Home Blog Page 1881

ਗੈਂਗਸਟਰ ਦੀਪਕ ਟੀਨੂ ਦੀ ਮਹਿਲਾ ਮਿੱਤਰ ਨੂੰ ਅਦਾਲਤ ਨੇ ਭੇਜਿਆ ਰਿਮਾਂਡ ‘ਤੇ  

0

ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ‘ਚ ਮਾਨਸਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੰਜਾਬ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮ ਤੇ ਫ਼ਰਾਰ ਹੋਏ ਖ਼ਤਰਨਾਕ ਅਪਰਾਧੀ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ’ਚੋਂ ਭੱਜਣ ਦੇ ਮਾਮਲੇ ’ਚ ਉਸ ਦੀ ਮਹਿਲਾ ਮਿੱਤਰ ਨੂੰ ਏ.ਜੀ.ਟੀ.ਐਫ. ਦੀ ਟੀਮ ਨੇ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਮਾਨਸਾ ਪਲਿਸ ਨੂੰ ਉਸਦੀ ਮਹਿਲਾ ਮਿੱਤਰ ਦਾ 14 ਅਕਤੂਬਰ ਤੱਕ 5 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਏ.ਜੀ.ਟੀ.ਐਫ. ਦੀ ਸਿੱਟ ਵੱਲੋਂ ਦੀਪਕ ਦੀ 27 ਸਾਲਾਂ ਗਰਲਫ੍ਰੈਂਡ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ:ਮੁਹਾਲੀ ‘ਚ ਵਾਪਰਿਆ ਦਰਦਨਾਕ ਹਾਦਸਾ, 2 ਮਜ਼ਦੂਰਾਂ ਦੀ ਮੌਤ

ਸੂਤਰਾਂ ਅਨੁਸਾਰ ਟੀਨੂੰ ਦੀ ਗਰਲਫ੍ਰੈਂਡ ਪੁਲਿਸ ਮੁਲਾਜ਼ਮ ਦੱਸੀ ਜਾ ਰਹੀ ਹੈ। ਇਹ ਲੁਧਿਆਣਾ ਦੀ ਰਹਿਣ ਵਾਲੀ ਹੈ। ਜੋ ਕਿ ਇਸ ਸਮੇਂ ਜੀਰਕਪੁਰ ਦੀ ਪੋਰਸ਼ ਕਲੋਨੀ ‘ਚ ਰਹਿ ਰਹੀ ਸੀ। ਲੜਕੀ ਦਾ ਨਾਂ ਜਤਿੰਦਰ ਕੌਰ ਉਰਫ (ਜੋਤੀ) ਦੱਸਿਆ ਜਾ ਰਿਹਾ ਹੈ। ਗੈਂਗਸਟਰ ਵੱਲੋਂ ਇਸਨੂੰ ਇੰਡੈਵਰ ਗੱਡੀ ਵੀ ਗਿਫਟ ਕੀਤੀ ਗਈ ਸੀ। ਇਹ ਲਗਾਤਾਰ ਦੀਪਕ ਟੀਨੂ ਦੇ ਸੰਪਰਕ ‘ਚ ਸੀ ਤੇ ਹਰ ਵਾਰ ਰਿਮਾਂਡ ਸਮੇਂ ਇਸ ਵੱਲੋਂ ਦੀਪਕ ਟੀਨੂ ਨਾਲ ਮੁਲਾਕਾਤ ਵੀ ਕੀਤੀ ਜਾਂਦੀ ਰਹੀ ਸੀ। ਜਿਸਨੂੰ ਹੁਣ ਗ੍ਰਿਫਤਾਰ ਕਰ ਮਾਨਸਾ ਲਿਆਂਦਾ ਗਿਆ ਹੈ। ਦੀਪਕ ਟੀਨੂੰ ਥਾਣਾ ਮੁਖੀ ਪ੍ਰਿਤਪਾਲ ਨੂੰ ਭਰੋਸੇ ‘ਚ ਲੈ ਕੇ ਭੱਜਣ ‘ਚ ਕਾਮਯਾਬ ਹੋਇਆ। ਗੈਂਗਸਟਰ ਦੀਪਕ ਦੀ ਗਰਲਫਰੈਂਡ ਜਤਿੰਦਰ ਤੋਂ ਪੁੱਛਗਿੱਛ ‘ਚ ਕਈ ਵੱਡੇ ਖੁਲਾਸੇ ਹੋਏ ਹਨ।

ਇਹ ਵੀ ਪੜ੍ਹੋ:ਪਿੰਡਾਂ ਵਿੱਚ ਲਗਾਏ ਜਾਣਗੇ ਊਰਜਾ ਦੀ ਬੱਚਤ ਕਰਨ ਵਾਲੇ ਵਾਟਰ ਪੰਪਸੈੱਟ : ਅਮਨ ਅਰੋੜਾ

ਜਤਿੰਦਰ ਕੌਰ ਨੇ ਦੱਸਿਆ ਕਿ ਦੀਪਕ ਲਗਾਤਾਰ ਫੋਨ ‘ਤੇ ਗੱਲ ਕਰਦਾ ਸੀ, ਦੀਪਕ ਕੋਲ ਗੋਇੰਦਵਾਲ ਜੇਲ੍ਹ ‘ਚ ਉਸ ਦਾ ਮੋਬਾਇਲ ਸੀ ਅਤੇ ਉਥੋਂ ਉਹ ਲਗਾਤਾਰ ਗੱਲ ਕਰਦਾ ਸੀ। ਸਾਰੀ ਪਲੈਨਿੰਗ ਉਸੇ ਜੇਲ੍ਹ ਵਿੱਚੋਂ ਭੱਜਣ ਲਈ ਕੀਤੀ ਗਈ ਸੀ ਅਤੇ ਜੇਲ੍ਹ ਵਿੱਚ ਬੰਦ ਚਾਰ-ਪੰਜ ਗੈਂਗਸਟਰਾਂ ਨੇ ਹੀ ਸਾਰੀ ਵਿਉਂਤਬੰਦੀ ਨੂੰ ਅੰਜਾਮ ਦਿੱਤਾ ਸੀ, ਇਹ ਸਾਜ਼ਿਸ਼ ਦੀਪਕ ਨਾਲ ਕਾਫੀ ਸਮੇਂ ਤੋਂ ਰਚੀ ਜਾ ਰਹੀ ਸੀ।ਪੁਲਿਸ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਹੁਣ ਦੀਪਕ ਦੀ ਇਕ ਹੋਰ ਮਹਿਲਾ ਸਾਥੀ ਦੀ ਤਲਾਸ਼ ਕਰ ਰਹੀ ਹੈ, ਜਿਸ ਦੀ ਭੂਮਿਕਾ ਵੀ ਕਾਫੀ ਅਹਿਮ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਸ਼ਾਮਿਲ ਸ਼ੂਟਰ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਾਲੇ ਸੀਆਈਏ ਸਟਾਫ ਮਾਨਸਾ ਦੇ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ 12 ਅਕਤੂਬਰ ਤੱਕ ਪੁਲਿਸ ਰਿਮਾਂਡ ਲਿਆ ਗਿਆ ਹੈ। ਇਸ ਤੋਂ ਪਹਿਲਾਂ ਉਸ ਦਾ 4 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਜਿਸ ਦੌਰਾਨ ਪੁਲਿਸ ਨੂੰ ਉਸ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ ਪਰ ਪੁਲਿਸ ਨੇ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ। ਸੂਤਰਾਂ ਅਨੁਸਾਰ ਪ੍ਰਿਤਪਾਲ ਕੋਲੋਂ ਸਿੱਟ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਗੈਂਗਸਟਰ ਦੀਪਕ ਟੀਨੂੰ ਨੂੰ ਇਕੱਲਾ ਹੀ ਆਪਣੀ ਪ੍ਰਾਈਵੇਟ ਕਾਰ ਵਿਚ ਬਿਠਾ ਕੇ ਆਪਣੀ ਸਰਕਾਰੀ ਰਿਹਾਇਸ਼ ’ਚ ਲੈ ਕੇ ਗਿਆ ਸੀ, ਜਿਥੋਂ ਉਹ ਭੱਜਣ ’ਚ ਸਫਲ ਹੋ ਗਿਆ।

ਪਿੰਡਾਂ ਵਿੱਚ ਲਗਾਏ ਜਾਣਗੇ ਊਰਜਾ ਦੀ ਬੱਚਤ ਕਰਨ ਵਾਲੇ ਵਾਟਰ ਪੰਪਸੈੱਟ : ਅਮਨ ਅਰੋੜਾ

0

ਊਰਜਾ ਦੀ ਬੱਚਤ ਅਤੇ ਵਾਤਾਵਰਣ ਵਿਗਾੜ ਦੀ ਸਮੱਸਿਆ ਨਾਲ ਨਜਿੱਠਣ ਲਈ ਊਰਜਾ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਲਈ ਊਰਜਾ ਦੀ ਸੁਚੱਜੀ ਵਰਤੋਂ ਵਾਲੇ ਪੰਪਸੈੱਟ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਅਤੇ ਅਟਾਰੀ ਬਲਾਕ ਦੇ 23 ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਲਈ ਬੀ.ਈ.ਈ. ਸਟਾਰ ਲੇਬਲ ਵਾਲੇ ਊਰਜਾ ਕੁਸ਼ਲ ਪੰਪਸੈੱਟ ਲਗਾਏ ਜਾਣਗੇ।

ਅਮਨ ਅਰੋੜਾ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਉਦੇਸ਼ ਊਰਜਾ ਬਚਾਉਣ ਵਾਲੇ ਸਾਧਨਾਂ ਦੀ ਵਰਤੋਂ ਕਰਨਾ ਅਤੇ ਚੁਣੇ ਗਏ ਪਿੰਡਾਂ ਦੇ ਵਾਟਰ ਸਪਲਾਈ ਪੰਪਿੰਗ ਸਿਸਟਮ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਅਧਿਐਨਾਂ ਅਨੁਸਾਰ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਮੌਜੂਦਾ ਪੁਰਾਣੇ ਪੰਪਸੈਟਾਂ ਨੂੰ ਊਰਜਾ ਬਚਾਉਣ ਵਾਲੇ ਪੰਪਸੈੱਟਾਂ ਨਾਲ ਬਦਲ ਕੇ 20-25 ਫ਼ੀਸਦੀ ਊਰਜਾ ਦੀ ਬੱਚਤ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ), ਜੋ ਕਿ ਸੂਬੇ ਵਿੱਚ ਨਵਿਆਉਣਯੋਗ ਊਰਜਾ ਪ੍ਰੋਗਰਾਮਾਂ/ਪ੍ਰਾਜੈਕਟਾਂ ਅਤੇ ਊਰਜਾ ਸੰਭਾਲ ਪ੍ਰੋਗਰਾਮਾਂ ਦੇ ਪ੍ਰਚਾਰ ਅਤੇ ਵਿਕਾਸ ਲਈ ਨੋਡਲ ਏਜੰਸੀ ਹੈ, ਵੱਲੋਂ ਅੰਮ੍ਰਿਤਸਰ ਦੇ ਪਿੰਡਾਂ ਦੀਆਂ ਜਲ ਸਪਲਾਈ ਸਕੀਮਾਂ ਦੇ ਪੰਪਿੰਗ ਸਿਸਟਮ ਲਈ ਬੀ.ਈ.ਈ. ਸਟਾਰ ਲੇਬਲ ਵਾਲੇ ਊਰਜਾ ਕੁਸ਼ਲ ਪੰਪਸੈੱਟਾਂ ਦੀ ਸਪਲਾਈ, ਸਥਾਪਨਾ, ਟੈਸਟਿੰਗ ਅਤੇ ਕਾਰਜਸ਼ੀਲਤਾ ਲਈ ਈ-ਟੈਂਡਰ ਕੱਢੇ ਗਏ ਹਨ।

ਉਨ੍ਹਾਂ ਕਿਹਾ ਕਿ ਇਛੁੱਕ ਕੰਪਨੀਆਂ ਹੋਰ ਜਾਣਕਾਰੀ ਲਈ ਵੈੱਬਸਾਈਟ eproc.punjab.gov.in ‘ਤੇ ਲਾਗਇਨ ਕਰ ਸਕਦੀਆਂ ਹਨ। ਇਸ ਈ-ਟੈਂਡਰ ਦੀ ਆਖ਼ਰੀ ਮਿਤੀ 20 ਅਕਤੂਬਰ, 2022 (ਸ਼ਾਮ 3 ਵਜੇ ਤੱਕ) ਹੈ।

ਪੰਜਾਬੀ ਗਾਇਕ Ninja ਦੇ ਘਰ ਬਣਿਆ ਖੁਸ਼ੀਆਂ ਦਾ ਮਾਹੌਲ, ਘਰ ‘ਚ ਆਇਆ ਇੱਕ ਨੰਨ੍ਹਾ ਮਹਿਮਾਨ

0

ਮਸ਼ਹੂਰ ਪੰਜਾਬੀ ਗਾਇਕ ਨਿੰਜਾ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਗਾਇਕ ਨਿੰਜਾ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ। ਹਾਲ ਹੀ ‘ਚ ਖ਼ਬਰ ਆਈ ਹੈ ਕਿ ਨਿੰਜਾ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਉਨ੍ਹਾਂ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ।

ਇਸ ਦੀ ਜਾਣਕਾਰੀ ਖ਼ੁਦ ਗਾਇਕ ਨਿੰਜਾ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਪੁੱਤਰ ਦੇ ਪੈਰਾਂ ਦੀ ਇਕ ਤਸਵੀਰ ਸਾਂਝੀ ਕਰਦਿਆਂ ਦਿੱਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਇਕ ਖ਼ੂਬਸੂਰਤ ਕੈਪਸ਼ਨ ਵੀ ਲਿਖੀ ਹੈ। ਉਨ੍ਹਾਂ ਲਿਖਿਆ ਹੈ, “ਤੇਰੇ ਮੇਰੀ ਜ਼ਿੰਦਗੀ `ਚ ਆਉਣ ਤੋਂ ਬਾਅਦ ਹੁਣ ਮੈਂ ਜ਼ਿੰਦਗੀ ਨੂੰ ਹੋਰ ਪਿਆਰ ਕਰਨ ਲੱਗਾ ਹਾਂ।”

ਨਿੰਜਾ ਨੇ ਪੋਸਟ ਸ਼ੇਅਰ ਕਰ ਆਪਣੇ ਪੁੱਤਰ ਦਾ ਨਾਂ ਵੀ ਦੱਸਿਆ ਹੈ। ਉਨ੍ਹਾਂ ਨੇ ਆਪਣੇ ਪੁੱਤ ਦਾ ਨਾਂ ਨਿਸ਼ਾਨ ਰੱਖਿਆ ਹੈ। ਇਸ ਦਾ ਪਤਾ ਉਨ੍ਹਾਂ ਦੀ ਪੋਸਟ ਦੇਖ ਕੇ ਲੱਗਦਾ ਹੈ। ਉਨ੍ਹਾਂ ਨੇ ਕੈਪਸ਼ਨ ਤੋਂ ਬਾਅਦ ਹੈਸ਼ਟੈਗ ਨਿਸ਼ਾਨ ਲਿਖਿਆ ਹੈ।

 

ਉੱਤਰ ਪ੍ਰਦੇਸ਼ ਦੇ ਸਾਬਕਾ CM ਮੁਲਾਇਮ ਸਿੰਘ ਯਾਦਵ ਦਾ ਹੋਇਆ ਦਿਹਾਂਤ

0

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਸਵੇਰੇ 8:16 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ 82 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ 2 ਅਕਤੂਬਰ ਨੂੰ ਆਈ.ਸੀ.ਯੂ. ‘ਚ ਦਾਖ਼ਲ ਕਰਵਾਇਆ ਗਿਆ ਸੀ। 2 ਅਕਤੂਬਰ ਨੂੰ ਆਕਸੀਜਨ ਦਾ ਪੱਧਰ ਘੱਟ ਹੋਣ ‘ਤੇ  ਉਨ੍ਹਾਂ ਨੂੰ ਆਈਸੀਯੂ ‘ਚ ਸ਼ਿਫਟ ਕਰ ਦਿੱਤਾ ਗਿਆ ਸੀ।

ਮੇਦਾਂਤਾ ਦੇ ਪੀਆਰਓ ਨੇ ਦੱਸਿਆ ਸੀ ਕਿ ਮੁਲਾਇਮ ਸਿੰਘ ਨੂੰ ਪਿਸ਼ਾਬ ਵਿੱਚ ਇਨਫੈਕਸ਼ਨ ਦੇ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਵਧ ਗਈ ਸੀ। ਹਾਲਤ ਨਾ ਸੁਧਰਨ ‘ਤੇ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਭੇਜ ਦਿੱਤਾ ਸੀ। ਮੁਲਾਇਮ ਦੇ ਦਿਹਾਂਤ ਤੋਂ ਬਾਅਦ ਸਮਾਜਵਾਦੀ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਪਈ ਹੈ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਬੇਟੇ ਅਖਿਲੇਸ਼ ਯਾਦਵ ਨੇ ਕੀਤੀ ਹੈ।

ਮੁਲਾਇਮ ਯਾਦਵ ਦੇ ਦਿਹਾਂਤ ਦੀ ਜਾਣਕਾਰੀ ਦਿੰਦੇ ਹੋਏ ਅਖਿਲੇਸ਼ ਯਾਦਵ ਨੇ ਕਿਹਾ ਕਿ ਮੇਰੇ ਆਦਰਨੀਯ ਪਿਤਾ ਜੀ ਅਤੇ ਸਾਰਿਆਂ ਦੇ ਨੇਤਾ ਜੀ ਨਹੀਂ ਰਹੇ।

ਮੁਲਾਇਮ ਸਿੰਘ ਯਾਦਵ ਦਾ ਜਨਮ 22 ਨਵੰਬਰ 1939 ਨੂੰ ਇਟਾਵਾ ਜ਼ਿਲ੍ਹੇ ਦੇ ਸੈਫ਼ਈ ਵਿੱਚ ਹੋਇਆ ਸੀ। ਉਨ੍ਹਾਂ ਨੇ ਰਾਜਨੀਤੀ ਸ਼ਾਸਤਰ ਵਿੱਚ ਐਮ.ਏ. ਕੀਤੀ ਹੋਈ ਸੀ। ਉਹ 1967 ਵਿੱਚ ਯੂਪੀ ਦੇ ਜਸਵੰਤ ਨਗਰ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਵਿੱਚ ਪਹੁੰਚੇ ਅਤੇ ਫਿਰ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਅੱਠ ਵਾਰ ਵਿਧਾਇਕ ਚੁਣੇ ਗਏ ਅਤੇ ਸੱਤ ਵਾਰ ਚੁਣੇ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਬਣੇ। 1996 ਵਿੱਚ ਉਨ੍ਹਾਂ ਨੂੰ ਸੰਯੁਕਤ ਮੋਰਚੇ ਦੀ ਗੱਠਜੋੜ ਸਰਕਾਰ ਵਿੱਚ ਰੱਖਿਆ ਮੰਤਰੀ ਬਣਨ ਦਾ ਮੌਕਾ ਵੀ ਮਿਲਿਆ।

ਮੁਲਾਇਮ ਸਿੰਘ ਯਾਦਵ 1977 ਵਿੱਚ ਜਨਤਾ ਪਾਰਟੀ ਤੋਂ ਪਹਿਲੀ ਵਾਰ ਯੂਪੀ ਦੇ ਮੰਤਰੀ ਬਣੇ, ਜਦੋਂ ਕਿ 1989 ਵਿੱਚ ਉਹ ਪਹਿਲੀ ਵਾਰ ਯੂਪੀ ਦੇ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ 1993 ਅਤੇ ਫਿਰ 2003 ਵਿੱਚ ਉਹ ਦੂਜੀ ਅਤੇ ਤੀਜੀ ਵਾਰ ਮੁੱਖ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਹੋਏ। ਮੁਲਾਇਮ ਸਿੰਘ ਨੇ 1992 ਵਿੱਚ ਸਮਾਜਵਾਦੀ ਪਾਰਟੀ ਦੀ ਸਥਾਪਨਾ ਕੀਤੀ ਅਤੇ 1993 ਵਿੱਚ ਬਸਪਾ ਨਾਲ ਮਿਲ ਕੇ ਸਰਕਾਰ ਬਣਾਈ। ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਦੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਉਹ ਇਸ ਦੇ ਸਰਪ੍ਰਸਤ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ।

 

ਮੁਹਾਲੀ ‘ਚ ਵਾਪਰਿਆ ਦਰਦਨਾਕ ਹਾਦਸਾ, 2 ਮਜ਼ਦੂਰਾਂ ਦੀ ਮੌਤ

0

ਮੁਹਾਲੀ ‘ਚ ਇੱਕ ਦਰਦਨਾਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੁਹਾਲੀ ਸਿਟੀ ਸੈਂਟਰ ਦੀ ਉਸਾਰੀ ਅਧੀਨ ਕਮਰਸ਼ੀਅਲ ਇਮਾਰਤ ਦੀ ਕੰਧ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਰਵਿੰਦਰ ਸਾਹੀ (28) ਤੇ ਸ਼ੰਕਰ ਮਾਝੀ (30) ਵਜੋਂ ਹੋਈ ਹੈ। ਦੋਵੇਂ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਇਸ ਸਮੇਂ ਉਕਤ ਸਥਾਨ ’ਤੇ ਕੰਮ ਕਰ ਰਹੇ ਸਨ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਕ ਹੋਰ ਮਜ਼ਦੂਰ ਨੇ ਕੰਧ ਨੂੰ ਢਹਿ-ਢੇਰੀ ਹੁੰਦੇ ਦੇਖਿਆ ਅਤੇ ਦੂਜੇ ਪਾਸੇ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ : ਗੁਰੂਗ੍ਰਾਮ ‘ਚ ਵਾਪਰਿਆ ਭਿਆਨਕ ਹਾਦਸਾ, ਤਲਾਬ ’ਚ ਡੁੱਬਣ ਨਾਲ 6 ਬੱਚਿਆਂ ਦੀ ਮੌਤ

ਡੀ.ਐੱਸ.ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਐੱਸ.ਡੀ.ਐੱਮ. ਮੁਹਾਲੀ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਫਾਇਰ ਬ੍ਰਿਗੇਡ, ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਐੱਸ.ਐੱਸ.ਪੀ. ਨੇ ਕਿਹਾ ਕਿ 2 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 2 ਜ਼ਖ਼ਮੀ ਹੋਏ ਹਨ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

ਗੁਰੂਗ੍ਰਾਮ ‘ਚ ਵਾਪਰਿਆ ਭਿਆਨਕ ਹਾਦਸਾ, ਤਲਾਬ ’ਚ ਡੁੱਬਣ ਨਾਲ 6 ਬੱਚਿਆਂ ਦੀ ਮੌਤ

0

ਗੁਰੂਗ੍ਰਾਮ : ਗੁਰੂਗ੍ਰਾਮ ‘ਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਸ਼ਹਿਰ ਦੇ ਸੈਕਟਰ-111 ’ਚ ਇਕ ਖਾਲੀ ਜਗ੍ਹਾ ’ਤੇ ਬਣੇ ਅਸਥਾਈ ਤਲਾਬ ’ਚ ਨਹਾਉਣ ਗਏ ਸਾਰੇ 6 ਬੱਚਿਆਂ ਦੀਆਂ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕਈ ਘੰਟਿਆਂ ਤਕ ਐੱਸ. ਡੀ. ਆਰ. ਐੱਫ. ਦੀ ਟੀਮ ਅਤੇ ਫਾਇਰ ਵਿਭਾਗ ਦੇ ਨਾਲ-ਨਾਲ ਜ਼ਿਲ੍ਹਾ ਪੁਲਸ ਵੱਲੋਂ ਬੱਚਿਆਂ ਦੀ ਭਾਲ ’ਚ ਬਚਾਅ ਕਾਰਜ ਚਲਾਇਆ ਗਿਆ।

ਜ਼ਿਲ੍ਹਾ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਦੇ ਨਾਲ ਡੀ.ਸੀ.ਪੀ. ਵੀ ਮੌਕੇ ’ਤੇ ਮੌਜੂਦ ਸਨ। ਡੀ. ਸੀ. ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਹਰ ਬੱਚੇ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਤਲਾਬ ਦੇ ਕੰਢੇ ਬੱਚਿਆਂ ਦੇ ਕੱਪੜੇ ਮਿਲਣ ਕਾਰਨ ਬੱਚਿਆਂ ਦੇ ਪਾਣੀ ’ਚ ਡੁੱਬਣ ਦਾ ਖਦਸ਼ਾ ਪ੍ਰਗਟਾਇਆ ਗਿਆ, ਉਥੇ ਹੀ ਇਕ ਬੱਚੇ ਦੀ ਲਾਸ਼ ਪਹਿਲਾਂ ਹੀ ਬਰਾਮਦ ਕਰ ਲਈ ਗਈ ਸੀ।

ਜਾਣਕਾਰੀ ਅਨੁਸਾਰ ਭਾਰੀ ਮੀਂਹ ਕਾਰਨ ਖਾਲੀ ਪਲਾਟ ’ਚ ਬਣੇ ਟੋਇਆਂ ’ਚ ਕਾਫੀ ਪਾਣੀ ਜਮ੍ਹਾ ਹੋ ਗਿਆ ਸੀ। ਸ਼ੰਕਰ ਵਿਹਾਰ ਕਾਲੋਨੀ ਦੇ 6 ਬੱਚੇ ਇਸ ਤਲਾਬ ’ਚ ਨਹਾਉਣ ਗਏ ਸਨ। ਜਦੋਂ ਬੱਚੇ ਵਾਪਸ ਨਹੀਂ ਆਏ ਤਾਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਤਲਾਬ ਦੇ ਕੰਢੇ ਬੱਚਿਆਂ ਦੇ ਕੱਪੜੇ ਪਾਏ ਜਾਣ ਤੋਂ ਬਾਅਦ ਤਲਾਬ ’ਚ ਡੁੱਬਣ ਦਾ ਖਦਸ਼ਾ ਪੈਦਾ ਹੋਇਆ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਨੇ ਪਹਿਲਾਂ ਹੀ ਇਕ ਬੱਚੇ ਦੀ ਲਾਸ਼ ਬਰਾਮਦ ਕਰ ਲਈ ਸੀ। ਇਸ ਤੋਂ ਬਾਅਦ ਬਾਕੀ ਬਚੇ ਬੱਚਿਆਂ ਦੀ ਭਾਲ ਲਈ ਬਚਾਅ ਕਾਰਜ ਤੇਜ਼ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬਚਾਅ ਟੀਮ ਨੇ ਇਕ ਤੋਂ ਬਾਅਦ ਇਕ ਸਾਰੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਬੱਚਿਆਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਬੱਚਿਆਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ।

 

Hero MotoCorp ਨੇ ਵੀ ਭਾਰਤ ‘ਚ ਪਹਿਲਾ ਇਲੈਕਟ੍ਰਿਕ ਸਕੂਟਰ ਕੀਤਾ ਲਾਂਚ

0

ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਨੂੰ ਵੇਖਦਿਆਂ ਇਸ ਦੇ ਉਤਪਾਦਕਾਂ ਦੇ ਨਾਵਾਂ ਦੀ ਸੂਚੀ ’ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਹੀਰੋ ਮੋਟੋਕਾਰਪ ਨੇ ਵੀ ਭਾਰਤ ਵਿਚ ਪਹਿਲਾ ਇਲੈਕਟ੍ਰਿਕ ਸਕੂਟਰ ਲਾਂਚ ਕਰ ਇਸ ਸੂਚੀ ’ਚ ਆਪਣਾ ਨਾਂ ਦਰਜ ਕਰਵਾ ਲਿਆ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਹਥਿਆਰਾਂ ਸਮੇਤ 4 ਮੁਲਜ਼ਮ ਕੀਤੇ ਗ੍ਰਿਫਤਾਰ

ਕੰਪਨੀ ਵੱਲੋਂ ਭਾਰਤ ਵਿਚ ਹੀਰੋ ਵਿਡਾ ਵੀ1 ਲਾਂਚ ਕਰ ਦਿੱਤਾ ਗਿਆ ਹੈ। ਇਸ ਨੂੰ ਤਾਈਵਾਨ ਦੀ ਕੰਪਨੀ ਗੋਗੋਰੋ ਦੇ ਨਾਲ ਰਲ਼ ਕੇ ਤਿਆਰ ਕੀਤਾ ਗਿਆ ਹੈ। ਇਹ ਇਲੈਕਟ੍ਰਿਕ ਸਕੂਟਰ ਦੋ ਵੇਰੀਐਂਟ ’ਚ ਉਪਲਬਧ ਹੈ। ਪ੍ਰੋ ਵੇਰੀਐਂਟ ਦੀ ਕੀਮਤ 1.45 ਲੱਖ ਰੁਪਏ ਅਤੇ ਪਲੱਸ ਵੇਰੀਐਂਟ ਦੀ ਕੀਮਤ 1.59 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ। ਦੋਹਾਂ ਵੇਰੀਐਂਟਸ ’ਚ ਤਿੰਨ ਰਾਈਡਿੰਗ ਮੋਡ – ਈਕੋ, ਰਾਈਟ ਅਤੇ ਸਪੋਰਟਸ ਮਿਲਦੇ ਹਨ। ਇਨ੍ਹਾਂ ਵਿਚ ਸਵੈਪੇਬਲ ਬੈਟਰੀ ਹੈ, ਜਿਸ ਨੂੰ ਆਰਾਮ ਨਾਲ ਚਾਰਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਫੈਕਟਰੀ ’ਚ ਕਬਾੜ ਪਿਘਲਾਉਣ ਵੇਲੇ ਹੋਇਆ ਜ਼ੋਰਦਾਰ ਧਮਾਕਾ, 7 ਜ਼ਖ਼ਮੀ

ਨਵੇਂ ਇਲੈਕਟ੍ਰੀਕਲ ਸਕੂਟਰਾਂ ਵਿਚ ਓਵਰ ਦਿ ਏਅਰ ਅਪਡੇਟਸ, 7 ਇੰਚ ਦਾ ਟੱਚਸਕ੍ਰੀਨ, ਕੀਲੈੱਸ ਕੰਟਰੋਲ, ਕਰੂਜ਼ ਕੰਟਰੋਲ, ਐੱਸਓਐੱਸ ਅਲਰਟ ਜਿਹੇ ਫੀਚਰ ਦਿੱਤੇ ਗਏ ਹਨ। ਇਲੈਕਟ੍ਰਿਕ ਸਕੂਟਰਾਂ ਦੇ ਨਾਲ ਹੀ ਕੰਪਨੀ ਵੱਲੋਂ ਇਲੈਕਟ੍ਰਿਕ ਚਾਰਜਿੰਗ ਨੈੱਟਵਰਕ ਦੀ ਵੀ ਸ਼ੁਰੂਆਤ ਕੀਤੀ ਗਈ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਹ ਇਲੈਕਟ੍ਰਿਕ ਸਕੂਟਰ ਤਕਰੀਬਨ 3 ਸਕਿੰਟਾਂ ਵਿਚ 0 ਤੋਂ 40 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੇ ਹਨ। ਹੀਰੋ ਵਿਡਾ ਵੀ1 ਪ੍ਰੋ ਇਹ ਰਫਤਾਰ 3.2 ਸਕਿੰਟਾਂ ’ਚ, ਜਦਕਿ ਪਲੱਸ ਵੇਰੀਐਂਟ 3.4 ਸਕਿੰਟਾਂ ਵਿਚ ਇਸ ਰਫਤਾਰ ’ਤੇ ਪਹੁੰਚ ਸਕਦੇ ਹਨ। ਇਨ੍ਹਾਂ ਦੀ ਵੱਧ ਤੋਂ ਵੱਧ ਰਫਤਾਰ 80 ਕਿ.ਮੀ. ਪ੍ਰਤੀ ਘੰਟੇ ਤਕ ਹੈ। ਪ੍ਰੋ ਵੇਰੀਐਂਟ ਇਕ ਵਾਰ ਪੂਰਾ ਚਾਰਜ ਹੋਣ ’ਤੇ 165 ਕਿਲੋਮੀਟਰ, ਜਦਕਿ ਪਲੱਸ ਵੇਰੀਐਂਟ 143 ਕਿੱਲੋਮੀਟਰ ਦੂਰੀ ਤਕ ਚੱਲ ਸਕਦਾ ਹੈ।
ਕੰਪਨੀ ਵੱਲੋਂ 10 ਅਕਤੂਬਰ ਤੋਂ ਵਿਡਾ ਵੀ1 ਦੀ ਬੁਕਿੰਗ ਸ਼ੁਰੂ ਕੀਤੀ ਜਾਵੇਗੀ। ਇਸ ਲਈ ਤੁਹਾਨੂੰ 4,999 ਰੁਪਏ ਦੇਣੇ ਪੈਣਗੇ। ਫਿਲਹਾਲ ਇਹ ਸਿਰਫ ਦਿੱਲੀ, ਜੈਪੁਰ ਅਤੇ ਬੈਂਗਲੁਰੂ ’ਚ ਉਪਲੱਬਧ ਹੋਵੇਗਾ ਅਤੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਗਾਹਕਾਂ ਲਈ ਘੱਟ ਵਿਆਜ ਦਰ ’ਤੇ ਫਾਈਨਾਂਸ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਨਾਲ ਹੀ ਬਾਇਬੈਕ ਅਸ਼ੋਰੈਂਸ ਦੇ ਤਹਿਤ 16 ਤੋਂ 18 ਮਹੀਨੇ ਬਾਅਦ ਕੰਪਨੀ ਨੂੰ ਇਸ ਦੀ 70 ਫੀਸਦੀ ਕੀਮਤ ਲੈ ਕੇ ਸਕੂਟਰ ਵਾਪਸ ਵੀ ਦਿੱਤਾ ਜਾ ਸਕਦਾ ਹੈ।

ਹੁਸ਼ਿਆਰਪੁਰ ਦੇ ਪਿੰਡ ਬਿਸ਼ਨਪੁਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਿਸ਼ਨਪੁਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਕੀਤੀ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮੁੱਚੀ ਮਨੁੱਖਤਾ ਨੂੰ ਸੁਚੱਜਾ ਜੀਵਨ ਜਿਊਣ ਦਾ ਰਾਹ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੋਸ਼ੀ ਸਜ਼ਾਵਾਂ ਤੋਂ ਬਚ ਨਿਕਲਦੇ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਤਾਜ਼ਾ ਘਟਨਾ ਵਿਚ ਇਕ 9 ਸਾਲ ਦਾ ਪ੍ਰਵਾਸੀ ਬੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਦੀ ਬੇਅਦਬੀ ਕਰਦਾ ਹੈ, ਜੋ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਕਰਵਾਉਣ ਵਾਲੇ ਲੋਕਾਂ ਦੀ ਪਛਾਣ ਜ਼ਰੂਰੀ ਹੈ ਤਾਂ ਜੋ ਗੁੱਝੇ ਰੂਪ ਵਿਚ ਕੰਮ ਕਰਦੀਆਂ ਸ਼ਕਤੀਆਂ ਸਾਹਮਣੇ ਆ ਸਕਣ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਤਹਿਕੀਕਾਤ ਗੰਭੀਰਤਾ ਨਾਲ ਕੀਤੀ ਜਾਵੇ ਅਤੇ ਘਟਨਾ ਪਿੱਛੇ ਕੰਮ ਕਰਦੇ ਲੋਕਾਂ ਨੂੰ ਨਸ਼ਰ ਕਰਕੇ ਉਨ੍ਹਾਂ ਵਿਰੁੱਧ ਕਰੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਅਮਰੀਕਾ ’ਚ ਪੰਜਾਬੀ ਪਰਿਵਾਰ ਦੀ ਹੱਤਿਆ ਮੰਦਭਾਗੀ-ਐਡਵੋਕੇਟ ਧਾਮੀ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ’ਚ ਪੰਜਾਬੀ ਪਰਿਵਾਰ ਨੂੰ ਅਗਵਾਹ ਕਰਕੇ ਉਨ੍ਹਾਂ ਦੀ ਹੱਤਿਆ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਵਿਦੇਸ਼ਾਂ ਅੰਦਰ ਪੰਜਾਬੀਆਂ ਨੇ ਆਪਣੇ ਮਿਹਨਤ ਨਾਲ ਸਫਲਤਾ ਤੇ ਬੁਲੰਦੀਆਂ ਹਾਸਲ ਕੀਤੀਆਂ ਹਨ, ਪਰੰਤੂ ਅਜਿਹੀਆਂ ਘਟਨਾਵਾਂ ਨਾਲ ਪੂਰੇ ਭਾਈਚਾਰੇ ਵਿਚ ਡਰ ਦਾ ਮਾਹੋਲ ਬਣ ਰਿਹਾ ਹੈ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਅੰਦਰ ਵੱਸਦੇ ਪੰਜਾਬੀਆਂ ਨਾਲ ਹੁੰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ ਲਈ ਕੂਟਨੀਤਕ ਪੱਧਰ ’ਤੇ ਪਹੁੰਚ ਅਪਨਾਈ ਜਾਵੇ ਅਤੇ ਤਾਜ਼ਾ ਮਾਮਲੇ ’ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਯੋਗ ਕਦਮ ਚੁੱਕੇ ਜਾਣ।

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਸ਼ਹਿਰੀ ਵਿਕਾਸ ਅਥਾਰਟੀਆਂ ਨੂੰ ਰੈਗੂਲੇਟਰੀ ਪ੍ਰਵਾਨਗੀਆਂ ਸਬੰਧੀ ਸੌਂਪੀਆਂ ਵਾਧੂ ਸ਼ਕਤੀਆਂ

0

ਪੰਜਾਬ ਸਰਕਾਰ ਨੇ ਜ਼ਮੀਨ ਦੀ ਵਰਤੋਂ ਦੀ ਤਬਦੀਲੀ (ਸੀ.ਐਲ.ਯੂ.) ਸਬੰਧੀ ਸਰਟੀਫਿਕੇਟ, ਮੁਕੰਮਲਤਾ ਸਰਟੀਫਿਕੇਟ, ਲੇਅ-ਆਊਟ ਅਤੇ ਬਿਲਡਿੰਗ ਪਲਾਨ ਸਬੰਧੀ ਕੇਸਾਂ ਦੇ ਜਲਦੀ ਨਿਪਟਾਰੇ ਲਈ ਰੈਗੂਲੇਟਰੀ ਪ੍ਰਵਾਨਗੀਆਂ ਦੇਣ ਸਬੰਧੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾ ਦਿੱਤਾ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਰੈਗੂਲੇਟਰੀ ਪ੍ਰਵਾਨਗੀਆਂ ਦਾ ਵਿਕੇਂਦਰੀਕਰਨ ਕਰਦਿਆਂ ਆਪਣੇ ਅਧੀਨ ਸ਼ਹਿਰੀ ਵਿਕਾਸ ਅਥਾਰਟੀਆਂ ਨੂੰ ਵਧੇਰੇ ਸ਼ਕਤੀਆਂ ਸੌਂਪੀਆਂ ਗਈਆਂ ਹਨ।

ਸੂਬੇ ਵਿੱਚ ਕਾਰੋਬਾਰ ਨੂੰ ਹੋਰ ਸੁਖਾਲਾ ਬਣਾਉਣ ਨੂੰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਦੱਸਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਫ਼ੈਸਲਾ ਨਿਰਧਾਰਤ ਸਮਾਂ-ਸੀਮਾ ਅੰਦਰ ਕੇਸਾਂ ਦੇ ਨਿਪਟਾਰੇ ਲਈ ਬੇਹੱਦ ਅਹਿਮ ਸਿੱਧ ਹੋਵੇਗਾ ਕਿਉਂਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਰੈਗੂਲੇਟਰੀ ਪ੍ਰਵਾਨਗੀਆਂ ਦੇਣ ਲਈ ਸਥਾਨਕ ਪੱਧਰ ‘ਤੇ ਆਪਣੀਆਂ ਅਥਾਰਟੀਆਂ ਨੂੰ ਅਧਿਕਾਰਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਮੋਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਦੀਆਂ ਸ਼ਹਿਰੀ ਵਿਕਾਸ ਅਥਾਰਟੀਆਂ ਆਪਣੇ ਪੱਧਰ ‘ਤੇ ਰੈਗੂਲੇਟਰੀ ਪ੍ਰਵਾਨਗੀਆਂ ਦੇਣ ਦੇ ਸਮਰੱਥ ਹੋ ਜਾਣਗੀਆਂ। ਇਨ੍ਹਾਂ ਅਥਾਰਟੀਆਂ ਦੀ ਅਗਵਾਈ ਮੁੱਖ ਪ੍ਰਸ਼ਾਸਕ ਕਰ ਰਹੇ ਹਨ।

ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਨੇ ਦੱਸਿਆ ਕਿ ਹੁਣ ਮੁੱਖ ਪ੍ਰਸ਼ਾਸਕ ਸਾਰੀਆਂ ਸ਼੍ਰੇਣੀਆਂ ਦੀਆਂ ਕਾਲੋਨੀਆਂ ਲਈ ਲਾਇਸੈਂਸ ਜਾਰੀ ਕਰ ਸਕਣਗੇ। ਸਬੰਧਤ ਅਥਾਰਟੀ ਦੇ ਸੀ.ਏ. ਦੀ ਪ੍ਰਧਾਨਗੀ ਹੇਠਲੀ ਕਮੇਟੀ ਰਿਹਾਇਸ਼ੀ/ਉਦਯੋਗਿਕ/ਵਪਾਰਕ ਕਾਲੋਨੀ, ਮੈਗਾ ਪ੍ਰਾਜੈਕਟਾਂ ਅਤੇ ਉਦਯੋਗਿਕ ਪਾਰਕਾਂ (ਮੌਜੂਦਾ ਪ੍ਰਾਜੈਕਟਾਂ ਦੇ ਵਿਸਥਾਰ ਸਮੇਤ) ਦੇ ਲੇਅ-ਆਊਟ ਪਲਾਨ ਨੂੰ ਪ੍ਰਵਾਨਗੀ ਦੇਵੇਗੀ। ਇਸ ਕਮੇਟੀ ਨੂੰ 15 ਏਕੜ ਤੋਂ ਵੱਧ ਦੇ ਉਦਯੋਗਾਂ ਨੂੰ ਛੱਡ ਕੇ ਸਾਰੇ ਸਟੈਂਡਅਲੋਨ ਪ੍ਰਾਜੈਕਟਾਂ ਤੋਂ ਇਲਾਵਾ ਇਕ ਏਕੜ ਤੋਂ ਉੱਪਰ ਦੇ ਮਨਜ਼ੂਰਸ਼ੁਦਾ ਪ੍ਰਾਈਵੇਟ ਪ੍ਰਾਜੈਕਟਾਂ ਵਿੱਚ ਸਨਅਤੀ ਅਤੇ ਚੰਕ ਸਾਈਟਾਂ ਸਮੇਤ ਇੱਕ ਏਕੜ ਤੋਂ ਵੱਧ ਦੀਆਂ ਅਲਾਟ ਕੀਤੀਆਂ/ਨਿਲਾਮੀ ਵਾਲੀਆਂ ਸਾਰੀਆਂ ਚੰਕ ਸਾਈਟਾਂ ਦੇ ਬਿਲਡਿੰਗ ਪਲਾਨ ਨੂੰ ਮਨਜ਼ੂਰੀ ਦੇਣ ਲਈ ਵੀ ਅਧਿਕਾਰਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਬੰਧਤ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ (ਏ.ਸੀ.ਏ.) ਦੀ ਅਗਵਾਈ ਵਾਲੀ ਕਮੇਟੀ ਕੋਲ ਇੱਕ ਏਕੜ ਤੱਕ ਦੀਆਂ ਸਾਰੀਆਂ ਅਲਾਟ ਕੀਤੀਆਂ/ਨਿਲਾਮੀ ਵਾਲੀਆਂ ਚੰਕ ਸਾਈਟਾਂ ਸਮੇਤ ਉਦਯੋਗਾਂ ਦੇ ਬਿਲਡਿੰਗ ਪਲਾਨ ਨੂੰ ਪ੍ਰਵਾਨਗੀ ਦੇਣ ਦਾ ਅਧਿਕਾਰ ਹੋਵੇਗਾ, ਜਿਸ ਵਿੱਚ ਅਰਬਨ ਅਸਟੇਟ/ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਵਾਨਿਤ ਪ੍ਰਾਜੈਕਟਾਂ ਵਿੱਚ ਇੱਕ ਏਕੜ ਤੱਕ ਦੇ ਹੋਰ ਸਾਰੇ ਪਲਾਟ ਵੀ ਸ਼ਾਮਲ ਹਨ।

ਚੀਫ ਟਾਊਨ ਪਲਾਨਰ ਪੁੱਡਾ ਨੂੰ ਸਿੱਖਿਆ/ਮੈਡੀਕਲ/ਧਾਰਮਿਕ/ਸਮਾਜਿਕ ਚੈਰੀਟੇਬਲ ਸੰਸਥਾਵਾਂ, 15 ਏਕੜ ਤੋਂ ਵੱਧ ਦੇ ਫਾਰਮ ਹਾਊਸ ਅਤੇ ਹੋਟਲ ਤੇ ਖਾਣ-ਪੀਣ ਵਾਲੀਆਂ ਥਾਵਾਂ ਸਮੇਤ ਵਪਾਰਕ ਅਦਾਰਿਆਂ ਦੀ ਕੰਪਾਊਂਡਿੰਗ ਸਬੰਧੀ ਪ੍ਰਵਾਨਗੀ ਦੇਣ ਲਈ ਅਧਿਕਾਰਤ ਕੀਤਾ ਗਿਆ ਹੈ।

ਅਜੋਏ ਸਿਨਹਾ ਨੇ ਦੱਸਿਆ ਕਿ ਸਬੰਧਤ ਸਰਕਲ ਦੇ ਸੀਨੀਅਰ ਟਾਊਨ ਪਲਾਨਰ ਕੋਲ ਰਿਹਾਇਸ਼ੀ/ਉਦਯੋਗਿਕ/ਵਪਾਰਕ ਕਾਲੋਨੀ, ਮੈਗਾ ਪ੍ਰਾਜੈਕਟਾਂ ਅਤੇ ਉਦਯੋਗਿਕ ਪਾਰਕਾਂ (ਮੌਜੂਦਾ ਪ੍ਰਾਜੈਕਟਾਂ ਦੇ ਵਿਸਥਾਰ ਸਮੇਤ) ਦੇ ਜ਼ੋਨਿੰਗ ਪਲਾਨ ਲਈ ਪ੍ਰਵਾਨਗੀ ਦੇਣ ਤੋਂ ਇਲਾਵਾ ਸਾਰੇ ਸਟੈਂਡਅਲੋਨ ਉਦਯੋਗਿਕ ਐਮ.ਐਸ.ਐਮ.ਈ. ਜ਼ਿਲ੍ਹਾ ਪੱਧਰੀ ਪ੍ਰਾਜੈਕਟਾਂ ਦੇ ਬਿਲਡਿੰਗ ਪਲਾਨ, ਉਦਯੋਗ ਨੂੰ ਛੱਡ ਕੇ 15 ਏਕੜ ਤੱਕ ਦੇ ਸਾਰੇ ਸਟੈਂਡਅਲੋਨ ਪ੍ਰਾਜੈਕਟਾਂ ਦੇ ਬਿਲਡਿੰਗ ਪਲਾਨ, ਸਿੱਖਿਆ/ਮੈਡੀਕਲ/ਧਾਰਮਿਕ/ਸਮਾਜਿਕ ਚੈਰੀਟੇਬਲ ਸੰਸਥਾਵਾਂ ਦੀ ਕੰਪਾਊਂਡਿੰਗ, 15 ਏਕੜ ਤੱਕ ਦੇ ਫਾਰਮ ਹਾਊਸ ਅਤੇ 10 ਏਕੜ ਤੱਕ ਦੀਆਂ ਸਾਰੀਆਂ ਉਦਯੋਗਿਕ ਇਮਾਰਤਾਂ ਦੀ ਕੰਪਾਊਂਡਿੰਗ ਸਬੰਧੀ ਪ੍ਰਵਾਨਗੀ ਦੇਣ ਦੇ ਅਧਿਕਾਰ ਹੋਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਸੀਨੀਅਰ ਟਾਊਨ ਪਲਾਨਰ, ਪੀ.ਬੀ.ਆਈ.ਪੀ. ਸਾਰੇ ਸਟੈਂਡਅਲੋਨ ਉਦਯੋਗਿਕ ਸੂਬਾ ਪੱਧਰੀ ਪ੍ਰਾਜੈਕਟਾਂ ਅਤੇ 10 ਏਕੜ ਤੋਂ ਉੱਪਰ ਦੀਆਂ ਸਾਰੀਆਂ ਉਦਯੋਗਿਕ ਇਮਾਰਤਾਂ ਦੀ ਕੰਪਾਊਂਡਿੰਗ ਲਈ ਪ੍ਰਵਾਨਗੀ ਦੇਣ ਲਈ ਅਧਿਕਾਰਤ ਹੋਣਗੇ। ਇਸੇ ਤਰ੍ਹਾਂ ਜ਼ਿਲ੍ਹਾ ਟਾਊਨ ਪਲਾਨਰ ਨੂੰ ਰਾਈਸ ਸ਼ੈੱਲਰ, ਇੱਟਾਂ ਦੇ ਭੱਠੇ, ਪੈਟਰੋਲ ਪੰਪ ਅਤੇ ਸਟੋਨ ਕਰੱਸ਼ਰ ਦੇ ਬਿਲਡਿੰਗ ਪਲਾਨ ਨੂੰ ਮਨਜ਼ੂਰੀ ਦੇਣ ਲਈ ਅਧਿਕਾਰਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁਕੰਮਲ/ਅੰਸ਼ਕ ਮੁਕੰਮਲ/ਕਬਜ਼ੇ ਸਬੰਧੀ ਸਰਟੀਫਿਕੇਟ ਜਾਰੀ ਕਰਨ ਲਈ ਸਮਰੱਥ ਅਥਾਰਟੀ ਲੇਅ-ਆਊਟ ਪਲਾਨ/ਬਿਲਡਿੰਗ ਪਲਾਨ ਨੂੰ ਮਨਜ਼ੂਰੀ ਦੇਣ ਵਾਲੀ ਅਥਾਰਟੀ ਹੀ ਹੋਵੇਗੀ।

ਖੇਡ ਮੰਤਰੀ ਮੀਤ ਹੇਅਰ ਨੇ ਹਰਮਨਪ੍ਰੀਤ ਸਿੰਘ ਨੂੰ ਐਫ.ਆਈ.ਐਚ ਵੱਲੋਂ ਸਰਵੋਤਮ ਖਿਡਾਰੀ ਚੁਣੇ ਜਾਣ ‘ਤੇ ਦਿੱਤੀ ਵਧਾਈ

0

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ (ਐਫ.ਆਈ.ਐਚ.) ਵੱਲੋਂ ਸਾਲ 2021-22 ਲਈ ਸਰਵੋਤਮ ਹਾਕੀ ਖਿਡਾਰੀ ਚੁਣੇ ਜਾਣ ਉੱਤੇ ਮੁਬਾਰਕਬਾਦ ਦਿੱਤੀ ਹੈ। ਭਾਰਤੀ ਹਾਕੀ ਟੀਮ ਦੇ ਡਿਫੈਂਡਰ ਤੇ ਮਾਹਿਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਲਗਾਤਾਰ ਦੂਜੇ ਸਾਲ ਐਫ.ਆਈ.ਐਚ. ਪਲੇਅਰ ਆਫ ਦਾ ਯੀਅਰ ਚੁਣਿਆ ਗਿਆ।

ਮੀਤ ਹੇਅਰ ਨੇ ਹਰਮਨਪ੍ਰੀਤ ਸਿੰਘ ਨੂੰ ਨਿੱਜੀ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀ ਨੂੰ ਲਗਾਤਾਰ ਦੂਜੇ ਸਾਲ ਵਿਸ਼ਵ ਦਾ ਬਿਹਤਰੀਨ ਖਿਡਾਰੀ ਚੁਣਿਆ ਗਿਆ ਹੈ। ਪਿਛਲੇ ਸਾਲ ਵੀ ਹਰਮਨਪ੍ਰੀਤ ਸਿੰਘ ਨੂੰ ਇਹ ਮਾਣ ਮਿਲਿਆ ਸੀ। ਅੰਮ੍ਰਿਤਸਰ ਜ਼ਿਲੇ ਦੇ ਪਿੰਡ ਤਿੰਮੋਵਾਲ ਦਾ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਵਿੱਚ 6 ਗੋਲ ਅਤੇ ਇਸ ਸਾਲ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 9 ਗੋਲ ਕੀਤੇ ਸਨ। ਓਲੰਪਿਕਸ ਵਿੱਚ ਭਾਰਤ ਨੇ 41 ਸਾਲ ਬਾਅਦ ਕਾਂਸੀ ਦਾ ਤਮਗਾ ਜਿੱਤਿਆ ਸੀ ਜਦੋਂਕਿ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਹਰਮਨਪ੍ਰੀਤ ਸਿੰਘ ਨੇ ਭਾਰਤ ਵੱਲੋਂ ਹੁਣ ਤੱਕ 155 ਕੌਮਾਂਤਰੀ ਮੈਚ ਖੇਡੇ ਹਨ ਤੇ ਕੁੱਲ 115 ਗੋਲ ਕੀਤੇ ਹਨ।

ਖੇਡ ਮੰਤਰੀ ਨੇ ਕਿਹਾ ਕਿ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਹਰਮਨਪ੍ਰੀਤ ਸਿੰਘ ਤੋਂ ਇਲਾਵਾ ਭਾਰਤੀ ਪੁਰਸ਼ ਟੀਮ ਦੇ ਗੋਲਕੀਪਰ ਪੀ ਆਰ ਸ੍ਰੀਜੇਸ਼ ਤੇ ਮਹਿਲਾ ਟੀਮ ਦੀ ਗੋਲ ਕੀਪਰ ਸਵਿਤਾ ਪੂਨੀਆ ਨੂੰ ਵੀ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿੱਚ ਐਫ.ਆਈ.ਐਚ. ਗੋਲ ਕੀਪਰ ਆਫ ਦਾ ਯੀਅਰ ਚੁਣਿਆ ਗਿਆ। ਮੀਤ ਹੇਅਰ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਦੇਸ਼ ਵਿੱਚ ਹਾਕੀ ਖਿਡਾਰੀਆਂ ਨੂੰ ਹੋਰ ਵੀ ਚੰਗਾ ਖੇਡਣ ਦੀ ਪ੍ਰੇਰਨਾ ਮਿਲੇਗੀ।