Home Blog Page 1847

MP ਰਵਨੀਤ ਬਿੱਟੂ ਨੇ ਦੇਰ ਰਾਤ ਮਾਰਿਆ ਛਾਪਾ, ਨਾਜਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼

0

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇਰ ਰਾਤ ਜਗਰਾਉਂ ਦੇ ਪਿੰਡ ਬਹਾਦਰਕੇ ਪੁੱਜੇ। ਰਵਨੀਤ ਬਿੱਟੂ ਨੂੰ ਕਈ ਦਿਨਾਂ ਤੋਂ ਸੂਚਨਾ ਸੀ ਕਿ ਪਿੰਡ ਬਹਾਦਰਕੇ ਵਿੱਚ ਰਾਤ ਸਮੇਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਦੇਰ ਰਾਤ ਬਿੱਟੂ ਨੇ ਮੌਕੇ ’ਤੇ ਪਹੁੰਚ ਕੇ ਮਾਈਨਿੰਗ ਵਾਲੀ ਥਾਂ ਦੇਖੀ। ਬਿੱਟੂ ਨੇ ਕਿਹਾ ਕਿ ਇਸ ਜਗ੍ਹਾ ‘ਤੇ ਆ ਕੇ ਮੈਂ ਖੁਦ ਹੈਰਾਨ ਹਾਂ ਕਿ ਇੱਥੇ ਇੰਨੇ ਵੱਡੇ ਪੱਧਰ ‘ਤੇ ਰੇਤ ਦਾ ਕਾਲਾ ਕਾਰੋਬਾਰ ਹੋ ਰਿਹਾ ਹੈ।ਇਹ ਮਾਈਨਿੰਗ ਸਤਲੁਜ ਦਰਿਆ ਵਿੱਚ ਹੋ ਰਹੀ ਹੈ।

ਰਵਨੀਤ ਬਿੱਟੂ ਨੇ ਦੱਸਿਆ ਕਿ ਮੌਕਾ ਦੇਖ ਕੇ ਪਤਾ ਲੱਗਾ ਹੈ ਕਿ ਇੱਥੋਂ ਲੋਕਲ ਟਰਾਲੀਆਂ ਆਦਿ ਭਰ ਕੇ ਚੱਲ ਰਹੀਆਂ ਹਨ।ਪੰਜਾਬ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਬਿੱਟੂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਸਾਡੀਆਂ ਗੱਡੀਆਂ ਆ ਰਹੀਆਂ ਹਨ।

ਇਨ੍ਹਾਂ ਲੋਕਾਂ ਨੇ ਸੜਕ ਜਾਮ ਕਰਨ ਲਈ ਸੜਕ ‘ਤੇ ਮਿੱਟੀ ਦੇ ਵੱਡੇ-ਵੱਡੇ ਢੇਰ ਲਗਾ ਦਿੱਤੇ ਤਾਂ ਜੋ ਅਸੀਂ ਉਨ੍ਹਾਂ ਦਾ ਪਿੱਛਾ ਨਾ ਕਰ ਸਕੀਏ। ਬਿੱਟੂ ਨੇ ਕਿਹਾ ਕਿ ਮੰਤਰੀ ਹਰਜੋਤ ਸਿੰਘ ਬੈਂਸ ਜ਼ਰੂਰ ਇੱਥੇ ਆ ਕੇ ਮੌਕਾ ਦੇਖਣ। ਜੇਕਰ ‘ਆਪ’ ਸਰਕਾਰ ਬਦਲਾਅ ਦੀ ਗੱਲ ਕਰਦੀ ਹੈ ਤਾਂ ਇੱਕ ਵਾਰ ਮੰਤਰੀ ਜ਼ਰੂਰ ਰਾਤ ਨੂੰ ਇੱਥੇ ਆ ਕੇ ਦੇਖ ਲੈਣ ਕਿ ਇੱਥੇ ਕਿਵੇਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਅੱਧੀ ਰਾਤ ਨੂੰ ਰੇਤ ਦੀਆਂ ਟਰਾਲੀਆਂ ਭਰਨ ਦੀ ਮਨਜੂਰੀ ਕੌਣ ਦੇ ਰਿਹਾ ਹੈ।

ਆਨੰਦ ਮੈਰਿਜ ਐਕਟ ਪੂਰੀ ਤਰ੍ਹਾਂ ਕਰਾਂਗੇ ਲਾਗੂ: CM ਭਗਵੰਤ ਮਾਨ

0

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ.ਗੁਰਪ੍ਰੀਤ ਕੌਰ ਦੇ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਨੰਦ ਮੈਰਿਜ ਐਕਟ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਆਨੰਦ ਮੈਰਿਜ ਐਕਟ ਤਹਿਤ ਵਿਆਹ ਰਜਿਸਟਰ ਹੋਣਗੇ।

SGPC ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਬੁਲਾਈ ਅਹਿਮ ਮੀਟਿੰਗ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦਾ ਜਨਰਲ ਇਜਲਾਸ ਭਲਕੇ 9 ਨਵੰਬਰ ਨੂੰ ਹੋਣ ਜਾ ਰਿਹਾ ਹੈ। ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਆਮ ਇਜਲਾਸ ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ‘ਚ ਹੋਵੇਗਾ। ਇਸ ਦੌਰਾਨ ਕਮੇਟੀ ਮੈਂਬਰ ਪ੍ਰਧਾਨ, ਸੀਨੀਅਰ ਉਪ ਪ੍ਰਧਾਨ, ਜੂਨੀਅਰ ਉਪ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤਰਿਮ ਕਮੇਟੀ ਦੇ ਮੈਂਬਰਾਂ ਦੀ ਚੋਣ ਕਰਨਗੇ।

ਮਿਲੀ ਜਾਣਕਾਰੀ ਮੁਤਾਬਕ ਐੱਸ. ਜੀ. ਪੀ. ਸੀ. ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਹਿਮ ਮੀਟਿੰਗ ਬੁਲਾਈ ਹੈ। ਸੁਖਬੀਰ ਬਾਦਲ ਅੱਜ ਸ਼ਾਮ 4 ਵਜੇ ਮੀਟਿੰਗ ਕਰਨਗੇ। ਇਹ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ‘ਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਾਲ ‘ਚ 2 ਵਾਰ ਇਕੱਤਰਤਾ ਹੁੰਦੀ ਹੈ। ਮਾਰਚ ਮਹੀਨੇ ‘ਚ ਬਜਟ ‘ਤੇ ਅਤੇ ਨਵੰਬਰ ‘ਚ ਜਨਰਲ ਇਜਲਾਸ ਦੇ ਮੌਕੇ ਮੈਂਬਰ ਇਕੱਠੇ ਹੋ ਕੇ ਕੌਮੀ ਮਾਮਲਿਆਂ ‘ਤੇ ਵੀ ਆਪਣੀ ਰਾਏ ਦਿੰਦੇ ਹਨ।

ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ CM ਮਾਨ ਨੇ ਸਮੂਹ ਸੰਗਤਾਂ…

ਇਸ ਵਾਰ ਇਸ ਇਜਲਾਸ ‘ਤੇ ਪੂਰੀ ਦੁਨੀਆ ਦਾ ਧਿਆਨ ਲੱਗਿਆ ਹੋਇਆ ਹੈ। ਇਕ ਪਾਸੇ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦੂਜੇ ਪਾਸੇ ਅਕਾਲੀ ਦਲ ਤੋਂ ਬਰਖ਼ਾਸਤ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ‘ਚ ਮੁਕਾਬਲਾ ਹੋਣ ਜਾ ਰਿਹਾ ਹੈ।

ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਡਿੱਗੀ ਨਦੀ ‘ਚ, 3 ਦੀ ਮੌਤ

0

ਮੱਧ ਪ੍ਰਦੇਸ਼ ‘ਚ ਭਿਆਨਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨਦੀ ਵਿੱਚ ਡਿੱਗ ਗਈ। ਇਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਦਤੀਆ ਅਤੇ ਗਵਾਲੀਅਰ ਦੇ ਹਸਪਤਾਲਾਂ ‘ਚ ਰੈਫਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸੀਵਰੇਜ ‘ਚ ਡਿੱਗਣ ਨਾਲ 4 ਸਾਲਾ ਮਾਸੂਮ ਦੀ ਹੋਈ ਮੌਤ

ਟਰੈਕਟਰ ਟਰਾਲੀ ਵਿੱਚ ਸਵਾਰ ਲੋਕ ਰਤਨਗੜ੍ਹ ਮਾਤਾ ਮੰਦਿਰ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਭਿੰਡ ਜ਼ਿਲ੍ਹੇ ਦੇ ਡਬੋਹ ਥਾਣਾ ਖੇਤਰ ਦੇ ਪਿੰਡ ਜਖੋਲੀ ਬਿੰਦਵਾ ਦਾ ਕੁਸ਼ਵਾਹਾ ਪਰਿਵਾਰ ਅਤੇ ਇਲਾਕੇ ਦੇ ਹੋਰ ਲੋਕ ਮੱਥਾ ਟੇਕਣ ਟਰੈਕਟਰ ਟਰਾਲੀ ‘ਚ ਸਵਾਰ ਹੋ ਕੇ ਰਤਨਗੜ੍ਹ ਮਾਤਾ ਮੰਦਰ ਗਏ ਹੋਏ ਸਨ। ਵਾਪਸੀ ਸਮੇਂ ਇਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।ਜਾਣਕਾਰੀ ਅਨੁਸਾਰ ਰਸਤੇ ਵਿਚ ਸੇਵਧਾ ਸੰਕੁਆਨ ਸਿੰਧ ਨਦੀ ਦਾ ਪੁਰਾਣਾ ਛੋਟਾ ਪੁਲ ਪੈਂਦਾ ਹੈ। ਇੱਥੋਂ ਲੰਘਦੇ ਸਮੇਂ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਨਦੀ ਵਿੱਚ ਜਾ ਡਿੱਗੀ।

ਸੀਵਰੇਜ ‘ਚ ਡਿੱਗਣ ਨਾਲ 4 ਸਾਲਾ ਮਾਸੂਮ ਦੀ ਹੋਈ ਮੌਤ

0

ਪਟਨਾ ‘ਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਰਾਜੀਵ ਨਗਰ ਥਾਣਾ ਖੇਤਰ ਦੀ ਰੋਡ ਨੰਬਰ-23 ‘ਚ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਚਾਰ ਸਾਲਾ ਆਯੂਸ਼ ਖੁੱਲ੍ਹੇ ਨਾਲੇ ‘ਚ ਡਿੱਗ ਗਿਆ। ਕਾਫੀ ਮਿਹਨਤ ਤੋਂ ਬਾਅਦ ਅੱਧੇ ਘੰਟੇ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਭੜਕੇ ਲੋਕ ਮਾਸੂਮ ਦੀ ਮ੍ਰਿਤਕ ਦੇਹ ਲੈ ਕੇ ਦੀਘਾ ਦੇ ਆਈ.ਟੀ.ਆਈ ਮੋੜ ‘ਤੇ ਪਹੁੰਚੇ। ਬੱਚੇ ਦੀ ਲਾਸ਼ ਨੂੰ ਆਪਣੀ ਗੋਦ ਵਿੱਚ ਲੈ ਕੇ ਮਾਪੇ ਸੜਕ ਦੇ ਵਿਚਕਾਰ ਬੈਠ ਕੇ ਰੋਣ ਲੱਗੇ। ਲੋਕਾਂ ਨੇ ਦੀਘਾ ਅਤੇ ਗਾਂਧੀ ਮੈਦਾਨ ਰੋਡ ‘ਤੇ ਟਾਇਰ ਸਾੜ ਕੇ ਸੜਕ ਜਾਮ ਕਰ ਦਿੱਤੀ।

ਜਾਣਕਾਰੀ ਅਨੁਸਾਰ ਰੋਡ ਨੰਬਰ 23 ਦੇ ਨਾਲੇ ਦੇ ਪਾਰ ਨਿਰਾਲਾ ਨਗਰ ਵਿੱਚ ਇੱਕ ਬਾਲ ਘਰ ਹੈ। ਮਾਸੂਮ ਆਯੂਸ਼ ਆਪਣੀ ਦਾਦੀ ਤੋਂ ਪੈਸੇ ਲੈ ਕੇ ਚਿਪਸ ਖਰੀਦਣ ਲਈ ਘਰੋਂ ਬਾਹਰ ਗਿਆ ਸੀ। ਉਸ ਦੇ ਨਾਲ ਵੱਡਾ ਭਰਾ ਰੁਦਰ ਅਤੇ ਗੁਆਂਢ ਦੀ ਚਾਰ ਸਾਲ ਦੀ ਬੱਚੀ ਵੀ ਸੀ। ਸੜਕ ਖ਼ਰਾਬ ਹੋਣ ਕਾਰਨ ਜ਼ਿਆਦਾਤਰ ਲੋਕ ਡਰੇਨ ’ਤੇ ਬਣੇ ਸਲੈਬਾਂ ਵਿੱਚੋਂ ਲੰਘਦੇ ਹਨ। ਤਿੰਨੇ ਬੱਚੇ ਵੀ ਨਾਲੇ ’ਤੇ ਬਣੇ ਸਲੈਬ ’ਚੋਂ ਲੰਘ ਰਹੇ ਸਨ। ਫਿਰ ਅੱਗੇ ਭੱਜਦਾ ਆਯੂਸ਼ ਸਲੈਬਾਂ ਦੇ ਵਿਚਕਾਰ ਖਾਲੀ ਥਾਂ ਕਾਰਨ ਨਾਲੇ ਵਿੱਚ ਡਿੱਗ ਗਿਆ।

ਰੁਦਰ ਨੇ ਘਰ ਭੱਜ ਕੇ ਦਾਦੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਬੱਚੇ ਦੀ ਦਾਦੀ ਅਤੇ ਪਰਿਵਾਰ ਭੱਜ ਕੇ ਉੱਥੇ ਪਹੁੰਚ ਗਏ। ਆਯੂਸ਼ ਕਰੀਬ ਛੇ ਤੋਂ ਸੱਤ ਮੀਟਰ ਅੱਗੇ ਡਰੇਨ ਵਿੱਚ ਮਿਲਿਆ । ਰਿਸ਼ਤੇਦਾਰ ਉਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੂਚਨਾ ਮਿਲਦੇ ਹੀ ਰਾਜੀਵ ਨਗਰ ਥਾਣੇ ਦੀ ਪੁਲਿਸ ਬੱਚੇ ਦੇ ਘਰ ਪਹੁੰਚੀ ਪਰ ਸਥਾਨਕ ਲੋਕ ਪੁਲਿਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ। ਨਗਰ ਨਿਗਮ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਭੜਕੇ ਲੋਕ ਬੱਚੇ ਦੀ ਲਾਸ਼ ਲੈ ਕੇ ਦੀਘਾ ਦੇ ਆਈਟੀਆਈ ਮੋੜ ’ਤੇ ਪੁੱਜੇ। ਉੱਥੇ ਉਨ੍ਹਾਂ ਨੇ ਤਿੰਨੋਂ ਪਾਸੇ ਟਾਇਰ ਸਾੜ ਕੇ ਅਤੇ ਬਾਂਸ ਦੇ ਡੰਡੇ ਲਗਾ ਕੇ ਸੜਕ ਜਾਮ ਕਰ ਦਿੱਤੀ। ਇਸ ਕਾਰਨ ਦੀਘਾ-ਗਾਂਧੀ ਮੈਦਾਨ ਰੋਡ, ਅਟਲ ਪਾਠ ਸਰਵਿਸ ਲੇਨ ਜਾਮ ਹੋ ਗਈ। ਪੁਲਿਸ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪਰਿਵਾਰ ਵਾਲਿਆਂ ਨੇ ਲਾਸ਼ ਨਹੀਂ ਦਿੱਤੀ।

ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਸਾਡੇ ਲਈ ਮਾਰਗਦਰਸ਼ਕ ਹਨ: PM ਮੋਦੀ

0

ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਸੰਗਤ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਡੇ ਲਈ ਮਾਰਗਦਰਸ਼ਕ ਹਨ ਤੇ ਦੇਸ਼ ਹਮੇਸ਼ਾ ਉਨ੍ਹਾਂ ਤੋਂ ਸੇਧ ਲੈਂਦਾ ਰਹੇਗਾ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੀ ਰਾਤ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਦੇਸ਼ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਹ ਸਮਾਗਮ ਕੌਮੀ ਘੱਟ ਗਿਣਤੀ ਮਾਮਲਿਆਂ ਬਾਰੇ ਕਮਿਸ਼ਨ ਦੇ ਚੇਅਰਪਰਸਨ ਇਕਬਾਲ ਸਿੰਘ ਲਾਲਪੁਰਾ ਦੀ ਰਿਹਾਇਸ਼ ’ਤੇ ਕਰਵਾਇਆ ਗਿਆ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਨੇ ਕਿਹਾ, ‘‘ਮੈਂ ਦੇਸ਼ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਲੋਕਾਂ ਨੂੰ ਇਸ ਦਿਹਾੜੇ ਮੌਕੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੀ ਦਿਲੋਂ ਵਧਾਈ ਦਿੰਦਾ ਹਾਂ।’’ ਉਨ੍ਹਾਂ ਕਿਹਾ, ‘‘ਸਾਡੇ ਦੇਸ਼ ਨੂੰ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਗੁਰੂਆਂ ਤੋਂ ਅਧਿਆਤਮਕ ਅਤੇ ਨੈਤਿਕ ਅਗਵਾਈ ਪ੍ਰਾਪਤ ਹੋਈ ਜਿਨ੍ਹਾਂ ਨੇ ਮਨੁੱਖਤਾ ਵਿੱਚ ਅਟੱਲ ਸਚਾਈਆਂ ਅੰਦਰੂਨੀ ਏਕਤਾ, ਦਇਆ ਅਤੇ ਸਹੀ ਦਾ ਸਾਥ ਦੇਣ ਦੀ ਜੋਤ ਜਗਾਈ।’’

ਪ੍ਰਧਾਨ ਮੰਤਰੀ ਨੇ ਕਿਹਾ, ‘‘ਗੁੁਰੂ ਨਾਨਕ ਦੇਵ ਜੀ ਵਰਗੇ ਅਧਿਆਤਮਕ ਆਗੂਆਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਦੇਸ਼ ਲੋਕ ਭਲਾਈ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਸਾਨੂੰ ਦਿਆਲੂ ਗੁਣਾਂ ਵਾਲੀ ਜ਼ਿੰਦਗੀ ਦਾ ਭਾਈਚਾਰਕ ਸਾਂਝ ਦਾ ਮਾਰਗ ਦਿਖਾਇਆ। ਉਨ੍ਹਾਂ ਦੇ ਸ਼ਬਦ ਅਤੇ ਸਾਖੀਆਂ ਸਮੁੱਚੀ ਮਨੁੱਖਤਾ ਦੀ ਅਧਿਆਤਮਕ ਵਿਰਾਸਤ ਹਨ ਅਤੇ ਇੱਕ ਸ਼ਾਂਤੀਪੂਰਨ ਸੰਸਾਰ ਦੀ ਸਿਰਜਣਾ ਲਈ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ।’’ PM ਮੋਦੀ ਨੇ ਸਰਕਾਰ ਵੱਲੋਂ ਸਿੱਖਾਂ ਅਤੇ ਸਿੱਖ ਵਿਰਾਸਤਾਂ ਦੀ ਸੁਰੱਖਿਆ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਵੀ ਕੀਤਾ।

ਸਿੱਧੂ ਮੂਸੇਵਾਲਾ ਦੀ ‘ਵਾਰ’ ਹੋਈ ਰਿਲੀਜ਼

0

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ‘ਵਾਰ’ ਰਿਲੀਜ਼ ਹੋ ਗਈ ਹੈ।ਇਹ ‘ਵਾਰ” ਹਰੀ ਸਿੰਘ ਨਲੂਆ ਨੂੰ ਸਮਰਪਿਤ ਹੈ। ਇਹ ‘ਵਾਰ’ ਹਰੀ ਸਿੰਘ ਨਲੂਆ ‘ਤੇ ਗਾਈ ਗਈ ਹੈ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਧੂ ਮੂਸੇਵਾਲਾ ਦੀ ‘ਵਾਰ’ ਰਿਲੀਜ਼ ਹੋਈ ਹੈ।ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਦੂਜਾ ਗੀਤ ਹੈ ਜੋ ਅੱਜ ਰਿਲੀਜ਼ ਹੋ ਗਿਆ ਹੈ।

ਇਸ ਤੋਂ ਪਹਿਲਾਂ SYL ਗੀਤ ਰਿਲੀਜ਼ ਹੋਇਆ ਸੀ। ਜਿਸਨੂੰ ਸਿੱਧੂ ਦੇ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਸੀ ਪਰ ਉਸ ਗੀਤ ਨੂੂੰ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਸੀ। ਇਸ ਗੀਤ ਤੋਂ ਬਾਅਦ ਅੱਜ YouTube ‘ਤੇ ਇਹ ‘ਵਾਰ’ ਰਿਲੀਜ਼ ਹੋਈ ਹੈ। ਜਿਸਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਰਿਲੀਜ਼ ਹੁੰਦੇ ਹੀ ਲੱਖਾਂ ਲੋਕਾਂ ਨੇ ਇਸ ‘ਵਾਰ’ ਨੂੰ ਸੁਣ ਵੀ ਲਿਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਦਿੱਤਾ ਸੀ ਉਪਦੇਸ਼

0

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ 553ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਘਰਾਂ ‘ਚ ਸੰਗਤ ਨਤਮਸਤਕ ਹੋ ਰਹੀ ਹੈ। ਸਾਰੇ ਹੀ ਗੁਰੂ ਘਰਾਂ ‘ਚ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਨੂੰ ਕੱਤੇ ਦੇ ਮਹੀਨੇ ‘ਚ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿਖੇ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ‘ਚ ਹੈ। ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਸਨ। ਉਨ੍ਹਾਂ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਸਨ।

ਗੁਰੂ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ। ਉਨ੍ਹਾਂ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਕਸ਼ਮੀ ਦਾਸ ਜੀ ਸਨ। ਆਪ ਜੀ ਨੇ ਵਹਿਮਾਂ-ਭਰਮਾਂ, ਜਾਤ-ਪਾਤ ਅਤੇ ਹੋਰ ਅਡੰਬਰਾਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਤਮਾਮ ਸਮੱਸਿਆਵਾਂ ਨਾਲ ਘਿਰੇ ਸਮਾਜ ਨੂੰ ਜਗਾਉਣ ਲਈ 38 ਹਜ਼ਾਰ ਮੀਲ ਦੀ ਪੈਦਲ ਯਾਕਰਾ ਕਰਕੇ 4 ਉਦਾਸੀਆਂ ਕੀਤੀਆਂ ਅਤੇ ‘ਸਰਬਤ ਦਾ ਭਲਾ ਸੰਦੇਸ਼’ ਦਿੱਤਾ ਸੀ।

ਸਿੱਖ ਧਰਮ ਦੇ ਬਾਨੀ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰੋ-ਨਾਮ ਜਪੋ-ਵੰਡ ਛਕੋ’ ਦੇ ਬੁਨਿਆਦੀ ਸਿਧਾਂਤਾਂ ਨਾਲ ਸਿੱਖ ਧਰਮ ਦੀ ਨੀਂਹ ਰੱਖੀ ਸੀ। ਇਨ੍ਹਾਂ ਸਿਧਾਂਤਾਂ ਦੀ ਰੌਸ਼ਨੀ ‘ਚ ਆਪ ਜੀ ਨੇ ਲੁਕਾਈ ਨੂੰ ਅਜਿਹੀ ਇਨਕਲਾਬੀ ਜੀਵਨ ਜਾਂਚ ਦੱਸੀ, ਜੋਕਿ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਦਾ ਮਾਰਗ ਹੈ। ਗੁਰੂ ਸਾਹਿਬ ਦੀ ਸਿਧਾਂਤਾਂ ਦੇ ਇਹ ਤਿੰਨ ਧੁਰੇ ਹਨ, ਜਿਨ੍ਹਾਂ ਉੱਤੇ ਸਾਰੀ ਸਿੱਖ ਫਲਾਸਫੀ ਖੜ੍ਹੀ ਹੈ। ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹ ਕੋਈ 3 ਵੱਖ-ਵੱਖ ਚੀਜ਼ਾਂ ਨਹੀਂ ਹਨ ਸਗੋਂ ਤਿੰਨੋਂ ਇਕਠੀਆਂ ਹੀ ਹਨ ਅਤੇ ਨਾਮ ਜਪਣ ਦੀ ਅਵਸਥਾ ‘ਚ ਹੀ ਆਉਂਦੀਆਂ ਹਨ।

ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਮਨੁੱਖ ਅਤੇ ਸਮਾਜ ਦੀ ਸਥਾਪਨਾ ਲਈ ‘ਕਿਰਤ ਕਰੋ’, ‘ਵੰਡ ਛਕੋ’ ਅਤੇ ‘ਨਾਮ ਜਪੋ’ ਦੇ ਤਿੰਨ ਮੁੱਖ ਉਪਦੇਸ਼ ਦਿੱਤੇ, ਜੋ ਸਾਮਜ ਦੇ ਅਰਥਚਾਰੇ ਮਨੁੱਖ ਦੀ ਰੂਹਾਨੀ ਖ਼ੁਸ਼ੀ ਅਤੇ ਸਮਾਜਿਕ ਸਾਂਝੀਵਾਲਤਾ ਦੇ ਅਹਿਮ ਸੰਕਲਪ ਹਨ। ਗੁਰੂ ਨਾਨਕ ਦੇਵ ਜੀ ਕਿਰਤ ਦੀ ਮਹੱਤਤਾ ਬਾਰੇ ਦੱਸਦੇ ਹਨ ਕਿ ਕਿਰਤ ਨੂੰ ਸਿਰਫ਼ ਪਦਾਰਥਕ ਖ਼ੁਸ਼ਹਾਲੀ ਦਾ ਆਧਾਰ ਨਹੀਂ ਮੰਨਣਾ ਚਾਹੀਦਾ, ਸਗੋਂ ਸੱਚੀ ਕਿਰਤ ਜਿੱਥੇ ਸਮਾਜ ਦਾ ਵਿਕਾਸ ਮੁੱਖ ਆਧਾਰ ਹੁੰਦੀ ਹੈ, ਉੱਥੇ ਹੀ ਸੱਚ ਦਾ ਰਾਹ ਵੀ ਕਿਰਤ ਦੁਆਰਾ ਪਛਾਣਿਆ ਜਾ ਸਕਦਾ ਹੈ।

ਗੁਰੂ ਸਾਹਿਬ ਨੇ ਖ਼ੁਦ ਖੇਤੀਬਾੜੀ ਦਾ ਕਿੱਤਾ ਕਰਕੇ ‘ਕਿਰਤ’ ਦੀ ਮਹੱਤਤਾ ਨੂੰ ਦਰਸਾਇਆ। ਕਿੱਤਾ ਕੋਈ ਵੀ ਹੋਵੇ, ਉਸ ਨੂੰ ਕਰਦਿਆਂ ਹੀਣਤਾ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਸਮਾਜ ਦੇ ਸਦੀਵੀਂ ਵਿਕਾਸ ਲਈ ਉਪਕਾਰ ਭਰੇ ਕਾਰਜ ਕਰਨੇ ਚਾਹੀਦੇ ਹਨ। ਗੁਰੂ ਜੀ ਅਨੁਸਾਰ ਮਨੁੱਖ ਆਪਣੇ ਨਿੱਤ ਦੇ ਕਾਰ ਵਿਹਾਰ ਦੌਰਾਨ ਸੱਚੀ ਕਿਰਤ ਕਰਦਾ ਹੋਇਆ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਅਸਲ ਅਤੇ ਉੱਤਮ ਕਰਮ ਸੱਚੀ ਕਿਰਤ ਅਤੇ ਪ੍ਰਭੂ-ਭਗਤੀ ਹੈ, ਜੋ ਮਨੁੱਖੀ ਜੀਵਨ ਦਾ ਮੁੱਖ ਮਨੋਰਥ, ਬੁਨਿਆਦ ਅਤੇ ਮਾਰਗ ਹੈ। ਕਿਰਤ ਕਰਨ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨਾਮ-ਸਿਮਰਨ ਦੇ ਸੰਕਲਪ ਨੂੰ ਵੀ ਵਿਸਥਾਰਮਈ ਰੂਪ ‘ਚ ਪ੍ਰਗਟਾਉਂਦੇ ਹਨ ਕਿ ਕਿਰਤ ਦਾ ਆਦਰਸ਼ ਰੂਪ ਨਾਮ ਦੀ ਕਿਰਤ ਕਰਨਾ ਹੈ।

ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ CM ਮਾਨ ਨੇ ਸਮੂਹ ਸੰਗਤਾਂ…

ਗੁਰੂ ਜੀ ਅਨੁਸਾਰ ਜੋ ਮਨੁੱਖ ਗ੍ਰਹਿਸਥੀ ਜੀਵਨ ‘ਚ ਸੱਚੀ ਕਿਰਤ ਕਰਦਾ ਹੈ, ਉਹ ਕਿਰਤ ਨਾਮ ਜਪਣ ਦੇ ਬਰਾਬਰ ਹੁੰਦੀ ਹੈ। ਮਨੁੱਖ ਨੂੰ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਜੇ ਸਿਰਫ਼ ਕਿਰਤ ਨੂੰ ਹੀ ਜ਼ਿੰਦਗੀ ਦਾ ਮੁੱਖ ਆਧਾਰ ਮੰਨ ਕੇ ਚੱਲਾਂਗੇ ਤਾਂ ਉਹ ਵਪਾਰਕ ਬਣ ਜਾਵੇਗੀ ਅਤੇ ਜੇ ਸਿਰਫ਼ ਕਿਰਤ ਨਹੀਂ ਨਾਮ ਹੀ ਹੈ ਤਾਂ ਉਸ ਨਾਲ ਆਤਮਿਕ ਮੁਕਤੀ ਪ੍ਰਾਪਤ ਨਹੀਂ ਹੋ ਸਕੇਗੀ। ਇਸ ਲਈ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਸਹਿਜੇ ਰੂਪ ਵਿੱਚ ਢਾਲਣਾ ਜ਼ਰੂਰੀ ਹੈ। ਮਨੁੱਖ ਦੁਆਰਾ ਕੀਤਾ ਗਿਆ ਸੁੱਚਾ ਕਰਮ ਉਸ ਦੇ ਅੰਦਰ ਗਿਆਨ ਦੀ ਸੋਝੀ ਪੈਦਾ ਕਰਦਾ ਹੈ।

ਕਰਮ ਅਤੇ ਸ਼ਬਦ ਗਿਆਨ ਦੇ ਪ੍ਰਕਾਸ਼ ਦੁਆਰਾ ਹੀ ਆਦਰਸ਼ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਜੇ ਅਸੀਂ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਤਾਂ ਇਸ ਨਾਲ ਸਾਨੂੰ ਅਮਨ, ਚੈਨ, ਸ਼ਾਂਤੀ, ਸੱਚ, ਨਿਆਂ, ਮੋਕਸ਼ ਅਤੇ ਆਨੰਦ ਸਦੀਵੀ ਤੌਰ ‘ਤੇ ਪ੍ਰਾਪਤ ਹੋ ਸਕਦੇ ਹਨ। ਭਾਰਤੀ ਸਮਾਜ ਦੀ ਸਮਾਜਿਕ ਵਿਵਸਥਾ ਅਧੀਨ ਕਈ ਅਜਿਹੇ ਮਸਲੇ ਹਨ, ਜਿਨ੍ਹਾਂ ਦਾ ਹੱਲ ਗੁਰੂ ਨਾਨਕ ਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚੋਂ ਪ੍ਰਾਪਤ ਹੁੰਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ CM ਮਾਨ ਨੇ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ

0

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ 553ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਸੰਗਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਹੈ ਕਿ ਕੁੱਲ ਲੋਕਾਈ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ…ਜਿਨ੍ਹਾਂ ਮਨੁੱਖਤਾ ਨੂੰ ਜਾਤ-ਪਾਤ ਤੇ ਊਚ-ਨੀਚ ਤੋਂ ਉੱਪਰ ਉੱਠ…ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਦਾ ਰੂਹਾਨੀ ਸਿਧਾਂਤ ਦਿੱਤਾ…

ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼-ਵਿਦੇਸ਼ਾਂ ‘ਚ ਵੱਸਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ…

ਜੀ-20 ਸਿਖਰ ਸੰਮੇਲਨ ਸਬੰਧੀ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜਾਂ ‘ਤੇ ਤਕਰੀਬਨ 100 ਕਰੋੜ ਰੁਪਏ ਕੀਤੇ ਜਾਣਗੇ ਖਰਚ

0

ਜੀ-20 ਸੰਮਲੇਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਵਿੱਚ ਸਬ ਕੈਬਨਿਟ ਕਮੇਟੀ ਦੀ ਮੀਟਿੰਗ ਅਜ ਦਿਨ ਸੋਮਵਾਰ ਨੂੰ ਮਿਉਂਸੀਪਲ ਭਵਨ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਕੈਬਨਿਟ ਸਬ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਹਰਜੋਤ ਸਿੰਘ ਬੈਂਸ ਅਤੇ ਹਰਭਜਨ ਸਿੰਘ ਵੀ ਹਾਜ਼ਰ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ.ਨਿੱਜਰ ਨੇ ਦੱਸਿਆ ਕਿ ਜੀ- 20 ਸੰਮੇਲਨ ਮਾਰਚ 2023 ਵਿੱਚ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਸੰਭਾਵੀ ਤੌਰ ਤੇ 15 ਤੋਂ 17 ਮਾਰਚ 2023 ਨੂੰ ਹੋਣ ਜਾ ਰਿਹਾ ਹੈ। ਇਸ ਜੀ-20 ਸਿਖਰ ਸੰਮੇਲਨ ਵਿਚ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਹੋਰ ਅੰਤਰਰਾਸ਼ਟਰੀ ਡੈਲੀਗੇਟ ਵੀ ਸ਼ਾਮਲ ਹੋਣਗੇ। ਉਹਨਾਂ ਨੇ ਦੱਸਿਆ ਕਿ ਇਹ ਸੂਬੇ ਲਈ ਬੜੇ ਮਾਣ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ ਦਾ ਇਹ ਸਮਾਗਮ ਪੰਜਾਬ ਰਾਜ ਵਿੱਚ ਹੋਣ ਜਾ ਰਿਹਾ ਹੈ।

ਕੈਬਨਿਟ ਮੰਤਰੀ ਡਾ. ਨਿੱਜਰ ਨੇ ਅੱਗੇ ਦੱਸਿਆ ਕਿ ਜੀ-20 ਸੰਮੇਲਨ ਲਈ ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ਤੇ ਤਕਰੀਬਨ 100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਨੇ ਦੱਸਿਆ ਕਿ ਇਸ ਆਲਮੀ ਸਮਾਗਮ ਦੀ ਸਫਲਤਾ ਲਈ ਵਿਆਪਕ ਪੱਧਰ ਤੇ ਪ੍ਰਬੰਧ ਕੀਤੇ ਜਾਣਗੇ। ਸਥਾਨਕ ਸਰਕਾਰਾਂ ਮੰਤਰੀ ਨੇ ਖੁਲਾਸਾ ਕੀਤਾ ਕਿ ਇਸ ਅੰਤਰਰਾਸ਼ਟਰੀ ਸਮਾਗਮ ਨਾਲ ਜਿੱਥੇ ਸੂਬਾ ਵਿਸ਼ਵ ਸੂਬਾ ਸੈਰ-ਸਪਾਟੇ ਦੇ ਨਕਸ਼ੇ ‘ਤੇ ਉਭਰੇਗਾ ਉਥੇ ਨਾਲ ਹੀ ਨਿਵੇਸ਼ ਨੂੰ ਵੀ ਹੁਲਾਰਾ ਮਿਲਣ ਦੀ ਸੰਭਾਵਨਾ ਹੈ।

ਉਹਨਾਂ ਨੇ ਇਸ ਮੌਕੇ ਸ਼ਹਿਰ ਦੀ ਸੁੰਦਰਤਾ ਅਤੇ ਮੁੱਢਲਾ ਢਾਂਚਾ ਮਜ਼ਬੂਤ ਕਰਨ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਵੇਰਵੇ ਦਿੰਦੇ ਕਿਹਾ ਕਿ ਜੋ ਵੀ ਕੰਮ ਕੀਤਾ ਜਾਵੇਗਾ ਉਹ ਕੇਵਲ ਪ੍ਰੋਗਰਾਮ ਲਈ ਨਹੀਂ, ਬਲਕਿ ਸ਼ਹਿਰ ਵਾਸੀਆਂ ਦੀ ਲੋੜ ਅਨੁਸਾਰ ਮਜ਼ਬੂਤ ਅਤੇ ਹੰਢਣਸਾਰ ਕੰਮ ਹੋਣਗੇ। ਉਹਨਾਂ ਦੱਸਿਆ ਕਿ ਕੀਤੇ ਜਾਣ ਵਾਲੇ ਕੰਮਾਂ ਵਿੱਚ ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ ਦੇ ਕੰਮ, ਗਰੀਨ ਬੈਲਟ ਬਨਾਉਣਾ, ਗੋਲਡਨ ਗੇਟ ਨੂੰ ਰੰਗ ਕਰਨਾ, ਸਾਲਿਡ ਵੇਸਟ ਮੈਨੇਜਮੈਂਟ ਦੇ ਕੰਮ ਵਿੱਚ ਸੁਧਾਰ, ਸਾਇਨੇਜ ਬੋਰਡ ਲਗਾਉਣਾ,ਬਿਜਲੀ ਤੇ ਟਰੈਫਿਕ ਲਾਈਟਾਂ ਦੇ ਕੰਮ ਸ਼ਾਮਲ ਹਨ।

ਕੈਬਨਿਟ ਸਬ ਕਮੇਟੀ ਨੇ ਮੀਟਿੰਗ ਵਿੱਚ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਰ ਹੀਲੇ ਅੰਮ੍ਰਿਤਸਰ ਵਿਖੇ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।