਜਰਾ

0

ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦੁਹਰਾਇਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਚਨਬੱਧ ਹੈ ਤਾਂ ਜੋ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਨੂੰ ਸੁਚੱਜੇ ਢੰਗ ਨਾਲ ਹੱਲ ਕੀਤਾ ਜਾ ਸਕੇ।

ਉਹ ਅੱਜ ਲੁਧਿਆਣਾ ਅਤੇ ਮੋਗਾ ਵਿਖੇ ਜਲ ਸਰੋਤ ਅਤੇ ਖਣਨ ਤੇ ਭੂ-ਵਿਗਿਆਨ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਸਨ। ਇਸ ਦੌਰਾਨ ਕੈਬਨਿਟ ਮੰਤਰੀ ਨੇ ਸਰਕਾਰੀ ਕੰਮਕਾਜ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਖਾਲਿਆਂ ਤੇ ਡਰੇਨਾਂ ਦੀ ਸਫ਼ਾਈ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ।

ਲੁਧਿਆਣਾ ਦੇ ਬੱਚਤ ਭਵਨ ਵਿਖੇ ਲੁਧਿਆਣਾ ਕੈਨਾਲ ਸਰਕਲ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਪਾਣੀ ਦੀ ਸੰਭਾਲ ਲਈ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਉਣ।

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਗੁਰਪ੍ਰੀਤ ਬੱਸੀ ਗੋਗੀ, ਦਲਜੀਤ ਸਿੰਘ ਗਰੇਵਾਲ, ਰਜਿੰਦਰਪਾਲ ਕੌਰ ਛੀਨਾ, ਸਰਬਜੀਤ ਕੌਰ ਮਾਣੂੰਕੇ, ਅਮਿਤ ਰਤਨ, ਗੁਰਦਿੱਤ ਸਿੰਘ ਸੇਖੋਂ, ਮਨਜੀਤ ਸਿੰਘ ਬਿਲਾਸਪੁਰ, ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਸਮੇਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਜਲ ਸੰਭਾਲ ਨਾਲ ਸਬੰਧਤ ਸਾਰੇ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਹਿਰਾਂ ਰਾਹੀਂ ਸਿੰਚਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਲੋੜੀਂਦੇ ਕਦਮ ਚੁੱਕ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ।

ਸਬੰਧਤ ਵਿਧਾਇਕਾਂ ਵੱਲੋਂ ਉਠਾਏ ਗਏ ਸਿੰਚਾਈ, ਨਹਿਰੀ ਪ੍ਰਣਾਲੀ ਅਤੇ ਜ਼ਮੀਨ ਹੇਠਲੇ ਪਾਣੀ ਦੇ ਪ੍ਰਬੰਧਨ ਸਬੰਧੀ ਮੁੱਦਿਆਂ ਨੂੰ ਸੁਣਦਿਆਂ ਕੈਬਨਿਟ ਮੰਤਰੀ ਜੌੜਾਮਾਜਰਾ ਨੇ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਵਿਧਾਇਕਾਂ ਅਤੇ ਚੇਅਰਮੈਨਾਂ ਵੱਲੋਂ ਚੁੱਕੇ ਗਏ ਮੁੱਦਿਆਂ ‘ਤੇ ਹੋਈ ਪ੍ਰਗਤੀ ਦੀ ਸਮੀਖਿਆ ਕਰਨ ਲਈ ਅਗਲੇ ਮਹੀਨੇ ਇੱਕ ਸਮੀਖਿਆ ਮੀਟਿੰਗ ਵੀ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ ਡਰੇਨਾਂ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਡਰੇਨੇਜ ਸਿਸਟਮ ਰਾਹੀਂ ਬਰਸਾਤੀ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮਹੱਤਵਪੂਰਨ ਮੁੱਦਿਆਂ ਦੇ ਜਲਦੀ ਨਿਪਟਾਰੇ ਲਈ ਸਾਰੀਆਂ ਲੰਬਿਤ ਫਾਈਲਾਂ ਨੂੰ ਕਲੀਅਰ ਕੀਤਾ ਜਾਵੇ।

ਇਸ ਦੌਰਾਨ ਉਨ੍ਹਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਉਣ ਕਿਉਂਕਿ ਸੂਬਾ ਸਰਕਾਰ ਵਲੋਂ ਪਹਿਲਾਂ ਹੀ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸੇ ਤਰ੍ਹਾਂ ਮੋਗਾ ਵਿਖੇ ਵੱਖਰੀ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖੇਤੀਬਾੜੀ ਲਈ ਨਹਿਰੀ ਪਾਣੀ ਯਕੀਨੀ ਬਣਾਉਣ ਲਈ ਟੇਲਾਂ ਤੱਕ ਪਾਣੀ ਪਹੁੰਚਾਇਆ ਜਾਵੇ।

ਮਾਈਨਰ ਮੋਘਿਆਂ ਦੀ ਦੁਬਾਰਾ ਚੈਕਿੰਗ ਕਰਵਾਉਣ ਦੀ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਕੱਟਣ ਤੋਂ ਤੁਰੰਤ ਬਾਅਦ ਹਰੇਕ ਡਰੇਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ। ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਹਰੀਕੇ ਝੀਲ ਅਤੇ ਫਾਜ਼ਿਲਕਾ ਕੋਲੋਂ ਲੰਘਣ ਵਾਲੇ ਦਰਿਆ ਦੀ ਸਫਾਈ ਕਰਵਾਉਣ ਸਣੇ ਸੇਮ ਨਾਲਿਆਂ ਦੀ ਲੇਵੈਲਿੰਗ ਦਾ ਖਾਕਾ ਤਿਆਰ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਡਰੇਨ ਅਤੇ ਨਾਲਿਆਂ ਦੀ ਸਫਾਈ ਦਾ ਰਿਕਾਰਡ ਇਕ ਹਫਤੇ ਵਿੱਚ ਉਨ੍ਹਾਂ ਦੇ ਦਫਤਰ ਨੂੰ ਭੇਜਿਆ ਜਾਵੇ।

ਉਨ੍ਹਾਂ ਆਦੇਸ਼ ਦਿੱਤੇ ਕਿ ਜਲ ਸਰੋਤ ਵਿਭਾਗ ਦੇ ਜਿੰਨੇ ਵੀ ਰੈਸਟ ਹਾਊਸ ਹਨ, ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਵੀ ਇਕ ਹਫਤੇ ਵਿੱਚ ਰਿਪੋਰਟ ਭੇਜੀ ਜਾਵੇ।

SYL ਮੁੱਦੇ ‘ਤੇ ਪੰਜਾਬ ਤੇ ਹਰਿਆਣਾ ਦੇ CM ਵਿਚਾਲੇ ਅੱਜ ਹੋਵੇਗੀ ਮੀਟਿੰਗ

0

ਸਤਲੁਜ-ਯਮੁਨਾ ਲਿੰਕ ਨਹਿਰ (SYL) ਵਿਵਾਦ ‘ਤੇ ਅੱਜ ਵੀਰਵਾਰ ਨੂੰ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਹੋਵੇਗੀ। ਸ਼ਾਮ 4 ਵਜੇ ਹੋਣ ਵਾਲੀ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਰਨਗੇ। ਇਸ ਵਿਵਾਦ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਇਹ ਤੀਜੀ ਮੀਟਿੰਗ ਹੈ।

ਪਹਿਲੀਆਂ ਦੋ ਮੀਟਿੰਗਾਂ ਬੇਸਿੱਟਾ ਰਹੀਆਂ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਐਸਵਾਈਐਲ ਨਹਿਰ ਦੀ ਉਸਾਰੀ ਨਾਲ ਸਬੰਧਤ ਕਿਸੇ ਵੀ ਅੜਿੱਕੇ ਜਾਂ ਮੁੱਦਿਆਂ ਨੂੰ ਹੱਲ ਕਰਨ ਲਈ ਮੀਟਿੰਗ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਭਾਵੇਂ ਮਾਨ ਨੇ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਉਹ ਪਹਿਲਾਂ ਵਾਂਗ ਇਸ ਗੱਲ ‘ਤੇ ਅੜੇ ਹੋਏ ਹਨ ਕਿ ਉਨ੍ਹਾਂ ਦੇ ਸੂਬੇ ਕੋਲ ਵੰਡਣ ਲਈ ਵਾਧੂ ਪਾਣੀ ਨਹੀਂ ਹੈ।

ਮੱਧ ਪ੍ਰਦੇਸ਼ ‘ਚ ਵਾਪਰਿਆ ਭਿਆਨਕ ਹਾਦਸਾ, 12 ਲੋਕਾਂ ਦੀ ਹੋਈ ਮੌ.ਤ

0

ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਟਿਪਰ ਅਤੇ ਬੱਸ ਵਿਚਾਲੇ ਹੋਈ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਕਈ ਸਵਾਰੀਆਂ ਜਲ ਗਈਆਂ। ਜਲਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਐਸਪੀ ਵਿਜੇ ਖੱਤਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

ਬੁਰੀ ਤਰ੍ਹਾਂ ਝੁਲਸੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਗੁਨਾ ਦੇ ਜ਼ਿਲਾ ਕੁਲੈਕਟਰ ਤਰੁਣ ਰਾਠੀ ਨੇ ਦੱਸਿਆ ਕਿ ਹਾਦਸੇ ‘ਚ ਜ਼ਖਮੀ ਹੋਏ 14 ਲੋਕਾਂ ਨੂੰ ਗੁਨਾ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 12 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਉਨ੍ਹਾਂ ਦੱਸਿਆ ਕਿ ਜਾਪਦਾ ਹੈ ਕਿ ਗੁਨਾ-ਹਾਰੋਂ ਰੋਡ ‘ਤੇ ਟਿਪਰ ਅਤੇ ਬੱਸ ਵਿਚਾਲੇ ਹੋਈ ਟੱਕਰ ਕਾਰਨ ਬੱਸ ਨੂੰ ਅੱਗ ਲੱਗ ਗਈ।ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਲਾਸ਼ਾਂ ਨੂੰ ਬਰਾਮਦ ਕਰਨਾ ਅਤੇ ਜ਼ਖਮੀਆਂ ਦਾ ਇਲਾਜ ਕਰਨਾ ਹੈ।ਅਗਲੇਰੀ ਜਾਂਚ ਜਾਰੀ ਹੈ।

ਸਾਲ 2023 ਦੌਰਾਨ ਭ੍ਰਿਸ਼ਟਾਚਾਰ ਦੇ ਕੇਸਾਂ ‘ਚ ਵਿਜੀਲੈਂਸ ਵੱਲੋਂ 288 ਮੁਲਜ਼ਮ ਗ੍ਰਿਫ਼ਤਾਰ

0

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦਿਆਂ ਸਾਲ 2023 ਦੌਰਾਨ 26 ਦਸੰਬਰ ਤੱਕ ਦਰਜ ਕੀਤੇ ਗਏ ਕੁੱਲ 251 ਟਰੈਪ ਕੇਸਾਂ, ਅਪਰਾਧਿਕ ਮਾਮਲਿਆਂ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸਾਂ ਵਿੱਚ 288 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਉਕਤ ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵਿੱਚ 66 ਪੁਲਿਸ ਕਰਮਚਾਰੀਆਂ ਅਤੇ 44 ਮਾਲ ਅਧਿਕਾਰੀਆਂ/ਕਰਮਚਾਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਮਾਮਲਿਆਂ ਵਿੱਚ 7 ਰਾਜਨੀਤਿਕ ਆਗੂਆਂ ਅਤੇ 70 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। ਇਸ ਦੇ ਨਾਲ ਹੀ ਇਸ ਸਾਲ ਦੌਰਾਨ 133 ਵੱਖ-ਵੱਖ ਟਰੈਪ ਕੇਸਾਂ ਵਿੱਚ 59,57,000 ਰੁਪਏ ਦੀ ਰਕਮ ਬਰਾਮਦ ਕੀਤੀ ਗਈ।

ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਰਿਸ਼ਵਤ ਲੈਣ ਵਾਲਿਆਂ ਨੂੰ ਨੱਥ ਪਾਉਣ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਬਹੁ-ਪੱਖੀ ਪਹੁੰਚ ਅਪਣਾਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੌਰਾਨ ਵਿਜੀਲੈਂਸ ਬਿਊਰੋ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੇ ਅਣਥੱਕ ਮਿਹਨਤ, ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦਿਆਂ ਹਰੇਕ ਖੇਤਰ ਵਿੱਚ ਸਰਕਾਰੀ ਮੁਲਾਜ਼ਮਾਂ ਅਤੇ ਹੋਰਨਾਂ ਵਿੱਚ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਗਤੀਵਿਧੀਆਂ ਦੇ ਖਾਤਮੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ‘ਤੇ ਡਟ ਕੇ ਪਹਿਰਾ ਦਿੱਤਾ ਤੇ ਦੋਸ਼ੀਆਂ ਖਿਲਾਫ ਮੁਕੱਦਮੇ ਦਰਜ ਕੀਤੇ।

ਵਿਜੀਲੈਂਸ ਬਿਊਰੋ ਦੀ ਕਾਰਗੁਜ਼ਾਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਬਿਊਰੋ ਨੇ 103 ਅਪਰਾਧਿਕ ਅਤੇ 15 ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਦਰਜ ਕੀਤੇ ਹਨ। ਇਸ ਮਿਆਦ ਦੇ ਅੰਦਰ ਵੱਖ ਵੱਖ ਵਿਸ਼ੇਸ਼ ਅਦਾਲਤਾਂ ਨੇ ਵਿਜੀਲੈਂਸ ਬਿਊਰੋ ਵੱਲੋਂ ਦਾਇਰ ਕੀਤੇ ਗਏ 33 ਕੇਸਾਂ ਦਾ ਫੈਸਲਾ ਕੀਤਾ ਜਿਸ ਦੇ ਨਤੀਜੇ ਵਜੋਂ 43 ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸਜ਼ਾ ਸੁਣਾਈ ਗਈ। ਵਿਜੀਲੈਂਸ ਨੇ ਇਸ ਸਮੇਂ ਦੌਰਾਨ ਵੱਖ-ਵੱਖ ਅਦਾਲਤਾਂ ਵਿੱਚ 181 ਕੇਸਾਂ ਦੇ ਚਲਾਨ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਨਾਲ ਸਬੰਧਤ ਕੇਸਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ 82 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 23-03-2022 ਤੋਂ ਆਰੰਭੀ ਗਈ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੂੰ 26-12-2023 ਤੱਕ ਆਡੀਓ-ਵੀਡੀਓ ਰਿਕਾਰਡਿੰਗਾਂ ਦੇ ਸਬੂਤਾਂ ਸਮੇਤ 11,074 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਇਨ੍ਹਾਂ ਵਿੱਚੋਂ 5740 ਸ਼ਿਕਾਇਤਾਂ ਸਬੰਧਤ ਵਿਭਾਗਾਂ ਨੂੰ ਕਾਰਵਾਈ ਹਿੱਤ ਭੇਜ ਦਿੱਤੀਆਂ ਗਈਆਂ ਅਤੇ 630 ਸ਼ਿਕਾਇਤਾਂ ਵੱਖ-ਵੱਖ ਵਿਜੀਲੈਂਸ ਰੇਂਜਾਂ ਨੂੰ ਭੇਜੀਆਂ ਗਈਆਂ ਤਾਂ ਜੋ ਇਨ੍ਹਾਂ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾ ਸਕੇ। ਵਿਜੀਲੈਂਸ ਰੇਂਜਾਂ ਦੁਆਰਾ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਹੁਣ ਤੱਕ ਦਰਜ ਕੀਤੀਆਂ 124 ਐਫਆਈਆਰਜ਼ ਵਿੱਚ 151 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਵੱਖ-ਵੱਖ ਟਰੈਪ ਕੇਸਾਂ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਵੱਖ-ਵੱਖ ਵਿਜੀਲੈਂਸ ਰੇਂਜਾਂ ਵੱਲੋਂ ਦਰਜ ਕੀਤੇ ਗਏ ਕੁਝ ਖਾਸ ਕੇਸਾਂ ਬਾਰੇ ਦੱਸਿਆ ਕਿ ਸਾਲ 2023 ਦੌਰਾਨ ਵਿਜੀਲੈਂਸ ਬਿਓਰੋ ਰੇਂਜ ਬਠਿੰਡਾ ਵੱਲੋਂ ਬਲਜੀਤ ਸਿੰਘ ਬਰਾੜ, ਡੀ.ਐਸ.ਪੀ, ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ, ਅਮਿਤ ਰਤਨ, ਵਿਧਾਇਕ, ਬਠਿੰਡਾ ਦਿਹਾਤੀ ਨੂੰ 4,00,000 ਰੁਪਏ ਰਿਸ਼ਵਤ ਲੈਂਦਿਆਂ, ਆਰ.ਕੇ. ਗੁਪਤਾ, ਸੁਪਰਡੈਂਟ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਮੋਹਾਲੀ ਨੂੰ 1,00,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ।

ਇਸੇ ਤਰ੍ਹਾਂ ਵਿਜੀਲੈਂਸ ਰੇਂਜ ਜਲੰਧਰ ਵੱਲੋਂ ਸਰਤਾਜ ਸਿੰਘ ਰੰਧਾਵਾ ਕਾਰਜਕਾਰੀ ਇੰਜਨੀਅਰ ਮਾਈਨਿੰਗ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਹਰਜਿੰਦਰ ਸਿੰਘ ਐਸ.ਡੀ.ਓ, ਮਾਈਨਿੰਗ, ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ 5,00,000 ਰੁਪਏ ਰਿਸ਼ਵਤ ਲੈਂਦਿਆਂ ਅਤੇ ਸਰਬਜੀਤ ਸਿੰਘ ਐਸ.ਡੀ.ਓ ਮਾਈਨਿੰਗ ਅਤੇ ਹੋਰਾਂ ਨੂੰ 40,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਵਿਖੇ ਤਾਇਨਾਤ ਐਸਐਮਓ ਡਾ. ਪੂਨਮ ਗੋਇਲ ਅਤੇ ਡਾ. ਗੌਰਵ ਜੈਨ ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਵਿਜੀਲੈਂਸ ਰੇਂਜ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਅਮਰਜੀਤ ਕੁਮਾਰ, ਸਹਾਇਕ ਇੰਜੀਨੀਅਰ (ਵਾਧੂ ਚਾਰਜ ਪੰਚਾਇਤ ਵਿਭਾਗ, ਰਾਜਪੁਰਾ) ਨੂੰ 2,00,000 ਰੁਪਏ ਅਤੇ ਮਨੀਸ਼ ਕੁਮਾਰ ਜਿੰਦਲ, ਵਧੀਕ ਸੁਪਰਡੈਂਟ ਇੰਜੀਨੀਅਰ, ਸਬ-ਡਵੀਜ਼ਨ ਪੀ.ਐਸ.ਪੀ.ਸੀ.ਐਲ. ਲਹਿਰਾ ਗਾਗਾ, ਸੰਗਰੂਰ ਨੂੰ 45,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ।

ਇਸ ਤੋਂ ਇਲਾਵਾ ਅੰਮ੍ਰਿਤਸਰ ਯੂਨਿਟ ਵੱਲੋਂ ਵਿਪਨ ਕੁਮਾਰ ਸ਼ਰਮਾ, ਬੀ.ਡੀ.ਪੀ.ਓ., ਬਲਾਕ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਨੂੰ 15,000 ਰੁਪਏ ਰਿਸ਼ਵਤ ਲੈਣ, ਜਦਕਿ ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਅਥਾਰਟੀ (ਪੁੱਡਾ), ਅੰਮ੍ਰਿਤਸਰ ਦੇ ਕਾਰਜਕਾਰੀ ਇੰਜਨੀਅਰ ਗੁਰਪ੍ਰੀਤ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਸੁਖਵਿੰਦਰ ਸਿੰਘ ਮੁਲਤਾਨੀ, ਕਾਰਜਕਾਰੀ ਇੰਜੀਨੀਅਰ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਵਿਜੀਲੈਂਸ ਰੇਂਜ ਅੰਮ੍ਰਿਤਸਰ ਨੇ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਇੱਕ ਹੋਰ ਮਾਮਲੇ ਵਿੱਚ ਨਿੱਜੀ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਜ਼ਮੀਨ ਅਲਾਟ ਕਰਨ ਦੇ ਦੋਸ਼ ਹੇਠ ਕੁਲਦੀਪ ਸਿੰਘ, ਡੀਡੀਪੀਓ (ਸੇਵਾਮੁਕਤ) ਅਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਵਿਜੀਲੈਂਸ ਰੇਂਜ ਆਰਥਿਕ ਅਪਰਾਧ ਵਿੰਗ, ਲੁਧਿਆਣਾ ਨੇ ਫਾਰਮੇਸੀ ਦੀਆਂ ਡਿਗਰੀਆਂ ਦੇਣ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ ਵਿੱਚ ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਸਾਬਕਾ ਰਜਿਸਟਰਾਰ ਪ੍ਰਵੀਨ ਕੁਮਾਰ ਭਾਰਦਵਾਜ ਅਤੇ ਡਾ. ਤੇਜਵੀਰ ਸਿੰਘ ਤੋਂ ਇਲਾਵਾ ਲੇਖਾਕਾਰ (ਹੁਣ ਸੁਪਰਡੈਂਟ) ਅਸ਼ੋਕ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ ਰੇਂਜ ਪੰਜਾਬ ਨੇ ਸੂਬੇ ਨੂੰ ਮਾਲੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕਈ ਸਿਆਸੀ ਆਗੂਆਂ, ਗਜ਼ਟਿਡ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚ ਮੈਨੇਜਿੰਗ ਡਾਇਰੈਕਟਰ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਨੀਲਿਮਾ, ਆਈ.ਏ.ਐਸ., ਪੰਜਾਬ ਦੇ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਅਤੇ ਗੁਲਮੋਹਰ ਟਾਊਨਸ਼ਿਪ ਮੋਹਾਲੀ ਦਾ ਮਾਲਕ ਜਗਦੀਪ ਸਿੰਘ ਅਤੇ ਹੋਰ ਸ਼ਾਮਲ ਸਨ। ਇਸ ਤੋਂ ਇਲਾਵਾ, ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਨਾਂ ਵਿਰੁੱਧ ਪਲਾਟਾਂ ਦੀ ਖਰੀਦ ਵਿਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਸੀ। ਇਸੇ ਤਰ੍ਹਾਂ ਏ.ਆਈ.ਜੀ., ਮਨੁੱਖੀ ਅਧਿਕਾਰ, ਪੰਜਾਬ ਪੁਲਿਸ ਮਾਲਵਿੰਦਰ ਸਿੰਘ ਸਿੱਧੂ ਅਤੇ ਹੋਰਨਾਂ ਨੂੰ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।

ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਉਂਦਿਆਂ ਵਿਜੀਲੈਂਸ ਬਿਓਰੋ ਨੇ ਜਗਦੀਪ ਸਿੰਘ ਜੌਹਲ, ਪੀ.ਸੀ.ਐਸ., ਦਿਨੇਸ਼ ਕੁਮਾਰ, ਡਿਪਟੀ ਡਾਇਰੈਕਟਰ (ਸੇਵਾਮੁਕਤ), ਬਾਗਬਾਨੀ, ਜਸਪ੍ਰੀਤ ਸਿੰਘ ਸਿੱਧੂ ਅਤੇ ਵੈਸ਼ਾਲੀ (ਦੋਵੇਂ ਬਾਗਬਾਨੀ ਵਿਕਾਸ ਅਫ਼ਸਰ) ਅਤੇ ਹੋਰਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ‘ਤੇ ਅਮਰੂਦਾਂ ਦਾ ਬਾਗ ਦਿਖਾ ਕੇ ਗੈਰ-ਕਾਨੂੰਨੀ ਢੰਗ ਨਾਲ ਮੁਆਵਜ਼ਾ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਸਰਕਾਰ ਨੂੰ 4.78 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਪੀ.ਐਸ.ਪੀ.ਸੀ.ਐਲ. ਦੇ ਜਗਮੋਹਨ ਸਿੰਘ, ਰਵਿੰਦਰ ਸਿੰਘ ਅਤੇ ਵਿਨੋਦ ਕੁਮਾਰ, ਸਾਰੇ ਚੀਫ਼ ਇੰਜਨੀਅਰ (ਸੇਵਾਮੁਕਤ), ਐਮ.ਆਰ. ਥਾਪਰ ਅਤੇ ਪਰਮਿੰਦਰ ਸਿੰਘ, ਦੋਵੇਂ ਡਿਪਟੀ ਚੀਫ਼ ਇੰਜਨੀਅਰ (ਸੇਵਾਮੁਕਤ), ਸੁਖਵੰਤ ਸਿੰਘ ਏ.ਈ.ਈ (ਹੁਣ ਏ.ਈ.), ਜਸਵਿੰਦਰ ਸਿੰਘ ਵਿਰਦੀ, ਏ.ਈ.ਈ., ਅਤੇ ਹੋਰਨਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਰਵੀ ਪੰਕਜ ਸ਼ਰਮਾ, ਸਹਾਇਕ ਟਾਊਨ ਪਲਾਨਰ, ਜਲੰਧਰ ਅਤੇ ਹੋਰਾਂ ਨੂੰ 8,00,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ।

ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਰ.ਟੀ.ਏ, ਲੁਧਿਆਣਾ ਵਜੋਂ ਤਾਇਨਾਤ ਪੀ.ਸੀ.ਐਸ. ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ, ਵਿਰੁੱਧ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵੱਲੋਂ ਪ੍ਰਾਈਵੇਟ ਟਰਾਂਸਪੋਰਟਰਾਂ ਤੋਂ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2008-2009 ਵਿੱਚ ਡਾਕਟਰਾਂ ਦੀ ਭਰਤੀ ਵਿੱਚ ਘੁਟਾਲੇ ਕਰਨ ਦੇ ਦੋਸ਼ ਵਿੱਚ ਡਾ. ਸਤਵੰਤ ਸਿੰਘ ਮੋਹੀ, ਸਾਬਕਾ ਮੈਂਬਰ, ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.), ਪਟਿਆਲਾ ਅਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਸਿਆਸੀ ਆਗੂਆਂ, ਗਜ਼ਟਿਡ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਉਪ ਮੁੱਖ ਮੰਤਰੀ ਪੰਜਾਬ ਓ.ਪੀ.ਸੋਨੀ, ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਸਾਬਕਾ ਵਿਧਾਇਕ, ਫਿਰੋਜ਼ਪੁਰ ਦਿਹਾਤੀ ਸਤਕਾਰ ਕੌਰ ਗਹਿਰੀ ਅਤੇ ਉਸ ਦਾ ਪਤੀ ਜਸਮੇਲ ਸਿੰਘ, ਸਾਬਕਾ ਵਿਧਾਇਕ ਅਤੇ ਸਾਬਕਾ ਮੈਂਬਰ, ਪੀ.ਪੀ.ਐੱਸ.ਸੀ. ਪਟਿਆਲਾ ਡਾ. ਸਤਵੰਤ ਸਿੰਘ ਮੋਹੀ, ਏ.ਆਈ.ਜੀ. ਅਸ਼ੀਸ਼ ਕਪੂਰ, ਪੀ.ਪੀ.ਐਸ., ਅਤੇ ਉਸ ਦੀ ਪਤਨੀ ਕਮਲ ਕਪੂਰ ਅਤੇ ਸਾਬਕਾ ਡਿਪਟੀ ਆਬਕਾਰੀ ਅਤੇ ਕਰ ਕਮਿਸ਼ਨਰ (ਡੀ.ਈ.ਟੀ.ਸੀ.), ਪਟਿਆਲਾ ਯੁਵਿੰਦਰ ਸਿੰਘ ਮੱਤਾ ਸ਼ਾਮਲ ਹਨ।

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਗੋਆ ਵਿੱਚ ਪੰਜਾਬ ਸਰਕਾਰ ਦੀ ਜ਼ਮੀਨ ਬਹੁਤ ਘੱਟ ਕੀਮਤ ‘ਤੇ ਲੀਜ਼ ‘ਤੇ ਦੇਣ ਸਬੰਧੀ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਡਾਇਰੈਕਟਰ ਸੈਰ ਸਪਾਟਾ ਕਮਲਪ੍ਰੀਤ ਬਰਾੜ, ਆਈ.ਏ.ਐਸ ਅਤੇ ਸੰਜੇ ਕੁਮਾਰ, ਆਈ.ਏ.ਐਸ. (ਸੇਵਾਮੁਕਤ) ਵਿਰੁੱਧ ਇਸ ਸਾਲ ਵਿਜੀਲੈਂਸ ਜਾਂਚ (ਵੀ.ਈਜ਼) ਦਰਜ ਕੀਤੀ ਗਈ। ਹੈ। ਇਸ ਤੋਂ ਇਲਾਵਾ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਜਾਰੀ ਫੰਡਾਂ ਵਿੱਚ 303.90 ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਅਤੇ ਹੋਰਨਾਂ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵਿਜੀਲੈਂਸ ਜਾਂਚ ਦਰਜ ਕੀਤੀ ਗਈ।

ਇਸ ਤੋਂ ਇਲਾਵਾ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਸਾਬਕਾ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ, ਕੰਜ਼ਰਵੇਟਰ ਆਫ ਫਾਰੈਸਟਸ, ਸ਼ਿਵਾਲਿਕ ਪਹਾੜੀਆਂ, ਪੰਜਾਬ ਵਿਸ਼ਾਲ ਚੌਹਾਨ, ਆਈ.ਐਫ.ਐਸ., ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਆਈ.ਏ.ਐਸ. (ਸੇਵਾਮੁਕਤ), ਡਾ. ਸਵਰਨ ਸਿੰਘ ਚੰਨੀ, ਆਈ.ਏ.ਐਸ. (ਸੇਵਾਮੁਕਤ), ਜਗਦੀਸ਼ ਸਿੰਘ ਜੌਹਲ, ਪੀ.ਸੀ.ਐਸ. (ਸੇਵਾਮੁਕਤ), ਭੂਮੀ ਗ੍ਰਹਿਣ ਅਫ਼ਸਰ, ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ), ਮੇਅਰ, ਨਗਰ ਨਿਗਮ ਐਸ.ਏ.ਐਸ. ਨਗਰ ਅਮਰਜੀਤ ਸਿੰਘ ਜੀਤੀ, ਏ.ਆਈ.ਜੀ., ਹਿਊਮਨ ਰਾਈਟਸ ਸੈੱਲ, ਪੰਜਾਬ ਪੁਲਿਸ ਮਲਵਿੰਦਰ ਸਿੰਘ ਸਿੱਧੂ, ਪੀ.ਪੀ.ਐਸ., ਕਾਰਜਕਾਰੀ ਅਧਿਕਾਰੀ, ਕੋਆਰਡੀਨੇਸ਼ਨ, ਪੁੱਡਾ, ਐਸ.ਏ.ਐਸ. ਨਗਰ ਮਹੇਸ਼ ਬਾਂਸਲ, ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਸੰਗਰੂਰ ਵਿਪਨ ਬਾਂਸਲ, ਕਮਾਂਡੈਂਟ ਜਨਰਲ, ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਕੁਲਤਾਰਨ ਸਿੰਘ ਘੁੰਮਣ, ਮੁੱਖ ਵਾਤਾਵਰਣ ਇੰਜੀਨੀਅਰ, ਪੀਪੀਸੀਬੀ, ਲੁਧਿਆਣਾ ਸੰਦੀਪ ਬਹਿਲ ਅਤੇ ਅਮਰੂਦ ਦੇ ਬਾਗ ਸਬੰਧੀ ਮਾਮਲੇ ਦਾ ਮੁੱਖ ਦੋਸ਼ੀ ਬਚਿੱਤਰ ਸਿੰਘ, ਪਟਵਾਰੀ ਵਿਰੁੱਧ ਵਿਜੀਲੈਂਸ ਜਾਂਚ ਸ਼ੁਰੂ ਕੀਤੀ ਗਈ।

ਉਨ੍ਹਾਂ ਅੱਗੇ ਕਿਹਾ ਕਿ ਵਿਜੀਲੈਂਸ ਜਾਗਰੂਕਤਾ ਸਪਤਾਹ ਦੌਰਾਨ, ਵਿਜੀਲੈਂਸ ਬਿਊਰੋ ਵੱਲੋਂ ਸੂਬਾ ਪੱਧਰੀ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਵਿੱਚ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸੈਮੀਨਾਰ ਅਤੇ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਅਤੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਮਾਨਦਾਰੀ ਦੀ ਸਹੁੰ ਵੀ ਚੁਕਾਈ ਗਈ।

ਖਰੜ ‘ਚ ਲੁਟੇਰੇ ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ ਸੋਨਾ ਤੇ ਲੱਖਾਂ ਦੀ ਨਕਦੀ ਲੈ ਹੋਏ ਫਰਾਰ

0

ਖਰੜ ‘ਚ ਦੋ ਲੁਟੇਰਿਆਂ ਨੇ ਘਰ ‘ਚ ਦਾਖਲ ਹੋ ਕੇ ਇਕੱਲੀ ਪਈ ਬਜ਼ੁਰਗ ਔਰਤ ਦੇ ਹੱਥ-ਮੂੰਹ ਬੰਨ੍ਹ ਕੇ ਘਰ ‘ਚ ਰੱਖੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਲਏ ਅਤੇ ਫਰਾਰ ਹੋ ਗਏ। ਔਰਤ ਦਾ ਪੁੱਤਰ ਕੋਰੀਓਗ੍ਰਾਫਰ ਹੈ।

ਇਹ ਘਟਨਾ ਸੋਮਵਾਰ ਰਾਤ ਕਰੀਬ 9.15 ਵਜੇ ਸ਼ਿਵਜੋਤ ਇਨਕਲੇਵ ਦੇ ਗੇਟ ਨੰਬਰ 3 ਨੇੜੇ ਫਲੈਟ ਨੰਬਰ 39 ਦੀ ਉਪਰਲੀ ਮੰਜ਼ਿਲ ‘ਤੇ ਵਾਪਰੀ। ਬਦਮਾਸ਼ ਘਰ ‘ਚੋਂ ਕਰੀਬ 25 ਤੋਲੇ ਸੋਨੇ ਦੇ ਗਹਿਣੇ ਅਤੇ ਪੰਜ ਲੱਖ ਰੁਪਏ ਚੋਰੀ ਕਰਕੇ ਲੈ ਗਏ ਹਨ। ਪੁਲਿਸ ਨੇ ਕੋਰੀਓਗ੍ਰਾਫਰ ਰਜਨੀਸ਼ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਵਜੋਤ ਐਨਕਲੇਵ ਦੀ ਸੰਘਣੀ ਆਬਾਦੀ ਵਿੱਚ ਵਾਪਰੀ ਇਸ ਘਟਨਾ ਕਾਰਨ ਉਥੇ ਰਹਿਣ ਵਾਲੇ ਲੋਕ ਬੇਹੱਦ ਡਰੇ ਹੋਏ ਹਨ। ਖਰੜ ਦੇ ਡੀਐਸਪੀ ਕਰਨ ਸਿੰਘ ਸੰਧੂ, ਸਿਟੀ ਪੁਲੀਸ ਦੇ ਐਸਐਚਓ ਮਨਦੀਪ ਸਿੰਘ ਸਮੇਤ ਪੁਲਿਸ ਮੁਲਾਜ਼ਮਾਂ ਨੇ ਮੰਗਲਵਾਰ ਸ਼ਾਮ ਮੌਕੇ ਦਾ ਮੁਆਇਨਾ ਕੀਤਾ। ਸੂਚਨਾ ਤੋਂ ਬਾਅਦ ਰਜਨੀਸ਼ ਦੀ ਪਤਨੀ ਵੀ ਉੱਥੇ ਪਹੁੰਚ ਗਈ। ਜਦੋਂਕਿ ਰਜਨੀਸ਼ ਨੇ ਡਰੀ ਹੋਈ ਮਾਂ ਨੂੰ ਹੁਸ਼ਿਆਰਪੁਰ ਭੇਜ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਿਸ ਤਰੀਕੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਲੱਗਦਾ ਹੈ ਕਿ ਲੁਟੇਰੇ ਪਰਿਵਾਰ ਦੇ ਜਾਣਕਾਰ ਸਨ। ਉਨ੍ਹਾਂ ਨੇ ਰਜਨੀਸ਼ ਦੇ ਜਾਣ ਤੋਂ 5 ਮਿੰਟ ਬਾਅਦ ਹੀ ਘਰ ਦਾ ਦਰਵਾਜ਼ਾ ਖੜਕਿਆ ਅਤੇ ਉਨ੍ਹਾਂ ਦੀ ਮਾਂ ਨੂੰ ਰਜਨੀਸ਼ ਦਾ ਜਾਣਕਾਰ ਦੱਸ ਕੇ ਦਰਵਾਜ਼ਾ ਖੁਲ੍ਹਵਾਇਆ।

ਸ਼ਿਵਜੋਤ ਇਨਕਲੇਵ ਵਿੱਚ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ, ਉਹ ਇਲਾਕਾ ਕਾਫੀ ਭੀੜ ਵਾਲਾ ਹੈ। ਇਸ ਤੋਂ ਇਲਾਵਾ ਕਾਲੋਨੀ ਵਿੱਚ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਹਨ। ਫਿਰ ਵੀ ਇਲਾਕੇ ਵਿੱਚ ਅਜਿਹੀ ਵੱਡੀ ਘਟਨਾ ਕਲੋਨੀ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦੀ ਹੈ।

BSF ਤੇ ਪੁਲਿਸ ਨੇ ਸਰਚ ਮੁਹਿੰਮ ਤਹਿਤ ਬਰਾਮਦ ਕੀਤੀ 4 ਕਿਲੋ ਹੈਰੋ.ਇਨ

0

ਜਲਾਲਾਬਾਦ ਵਿਚ ਸਰਹੱਦ ਪਾਰ ਡ੍ਰੋਨ ਐਕਟੀਵਿਟੀ ਹੋਣ ‘ਤੇ ਚਲਾਏ ਗਏ ਪੰਜਾਬ ਪੁਲਿਸ ਤੇ ਬੀਐੱਸਐੱਫ ਦੀ ਸੰਯੁਕਤ ਚੈਕਿੰਗ ਮੁਹਿੰਮ ਵਿਚ 4 ਕਿਲੋ 177 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ ਜਿਸ ਦੇ ਬਾਅਦ ਸਦਰ ਜਲਾਲਾਬਾਦ ਪੁਲਿਸ ਨੇ ਅਣਪਛਾਤੇ ਤਸਕਰ ਖਿਲਾਫ NDPS ਐਕਟ ਦੀ ਧਾਰਾ 21-ਸੀ, 23, 61 ਤੇ 85 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਜਾਂਚ ਅਧਿਕਾਰੀ ਸੀਆਈਏ ਸਟਾਫ ਫਾਜ਼ਿਲਕਾ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੇ ਹੁਕਮਾਂ ‘ਤੇ ਪਿੰਡ ਜੋਧਾ ਭੈਣੀ ਵਿਚ ਡ੍ਰੋਨ ਐਕਟੀਵਿਟੀ ਹੋਣ ਦੀ ਸੂਚਨਾ ‘ਤੇ BSF ਤੇ ਪੁਲਿਸ ਵਲੋਂ ਡੀਐੱਸਪੀ ਜਲਾਲਾਬਾਦ ਦੀ ਅਗਵਾਈ ਵਿਚ ਸਰਚ ਮੁਹਿੰਮ ਚਲਾਈ ਗਈ ਸੀ। ਇਸ ਸਰਚ ਮੁਹਿੰਮ ਵਿਚ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਸੁੱਟੇ ਗਏ ਦੋ ਥੈਲਿਆਂ ਵਿਚ 8 ਪੈਕੇਟ ਬਰਾਮਦ ਹੋਏ।

ਜਿਸ ਵਿਚੋਂ ਕੁੱਲ 4 ਕਿਲੋ 177 ਗ੍ਰਾਮ ਹੈਰੋਇਨ ਸੀ ਜਿਸ ਨੂੰ ਕਬਜ਼ੇ ਵਿਚ ਲੈਂਦੇ ਹੋਏ ਸਦਰ ਜਲਾਲਾਬਾਦ ਪੁਲਿਸ ਨੇ ਅਣਪਛਾਤੇ ਤਸਕਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਪਿੰਡ ਜੋਧਾ ਭੈਣੀ ਵਿਚ ਸਰਚ ਮੁਹਿੰਮ ਦੌਰਾਨ 2 ਕਿਲੋ 98 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਸੀ। ਜਿਸ ਵਿਚ ਅਣਪਛਾਤੇ ਤਸਕਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਦੱਖਣੀ ਕੋਰੀਆ ਦੇ ਮਸ਼ਹੂਰ ਅਦਾਕਾਰ Lee Sun Kyun ਦੀ ਮੌ.ਤ

0

ਦੱਖਣੀ ਕੋਰੀਆਈ ਅਦਾਕਾਰ Lee Sun Kyun ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 48 ਸਾਲਾਂ ਦੇ ਸਨ। ਅਭਿਨੇਤਾ ਨੂੰ ਕਥਿਤ ਤੌਰ ‘ਤੇ ਸਿਓਲ ਦੇ ਸੀਓਂਗਬੁਕ ਜ਼ਿਲ੍ਹੇ ਵਿਚ ਆਪਣੀ ਕਾਰ ਵਿਚ ਬੇਹੋਸ਼ ਪਾਇਆ ਗਿਆ ਸੀ ਅਤੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਉਸਨੇ ਫਿਲਮ ਪੈਰਾਸਾਈਟ ਵਿੱਚ ਆਪਣੀ ਅਦਾਕਾਰੀ ਨਾਲ ਦੁਨੀਆ ਭਰ ਵਿੱਚ ਵਿਸ਼ੇਸ਼ ਪਛਾਣ ਪ੍ਰਾਪਤ ਕੀਤੀ।

ਕਈ ਦੱਖਣੀ ਕੋਰੀਆਈ ਨਿਊਜ਼ ਏਜੰਸੀਆਂ ਨੇ ਐਕਸ ‘ਤੇ Lee Sun Kyun ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉਹ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਜਾਂਚ ਦਾ ਸਾਹਮਣਾ ਕਰ ਰਹੇ ਸੀ। ਸੋਮਪੀ ਦੀ ਇੱਕ ਰਿਪੋਰਟ ਅਨੁਸਾਰ ਪੁਲਿਸ ਨੂੰ ਇੱਕ ਔਰਤ ਦਾ ਫ਼ੋਨ ਆਇਆ ਜਿਸ ਨੇ ਕਿਹਾ ਕਿ ਉਸਦਾ ਪਤੀ ਸੁਸਾਈਡ ਨੋਟ ਲਿਖ ਕੇ ਘਰ ਛੱਡ ਗਿਆ ਹੈ। ਬਾਅਦ ਵਿੱਚ, ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਕੋਈ ਹੋਰ ਨਹੀਂ ਬਲਕਿ Lee Sun Kyun ਸੀ।

ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਹੋ ​​ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੂੰ Lee Sun Kyun ਦੀ ਕਾਰ ਦੇ ਅੰਦਰ ਸੜੇ ਹੋਏ ਚਾਰਕੋਲ ਬ੍ਰਿਕੇਟ ਦੇ ਸਬੂਤ ਮਿਲੇ ਹਨ। ਇਸ ਕਾਰਨ ਪੁਲਿਸ ਨੂੰ ਉਸ ਦੀ ਖੁਦਕੁਸ਼ੀ ਦਾ ਸ਼ੱਕ ਹੈ। ਅਭਿਨੇਤਾ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ। ਪੈਰਾਸਾਈਟ ਉਸ ਦੀਆਂ ਸਭ ਤੋਂ ਵੱਡੀਆਂ ਫ਼ਿਲਮਾਂ ਵਿੱਚੋਂ ਇੱਕ ਸੀ। ਇਹ ਫਿਲਮ ਆਸਕਰ ਜਿੱਤਣ ਵਿੱਚ ਵੀ ਸਫਲ ਰਹੀ ਸੀ। ਉਸਨੇ ਮਾਈ ਮਿਸਟਰ, ਕੌਫੀ ਪ੍ਰਿੰਸ ਮਾਈ ਸਵੀਟ ਸੋਲ, ਮਿਸ ਕੋਰੀਆ ਅਤੇ ਏ ਹਾਰਡ ਡੇ ਵਿੱਚ ਵੀ ਅਭਿਨੈ ਕੀਤਾ।

26 ਜਨਵਰੀ ਦੀ ਪਰੇਡ ‘ਚ ਪੰਜਾਬ ਦੀ ਝਾਕੀ ਸ਼ਾਮਲ ਨਾ ਕੀਤੇ ਜਾਣ ‘ਤੇ CM ਮਾਨ ਨੇ ਕੇਂਦਰ ਸਰਕਾਰ ਦਾ ਕੀਤਾ ਵਿਰੋਧ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ 26 ਜਨਵਰੀ ਦੀ ਪਰੇਡ ਵਿਚ ਪੰਜਾਬ ਦੀ ਝਾਕੀ ਸ਼ਾਮਲ ਨਾ ਕੀਤੇ ਜਾਣ ‘ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਸੀਐੱਮ ਮਾਨ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਅਜਿਹਾ ਕਰਕੇ ਕੇਂਦਰ ਨੇ ਪੰਜਾਬ ਨਾਲ ਵੱਡਾ ਧੋਖਾ ਕੀਤਾ ਹੈ।

CM ਮਾਨ ਨੇ ਦੱਸਿਆ ਕਿ ਪਿਛਲੇ ਸਾਲ ਵੀ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਇਸ ਵਾਰ ਕੇਂਦਰ ਵੱਲੋਂ ਸਾਨੂੰ ਚਿੱਠੀ ਲਿਖ ਕੇ ਪੁੱਛਿਆ ਗਿਆ ਸੀ ਕਿ ਉਹ ਆਪਣੀ ਝਾਕੀ ਪੇਸ਼ ਕਰਨਾ ਚਾਹੁੰਦੇ ਹਨ ਤਾਂ ਅਸੀਂ ਕਿਹਾ ਕਿ ਇਸ ਵਾਰ ਅਸੀਂ ਪੰਜਾਬ ਦੀ ਹਾਜ਼ਰੀ ਲਗਵਾਉਣਾ ਚਾਹੁੰਦੇ ਹਾਂ।ਸਾਡੇ ਵੱਲੋਂ ਤਿੰਨ ਪ੍ਰਸਤਾਵ ਤਿਆਰ ਕਰਕੇ ਭੇਜੇ ਸਨ। ਪਹਿਲਾ- ਪੰਜਾਬ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ- ਨਾਰੀ ਸ਼ਕਤੀਕਰਨ ਤੇ ਪੰਜਾਬ ਦਾ ਅਮੀਰ ਵਿਰਸਾ ਤੇ ਇਸਦੀ ਪੇਸ਼ਕਾਰੀ।

ਪਹਿਲੀ ‘ਚ ਭਗਤ ਸਿੰਘ, ਸਾਈਮਨ ਕਮਿਸ਼ਨ ਗੋ ਬੈਕ, ਦੂਜੇ ‘ਚ ਵੀ ਲਗਪਗ ਅਜਿਹਾ ਹੀ ਸੀ। ਦੂਜੀ ਮਾਈ ਭਾਗੋ – ਪਹਿਲੀ ਮਹਿਲਾ ਵਾਰੀਅਰ ਨਾਰੀ ਸ਼ਕਤੀ ਵਜੋਂ ਪੇਸ਼ ਕੀਤੀ। ਤੀਜੇ ਵਿਚ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਤਿੰਨਾਂ ਦੇ ਦੋ ਡਿਜ਼ਾਈਨ ਭੇਜੇ ਗਏ ਸਨ ਪਰ ਕੇਂਦਰ ਵੱਲੋਂ ਉਨ੍ਹਾਂ ਨੂੰ ਪਾਸ ਨਹੀਂ ਕੀਤਾ ਗਿਆ। ਨਾ ਤਾਂ ਪੰਜਾਬ ਤੇ ਨਾ ਹੀ ਦਿੱਲੀ ਦੀ ਝਾਕੀ ਰੱਖੀ ਗਈ। ਇਸ ‘ਤੇ ਕੇਂਦਰ ਵੱਲੋਂ ਜਵਾਬ ਦਿੱਤਾ ਗਿਆ ਕਿ ਕੁਝ ਕੁ ਅਹਿਮ ਸ਼ਹਿਰਾਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ।

ਕੇਂਦਰ ਵੱਲੋਂ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕੀਤੇ ਜਾਣ ‘ਤੇ ਮੁੱਖ ਮੰਤਰੀ ਬਹੁਤ ਹੀ ਨਾਰਾਜ਼ ਹਨ ਤੇ ਉਨ੍ਹਾਂ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹਾਂ ਕਿ ਜੇਕਰ ਮੋਦੀ ਸਰਕਾਰ ਦਾ ਵਸ ਚੱਲ ਤਾਂ ਜਨ-ਗਨ-ਮਨ ਵਿਚੋਂ ਵੀ ਪੰਜਾਬ ਨੂੰ ਕੱਢ ਦੇਣ। ਉਨ੍ਹਾਂ ਕਿਹਾ ਕਿ BJP ਵਾਲੇ ਵਿਕਾਸ ਸੰਕਪਲ ਯਾਤਰਾ ਦੇ ਨਾਂ ‘ਤੇ PM ਮੋਦੀ ਦੀਆਂ ਝਾਕੀਆਂ ਕੱਢ ਰਹੇ ਹਨ ਪਰ ਭਗਤ ਸਿੰਘ ਤੇ ਰਾਜਗੁਰੂ ਉਨ੍ਹਾਂ ਨੂੰ ਪਸੰਦ ਨਹੀਂ ਹਨ। ਉਨ੍ਹਾਂ ਕਿਹਾ ਕਿ ਮੈਂ ਦੇਖਦਾ ਹਾਂ ਕਿ ਹੁਣ ਉਹ ਕਿਹੜੇ ਮੂੰਹ ਨਾਲ ਪੰਜਾਬ ਵਿਚ ਵੋਟਾਂ ਮੰਗਣ ਆਉਣਗੇ। ਉਨ੍ਹਾਂ ਕਿਹਾ ਕਿ ਮੈਂ ਕੇਂਦਰ ਨੂੰ ਭੇਜੀਆਂ ਗਈਆਂ ਝਾਕੀਆਂ ਨੂੰ ਪੰਜਾਬ ਵਿਚ ਦਿਖਾਵਾਂਗਾ ਤੇ ਨਾਲ ਇਹ ਵੀ ਲਿਖਾਂਗਾ ਕਿ ਰਿਜੈਕਟਿਡ ਬਾਏ ਸੈਂਟਰ। ਸਾਨੂੰ ਆਪਣੀ ਵਿਰਾਸਤ ਦਿਖਾਉਣ ਤੋਂ ਰੋਕ ਨਹੀਂ ਸਕਦੇ।