Home Blog Page 1865

T-20 World Cup 2022: ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, 4 ਵਿਕਟਾਂ ਨਾਲ ਜਿੱਤ ਕੀਤੀ ਹਾਸਿਲ

0

ਭਾਰਤ ਤੇ ਪਾਕਿਸਤਾਨ ਦਰਮਿਆਨ ਟੀ20 ਵਿਸ਼ਵ ਕੱਪ 2022 ਦਾ ਮੁਕਾਬਲਾ ਆਸਟ੍ਰੇਲੀਆ ਦੇ ਮੈਲਬੋਰਨ ‘ਚ ਹੋਇਆ। ਟੀ- 20 ਵਰਲਡ ਕੱਪ ‘ਚ ਭਾਰਤ ਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਇਸ ਮੁਕਾਬਲੇ ‘ਚ ਭਾਰਤ ਦੀ ਸ਼ਾਨਦਾਰ ਜਿੱਤ ਹੋਈ ਹੈ। ਇਸ ਮੁਕਾਬਲੇ ‘ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ। ਭਾਰਤ ਨੇ 4 ਵਿਕਟਾਂ ਨਾਲ ਜਿੱਤ ਹਾਸਿਲ ਕਰ ਲਈ ਹੈ। ਇਸ ਮੈਚ ‘ਚ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡੀ।

ਵਿਰਾਟ ਕੋਹਲੀ ਇਸ ਜਿੱਤ ਲਈ ਹੀਰੋ ਬਣ ਗਏ ਹਨ। ਇਸ ਮੈਚ ‘ਚ ਵਿਰਾਟ ਕੋਹਲੀ ਨੇ 82 ਰਨ ਬਣਾਏ ਹਨ। ਇਸਦੇ ਨਾਲ ਹੀ ਹਾਰਦਿਕ ਪੰਡਯਾ ਨੇ 40 ਰਨ ਬਣਾਏ ਹਨ। ਇਸ ਮੈਚ ‘ਚ ਅਰਸ਼ਦੀਪ ਨੇ ਵੀ ਵਧੀਆ ਭੂਮਿਕਾ ਨਿਭਾਈ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਬਾਬਰ ਆਜ਼ਮ ਬਿਨਾ ਖਾਤਾ ਖੋਲੇ ਅਰਸ਼ਦੀਪ ਸਿੰਘ ਵਲੋਂ ਐੱਲ. ਬੀ. ਡਬਲਯੂ. ਆਊਟ ਹੋਇਆ।ਪਾਕਿਸਤਾਨ ਦੀ ਦੂਜੀ ਵਿਕਟ ਵਿਕਟਕੀਪਰ ਮੁਹੰਮਦ ਰਿਜ਼ਵਾਨ ਦੇ ਤੌਰ ‘ਤੇ ਡਿੱਗੀ।ਭਾਰਤ ਲਈ ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਯਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ-ਤਿੰਨ ਵਿਕਟਾਂ ਲਈਆਂ।

160 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤ ਇਕ ਸਮੇਂ 31 ਦੇ ਸਕੋਰ ‘ਤੇ 4 ਵਿਕਟਾਂ ਗੁਆ ਕੇ ਮੁਸ਼ਕਲ ‘ਚ ਸੀ। ਫਿਰ ਕ੍ਰੀਜ਼ ‘ਤੇ ਆਏ ਕੋਹਲੀ ਅਤੇ ਹਾਰਦਿਕ ਨੇ 78 ਗੇਂਦਾਂ ‘ਚ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਰਦਿਕ ਆਖ਼ਰੀ ਸਮੇਂ ‘ਤੇ ਆਊਟ ਹੋ ਗਏ ਪਰ ਚੇਜ਼ ਮਾਸਟਰ ਕੋਹਲੀ ਵਿਕਟ ‘ਤੇ ਬਣੇ ਰਹੇ।

ਆਖਰੀ ਓਵਰ ‘ਚ ਜਦੋਂ ਭਾਰਤ ਨੂੰ ਜਿੱਤ ਲਈ 16 ਦੌੜਾਂ ਦੀ ਲੋੜ ਸੀ ਤਾਂ ਕੋਹਲੀ ਨੇ ਕਮਾਲ ਕਰ ਦਿੱਤਾ। ਸਪਿਨਰ ਨਵਾਜ਼ ਨੇ ਨੋ ਬਾਲ ‘ਤੇ ਛੱਕਾ ਲਗਾਇਆ। ਇਸ ਤੋਂ ਬਾਅਦ ਜਦੋਂ ਕੋਹਲੀ ਫ੍ਰੀ ਹਿੱਟ ‘ਤੇ ਬੋਲਡ ਹੋਇਆ ਤਾਂ ਉਹ 3 ਦੌੜਾਂ ਦੌੜ ਗਿਆ। 2 ਦੌੜਾਂ ਦੀ ਲੋੜ ਸੀ ਤਾਂ ਦਿਨੇਸ਼ ਕਾਰਤਿਕ ਆਊਟ ਹੋ ਗਏ। ਜਦੋਂ ਅਸ਼ਵਿਨ ਆਇਆ ਤਾਂ ਨਵਾਜ਼ ਨੇ ਵਾਈਡ ਥ੍ਰੋਅ ਕੀਤਾ। ਇਸ ਤੋਂ ਬਾਅਦ ਅਸ਼ਵਿਨ ਨੇ ਇਕ ਦੌੜ ਬਣਾ ਕੇ ਜਿੱਤ ਦਰਜ ਕੀਤੀ।

ਵਿਧਾਨ ਸਭਾ ਸਪੀਕਰ ਵੱਲੋਂ ਪਰਾਲੀ ਨਾ ਸਾੜਨ ਵਾਲੇ ਹਰ ਪਿੰਡ ਨੂੰ ਇੱਕ-ਲੱਖ ਰੁਪਏ ਦੇਣ ਦਾ ਐਲਾਨ

0

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇੱਕ ਨਵੀਂ ਪਹਿਲ ਕਦਮੀ ਕਰਦੇ ਹੋਏ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਆਪਣੇ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਸੰਧਵਾਂ ਨੇ ਕਿਹਾ ਹੈ ਕਿ ਪਰਲੀ ਨੂੰ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋਣ ਦੇ ਨਾਲ ਨਾਲ ਵਾਤਾਵਰਣ ’ਤੇ ਵੀ ਬੁਰਾ ਅਸਰ ਪੈਂਦਾ ਹੈ। ਉਨਾਂ ਕਿਹਾ ਕਿ ਗੁਰਬਾਣੀ ਦੀ ਸੇਧ ਅਨੁਸਾਰ ਪੰਜਾਬ ਦੇ ਲੋਕ ਕੁਦਰਤ ਨੂੰ ਸਭ ਤੋਂ ਵੱਧ ਪਿਆਰ ਕਰਨ ਵਾਲੇ ਹਨ। ਜਿਉ ਜਿਉ ਲੋਕਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਸੋਝੀ ਪ੍ਰਾਪਤ ਹੋ ਰਹੀ ਹੈ ਤਿਉ ਤਿਉ ਲੋਕ ਇਸ ਰੁਝਾਨ ਨੂੰ ਛੱਡ ਰਹੇ ਹਨ। ਉਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਦੇ ਲੋਕ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਾੜਨ ਦੇ ਰੁਝਾਨ ਨੂੰ ਪੂਰੀ ਤਰਾਂ ਤਿਆਗ ਦੇਣਗੇ।

ਉਨ੍ਹਾਂ ਨੇ ਕਿਹਾ ਪਰਾਲੀ ਨਾ ਸਾੜਨ ਬਾਰੇ ਲਗਾਤਾਰ ਨਾ ਕੇਵਲ ਲੋਕਾਂ ਜਾਗਰੂਕ ਕਰਦੇ ਰਹੇ ਹਨ ਸਗੋਂ ਉਨਾਂ ਨੇ ਅਜਿਹਾ ਨਾ ਕਰਨ ਵਾਲੇ ਲੋਕਾਂ ਦਾ ਸਨਮਾਨ ਵੀ ਕੀਤਾ ਹੈ। ਪਿਛਲੇ ਦਿਨੀ ਉਨਾਂ ਨੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਕਿਸਾਨਾਂ ਦਾ ਵਿਧਾਨ ਸਭਾ ਵਿਖੇ ਇਕ ਸਮਰੋਹ ਦੌਰਾਨ ਸਨਮਾਨ ਕੀਤਾ। ਇਹ ਆਪਣੇ ਕਿਸਮ ਦੀ ਇੱਕ ਨਿਵੇਕਲ ਪਹਿਲ ਕਦਮੀ ਸੀ। ਇਸ ਸਨਮਾਨ ਸਮਾਰੋਹ ਵਿੱਚ ਫ਼ਰੀਦਕੋਟ ਜ਼ਿਲੇ 18, ਮੋਗਾ ਦੇ 13, ਸੰਗਰੂਰ ਦੇ 10, ਰੂਪਨਗਰ ਦੇ 1 ਅਤੇ ਗੁਰਦਾਸਪੁਰ 10 ਅਤੇ ਲੁਧਿਆਣਾ ਤੇ ਬਰਨਾਲਾ ਦੇ 7 ਵਾਤਾਵਰਨ ਪ੍ਰੇਮੀ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਸੀ। ਉਹਨਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਵੀ ਅਪੀਲ ਕੀਤੀ।

ਸਿੱਧੂ ਮੂਸੇਵਾਲਾ ਦੇ ਪਿੰਡ ‘ਚ ਇਸ ਵਾਰ ਮਨਾਈ ਜਾਵੇਗੀ ਕਾਲੀ ਦੀਵਾਲੀ

0

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਵਾਲੇ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ। ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਪਿੰਡ ‘ਚ ਨਾ ਤਾਂ ਦੀਪਮਾਲਾ ਕੀਤੀ ਜਾਵੇਗੀ ਅਤੇ ਨਾ ਹੀ ਪਟਾਕੇ ਚਲਾਏ ਜਾਣਗੇ। ਸਿਰਫ ਦੀਵੇ ਜਗਾ ਕੇ ਸਿੱਧੂ ਦੀ ਯਾਦ ਨੂੰ ਤਾਜ਼ਾ ਕੀਤਾ ਜਾਵੇਗਾ। ਉਹ ਕਾਲੀਆਂ ਪੱਟੀਆਂ ਬੰਨ੍ਹ ਕੇ ਬੈਠਣਗੇ। ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣਗੇ ਕਿ ਸਿੱਧੂ ਨੂੰ ਇਨਸਾਫ਼ ਦਿਵਾਇਆ ਜਾਵੇ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਭਾਵੁਕ ਹੁੰਦਿਆਂ ਆਖਿਆ ਹੈ ਕਿ ਸਾਨੂੰ ਇਨਸਾਫ ਨਹੀਂ ਮਿਲੇਗਾ। ਉਨ੍ਹਾਂ ਸਰਕਾਰ ਦੀ ਨੀਅਤ ‘ਤੇ ਸਵਾਲ ਵੀ ਚੁੱਕੇ। ਮੂਸੇਵਾਲਾ ਦੇ ਪਿਤਾ ਨੇ ਲੋਕਾਂ ਨੂੰ ਅਪੀਲ ਕੀਤੀ, ਉਨ੍ਹਾਂ ਕਿਹਾ ਕਿ ਲੋਕ ਕਾਲੀ ਦੀਵਾਲੀ ਮਨਾਉਣ।  ਉਹ ਵਕਤ ਦਾ ਮਾਰਿਆ ਹੋਇਆ ਹੈ। ਸਰਕਾਰ ਤੋਂ ਇਨਸਾਫ ਦੀ ਉਮੀਦ ਨਹੀਂ। ਪਿੰਡ ਮੂਸੇਵਾਲਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਅਤੇ ਗਾਇਕ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਪਿੰਡ ਮੂਸੇਵਾਲਾ ਵਿੱਚ ਦੀਵਾਲੀ ਨਹੀਂ ਮਨਾਈ ਜਾਵੇਗੀ। ਇਹੀ ਕਾਰਨ ਹੈ ਕਿ ਪਿੰਡ ਦਾ ਕੋਈ ਵੀ ਦੁਕਾਨਦਾਰ ਪਟਾਕੇ ਜਾਂ ਮਠਿਆਈ ਨਹੀਂ ਲੈ ਕੇ ਆਇਆ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਪੰਜਾਬੀਆਂ ਅਤੇ ਪਿੰਡ ਦਾ ਮਾਣ ਸੀ। ‘

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿੰਡ ਦੇ ਚੁੱਲ੍ਹੇ ਠੰਡੇ ਹਨ। ਮੂਸੇਵਾਲਾ ਦੀ ਸਮਾਧ ‘ਤੇ ਰੋਜ਼ਾਨਾ ਸੈਂਕੜੇ ਲੋਕ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ। ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਐਲਾਨ ਕੀਤਾ ਗਿਆ ਹੈ ਕਿ ਇਸ ਵਾਰ ਦੀਵਾਲੀ ਕਾਲੀ ਰਹੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ 29 ਮਈ ਨੂੰ ਪਿੰਡ ਜਵਾਹਰਕੇ ‘ਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਸਿੱਧੂ ਮੂਸੇਵਾਲਾ ਨੂੰ ਸ਼ਾਰਪ ਸ਼ੂਟਰਾਂ ਨੇ ਮਾਰ ਦਿੱਤਾ ਸੀ।

ਫੂਡ ਸੇਫਟੀ ਵਿੰਗ ਨੇ ਸੱਤ ਮਹੀਨਿਆਂ ਦੌਰਾਨ ਖਾਣ ਪੀਣ ਦੀਆਂ ਵਸਤਾਂ ਦੇ 5297 ਸੈਂਪਲ ਲਏ: ਜੌੜਾਮਾਜਰਾ

0

ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਬੀਤੇ ਸੱਤ ਮਹੀਨਿਆਂ ਦੌਰਾਨ ਖਾਧ ਪਦਾਰਥਾਂ ਦੇ 5297 ਸੈਂਪਲ ਲਏ ਹਨ, ਜਿਨ੍ਹਾਂ ਵਿੱਚੋਂ 1006 ਗੈਰ ਮਿਆਰੀ ਅਤੇ 74 ਅਸੁਰੱਖਿਅਤ/ ਫੇਲ੍ਹ ਪਾਏ ਗਏ ਹਨ। ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਇਹ ਜਾਣਕਾਰੀ ਦਿੰਦਿਆਂ ਕਿ ਅਸੁਰੱਖਿਅਤ/ ਫੇਲ੍ਹ ਪਾਏ ਗਏ ਸੈਂਪਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਸਰਕਾਰ ਮਿਲਾਵਟਖੋਰੀ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ।

ਸ. ਜੌੜਾਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2022 ਦੌਰਾਨ ਅਪਰੈਲ ਮਹੀਨੇ ਦੌਰਾਨ ਲਏ ਗਏ 820 ਸੈਂਪਲਾਂ ਵਿੱਚੋਂ 241 ਗੈਰ ਮਿਆਰੀ ਅਤੇ 18 ਅਸੁਰੱਖਿਅਤ/ ਫੇਲ੍ਹ ਪਾਏ ਗਏ। ਇਸੇ ਤਰ੍ਹਾਂ ਮਈ ਮਹੀਨੇ ਦੇ 570 ਸੈਂਪਲ ਵਿੱਚੋਂ 91 ਗੈਰ ਮਿਆਰੀ ਅਤੇ 5 ਅਸੁਰੱਖਿਅਤ/ ਫੇਲ੍ਹ ਪਾਏ ਗਏ।ਜੂਨ ਦੌਰਾਨ 582 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 111 ਗੈਰ ਮਿਆਰੀ ਅਤੇ 17 ਸੈਂਪਲ ਅਸੁਰੱਖਿਅਤ/ ਫੇਲ੍ਹ ਪਾਏ ਗਏ।

ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਲਏ ਗਏ 525 ਸੈਂਪਲਾਂ ਵਿੱਚੋਂ 111 ਅਤੇ 3 ਸੈਂਪਲ ਅਸੁਰੱਖਿਅਤ/ ਫੇਲ੍ਹ ਪਾਏ ਗਏ। ਇਸੇ ਤਰ੍ਹਾਂ ਅਗਸਤ ਮਹੀਨੇ ਦੌਰਾਨ 1016 ਸੈਂਪਲਾਂ ਵਿੱਚੋਂ 332 ਗੈਰ ਮਿਆਰੀ ਜਦਕਿ 22 ਸੈਂਪਲ ਅਸੁਰੱਖਿਅਤ/ ਫੇਲ੍ਹ ਪਾਏ ਗਏ। ਉਨ੍ਹਾਂ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ 800 ਸੈਂਪਲਾਂ ਵਿੱਚੋਂ 120 ਗੈਰ ਮਿਆਰੀ ਅਤੇ 9 ਸੈਂਪਲ ਅਸੁਰੱਖਿਅਤ/ ਫੇਲ੍ਹ ਪਾਏ ਗਏ। ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਹੁਣ ਤੱਕ 984 ਸੈਂਪਲ ਲਏ ਗਏ ਹਨ, ਜੋ ਕਿ ਜਾਂਚ ਲਈ ਲੈਬਾਰਟਰੀ ਨੂੰ ਭੇਜੇ ਗਏ ਹਨ ਅਤੇ ਇਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।

ਸ. ਜੌੜਾਮਾਜਰਾ ਨੇ ਦੱਸਿਆ ਕਿ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਦਾ ਫੂਡ ਸੇਫਟੀ ਵਿੰਗ ਪੰਜਾਬ ਵਾਸੀਆਂ ਨੂੰ ਸ਼ੁੱਧ ਖਾਣ ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੀ ਜਾਗਰੁਕਤਾ ਮੁਹਿੰਮ ਵਿੱਚ ਅਗਵਾਈ ਕਰ ਰਿਹਾ ਹੈ। ਫੂਡ ਸੇਫਟੀ ਵਿਭਾਗ ਆਪਣੇ ਸਲੋਗਨ “ਜੇ ਇਹ ਸੁਰੱਖਿਅਤ ਨਹੀਂ ਤਾਂ ਇਹ ਭੋਜਨ ਨਹੀਂ” ਤਹਿਤ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਵਿੰਗ ਵੱਲੋਂ ਮਠਿਆਈਆਂ ‘ਤੇ ਲਗਾਏ ਜਾਣ ਵਾਲੇ ਚਾਂਦੀ ਦੇ ਵਰਕ ਵਿੱਚ ਹੋਣ ਵਾਲੀ ਮਿਲਾਵਟ ਦੀ ਜਾਂਚ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਪੂਰੇ ਪੰਜਾਬ ਵਿੱਚ ਚਾਂਦੀ ਦੇ ਵਰਕ ਸਮੇਤ ਮਠਿਆਈਆਂ ਦੇ 164 ਸੈਂਪਲ ਭਰ ਕੇ ਫੂਡ ਲੈਬ ਖਰੜ੍ਹ ਵਿਖੇ ਭੇਜ ਦਿੱਤੇ ਗਏ ਹਨ, ਜਿਨ੍ਹਾਂ ਸੈਂਪਲਾਂ ਦੀ ਰਿਪੋਰਟ ਫੇਲ੍ਹ ਪ੍ਰਾਪਤ ਹੋਈ, ਉਨ੍ਹਾਂ ਵਿਰੁੱਧ ਫੂਡ ਸੇਫਟੀ ਐਕਟ ਤਹਿਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਹਾਲਾਂਕਿ ਸਿੰਥੈਟਿਕ ਰੰਗਾਂ ਵਾਲੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦਾ ਸੇਵਨ ਕਿਸੇ ਦੀ ਸਿਹਤ ਲਈ ਉੱਚ ਖਤਰਾ ਪੈਦਾ ਕਰਦਾ ਹੈ ਅਤੇ ਅਜਿਹੀਆਂ ਖਾਣ-ਪੀਣ ਦੀਆਂ ਵਸਤੂਆਂ ਨੂੰ ਖਰੀਦਣ ਵੇਲੇ ਖਪਤਕਾਰਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਐਫ.ਐਸ.ਐਸ.ਏ.ਆਈ. ਨੇ ਪ੍ਰਵਾਨਗੀ ਵਾਲੇ ਰੰਗਾਂ ਲਈ ਪੀ.ਪੀ.ਐਮ. (ਪਾਰਟਸ ਪ੍ਰਤੀ ਮਿਲੀਅਨ) ਦੀ ਸੀਮਾ ਨਿਰਧਾਰਤ ਕੀਤੀ ਹੈ। ਭੋਜਨ ਦੇ ਰੰਗਾਂ ਦੀ ਵਰਤੋਂ ਸੰਬੰਧੀ ਸਾਰੇ ਐਫ.ਬੀ.ਓਜ਼ ਨੂੰ ਐਫ.ਐਸ.ਐਸ.ਏ.ਆਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਜ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਸ ਦੀਵਾਲੀ ਸੀਜ਼ਨ ਵਿੱਚ ਫੂਡ ਸੇਫਟੀ ਵਿੰਗ ਬਾਸੀ ਜਾਂ ਸੜੇ ਸੁੱਕੇ ਮੇਵੇ ਦੀ ਵਿਕਰੀ ‘ਤੇ ਵੀ ਸਰਗਰਮੀ ਨਾਲ ਪਾਬੰਦੀ ਲਗਾ ਰਿਹਾ ਹੈ, ਜੋ ਕਿ ਆਮ ਤੌਰ ‘ਤੇ ਪੈਕ ਕੀਤੇ ਜਾਂਦੇ ਹਨ ਅਤੇ ਖਪਤਕਾਰ ਖਰੀਦਦੇ ਸਮੇਂ ਉਨ੍ਹਾਂ ਦੀ ਤਾਜ਼ਗੀ ਦੀ ਜਾਂਚ ਕਰਨ ਦੇ ਯੋਗ ਨਹੀਂ ਹੁੰਦੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਅਸੁਰੱਖਿਅਤ ਜਾਂ ਫੇਲ੍ਹ ਪਾਏ ਗਏ ਸੈਂਪਲਾਂ ਵਿਰੁੱਧ ਕਾਰਵਾਈ ਲਈ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਨਿਯਮ ਬਣਾਏ ਹੋਏ ਹਨ, ਜਿਸ ਤਹਿਤ ਗੈਰ ਮਿਆਰੀ ਅਤੇ ਮਿਸਬਰਾਂਡਡ ਆਦਿ ਕੇਸਾਂ ਨੂੰ ਸਮੂਹ ਜ਼ਿਲ੍ਹਿਆਂ ਦੇ ਏ.ਡੀ.ਸੀਜ. ਦੀਆਂ ਅਦਾਲਤਾਂ ਵਿੱਚ ਦਾਇਰ ਕੀਤਾ ਜਾਂਦਾ ਹੈ, ਜਿਸ ਵਿੱਚ ਇਨ੍ਹਾਂ ਦੋਸ਼ ਅਧੀਨ ਜ਼ਰੁਮਾਨਾ ਕਰਨ ਦਾ ਪ੍ਰਵੀਜ਼ਨ ਹੈ। ਇਸ ਤੋਂ ਇਲਾਵਾ ਜੁਡੀਸ਼ੀਅਲ ਅਦਾਲਤਾਂ ‘ਚ ਅਸੁਰੱਖਿਅਤ ਜਾਂ ਫੇਲ੍ਹ ਸੈਂਪਲਾਂ ਦੇ ਕੇਸ ਦਾਇਰ ਕਰਕੇ ਜ਼ਰਮਾਨਾ ਅਤੇ ਸਜ਼ਾ ਦੇਣ ਦੇ ਪ੍ਰਬੰਧ ਵੀ ਕੀਤੇ ਹੋਏ ਹਨ।

ਸ. ਜੌੜਾਮਾਜਰਾ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸੇਫਟੀ ਵਿੰਗ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਇੰਟਰਡਿਸਟ੍ਰਿਕ ਟੀਮਾਂ ਬਣਾ ਕੇ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟਖੋਰੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਤਰਜੀਹ ਲੋਕਾਂ ਨੂੰ ਸ਼ੁੱਧ ਖਾਣ ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣਾ ਹੈ, ਜਿਸ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ।

ISRO ਨੇ ਰਚਿਆ ਇਤਿਹਾਸ, LVM3 ਰਾਕੇਟ ਨਾਲ 36 Satellites ਨੂੰ ਕੀਤਾ ਲਾਂਚ

0

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਭ ਤੋਂ ਭਾਰੇ ਰਾਕੇਟ ਐੱਲਵੀਐੈੱਮ3-ਐੱਮ2 ਨੂੰ ਅੱਜ ਪੁਲਾੜ ਸਟੇਸ਼ਨ ਤੋਂ ਲਾਂਚ ਕੀਤਾ ਗਿਆ ਅਤੇ ਯੂਕੇ-ਅਧਾਰਤ ਗਾਹਕ ਲਈ 36 ਬਰਾਡਬੈਂਡ ਸੰਚਾਰ ਉਪਗ੍ਰਹਿਆਂ ਨੂੰ ਹੇਠਲੇ ਔਰਬਿਟ (ਐੈੱਲਈਓ) ਵਿੱਚ ਸਥਾਪਿਤ ਕੀਤਾ ਗਿਆ। ਇਸਰੋ ਨੇ ਇਸ ਨੂੰ ਇਤਿਹਾਸਕ ਮਿਸ਼ਨ ਕਰਾਰ ਦਿੱਤਾ ਹੈ। ਐਤਵਾਰ ਤੜਕੇ ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਐਲਾਨ ਕੀਤਾ ਕਿ ਪੁਲਾੜ ਏਜੰਸੀ ਵਿੱਚ ਕੰਮ ਕਰ ਰਹੇ ਵਿਗਿਆਨੀਆਂ ਲਈ ਦੀਵਾਲੀ ਦਾ ਤਿਉਹਾਰ ਜਲਦੀ ਸ਼ੁਰੂ ਹੋ ਗਿਆ ਹੈ।

ਇਸਰੋ ਨੇ ਟਵੀਟ ਕੀਤਾ, ‘‘ਐੱਲਵੀਐੈੱਮ3 ਐੱਮ2/ਵਨਵੈੱਬ ਇੰਡੀਆ-1 ਮਿਸ਼ਨ ਸਫਲਤਾ ਨਾਲ ਪੂਰਾ ਹੋਇਆ। ਸਾਰੇ 36 ਸੈਟੇਲਾਈਟਾਂ ਨੂੰ ਨਿਰਧਾਰਤ ਔਰਬਿਟ ਵਿੱਚ ਸਥਾਪਿਤ ਕੀਤਾ ਗਿਆ ਹੈ। ਅੱਜ 43.5 ਮੀਟਰ ਉੱਚਾ ਰਾਕੇਟ 24 ਘੰਟੇ ਦੀ ਉਲਟੀ ਗਿਣਤੀ ਪੂਰੀ ਹੋਣ ਮਗਰੋਂ ਸਤੀਸ਼ ਧਵਨ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਰਾਤ 12.07 ਵਜੇ ਲਾਂਚ ਕੀਤਾ ਗਿਆ। ਰਾਕੇਟ ਵਿੱਚ 8,000 ਕਿਲੋਗ੍ਰਾਮ ਤੱਕ ਦੇ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਲਿਜਾਣ ਦੀ ਸਮਰੱਥਾ ਹੈ।

ਦੱਸਣਯੋਗ ਹੈ ਕਿ ਨਿਊਸਪੇਸ ਇੰਡੀਆ ਲਿਮਟਿਡ (ਐੱਨਐੱਸਆਈਐੱਲ), ਪੁਲਾੜ ਵਿਭਾਗ ਦੇ ਅਧੀਨ ਇੱਕ ਜਨਤਕ ਖੇਤਰ ਦੀ ਕੰਪਨੀ ਨੇ ਲੰਡਨ-ਹੈੱਡਕੁਆਰਟਰਡ ਨੈੱਟਵਰਕ ਐਕਸੈਸ ਐਸੋਸੀਏਟਿਡ ਲਿਮਿਟੇਡ (ਵਨਵੈੱਬ) ਨਾਲ ਇਸਰੋ ਦੇ ਐੱਲਵੀਐੈੱਮ3 ਅਤੇ ਵਨਵੈੱਬ ਐੱਲਈਓ ਸੈਟੇਲਾਈਟ ਲਾਂਚ ਕਰਨ ਲਈ ਦੋ ਲਾਂਚ ਸੇਵਾ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ।

ਇਹ ਮਿਸ਼ਨ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਐੱਲਵੀਐੈੱਮ3 ਦਾ ਪਹਿਲਾ ਵਪਾਰਕ ਮਿਸ਼ਨ ਹੈ ਅਤੇ ਲਾਂਚ ਵਾਹਨ ਦੇ ਨਾਲ ਐੱਨਐੱਸਆਈਐੱਲ ਦਾ ਵੀ ਪਹਿਲਾ ਮਿਸ਼ਨ ਹੈ। ਇਸਰੋ ਮੁਤਾਬਕ ਮਿਸ਼ਨ ਵਿੱਚ ਵਨਵੈੱਬ ਦੇ 5,796 ਕਿਲੋਗ੍ਰਾਮ ਵਜ਼ਨ ਵਾਲੇ 36 ਸੈਟੇਲਾਈਟਾਂ ਨਾਲ ਪੁਲਾੜ ’ਚ ਜਾਣ ਵਾਲਾ ਇਹ ਪਹਿਲਾ ਭਾਰਤੀ ਰਾਕੇਟ ਬਣ ਗਿਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 36 ਸੈਟੇਲਾਈਟ ਪੁਲਾੜ ’ਚ ਸਥਾਪਤ ਕਰਨ ’ਚ ਕਾਮਯਾਬੀ ਲਈ ਪੁਲਾੜ ਸੰਸਥਾ ‘ਇਸਰੋ’ ਨੂੰ ਵਧਾਈ ਦਿੱਤੀ ਹੈ।

T20 World Cup: ਅਰਸ਼ਦੀਪ ਸਿੰਘ ਨੇ ਪਹਿਲੇ Over ਦੀ ਪਹਿਲੀ ਗੇਂਦ ‘ਤੇ ਬਾਬਰ ਆਜ਼ਮ ਨੂੰ ਕੀਤਾ OUT, ਦੂਜੀ ਵਿਕਟ ਵੀ ਕੀਤੀ ਹਾਸਿਲ

0

ਭਾਰਤ ਤੇ ਪਾਕਿਸਤਾਨ ਦਰਮਿਆਨ ਟੀ20 ਵਿਸ਼ਵ ਕੱਪ 2022 ਦਾ ਮੁਕਾਬਲਾ ਆਸਟ੍ਰੇਲੀਆ ਦੇ ਮੈਲਬੋਰਨ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਬਾਬਰ ਆਜ਼ਮ ਬਿਨਾ ਖਾਤਾ ਖੋਲੇ ਅਰਸ਼ਦੀਪ ਸਿੰਘ ਵਲੋਂ ਐੱਲ. ਬੀ. ਡਬਲਯੂ. ਆਊਟ ਹੋਇਆ।ਪਾਕਿਸਤਾਨ ਦੀ ਦੂਜੀ ਵਿਕਟ ਵਿਕਟਕੀਪਰ ਮੁਹੰਮਦ ਰਿਜ਼ਵਾਨ ਦੇ ਤੌਰ ‘ਤੇ ਡਿੱਗੀ।  ਦੱਸ ਦਈਏ ਕਿ ਅਰਸ਼ਦੀਪ ਸਿੰਘ ਬੀਤੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਵੀ ਹੋਇਆ। ਉਸਨੂੰ ਇੱਕ ਮੈਚ ਦੌਰਾਨ ਹੋਈ ਭਾਰਤ ਟੀਮ ਦੀ ਹਾਰ ਲਈ ਕਾਫੀ ਕੁੱਝ ਸਹਿਣ ਕਰਨਾ ਪਿਆ ਪਰ ਅੱਜ ਉਸ ਵੱਲੋਂ ਮੈਚ ‘ਚ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਘਰ ’ਚ ਸੁੱਤੇ ਪਏ ਪਰਿਵਾਰ ਨਾਲ ਵਾਪਰਿਆ ਦਿਲ ਕੰਬਾਊ ਹਾਦਸਾ, ਪਤੀ-ਪਤਨੀ ਦੀ ਹੋਈ ਮੌਤ

0

ਮਾਨਸਾ ਦੇ ਬੁਢਲਾਡਾ ‘ਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਬੁਢਲਾਡਾ ‘ਚ ਦੇ ਪੀ. ਐੱਨ. ਬੀ. ਰੋਡ ਨਜ਼ਦੀਕ ਪੈਂਦੇ ਇਕ ਘਰ ‘ਚ ਅੱਗ ਦੀ ਲਪੇਟ ‘ਚ ਆਉਣ ਕਾਰਨ 2 ਦੀ ਮੌਤ ਅਤੇ 1 ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਰਡ ਕੌਂਸਲਰ ਪ੍ਰੇਮ ਕੁਮਾਰ ਗਰਗ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਰਾਮਪਾਲ ਕੁਮਾਰ (62) ਦੇ ਘਰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਰਾਮਪਾਲ ਕੁਮਾਰ ਅਤੇ ਉਸਦੀ ਪਤਨੀ ਕ੍ਰਿਸ਼ਨਾ (60) ਅਤੇ ਉਨ੍ਹਾਂ ਦਾ ਮੁੰਡਾ ਕ੍ਰਿਸ਼ਨ ਕੁਮਾਰ (28) ਅੰਦਰ ਸੁੱਤੇ ਪਏ ਸਨ।

ਇਹ ਵੀ ਪੜ੍ਹੋ: ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਮੌਤ

ਕੌਂਸਲਰ ਨੇ ਦੱਸਿਆ ਕਿ ਰਾਮਪਾਲ ਅਤੇ ਉਸ ਦੀ ਪਤਨੀ ਬੁਰੀ ਤਰ੍ਹਾਂ ਇਸ ਅੱਗ ਦੀ ਲਪੇਟ ‘ਚ ਆ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜਦਕਿ ਉਨ੍ਹਾਂ ਦੇ ਮੁੰਡੇ ਨੇ ਆਪਣੇ ਮਾਤਾ-ਪਿਤਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ ਅਤੇ ਉਹ ਵੀ ਬੁਰੀ ਤਰ੍ਹਾਂ ਝੁਲਸ ਗਿਆ। ਉਨ੍ਹਾਂ ਕਿਹਾ ਕਿ ਇਹ ਅੱਗ ਦਾ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਪੁਲਿਸ ਨੇ ਮੌਕੇ ‘ਤੇ ਆ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕ੍ਰਿਸ਼ਨ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਹ ਜ਼ੇਰੇ ਇਲਾਜ ਹੈ।

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਆਪਣੇ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

0

ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੇ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਪਾਰਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ, ਸੰਸਦ ਮੈਂਬਰ ਰਾਹੁਲ ਗਾਂਧੀ, ਪਾਰਟੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ, ਅਸ਼ੋਕ ਗਹਿਲੋਤ, ਭੁਪੇਸ਼ ਬਘੇਲ ਅਤੇ ਆਨੰਦ ਸ਼ਰਮਾ ਚੋਣ ਪ੍ਰਚਾਰ ਕਰਨਗੇ।

ਮੁਹਾਲੀ RPG ਹਮਲਾ :ਮੁੱਖ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ AK-56 ਸਣੇ ਦੋ ਮੁਲਜ਼ਮ ਗ੍ਰਿਫ਼ਤਾਰ

0

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰਪੀਜੀ) ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਚੜ੍ਹਤ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਇੱਕ ਏਕੇ-56 ਅਸਾਲਟ ਰਾਈਫ਼ਲ ਬਰਾਮਦ ਕਰ ਕੇ ਉਸ ਦੇ ਦੋ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਮੁਲਜ਼ਮ ਚੜ੍ਹਤ ਸਿੰਘ ਨੂੰ ਪਨਾਹ ਦਿੰਦੇ ਸਨ। ਜ਼ਿਕਰਯੋਗ ਹੈ ਕਿ  9 ਮਈ, 2022 ਨੂੰ ਮੋਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਲਗਭਗ 19:45 ਵਜੇ ਇੱਕ ਆਰਪੀਜੀ ਹਮਲਾ ਕੀਤਾ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਇੱਕ ਏ.ਕੇ-56 ਸਣੇ 100 ਕਾਰਤੂਸ ਤੇ ਇੱਕ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਈਦ ਮੁਹੰਮਦ ਤੌਸੀਫ ਚਿਸ਼ਤੀ ਉਰਫ਼ ਚਿੰਕੀ ਵਾਸੀ ਅਜਮੇਰ (ਰਾਜਸਥਾਨ) ਨੂੰ ਚੜ੍ਹਤ ਸਿੰਘ ਦੀ ਪੁੱਛ-ਪੜਤਾਲ ਤੋਂ ਬਾਅਦ ਹੀ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਡੀਜੀਪੀ ਨੇ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜਮ ਚਿੰਕੀ ਪਿਛਲੇ 5-7 ਸਾਲਾਂ ਤੋਂ ਲਖਬੀਰ ਲੰਡਾ ਦੇ ਸੰਪਰਕ ਵਿੱਚ ਸੀ ਅਤੇ ਲੰਡਾ ਦੇ ਨਿਰਦੇਸ਼ਾਂ ‘ਤੇ ਚਿੰਕੀ ਨੇ ਅਜਮੇਰ ਵਿੱਚ ਅਲ-ਖਾਦਿਮ ਨਾਮ ਦੇ ਇੱਕ ਗੈਸਟ ਹਾਊਸ ਵਿੱਚ ਚੜਤ ਲਈ ਠਹਿਰਨ ਦਾ ਪ੍ਰਬੰਧ ਕੀਤਾ ਸੀ। ਚੜਤ ਨੇ ਕਬੂਲਿਆ ਹੈ ਕਿ ਲੰਡਾ ਨੇ ਚਿੰਕੀ ਨੂੰ ਕਰੀਬ 3 ਤੋਂ 4 ਲੱਖ ਰੁਪਏ ਭੇਜੇ ਹਨ।

ਉਨਾਂ ਦੱਸਿਆ ਕਿ ਚੜਤ ਦੇ ਇੱਕ ਹੋਰ ਸਾਥੀ ਜਿਸਦੀ ਦੀ ਪਛਾਣ ਸੁਨੀਲ ਕੁਮਾਰ ਉਰਫ ਕਾਲਾ ਵਜੋਂ ਹੋਈ ਹੈ ਅਤੇ ਜਿਸ ਨੇ ਚੜਤ ਸਿੰਘ ਨੂੰ ਅਮਰੀਕਾ ਸਥਿਤ ਜਗਰੂਪ ਸਿੰਘ ਉਰਫ ਰੂਪ ਦੇ ਨਿਰਦੇਸ਼ਾਂ ‘ਤੇ ਛੁਪਣਗਾਹ ਮੁਹੱਈਆ ਕਰਵਾਈ ਸੀ, ਨੂੰ ਵੀ ਰੋਪੜ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਜਗਰੂਪ ਰੂਪ ਲਖਬੀਰ ਲੰਡਾ ਦਾ ਕਰੀਬੀ ਮੰਨਿਆ ਜਾਂਦਾ ਹੈ।

T20 World Cup 2022 : ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਹੋਵੇਗਾ ਮੁਕਾਬਲਾ

0

T-20 ਵਿਸ਼ਵ ਕੱਪ 2022 ਦੇ ਸਭ ਤੋਂ ਵੱਡੇ ਮੁਕਾਬਲੇ ਦਾ ਮੰਚ ਤਿਆਰ ਹੋ ਗਿਆ ਹੈ। ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੁਪਹਿਰ 1.30 ਵਜੇ ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ ਉਤਰਨਗੀਆਂ ਤਾਂ ਸਟੇਡੀਅਮ ‘ਚ ਲਗਭਗ 1 ਲੱਖ ਦਰਸ਼ਕ ਇਸ ਦਾ ਆਨੰਦ ਲੈਣਗੇ ਅਤੇ ਟੀਵੀ ਅਤੇ ਡਿਜੀਟਲ ਪਲੇਟਫਾਰਮ ‘ਤੇ ਲਗਭਗ 30 ਕਰੋੜ ਲੋਕ ਇਸ ਦਾ ਆਨੰਦ ਲੈਣਗੇ।

ਇਸ ਦੇ ਮੁੱਖ ਪ੍ਰੋਗਰਾਮ ਅਧਿਕਾਰੀ ਰਾਜੇਂਦਰ ਸਿੰਘ ਜਯਾਲਾ ਨੇ ਕਿਹਾ ਕਿ ਕ੍ਰਿਕਟ ਮੈਚਾਂ ਦੀ ਸਕ੍ਰੀਨਿੰਗ “ਕੋਈ ਨਵਾਂ ਰੁਝਾਨ ਨਹੀਂ” ਹੈ, ਪਰ ਇਹ ਬਹੁਤ ਲਾਭਦਾਇਕ ਉੱਦਮ ਹੈ। ਇੱਕ ਹੋਰ ਵੱਡੀ ਫਿਲਮ ਥੀਏਟਰ ਕੰਪਨੀ, ਪੀਵੀਆਰ ਸਿਨੇਮਾਜ਼, ਭਾਰਤ ਦੇ ਸਾਰੇ ਮੈਚਾਂ ਦੇ ਨਾਲ-ਨਾਲ ਟੂਰਨਾਮੈਂਟ ਦੇ ਸੈਮੀਫਾਈਨਲ ਅਤੇ ਫਾਈਨਲ ਦੀ ਸਕ੍ਰੀਨਿੰਗ ਕਰੇਗੀ। ਮੌਸਮ ‘ਤੇ ਵੀ ਰਾਹਤ ਦੀ ਖ਼ਬਰ ਹੈ। ਕੱਲ੍ਹ ਤੱਕ ਮੈਚ ਦੌਰਾਨ ਮੀਂਹ ਦੀ ਸੰਭਾਵਨਾ 90% ਸੀ। ਹੁਣ ਇਸਦੀ ਸੰਭਾਵਨਾ ਘੱਟ ਕੇ 15% ਰਹਿ ਗਈ ਹੈ।

ਮੌਸਮ ਦੇ ਅਪਡੇਟ ਦੇ ਅਨੁਸਾਰ ਅੱਜ ਮੈਲਬੌਰਨ ਵਿੱਚ ਬੱਦਲਵਾਈ ਹੈ। ਪਰ ਉੱਥੇ ਮੀਂਹ ਨਹੀਂ ਪੈ ਰਿਹਾ ਹੈ। ਹੁਣ ਮੀਂਹ ਦੀ ਸੰਭਾਵਨਾ ਘੱਟ ਹੈ। ਆਸਟ੍ਰੇਲੀਆ ਦੇ ਐਮਸੀਜੀ ਸਟੇਡੀਅਮ ‘ਚ 37 ਸਾਲ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਮੈਚ ਖੇਡਿਆ ਜਾਵੇਗਾ। ਆਖ਼ਰੀ ਵਾਰ ਦੋਵੇਂ ਟੀਮਾਂ 1985 ਵਿੱਚ ਬੈਨਸਨ ਐਂਡ ਹੇਜੇਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਖੇਡੀਆਂ ਸਨ। ਇਹ ਸੁਨੀਲ ਗਾਵਸਕਰ ਦਾ ਭਾਰਤੀ ਕਪਤਾਨ ਵਜੋਂ ਆਖਰੀ ਮੈਚ ਸੀ। ਇਸ ਤੋਂ ਬਾਅਦ ਇਸ ਮੈਦਾਨ ‘ਤੇ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਕਦੇ ਕੋਈ ਮੈਚ ਨਹੀਂ ਹੋਇਆ। ਅੱਜ ਦੇ ਮੈਚ ਦਾ ਭਾਰਤ ਦੇ 45 ਸ਼ਹਿਰਾਂ ਵਿੱਚ 100 ਸਕਰੀਨਾਂ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਟੀ-20 ਵਿਸ਼ਵ ਕੱਪ 16 ਅਕਤੂਬਰ ਤੋਂ ਸ਼ੁਰੂ ਹੋ ਚੁੱਕਾ ਹੈ। ਫਾਈਨਲ 13 ਨਵੰਬਰ ਨੂੰ ਹੋਵੇਗਾ।