Home Blog Page 1836

CM ਮਾਨ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸਮਾਪਤੀ ਸਮਾਰੋਹ ‘ਤੇ ਜੇਤੂ ਖਿਡਾਰੀਆਂ ਨੂੰ ਵੰਡਣਗੇ 6.85 ਕਰੋੜ ਦੇ ਇਨਾਮ

0

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਖੇਡਾਂ ‘ਚ ਮੁੜ ਮੋਹਰੀ ਬਣਾਉਣ ਲਈ ਕੀਤੀ ਸ਼ੁਰੂਆਤ ਤਹਿਤ ਖੇਡ ਵਿਭਾਗ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ 2022’ ਦਾ ਸਮਾਪਤੀ ਸਮਾਰੋਹ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 17 ਨਵੰਬਰ ਨੂੰ ਹੋਵੇਗਾ।

ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ, ਜਿਸ ਦਾ ਪ੍ਰਤੱਖ ਸਬੂਤ ਹੈ ਕਿ 3 ਲੱਖ ਤੋਂ ਵੱਧ ਖਿਡਾਰੀਆਂ ਨੇ 29 ਖੇਡਾਂ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ ਅੰਡਰ-14 ਤੋਂ 50 ਸਾਲ ਤੋਂ ਵੱਧ ਵੱਖ-ਵੱਖ 6 ਉਮਰ ਵਰਗਾਂ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ :‘ਚਾਈਨਾ ਡੋਰ’ ਵੇਚਣ ਤੇ ਵਰਤਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਮੀਤ ਹੇਅਰ

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਸਮਾਪਤੀ ਸਮਾਰੋਹ ਦੌਰਾਨ ਮੁੱਖ ਮੰਤਰੀ ਡੀ.ਬੀ.ਟੀ. (ਸਿੱਧੇ ਲਾਭ ਟਰਾਂਸਫਰ) ਰਾਹੀਂ ਸੂਬਾ ਪੱਧਰ ‘ਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਏ 9000 ਤੋਂ ਵੱਧ ਜੇਤੂ ਖਿਡਾਰੀਆਂ ਨੂੰ 6.85 ਕਰੋੜ ਦੀ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨਗੇ।

ਇਸ ਤੋਂ ਇਲਾਵਾ ਤਮਗਾ ਸੂਚੀ ਵਿੱਚ ਓਵਰ ਆਲ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਜ਼ਿਲ੍ਹਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਰੰਗਾਰੰਗ ਸਮਾਰੋਹ ਦੌਰਾਨ ਪੰਜਾਬ ਦੇ ਲੋਕ ਸੰਗੀਤ ਤੇ ਲੋਕ ਨਾਚਾਂ ਦੀਆਂ ਵੰਨਗੀਆਂ ਤੋਂ ਇਲਾਵਾ ਨਾਮਵਰ ਲੋਕ ਗਾਇਕ ਕੁਲਵਿੰਦਰ ਬਿੱਲਾ, ਪਰੀ ਪੰਧੇਰ ਤੇ ਅਰਮਾਨ ਢਿੱਲੋਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

‘ਚਾਈਨਾ ਡੋਰ’ ਵੇਚਣ ਤੇ ਵਰਤਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਮੀਤ ਹੇਅਰ

0

ਪੰਜਾਬ ’ਚ ਚਾਈਨਾ ਡੋਰ ਨਾਲ ਹਾਲ ਹੀ ’ਚ ਵਾਪਰੀ ਦੁੱਖਦਾਈ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸੂਬਾ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਚਾਈਨਾ ਡੋਰ ਵੇਚਣ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਵੁਕ ਹੁੰਦਿਆਂ ਕਿਹਾ, “ਬੀਤੇ ਦਿਨ ਰੋਪੜ ਵਿਖੇ 13 ਸਾਲਾ ਬੱਚੇ ਗੁਲਸ਼ਨ ਦੀ ਚਾਈਨਾ ਡੋਰ ਕਾਰਨ ਮੌਤ ਹੋ ਗਈ, ਜਦਕਿ ਇਹ ਬੱਚਾ ਸਾਈਕਲ ਉੱਤੇ ਜਾ ਰਿਹਾ ਸੀ, ਜਿਸ ਕਰਕੇ ਉਸ ਦਾ ਕੋਈ ਕਸੂਰ ਵੀ ਨਹੀਂ ਸੀ। ਪਿਛਲੇ ਸਮੇਂ ’ਚ ਚਾਈਨਾ ਡੋਰ ਨਾਲ ਸਾਡੇ ਬੱਚਿਆਂ, ਬਜ਼ੁਰਗਾਂ ਅਤੇ ਹੋਰ ਜੀਵ-ਜੰਤੂਆਂ ਦਾ ਬਹੁਤ ਨੁਕਸਾਨ ਹੋਇਆ। ਮੁੱਖ ਮੰਤਰੀ ਨੇ ਇਸ ਦੁਖਦਾਇਕ ਘਟਨਾ ਦਾ ਗੰਭੀਰ ਨੋਟਿਸ ਲਿਆ ਅਤੇ ਮਨੁੱਖੀ ਜਾਨਾਂ ਜੋਖ਼ਮ ’ਚ ਪਾਉਣ ਵਾਲੇ ਅਜਿਹੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਦਮ ਉਠਾਉਣ ਦੇ ਹੁਕਮ ਦਿੱਤੇ ਹਨ।”

ਮੀਤ ਹੇਅਰ ਨੇ ਸਖ਼ਤ ਸ਼ਬਦਾਂ ’ਚ ਕਿਹਾ ਕਿ ਅਜਿਹੇ ਲੋਕਾਂ ਨਾਲ ਕਿਸੇ ਤਰ੍ਹਾਂ ਦਾ ਲਿਹਾਜ਼ ਨਹੀਂ ਵਰਤਿਆ ਜਾਵੇਗਾ ਅਤੇ ਉਨ੍ਹਾਂ ਖਿਲਾਫ਼ ਕਰੜੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਸੂਬੇ ’ਚ ਚਾਈਨਾ ਡੋਰ ਵੇਚਣ ਤੇ ਵਰਤਣ ਉੱਤੇ ਮੁਕੰਮਲ ਤੌਰ ’ਤੇ ਪਾਬੰਦੀ ਹੈ ਅਤੇ ਇਥੋਂ ਤੱਕ ਕਿ ਸੂਬੇ ’ਚ ਇਸ ਦੀ ਮੈਨੂਫੈਕਚਰਿੰਗ ਕਰਨ ਦਾ ਵੀ ਇਕ ਵੀ ਯੂਨਿਟ ਨਹੀਂ ਹੈ ਪਰ ਫਿਰ ਵੀ ਕੁਝ ਲੋਕ ਦੂਜੇ ਸੂਬਿਆਂ ਤੋਂ ਡੋਰ ਲਿਆ ਕੇ ਵੇਚਣ ਦੇ ਗੈਰ-ਕਾਨੂੰਨੀ ਕੰਮ ਨੂੰ ਅੰਜਮ ਦੇ ਰਹੇ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ਉਤੇ ਬਖ਼ਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਨੇ ਇਹ ਡੋਰ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਜਾਂ ਤਾਂ ਇਸ ਦੀ ਵਿਕਰੀ ਤੁਰੰਤ ਬੰਦ ਕਰ ਦੇਣ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹਿਣ। ਚਾਈਨਾ ਡੋਰ ਵੇਚਣ ਵਾਲਿਆਂ ਨੂੰ ਮਨੁੱਖਤਾ ਦੇ ਦੁਸ਼ਮਣ ਦੱਸਦਿਆਂ ਮੀਤ ਹੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਡੋਰ ਨੂੰ ਵੇਚਣ ਤੇ ਵਰਤਣ ਵਾਲਿਆਂ ਦੀ ਸ਼ਿਕਾਇਤ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਸਥਾਨਕ ਸਰਕਾਰਾਂ ਬਾਰੇ ਦਫ਼ਤਰ ਵਿਚ ਕੀਤੀ ਜਾਵੇ ਤਾਂ ਕਿ ਤੁਰੰਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਤੰਗ ਉਡਾਉਣ ਲਈ ਇਸ ਦੀ ਵਰਤੋਂ ਨਾ ਕਰਨ ਦੇਣ ਅਤੇ ਇਸ ਨਾਲ ਹੁੰਦੇ ਨੁਕਸਾਨ ਬਾਰੇ ਜਾਣੂੰ ਕਰਵਾਉਣ।

CM ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਹਾੜੇ ‘ਤੇ ਕੀਤਾ ਸਿਜਦਾ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਵਸ ‘ਤੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਹਨਾਂ ਦੇਸ਼ ਸੇਵਾ ‘ਚ ਪੈਰ ਪਾਇਆ ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ… ਇਹ ਤੁੱਕਾਂ ਲਿਖਣ ਵਾਲੇ ਮਹਾਨ ਯੋਧੇ…ਜਿਹਨਾਂ ਛੋਟੀ ਉਮਰੇ ਵਤਨ ਖ਼ਾਤਿਰ ਐਸੇ ਕਾਰਜ ਕੀਤੇ ਜੋ ਉਹਨਾਂ ਨੂੰ ਬਾਲ ਜਰਨੈਲ ਅਖਵਾ ਗਏ…ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਿਜਦਾ।

ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਲੁਧਿਆਣਾ ਦੇ ਪਿੰਡ ਸਰਾਭਾ ‘ਚ ਸੂਬਾ ਪੱਧਰੀ ਪ੍ਰੋਗਰਾਮ ‘ਚ ਸ਼ਿਰੱਕਤ ਕਰਨਗੇ। ਮੁੱਖ ਮੰਤਰੀ ਸਰਾਭਾ ਪਿੰਡ ਤੋਂ ਵੱਡਾ ਐਲਾਨ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਬੀਤੇ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਦੇ ਸਬੰਧ ‘ਚ ਹੋਣ ਵਾਲੇ ਸੂਬਾ ਪੱਧਰੀ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਿੰਡ ਸਰਾਭਾ ਦਾ ਵਿਸ਼ੇਸ਼ ਦੌਰਾ ਵੀ ਕੀਤਾ ਗਿਆ ਸੀ।

 

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ‘ਤੇ ਪੂਰਨ ਪਾਬੰਦੀ

0

ਸੰਗਰੂਰ : ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਤੋਂ ਮਿਲੀਆਂ ਹਦਾਇਤਾਂ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਜਤਿੰਦਰ ਜੋਰਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਲੋਕ ਹਿੱਤ ਅਤੇ ਮੌਜੂਦਾ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਹੁਕਮ ਜਾਰੀ ਕੀਤੇ ਹਨ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ‘ਤੇ ਪੂਰਨ ਪਾਬੰਦੀ ਲਾਗੂ ਕੀਤੀ ਜਾਂਦੀ ਹੈ ਅਤੇ ਇਹ ਪਾਬੰਦੀ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਵੀ ਲਾਗੂ ਹੋਵੇਗੀ। ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ‘ਤੇ ਪੂਰਨ ਪਾਬੰਦੀ ਲਾਗੂ ਕੀਤੀ ਜਾਂਦੀ ਹੈ। ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ ‘ਤੇ ਪੂਰਨ ਪਾਬੰਦੀ ਲਾਗੂ ਕੀਤੀ ਜਾਂਦੀ ਹੈ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਾਵੇ ਅਤੇ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ ਵਾਲੇ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ ਜਾਰੀ ਕੀਤੇ ਗਏ ਸਾਰੇ ਅਸਲਾ ਲਾਇਸੰਸਾਂ ਦੀ ਤਿੰਨ ਮਹੀਨੇ ਦੇ ਅੰਦਰ-ਅੰਦਰ ਸਮੀਖਿਆ ਕੀਤੀ ਜਾਵੇ ਅਤੇ ਜਿੱਥੇ ਵੀ ਕੋਈ ਲਾਇਸੰਸ ਕਿਸੇ ਗਲਤ ਅਨਸਰ ਨੂੰ ਜਾਰੀ ਕੀਤਾ ਪਾਇਆ ਜਾਂਦਾ ਹੈ ਤਾਂ ਅਜਿਹਾ ਅਸਲਾ ਲਾਇਸੰਸ ਕੈਂਸਲ ਕਰਨ ਲਈ ਲੋੜੀਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ 13 ਫਰਵਰੀ 2023 ਤੱਕ ਲਾਗੂ ਰਹਿਣਗੇ

ਵਿਜੀਲੈਂਸ ਬਿਊਰੋ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪੰਚਾਇਤੀ ਰਾਜ ਦੇ JE ਨੂੰ ਕੀਤਾ ਕਾਬੂ

0

ਪਟਿਆਲਾ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੰਚਾਇਤੀ ਰਾਜ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇ.ਈ.) ਨੂੰ 50, 000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਜੇ.ਈ. ਬਲਬੀਰ ਕੁਮਾਰ ਨੂੰ ਸਰਪੰਚ ਅਪਾਰ ਸਿੰਘ ਵਾਸੀ ਪਿੰਡ ਜੁਲਕਾਂ, ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਜੇ.ਈ. ਉਸ ਨੂੰ ਗ੍ਰਾਮ ਪੰਚਾਇਤ ਵੱਲੋਂ ਮੁਕੰਮਲ ਕੀਤੇ ਵਿਕਾਸ ਕਾਰਜਾਂ ਲਈ ਵਰਤੋਂ ਸਰਟੀਫਿਕੇਟ ਜਾਰੀ ਕਰਨ ਬਦਲੇ 50, 000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਪਟਿਆਲਾ ਯੂਨਿਟ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਪੰਚਾਇਤਾਂ ਅਤੇ ਪੇਂਡੂ ਵਿਕਾਸ ਵਿਭਾਗ, ਪੰਜਾਬ ਦੇ ਉਕਤ ਕਰਮਚਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 50, 000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਦੋਸ਼ੀ ਜੇ.ਈ. ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਭਰ ‘ਚ ਅੱਜ ਕਿਸਾਨ ਕਰਨਗੇ ਚੱਕਾ ਜਾਮ

0

ਕਿਸਾਨ ਅੱਜ ਪੰਜਾਬ ‘ਚ ਚੱਕਾ ਜਾਮ ਕਰਨਗੇ। ਚੱਕਾ ਜਾਮ ਦਾ ਕਾਰਨ ਦਿੱਲੀ ਮੋਰਚੇ ਵਿੱਚ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਪੂਰਾ ਨਾ ਕਰਨਾ ਹੈ। ਕਿਸਾਨ ਆਗੂਆਂ ਨੇ ਪੰਜਾਬ ਵਾਸੀਆਂ ਨੂੰ ਉਨ੍ਹਾਂ ਦਾ ਸਾਥ ਦੇਣ ਦਾ ਸੱਦਾ ਦਿੱਤਾ ਹੈ। ਲੋਕਾਂ ਨੂੰ ਹਾਈਵੇਅ ਆਦਿ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।

ਸੂਤਰਾਂ ਅਨੁਸਾਰ ਕਿਸਾਨ ਅੱਜ ਰਾਜਪੁਰਾ-ਪਟਿਆਲਾ ਰੋਡ ’ਤੇ ਧਰੇੜੀ ਜੱਟਾਂ, ਫਰੀਦਕੋਟ ਟਹਿਣਾ ਟੀ-ਪੁਆਇੰਟ, ਸ੍ਰੀ ਅੰਮ੍ਰਿਤਸਰ ਸਾਹਿਬ ਭੰਡਾਰੀ ਪੁਲ, ਤਿੰਨ ਕੋਣੀਆਂ ਪੁਲ ਮਾਨਸਾ ਰੋਡ ਮੁਕੇਰੀਆਂ ਨੇੜੇ ਅਤੇ ਤਲਵੰਡੀ ਸਾਬੋ ਰੋਡ ’ਤੇ ਚੱਕਾ ਜਾਮ ਕਰਨਗੇ। ਪੁਲਿਸ ਨੇ ਇਨ੍ਹਾਂ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕਰ ਦਿੱਤੇ ਹਨ। ਕਿਸਾਨ ਆਗੂਆਂ ਵਿੱਚ ਸਰਕਾਰ ਪ੍ਰਤੀ ਗੁੱਸਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ। ਜੇਕਰ ਸਰਕਾਰ ਨੇ ਸਮੇਂ ਸਿਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

ਰੂਪਨਗਰ ਦੇ SSP ਵਜੋਂ ਵਿਵੇਕਸ਼ੀਲ ਸੋਨੀ ਨੇ ਸੰਭਾਲਿਆ ਚਾਰਜ

0

ਰੂਪਨਗਰ: ਰੂਪਨਗਰ ਜ਼ਿਲ੍ਹੇ ਦੇ ਨਵ-ਨਿਯੁਕਤ ਕੀਤੇ ਗਏ ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਵੱਲੋਂ ਅੱਜ ਰੂਪਨਗਰ ਵਿਖੇ ਚਾਰਜ ਸੰਭਾਲਿਆ ਗਿਆ। ਇਥੇ ਪਹੁੰਚਣ ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਰੂਪਨਗਰ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਨੱਥ ਪਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਿਲ਼ਾਫ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਉੱਤੇ ਹਾਜ਼ਰ ਪੱਤਰਕਾਰਾਂ ਵਲੋਂ ਜ਼ਿਲ੍ਹਾ ਰੂਪਨਗਰ ਸਬੰਧੀ ਵੱਖ-ਵੱਖ ਮਾਮਲਿਆਂ ਅਤੇ ਮੁਸ਼ਕਲਾਂ ਬਾਰੇ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੂੰ ਜਾਣੂ ਕਰਵਾਇਆ ਗਿਆ ਜਿਸ ਉਪਰੰਤ ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਨਾਲ ਸਬੰਧਿਤ ਹਰ ਮਾਮਲੇ ਜਿਵੇਂ ਕਿ ਟ੍ਰੈਫਿਕ ਤੋਂ ਲੈਕੇ ਸ਼ਹਿਰਾਂ ਤੇ ਪਿੰਡਾਂ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਮੋਹਨ ਭਾਗਵਤ ਨੂੰ ਲਿਖਿਆ ਪੱਤਰ

0

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਇਕ ਪੱਤਰ ਲਿਖ ਕੇ ਆਰਐਸਐਸ ਤੇ ਭਾਜਪਾ ਵੱਲੋਂ ਸਿੱਖ ਮਸਲਿਆਂ ਵਿਚ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਮੌਕੇ ਅੱਜ ਮੋਹਨ ਭਾਗਵਤ ਨੂੰ ਲਿਖੇ ਆਪਣੇ ਪੱਤਰ ਵਿਚ ਭਾਈ ਗਰੇਵਾਲ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਆਰੰਭੇ ਗਏ ਸੰਘਰਸ਼ ਨੇ ਦੇਸ਼ ਦੀ ਅਜ਼ਾਦੀ ਦੇ ਘੋਲ ਦਾ ਮੁੱਢ ਬਨਿਆ ਸੀ, ਪਰੰਤੂ ਦੁੱਖ ਦੀ ਗੱਲ ਹੈ ਕਿ ਮੌਜੂਦਾ ਸਮੇਂ ਭਾਜਪਾ ਦੀ ਕੇਂਦਰ ਸਰਕਾਰ ਅਤੇ ਭਾਜਪਾ ਦੇ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਨੂੰ ਉਲਝਾਉਣ ਲਈ ਸਿੱਧੇ ਤੌਰ ਦਖਲ ਦਿੱਤਾ ਜਾ ਰਿਹਾ ਹੈ।

ਇਸ ਦੀ ਮਿਸਾਲ ਇਸੇ ਮਹੀਨੇ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾਂ ਚੋਣ ਮੌਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਦੀ ਰਾਜਸੀ ਧਿਰ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ, ਹਰਿਆਣਾ ਦੀ ਭਾਜਪਾ ਸਰਕਾਰ ਅਤੇ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਭਾਜਪਾ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਚੋਣ ਵਿਚ ਸਿਧੀ ਦਖਲਅੰਦਾਜ਼ੀ ਕੀਤੀ ਗਈ ਹੈ। ਭਾਈ ਗਰੇਵਾਲ ਨੇ ਸ੍ਰੀ ਮੋਹਨ ਭਾਗਵਤ ਨੂੰ ਲਿਖਿਆ ਕਿ ਵਾਪਰਿਆ ਇਹ ਘਟਨਾਕ੍ਰਮ ਭਾਰਤ ਦੇ ਬਹੁ-ਸਭਿਅਕ ਤੇ ਬਹੁ-ਧਰਮੀ ਸਮਾਜ ਅੰਦਰ ਆਪਸੀ ਧਾਰਮਿਕ ਦੂਰੀ ਵਧਾਉਣ ਵਾਲਾ ਹੈ। ਜੇਕਰ ਇਹ ਵਰਤਾਰਾ ਨਾ ਰੋਕਿਆ ਗਿਆ ਤਾਂ ਸਿੱਖਾਂ ਦੇ ਮਨਾਂ ਅੰਦਰ ਪੈਦਾ ਹੋਣ ਵਾਲੀ ਅਸਥਿਰਤਾ ਦੇਸ਼ ਲਈ ਘਾਤਕ ਹੋਵੇਗੀ।

ਭਾਈ ਗਰੇਵਾਲ ਨੇ ਕਿਹਾ ਕਿ ਜਿਹੜੇ ਰਸਤੇ ’ਤੇ ਆਰਐਸਐਸ ਤੇ ਇਸ ਦੀ ਰਾਜਸੀ ਧਿਰ ਭਾਜਪਾ ਚਲ ਰਹੀਆਂ ਹਨ, ਇਸ ਤੋਂ ਪਹਿਲਾਂ ਸਿੱਖ ਵਿਰੋਧੀ ਜਮਾਤ ਕਾਂਗਰਸ ਅਜਿਹਾ ਕਰਿਆ ਕਰਦੀ ਸੀ। ਉਨ੍ਹਾਂ ਆਖਿਆ ਕਿ ਇਹ ਨੀਤੀ ਪ੍ਰਵਾਨ ਕਰਨਯੋਗ ਨਹੀਂ ਹੈ ਲਿਹਾਜਾ ਇਸ ਨੂੰ ਰੋਕਿਆ ਜਾਵੇ। ਉਨ੍ਹਾਂ ਆਪਣੇ ਪੱਤਰ ਵਿਚ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੇ ਆਪਣੇ 102 ਸਾਲਾ ਦੇ ਸਫਰ ਦੌਰਾਨ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦੇ ਨਾਲ-ਨਾਲ ਸਿੱਖੀ ਪ੍ਰਚਾਰ, ਸਿਹਤ, ਸਿੱਖਿਆ ਅਤੇ ਮਾਨਵ ਭਲਾਈ ਲਈ ਮਿਸਾਲੀ ਕਾਰਜ ਕੀਤੇ ਹਨ ਅਤੇ ਆਪਣੀ ਸਥਾਪਨਾ ਤੋਂ ਲੈ ਕੇ ਕਦੇ ਵੀ ਕਿਸੇ ਦੂਸਰੇ ਧਰਮ ਵਿਚ ਦਖਲ ਨਹੀਂ ਦਿੱਤਾ।

ਉਨ੍ਹਾਂ ਕਿਹਾ ਅੱਜ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਹਾੜੇ ਮੌਕੇ ਸੁਚੇਤ ਕਰਦੇ ਹਾਂ ਕਿ ਆਰਐਸਐਸ ਅਤੇ ਭਾਜਪਾ ਵੱਲੋਂ ਸਿੱਖ ਮਸਲਿਆਂ ਵਿਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਅਤੇ ਇਸ ’ਤੇ ਗਹਿਰਾ ਮੰਥਨ ਕਰਕੇ ਭਵਿੱਖ ਵਿਚ ਸਿੱਖਾਂ ਦੇ ਕੌਮੀ ਮਸਲਿਆਂ ਨੂੰ ਉਲਝਾਉਣ ਵਾਲੀਆਂ ਗਤੀਵਿਧੀਆਂ ਤੋਂ ਗੁਰੇਜ਼ ਕੀਤਾ ਜਾਵੇ।

ਸ਼੍ਰੋਮਣੀ ਕਮੇਟੀ ਦਾ 102 ਸਾਲਾ ਸਥਾਪਨਾ ਦਿਵਸ ਮਨਾਇਆ

0

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 102 ਸਾਲਾ ਸਥਾਪਨਾ ਦਿਵਸ ਇਥੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਇਕ ਸਦੀ ਦੇ ਸਫਰ ਦੌਰਾਨ ਕੀਤੇ ਗਏ ਕੌਮੀ ਕਾਰਜਾਂ ਦੀ ਸ਼ਲਾਘਾ ਕੀਤੀ।

ਸਥਾਪਨਾ ਦਿਵਸ ਸਬੰਧੀ ਕੀਤੇ ਗਏ ਇਸ ਸਮਾਗਮ ’ਚ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਕੌਮ ਨੇ ਸ਼ੁਰੂ ਤੋਂ ਹੀ ਸੰਘਰਸ਼ਾਂ ਦਾ ਸਫਰ ਤੈਅ ਕੀਤਾ ਹੈ ਜਿਸ ਤਹਿਤ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਦਿੱਤੀਆਂ ਕੁਰਬਾਨੀਆਂ ਵੱਡਾ ਮਹੱਤਵ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕਾਇਮੀ ਸਮੇਂ ਚੱਲੀ ਲਹਿਰ ਨੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਦਾ ਵੀ ਮੁੱਢ ਬੰਨ੍ਹਿਆ ਸੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਦੇਸ਼ ਨੂੰ ਉੱਚਾ ਚੁੱਕਣ ਵਿਚ ਕੋਈ ਕਸਰ ਨਹੀਂ ਛੱਡੀ ਪਰ ਦੁੱਖ ਦੀ ਗੱਲ ਹੈ ਕਿ ਅੱਜ ਇਸ ਸੰਸਥਾ ਨੂੰ ਖੰਡਤ ਕਰਨ ਲਈ ਸਰਕਾਰੀ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਭਾਈ ਗਰੇਵਾਲ ਨੇ ਕਿਹਾ ਕਿ ਸ਼ਾਇਦ ਇਸ ਦਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਹਰ ਖੇਤਰ ਵਿਚ ਮੋਹਰੀ ਹੋ ਕੇ ਕੀਤੇ ਜਾਂਦੇ ਕਾਰਜ ਹਨ, ਜਿਨ੍ਹਾਂ ਤੋਂ ਸਰਕਾਰਾਂ ਵਿਚ ਘਬਰਾਹਟ ਹੈ। ਉਨ੍ਹਾਂ ਆਖਿਆ ਕਿ ਭਾਵੇਂ ਕਈ ਚੁਣੌਤੀਆਂ ਸਿੱਖ ਸੰਸਥਾ ਨੂੰ ਪੰਥ ਵਿਰੋਧੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਇਹ ਆਪਣੇ ਇਤਿਹਾਸ ਅਤੇ ਰਵਾਇਤਾਂ ਅਨੁਸਾਰ ਅੱਗੇ ਵੱਧ ਰਹੀ ਹੈ ਅਤੇ ਭਵਿੱਖ ਵਿਚ ਵੀ ਆਪਣੇ ਜ਼ੁੰਮੇ ਲੱਗੀ ਸੇਵਾ ਸ਼ਾਨ ਨਾਲ ਨਿਭਾਉਂਦੀ ਰਹੇਗੀ। ਸਮਾਗਮ ਦੌਰਾਨ ਭਾਈ ਗੁਰਭੇਜ ਸਿੰਘ ਦੇ ਢਾਡੀ ਜਥੇ ਨੇ ਵੀ ਜੋਸ਼ੀਲੀਆਂ ਵਾਰਾਂ ਦੁਆਰਾ ਹਾਜ਼ਰੀ ਭਰੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸ. ਨਿਰਵੈਲ ਸਿੰਘ, ਸ. ਲਖਬੀਰ ਸਿੰਘ, ਸ. ਪਰਮਜੀਤ ਸਿੰਘ, ਮੈਨੇਜਰ ਸ. ਸੁਖਰਾਜ ਸਿੰਘ, ਸੁਪਰਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਆਦਿ ਹਾਜ਼ਰ ਸਨ।

ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਦੀ ਸੰਗਤ ਨੂੰ ਦਿੱਤੀ ਵਧਾਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਦੀ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਾਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਇਸ ਸਿੱਖ ਸੰਸਥਾ ਦਾ ਇਕ ਸਦੀ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ। ਸਿੱਖ ਪੰਥ ਦੀ ਇਸ ਸਿਰਮੌਰ ਸੰਸਥਾ ਨੇ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਦੇ ਨਾਲ-ਨਾਲ ਧਰਮ ਪ੍ਰਚਾਰ, ਸਿੱਖਿਆ, ਸਿਹਤ, ਸਿੱਖ ਮਸਲਿਆਂ, ਖੇਡਾਂ ਅਤੇ ਲੋਕ ਭਲਾਈ ਦੇ ਖੇਤਰ ਵਿਚ ਵੀ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਦੀ ਇਸ ਨੁਮਾਇੰਦਾ ਸੰਸਥਾ ਨੂੰ ਤੋੜਨ ਦੇ ਯਤਨ ਹੋ ਰਹੇ ਹਨ। ਸਰਕਾਰਾਂ ਦੀ ਪੂਰੀ ਤਾਕਤ ਲੱਗੀ ਹੋਈ ਹੈ ਕਿ ਸਿੱਖਾਂ ਅੰਦਰ ਆਪਸੀ ਫੁੱਟ ਪਾ ਕੇ ਸਿੱਖ ਸ਼ਕਤੀ ਨੂੰ ਕਮਜ਼ੋਰ ਕੀਤਾ ਜਾਵੇ, ਪਰ ਸਿੱਖ ਕੌਮ ਇਨ੍ਹਾਂ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਸ਼ਾਨਾਮੱਤੇ ਇਤਿਹਾਸ, ਪ੍ਰੰਪਰਾਵਾਂ ਅਤੇ ਰਵਾਇਤਾਂ ਦੀ ਰੌਸ਼ਨੀ ਵਿਚ ਸਿੱਖ ਪੰਥ ਦੀ ਬੇਹਤਰੀ ਲਈ ਕਾਰਜਸ਼ੀਲ ਰਹੀ ਹੈ ਅਤੇ ਭਵਿੱਖ ਵਿਚ ਰਹੇਗੀ।

ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਵੀ ਪ੍ਰਗਟਾਈ ਸ਼ਰਧਾ

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਬਾਬਾ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਅਹਿਮ ਨਾਇਕ ਸ਼ਹੀਦ ਬਾਬਾ ਦੀਪ ਸਿੰਘ ਜੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਦਿੱਤੀ ਸ਼ਹਾਦਤ ਸੰਗਤਾਂ ਲਈ ਪ੍ਰੇਰਨਾ ਸਰੋਤ ਹੈ, ਜਿਸ ਤੋਂ ਸੇਧ ਪ੍ਰਾਪਤ ਕਰਕੇ ਧਰਮ ਅਸਥਾਨਾਂ ਅਤੇ ਸੰਸਥਾਵਾਂ ਦੀ ਪਹਿਰੇਦਾਰੀ ਲਈ ਸੰਕਲਪ ਕਰਨਾ ਚਾਹੀਦਾ ਹੈ।

8 ਅਰਬ ਹੋ ਜਾਵੇਗੀ ਅੱਜ ਵਿਸ਼ਵ ਆਬਾਦੀ, ਭਾਰਤ 2023 ਤੱਕ ਚੀਨ ਨੂੰ ਛੱਡ ਦੇਵੇਗਾ ਪਿੱਛੇ

0

ਸੰਯੁਕਤ ਰਾਸ਼ਟਰ ਨੇ ਅਨੁਮਾਨ ਲਗਾਇਆ ਹੈ ਕਿ 15 ਨਵੰਬਰ ਤੱਕ ਦੁਨੀਆ ਦੀ ਆਬਾਦੀ ਅੱਠ ਅਰਬ ਤੱਕ ਪਹੁੰਚ ਜਾਵੇਗੀ। ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ‘ਚ ਅੱਗੇ ਕਿਹਾ ਹੈ ਕਿ ਭਾਰਤ 2023 ‘ਚ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਜੋਂ ਚੀਨ ਦੀ ਥਾਂ ਲਵੇਗਾ। ਇਸ ਸਾਲ 11 ਜੁਲਾਈ ਨੂੰ ਵਿਸ਼ਵ ਜਨਸੰਖਿਆ ਦਿਵਸ ‘ਤੇ ਜਾਰੀ ਸੰਯੁਕਤ ਰਾਸ਼ਟਰ ਵਿਸ਼ਵ ਜਨਸੰਖਿਆ ਸੰਭਾਵਨਾਵਾਂ 2022 ਵਿਚ ਅੰਕੜਿਆਂ ਦਾ ਖੁਲਾਸਾ ਕੀਤਾ ਗਿਆ ਸੀ, ਪਰ ਹੁਣ ਇਸ ‘ਤੇ ਚਰਚਾ 15 ਨਵੰਬਰ ਨੂੰ ਸ਼ੁਰੂ ਹੋ ਗਈ ਹੈ। ਏਜੰਸੀ ਨੇ ਇਹ ਵੀ ਕਿਹਾ ਕਿ 1950 ਤੋਂ ਬਾਅਦ ਪਹਿਲੀ ਵਾਰ 2020 ਵਿੱਚ ਵਿਸ਼ਵ ਆਬਾਦੀ ਵਾਧਾ ਇੱਕ ਫੀਸਦੀ ਤੋਂ ਹੇਠਾਂ ਆ ਗਿਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2050 ਤੱਕ, ਅਨੁਮਾਨਿਤ ਆਬਾਦੀ ਦੇ ਵਾਧੇ ਦਾ ਅੱਧੇ ਤੋਂ ਵੱਧ ਸਿਰਫ ਅੱਠ ਦੇਸ਼ਾਂ ਵਿੱਚ ਕੇਂਦਰਿਤ ਹੋਵੇਗਾ। ਇਨ੍ਹਾਂ ਦੇਸ਼ਾਂ ਵਿੱਚ ਕਾਂਗੋ, ਮਿਸਰ, ਇਥੋਪੀਆ, ਭਾਰਤ, ਨਾਈਜੀਰੀਆ, ਪਾਕਿਸਤਾਨ, ਫਿਲੀਪੀਨਜ਼ ਅਤੇ ਤਨਜ਼ਾਨੀਆ ਸ਼ਾਮਲ ਹਨ। ਸਭ ਤੋਂ ਤਾਜ਼ਾ ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਦੇ ਅਨੁਸਾਰ, ਵਿਸ਼ਵ ਦੀ ਆਬਾਦੀ 2030 ਵਿੱਚ ਲਗਭਗ 8.5 ਬਿਲੀਅਨ, 2050 ਵਿੱਚ 9.7 ਬਿਲੀਅਨ ਅਤੇ 2080 ਵਿੱਚ 10.4 ਬਿਲੀਅਨ ਤੱਕ ਵਧਣ ਦੀ ਉਮੀਦ ਹੈ ਅਤੇ 2100 ਤੱਕ ਇਸ ਪੱਧਰ ‘ਤੇ ਰਹਿਣ ਦੀ ਉਮੀਦ ਹੈ।

ਅਫਰੀਕੀ ਦੇਸ਼ਾਂ ਵਿੱਚ ਗਿਰਾਵਟ
ਜ਼ਿਆਦਾਤਰ ਉਪ-ਸਹਾਰਨ ਅਫਰੀਕੀ ਦੇਸ਼ਾਂ ਦੇ ਨਾਲ-ਨਾਲ ਏਸ਼ੀਆ, ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਦੇ ਕੁਝ ਖੇਤਰਾਂ ਵਿੱਚ, ਹਾਲ ਹੀ ਵਿੱਚ ਉਪਜਾਊ ਸ਼ਕਤੀ ਵਿੱਚ ਗਿਰਾਵਟ ਦੀ ਰਿਪੋਰਟ ਦਰਜ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਵਧਦੀ ਆਬਾਦੀ ਦੇ ਵਿਚਕਾਰ ਸਥਿਰਤਾ ਅਤੇ ਟਿਕਾਊ ਟੀਚਿਆਂ ਦੀ ਜ਼ਿੰਮੇਵਾਰੀ ਨੂੰ ਉਜਾਗਰ ਕਰਦਾ ਹੈ। ਉਸਨੇ ਅੱਗੇ ਕਿਹਾ ਕਿ ਇਹ ਸਾਡੇ ਗ੍ਰਹਿ ਦੀ ਦੇਖਭਾਲ ਕਰਨ ਦੀ ਸਾਡੀ ਸਾਂਝੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ ਅਤੇ ਇਹ ਸੋਚਣ ਦਾ ਇੱਕ ਪਲ ਹੈ ਕਿ ਅਸੀਂ ਅਜੇ ਵੀ ਇੱਕ ਦੂਜੇ ਪ੍ਰਤੀ ਸਾਡੀਆਂ ਵਚਨਬੱਧਤਾਵਾਂ ਤੋਂ ਕਿੱਥੇ ਘੱਟ ਹਾਂ।