Home Blog Page 1827

ਸਾਰਾਗੜ੍ਹੀ ਜੰਗ ਸਬੰਧੀ ਸਚਿੱਤਰ ਪੁਸਤਕ ਐਡਵੋਕੇਟ ਧਾਮੀ ਤੇ ਹੋਰ ਅਹੁਦੇਦਾਰਾਂ ਨੂੰ ਭੇਟ

0

ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਸਾਰਾਗੜ੍ਹੀ ਜੰਗ ਨਾਲ ਸਬੰਧਤ ਸਚਿੱਤਰ ਪੁਸਤਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸਮੁੱਚੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਭੇਟ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ. ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਸਾਰਾਗੜ੍ਹੀ ਜੰਗ ਦੇ ਇਤਿਹਾਸ ਨੂੰ ਸੰਗਤਾਂ ਤੱਕ ਲਿਜਾਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।

ਇਸ ਸਮੇਂ ਡਾ. ਜੋਸਨ ਨੇ ਕਿਹਾ ਕਿ ਸਾਰਾਗੜ੍ਹੀ ਜੰਗ ਵਿਸ਼ਵ ਇਤਿਹਾਸ ਦਾ ਉਹ ਪੰਨਾ ਹੈ, ਜਿਸ ਨੇ ਸਿੱਖ ਫ਼ੌਜੀਆਂ ਦੀ ਬਹਾਦਰੀ ਨੂੰ ਪੂਰੀ ਦੁਨੀਆਂ ਵਿਚ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਣ ਦੀ ਗੱਲ ਹੈ ਕਿ ਅਸੀਂ ਅਜਿਹੇ ਸਿੱਖ ਬਹਾਦਰਾਂ ਦੇ ਵਾਰਸ ਹਾਂ। ਉਨ੍ਹਾਂ ਦੱਸਿਆ ਕਿ ਕੋਫੀ ਟੇਬਲ ਬੁੱਕ ਦੇ ਰੂਪ ਵਿਚ ਤਿਆਰ ਕੀਤੀ ਗਈ ਇਹ ਪੁਸਤਕ ਸਾਰਾਗੜ੍ਹੀ ਜੰਗ ਦੇ ਇਤਿਹਾਸ ਨੂੰ ਉਭਾਰਨ ਦੇ ਨਾਲ-ਨਾਲ ਸਿੱਖ ਕੌਮ ਦੀ ਪ੍ਰਾਪਤੀਆਂ ਤੋਂ ਸੰਗਤ ਨੂੰ ਜਾਣੂ ਕਰਵਾਏਗੀ।

ਉਨ੍ਹਾਂ ਦੱਸਿਆ ਕਿ ਇਸ ਵਿਚ ਬੇਮਿਸਾਲ ਬਹਾਦਰੀ ਦੀ ਗਾਥਾ ਲਿਖਣ ਵਾਲੇ ਛੱਤੀ ਸਿੱਖ ਰੈਜੀਮੈਂਟ ਦੇ 21 ਸਿੱਖ ਸਿਪਾਹੀਆਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਫਾਊਂਡੇਸ਼ਨ ਦਾ ਯਤਨ ਸਾਰਾਗੜ੍ਹੀ ਦੀ ਜੰਗ ਦਾ ਇਤਿਹਾਸ ਵੱਧ ਤੋਂ ਵੱਧ ਪ੍ਰਚਾਰਨਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਤੱਕ ਲਿਜਾਣਾ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸ. ਮੋਹਨ ਸਿੰਘ ਬੰਗੀ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਬਾਵਾ ਸਿੰਘ ਗੁਮਾਨਪੁਰਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸ. ਗੁਰਨਾਮ ਸਿੰਘ ਜੱਸਲ, ਸ. ਪਰਮਜੀਤ ਸਿੰਘ ਖਾਲਸਾ, ਸ. ਸ਼ੇਰ ਸਿੰਘ ਮੰਡਵਾਲਾ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਸ. ਭੁਪਿੰਦਰ ਸਿੰਘ ਅਸੰਧ ਤੇ ਸ. ਮਲਕੀਤ ਸਿੰਘ ਚੰਗਾਲ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ, ਸਾਬਕਾ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਮਾਨ ਸਰਕਾਰ ਦੇ 7 ਮਹੀਨਿਆਂ ਦੌਰਾਨ ਕੈਂਸਰ ਮਰੀਜ਼ਾਂ ਨੂੰ ਮਿਲਿਆ 13.54 ਕਰੋੜ ਰੁਪਏ ਦਾ ਮੁਫ਼ਤ ਇਲਾਜ

0

ਸੂਬੇ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕੈਂਸਰ ਦੇ ਮਰੀਜ਼ਾਂ ਨੂੰ 13.54 ਕਰੋੜ ਰੁਪਏ ਦੀਆਂ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਵੱਲੋਂ ਸਕੂਲ ਡਿਊਟੀ ਤੋਂ ਬਿਨਾਂ ਹੋਰਨਾਂ ਵਿਭਾਗਾਂ ‘ਚ ਕੰਮ ਕਰਨ ਵਾਲੇ ਅਧਿਆਪਕਾਂ…

ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ‘ਮੁੱਖ ਮੰਤਰੀ ਕੈਂਸਰ ਰਾਹਤ ਕੋਸ਼’ ਤਹਿਤ ਪੰਜਾਬ ਸਰਕਾਰ ਦੇ ਸੂਚੀਬੱਧ ਹਸਪਤਾਲਾਂ ਵਿੱਚ 1265 ਤੋਂ ਵੱਧ ਕੈਂਸਰ ਪੀੜਤਾਂ ਨੂੰ 13.54 ਕਰੋੜ ਰੁਪਏ ਦੀਆਂ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਅਧਿਕਾਰੀਆਂ ਨੂੰ ਸਰਕਾਰ ਦੀਆਂ ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਆਮ ਲੋਕ ਅਜਿਹੇ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਕੈਂਸਰ ਦਾ ਪ੍ਰਕੋਪ ਬਹੁਤ ਜ਼ਿਆਦਾ ਹੈ ਅਤੇ ਇਸ ਦੇ ਇਲਾਜ ਵਿੱਚ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ ਅਤੇ ਸਾਡੇ ਸਮਾਜ ਦੇ ਗਰੀਬ ਵਰਗ ਦੇ ਮਰੀਜ਼ ਇਹ ਇਲਾਜ ਕਰਵਾਉਣ ਦੇ ਸਮਰੱਥ ਨਹੀਂ ਹਨ। ਉਨ੍ਹਾਂ ਦੱਸਿਆ ਕਿ ਗ਼ਰੀਬ ਵਰਗ ਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਇਹ ਸਕੀਮ ਵਰਦਾਨ ਸਾਬਤ ਹੋਈ ਹੈ ਕਿਉਂਕਿ ਇਹ ਮਰੀਜ਼ ਏਮਜ਼ ਦਿੱਲੀ, ਕੈਂਸਰ ਹਸਪਤਾਲ ਬੀਕਾਨੇਰ, ਪੀਜੀਆਈ ਚੰਡੀਗੜ੍ਹ, ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਵਰਗੀਆਂ ਵੱਕਾਰੀ ਸੰਸਥਾਵਾਂ ਸਮੇਤ ਸੂਬਾ ਸਰਕਾਰ ਦੇ ਸੂਚੀਬੱਧ 19 ਹਸਪਤਾਲਾਂ ਵਿੱਚੋਂ ਕਿਸੇ ਵੀ ਹਸਪਤਾਲ ਵਿੱਚ 1.5 ਲੱਖ ਰੁਪਏ ਤੱਕ ਮੁਫ਼ਤ ਇਲਾਜ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਦੇ ਰਸਤਿਆਂ ਤੋਂ ਸਰਕਾਰ ਨਜਾਇਜ਼ ਕਬਜ਼ੇ ਹਟਾਵੇ- ਗੁਰਚਰਨ ਸਿੰਘ ਗਰੇਵਾਲ

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਕੋਈ ਵੀ ਕੈਂਸਰ ਪੀੜਤ ਵਸਨੀਕ ਇਸ ਸਕੀਮ ਲਈ ਸਬੰਧਤ ਸਿਵਲ ਸਰਜਨ ਦੇ ਦਫ਼ਤਰ ਵਿਖੇ ਬਿਨੈ ਕਰ ਸਕਦਾ ਹੈ ਅਤੇ ਹੁਣ ਅਜਿਹੇ ਕੇਸਾਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਨੂੰ ਡਿਜੀਟਲ ਕਰ ਦਿੱਤਾ ਗਿਆ ਹੈ। ਲਾਭਪਾਤਰੀ ਆਪਣੀ ਅਰਜ਼ੀ ਦੀ ਸਥਿਤੀ ਨੂੰ ਆਨਲਾਈਨ ਟਰੈਕ ਕਰਨ ਲਈ www.mmpcrk.gov.in ‘ਤੇ ਲਾਗਇਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਂਸਰ ਦੇ ਮਰੀਜਾਂ ਨੂੰ ਇਲਾਜ ਕਰਵਾਉਣ ਲਈ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਸਕੀਮ ਸਰਕਾਰੀ ਕਰਮਚਾਰੀਆਂ, ਈਐਸਆਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ, ਕਿਸੇ ਵੀ ਕਿਸਮ ਦੀ ਮੈਡੀਕਲ ਰੀਇੰਬਰਸਮੈਂਟ ਵਾਲੇ ਮਰੀਜ਼ਾਂ ਜਾਂ ਕੈਂਸਰ ਕਵਰ ਵਾਲੇ ਸਿਹਤ ਬੀਮਾ ਧਾਰਕ ਮਰੀਜ਼ਾਂ ‘ਤੇ ਲਾਗੂ ਨਹੀਂ ਹੋਵੇਗੀ।

ਸਿੱਖਿਆ ਮੰਤਰੀ ਵੱਲੋਂ ਸਕੂਲ ਡਿਊਟੀ ਤੋਂ ਬਿਨਾਂ ਹੋਰਨਾਂ ਵਿਭਾਗਾਂ ‘ਚ ਕੰਮ ਕਰਨ ਵਾਲੇ ਅਧਿਆਪਕਾਂ ਸਬੰਧੀ ਜਾਣਕਾਰੀ ਤਲਬ

0

ਪੰਜਾਬ ਦੇ ਸਕੂਲ ਸਿੱਖਿਆ, ਜੇਲ ਅਤੇ ਜਲ ਸਰੋਤ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਪੰਜਾਬ ਦੀ ਸਕੂਲ ਸਿੱਖਿਆ ਨੂੰ ਮਜਬੂਤ ਅਤੇ ਤਰਕਸੰਗਤ ਬਣਾਉਣ ਦੇ ਮੰਤਵ ਨਾਲ ਪਿਛਲੇ ਲੰਬੇ ਸਮੇਂ ਤੋਂ ਸਕੂਲਾਂ ਵਿੱਚ ਪੜਾਉਣ ਦੀ ਬਜਾਇ ਵੱਖ – ਵੱਖ ਦਫਤਰਾਂ ਵਿੱਚ ਡਿਊਟੀ ਜਾਂ ਡੈਪੂਟੇਸ਼ਨ ਤੇ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਵਾਪਸ ਸਕੂਲਾਂ ਵਿੱਚ ਲਿਆਉਣ ਵਾਸਤੇ ਯਤਨ ਆਰੰਭ ਦਿੱਤੇ ਹਨ ।

ਹਰਜੋਤ ਬੈਂਸ ਨੇ ਅੱਜ ਇੱਥੇ ਦੱਸਿਆ ਕਿ ਉਹਨਾਂ ਨੂੰ ਫੀਲਡ ਵਿੱਚੋਂ ਇਹ ਰਿਪੋਰਟਾਂ ਮਿਲੀਆਂ ਹਨ ਕਿ ਸਕੂਲ ਸਿੱਖਿਆ ਵਿਭਾਗ ਦੇ ਕੁਝ ਕਰਮਾਚਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਦੀ ਬਜਾਇ ਵੱਖ- ਵੱਖ ਦਫਤਰਾਂ ਵਿੱਚ ਬੈਠੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ । ਉਹਨਾਂ ਦੱਸਿਆ ਕਿ ਇਸ ਸਬੰਧੀ ਅੱਜ ਹੀ ਸ਼ਾਮ ਤੱਕ ਜਿਲਾ ਸਿੱਖਿਆ ਦਫਤਰਾਂ ਤੋਂ ਮੁਕੰਮਲ ਡਾਟਾ ਮੰਗ ਲਿਆ ਗਿਆ ਹੈ ਜਿਸ ਵਿੱਚ ਸਕੂਲ ਤੋਂ ਬਾਹਰ ਗਏ ਕਰਮਚਾਰੀ ਦਾ ਨਾਮ ਤੇ ਅਹੁਦਾ , ਸਕੂਲ ਤੋਂ ਕਿੰਨੇ ਸਮੇਂ ਤੋਂ ਬਾਹਰ ਡਿਊਟੀ ਕਰ ਰਿਹਾ ਹੈ ਅਤੇ ਕਿਸਦੇ ਹੁਕਮਾਂ ਨਾਲ ਇਹ ਨਿਯੁਕਤੀ ਕੀਤੀ ਗਈ ਸੀ ਆਦਿ ਸਭ ਦੀ ਜਾਣਕਾਰੀ ਇਕੱਠੀ ਕਰਕੇ ਇਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਸਕੂਲ ਵਿੱਚ ਹਾਜਰ ਕਰਵਾਇਆ ਜਾਵੇਗਾ ।

ਸਿੱਖਿਆ ਮੰਤਰੀ ਸ. ਬੈਂਸ ਨੇ ਇਹ ਵੀ ਦੱਸਿਆ ਕਿ ਜੇਕਰ ਇਸ ਸਬੰਧੀ ਕਿਸੇ ਸਕੂਲ ਮੁੱਖੀ ਜਾਂ ਜਿਲਾ ਅਧਿਕਾਰੀ ਨੇ ਕਿਸੇ ਮੁਲਾਜਮ ਦਾ ਡਾਟਾ ਛੁਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਵੀ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ । ਸ. ਬੈਂਸ ਨੇ ਪੰਜਾਬ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਦੇਸ਼ ਵਿੱਚੋਂ ਨਮੂਨੇ ਦਾ ਸਿਸਟਮ ਵਿਕਸਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਉਹ ਵਿਭਾਗ ਵਿੱਚ ਸੁਧਾਰ ਲਿਅਉਣ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਯਤਨਸ਼ੀਲ ਹਨ , ਜਿਸਦੇ ਆਉਣ ਵਾਲੇ ਸਮੇਂ ਵਿੱਚ ਵਧੀਆ ਨਤੀਜੇ ਵੀ ਸਾਹਮਣੇ ਆਉਣਗੇ ।

ਸ੍ਰੀ ਦਰਬਾਰ ਸਾਹਿਬ ਦੇ ਰਸਤਿਆਂ ਤੋਂ ਸਰਕਾਰ ਨਜਾਇਜ਼ ਕਬਜ਼ੇ ਹਟਾਵੇ- ਗੁਰਚਰਨ ਸਿੰਘ ਗਰੇਵਾਲ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੀ ਬੇਤਰਤੀਬੀ ਟੈ੍ਰਫਿਕ ਵਿਵਸਥਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਅਤੇ ਆਟੋ-ਸਾਈਕਲ ਰਿਕਸ਼ਿਆਂ ਦੀ ਲੋੜ ਤੋਂ ਵੱਧ ਭਰਮਾਰ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਸਬੰਧੀ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਪ੍ਰਸਾਸ਼ਨ ਨੂੰ ਲੋੜੀਂਦੇ ਕਦਮ ਉਠਾਉਣ ਲਈ ਕਿਹਾ ਹੈ।

ਭਾਈ ਗਰੇਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਰਕੇ ਅੰਮ੍ਰਿਤਸਰ ਪੂਰੇ ਵਿਸ਼ਵ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਇਥੇ ਸ਼ਰਧਾ ਸਹਿਤ ਨਤਮਸਤਕ ਹੋਣ ਦੇ ਨਾਲ-ਨਾਲ ਇਥੇ ਸਥਿਤ ਇਤਿਹਾਸਕ ਅਸਥਾਨਾਂ ਦੀ ਯਾਤਰਾ ਕਰਦੀਆਂ ਹਨ। ਪਰੰਤੂ ਸ਼ਹਿਰ ਦੀ ਲੜਖੜਕਾਉਂਦੀ ਟੈ੍ਰਫਿਕ ਅਤੇ ਸੜਕਾਂ ’ਤੇ ਕਬਜ਼ਿਆਂ ਦੀ ਭਰਮਾਰ ਕਾਰਨ ਉਨ੍ਹਾਂ ਦੇ ਮਨਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਥੋਂ ਤੱਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪੁੱਜਦੇ ਵਿਰਾਸਤੀ ਮਾਰਗ ’ਤੇ ਵੀ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ।

ਇਸ ਦੇ ਨਾਲ ਹੀ ਪਾਵਨ ਅਸਥਾਨ ਨੂੰ ਆਉਂਦੇ ਇਕੋ-ਇਕ ਮਾਰਗ ਜਿਸ ’ਤੇ ਗੱਡੀਆਂ ਰਾਹੀਂ ਪਹੁੰਚਿਆਂ ਜਾਂਦਾ ਹੈ, ਦੀ ਵੀ ਹਾਲਤ ਚੰਗੀ ਨਹੀਂ ਹੈ। ਇਸ ਦੇ ਦੋਨੇਂ ਪਾਸੇ ਬਣੀਆਂ ਨਾਲੀਆਂ ਅਤੇ ਲੱਗੇ ਬਿਜਲੀ ਖੰਭਿਆਂ ਕਾਰਨ ਅਕਸਰ ਟ੍ਰੈਫਿਕ ਜਾਮ ਲੱਗਦੇ ਹਨ। ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਤੱਕ ਆਉਂਦੇ ਰਸਤੇ ’ਤੇ ਦੁਕਾਨਦਾਰਾਂ ਨੇ ਆਰਜੀ ਤੌਰ ’ਤੇ ਦੁਕਾਨਾਂ ਵਧਾਈਆਂ ਹੋਈਆਂ ਹਨ, ਜੋ ਸੰਗਤ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਹਾਲਾਤ ਇਹ ਬਣੇ ਹੋਏ ਹਨ, ਕਿ ਇਥੋਂ ਪੈਦਲ ਲੰਘਣਾ ਵੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਸਰਕਾਰ ਅਤੇ ਸ਼ਹਿਰ ਦਾ ਪ੍ਰਸ਼ਾਸਨ ਇਸ ਅਹਿਮ ਮਾਮਲੇ ਵੱਲ ਤਵੱਜੋਂ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਲੰਘੀ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਇਸ ਸਬੰਧ ਵਿਚ ਇਕ ਅਹਿਮ ਮਤਾ ਵੀ ਪਾਸ ਕੀਤਾ ਗਿਆ ਸੀ, ਜੋ ਸਬੰਧਤਾਂ ਤੱਕ ਭੇਜਿਆ ਜਾ ਚੁੱਕਾ ਹੈ।

ਭਾਈ ਗਰੇਵਾਲ ਨੇ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਦੇ ਸਮੁੱਚੇ ਪ੍ਰਸ਼ਾਸਨ ਦੇ ਜ਼ੁੰਮੇਵਾਰ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਖ਼ਾਸ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪੁੱਜਦੇ ਰਸਤਿਆਂ ’ਤੇ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਾਲ-ਨਾਲ ਟ੍ਰੈਫਿਕ ਨੂੰ ਨਿਯਮਤ ਕੀਤਾ ਜਾਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ’ਤੇ ਸਰਕਾਰ ਅਤੇ ਪ੍ਰਸ਼ਾਸਨ ਪਾਸ ਅਵਾਜ਼ ਪਹੁੰਚਾਉਣ, ਤਾਂ ਜੋ ਇਥੇ ਪੁੱਜਣ ਵਾਲੇ ਸ਼ਰਧਾਲੂ ਚੰਗਾ ਸੁਨੇਹਾ ਲੈ ਕੇ ਜਾਣ।

ਸਾਬਕਾ ADGP ਦੇ ਫਾਰਮ ਹਾਊਸ ‘ਤੇ ਵਿਜੀਲੈਂਸ ਦੀ ਰੇਡ

0

ਪੰਜਾਬ ਦੇ ਸੇਵਾਮੁਕਤ ਏਡੀਜੀਪੀ ਰਾਕੇਸ਼ ਚੰਦਰਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਰਾਕੇਸ਼ ਚੰਦਰਾ ਦੇ ਫਾਰਮ ਹਾਊਸ ‘ਤੇ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਹੈ। ਉਨ੍ਹਾਂ ‘ਤੇ ਆਮਦਨ ਤੋਂ ਜ਼ਿਆਦਾ ਸੰਪੱਤੀ ਹੋਣ ਦਾ ਇਲਜ਼ਾਮ ਹੈ। ਮਿਲੀ ਜਾਣਕਾਰੀ ਅਨੁਸਾਰ ਜੰਗਲਾਤ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦਾ ਮਾਮਲਾ ਹੈ। ਰਾਕੇਸ਼ ਚੰਦਰਾ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਨਿਯੁਕਤੀ ਹੋਈ ਸੀ। ਜਾਣਕਾਰੀ ਅਨੁਸਾਰ ਨਯਾਗਾਓਂ ‘ਚ ਇਹ ਫਾਰਮ ਹਾਊਸ ਬਣਿਆ ਹੋਇਆ ਹੈ। ਕਈ ਏਕੜ ‘ਚ ਇਹ ਫਾਰਮ ਹਾਊਸ ਬਣਿਆ ਹੈ। ਵਿਜੀਲੈਂਸ ਦੀ ਟੈਕਨੀਕਲ ਟੀਮ ਨੇ ਰਾਕੇਸ਼ ਚੰਦਰਾ ਦੇ ਫਾਰਮ ਹਾਊਸ ਛਾਪਾ ਮਾਰਿਆ ਹੈ।

FIFA World Cup 2022: ਸਾਊਦੀ ਅਰਬ ਦੀ ਅਰਜਨਟੀਨਾ ‘ਤੇ ਸ਼ਾਨਦਾਰ ਜਿੱਤ ਤੋਂ ਬਾਅਦ ਕਿੰਗ ਸਲਮਾਨ ਨੇ ਜਨਤਕ ਛੁੱਟੀ ਦਾ ਕੀਤਾ ਐਲਾਨ

0

ਸਾਊਦੀ ਅਰਬ ਦੀ ਅਰਜਨਟੀਨਾ ਉੱਤੇ ਸ਼ਾਨਦਾਰ ਜਿੱਤ ਤੋਂ ਬਾਅਦ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ। ਫੀਫਾ ਵਿਸ਼ਵ ਕੱਪ 2022 ‘ਚ ਸਾਊਦੀ ਅਰਬ ਦੀ ਇਤਿਹਾਸਕ ਜਿੱਤ ਤੋਂ ਬਾਅਦ ਮੰਗਲਵਾਰ ਤੋਂ ਦੇਸ਼ ‘ਚ ਹਰ ਪਾਸੇ ਜਸ਼ਨ ਮਨਾਏ ਜਾ ਰਹੇ ਹਨ। ਉਥੋਂ ਦੀ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਸਬੰਧੀ ਵੱਡਾ ਐਲਾਨ ਕੀਤਾ ਹੈ। “ਬਾਦਸ਼ਾਹ ਸਲਮਾਨ ਨੇ ਹੁਕਮ ਦਿੱਤਾ ਹੈ ਕਿ 2022 ਫੀਫਾ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੇ ਖਿਲਾਫ ਸਾਊਦੀ ਅਰਬ ਦੀ ਸ਼ਾਨਦਾਰ ਜਿੱਤ ਦੇ ਜਸ਼ਨ ਵਿੱਚ ਬੁੱਧਵਾਰ ਨੂੰ ਸਾਰੇ ਜਨਤਕ ਅਤੇ ਨਿੱਜੀ ਖੇਤਰ ਦੇ ਕਰਮਚਾਰੀ ਅਤੇ ਸਕੂਲ ਬੰਦ ਰਹਿਣਗੇ।” ਕਿੰਗ ਸਲਮਾਨ ਨੇ ਦੇਸ਼ ਭਰ ਵਿੱਚ ਇੱਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ

ਦੁਨੀਆ ਦੀ 51ਵੇਂ ਨੰਬਰ ਦੀ ਟੀਮ ਨੇ ਸਾਊਦੀ ਅਰਬ ਵਿਸ਼ਵ ਕੱਪ ‘ਚ ਸੁਪਨੇ ਵਰਗੀ ਸ਼ੁਰੂਆਤ ਕੀਤੀ ਹੈ। ਅਰਜਨਟੀਨਾ ਦੀ ਟੀਮ ਪਿਛਲੇ 36 ਮੈਚਾਂ ਤੋਂ ਅਜਿੱਤ ਰਹੀ ਸੀ ਪਰ ਉਸ ਨੂੰ ਸਾਊਦੀ ਅਰਬ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੰਨਿਆ ਜਾ ਰਿਹਾ ਸੀ ਕਿ ਅਰਜਨਟੀਨਾ ਅਤੇ ਸਾਊਦੀ ਅਰਬ ਵਿਚਾਲੇ ਮੁਕਾਬਲਾ ਇਕਤਰਫਾ ਹੋਵੇਗਾ। ਜਦੋਂ ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਨੇ ਮੈਚ ਦੇ 10ਵੇਂ ਮਿੰਟ ਵਿੱਚ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ ਤਾਂ ਅਜਿਹਾ ਹੀ ਲੱਗ ਰਿਹਾ ਸੀ।

ਦੂਜੇ ਹਾਫ ‘ਚ ਕਹਾਣੀ ਬਦਲ ਗਈ
ਸਾਊਦੀ ਅਰਬ ਨੇ ਮੈਚ ਦੇ ਦੂਜੇ ਆਫ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਊਦੀ ਲਈ ਸਾਲੇਹ ਅਲਸ਼ੇਹਰੀ ਨੇ 48ਵੇਂ ਮਿੰਟ ਵਿੱਚ ਗੋਲ ਕਰਕੇ ਮੈਚ 1-1 ਨਾਲ ਬਰਾਬਰ ਕਰ ਦਿੱਤਾ। ਇਸ ਦੇ ਨਾਲ ਹੀ ਸਾਊਦੀ ਅਰਬ ਨੇ 53ਵੇਂ ਮਿੰਟ ਵਿੱਚ ਹੀ ਇਸ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਸਲੇਮ ਅਲਦਸਾਰੀ ਨੇ ਦੂਜਾ ਗੋਲ ਕਰਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਸਾਊਦੀ ਅਰਬ ਨੇ ਮੈਚ ਦੇ ਅੰਤ ਤੱਕ ਇਸ ਬੜ੍ਹਤ ਨੂੰ ਬਰਕਰਾਰ ਰੱਖਿਆ।

ਅਮਰੀਕਾ ਦੇ ਵਰਜੀਨੀਆ ਵਿਖੇ ਵਾਲਮਾਰਟ ‘ਚ ਹੋਈ ਗੋਲੀਬਾਰੀ, 10 ਲੋਕਾਂ ਦੀ ਮੌਤ

0

ਅਮਰੀਕਾ ‘ਚ ਗੋਲੀਬਾਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਗੋਲੀਬਾਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅੱਜ ਫਿਰ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਵਰਜੀਨੀਆ ਵਿਖੇ ਵਾਲਮਾਰਟ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ।

ਵਰਜੀਨੀਆ ਵਿੱਚ ਵਾਲਮਾਰਟ ਸਟੋਰ ਵਿੱਚ ਦੇਰ ਰਾਤ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਸਟੋਰ ਦੇ ਇਕ ਮੈਨੇਜਰ ਨੇ ਆਪਣੇ ਸਟਾਫ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮੌਕੇ ‘ਤੇ ਮੌਜੂਦ ਗਵਾਹਾਂ ਦਾ ਕਹਿਣਾ ਹੈ ਕਿ ਸਟੋਰ ‘ਤੇ ਇਕ ਮੈਨੇਜਰ ਨੇ ਬ੍ਰੇਕ ਰੂਮ ਵਿਚ ਦਾਖਲ ਹੋ ਕੇ ਦੂਜੇ ਸਟਾਫ ‘ਤੇ ਗੋਲੀਆਂ ਚਲਾ ਦਿੱਤੀਆਂ। ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਥਾਨਕ ਪੁਲਿਸ ਦਾ ਮੰਨਣਾ ਹੈ ਕਿ ਗੋਲੀਆਂ ਚਲਾਉਣ ਵਾਲਾ ਸ਼ੂਟਰ ਵੀ ਮਾਰਿਆ ਗਿਆ ਹੈ।

ਹਲਵਾਰਾ ਏਅਰਪੋਰਟ ਟਰਮੀਨਲ ਦੀ ਉਸਾਰੀ ਲਈ 50 ਕਰੋੜ ਰੁਪਏ ਜਾਰੀ

0

ਪੰਜਾਬ ਨੂੰ ਬਹੁਤ ਜਲਦ ਹੀ ਇੱਕ ਹੋਰ ਏਅਰਪੋਰਟ ਮਿਲਣ ਜਾ ਰਿਹਾ ਹੈ।  ਇਸਦੀ ਜਾਣਕਾਰੀ ਕੁਝ ਦਿਨ ਪਹਿਲਾਂ CM ਮਾਨ ਨੇ ਟਵੀਟ ਕਰਕੇ ਦਿੱਤੀ ਸੀ। ਮਾਨ ਸਕਰਾਰ ਹਲਵਾਰਾ ਏਅਰਪੋਰਟ ਟਰਮੀਨਲ ਦਾ ਨਿਰਮਾਣ ਕਰਵਾਏਗੀ ਜਿਸਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ।  ਪੰਜਾਬ ਸਰਕਾਰ ਨੇ ਹਲਵਾਰਾ ਏਅਰਪੋਰਟ ਟਰਮੀਨਲ ਤੇ ਹੋਰ ਕੰਮਾਂ ਲਈ 50 ਕਰੋੜ ਰੁਪਏ ਜਾਰੀ ਕੀਤੇ ਹਨ। ਪੰਜਾਬ ਸਰਕਾਰ ਹਲਵਾਰਾ ਹਵਾਈ ਅੱਡੇ ਦਾ ਟਰਮੀਨਲ ਬਣਵਾਏਗੀ। ਇਸ ਦੇ ਲਈ ਕਾਨੂੰਨ ਅਨੁਸਾਰ 50 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ।

ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਨੇ ਲੋਕ ਨਿਰਮਾਣ ਵਿਭਾਗ ਤੋਂ ਟਰਮੀਨਲ ਬਿਲਡਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।

ਕਾਂਗਰਸ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਟਰਮੀਨਲ ਦੀ ਇਮਾਰਤ ਨੂੰ ਆਪਣੇ ਪੱਧਰ ‘ਤੇ ਬਣਾਉਣ ਦਾ ਫੈਸਲਾ ਕੀਤਾ, ਇਸ ਦੀ ਜ਼ਿੰਮੇਵਾਰੀ ਵੀ ਲੋਕ ਨਿਰਮਾਣ ਵਿਭਾਗ ਨੂੰ ਸੌਂਪ ਦਿੱਤੀ ਸੀ।

ਟੈਂਡਰ ਜਾਰੀ ਕੀਤਾ ਗਿਆ ਸੀ ਪਰ ਉਦੋਂ ਤੱਕ ਚੰਨੀ ਮੁੱਖ ਮੰਤਰੀ ਬਣ ਗਏ, ਚੰਨੀ ਦੇ ਸਮੇਂ ਸਰਕਾਰ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੰਸਟਰੱਕਸ਼ਨ ਕੰਪਨੀ ਦਾ ਕਰੀਬ ਪੰਜ ਫੀਸਦੀ ਕੰਮ ਕਰਵਾਇਆ ਸੀ। ਚੰਨੀ ਸਰਕਾਰ ਨੇ ਕੰਪਨੀ ਨੂੰ ਕੋਈ ਫੰਡ ਜਾਰੀ ਨਹੀਂ ਕੀਤਾ, ਜਿਸ ਕਾਰਨ ਕੰਪਨੀ ਨੇ ਕੰਮ ਬੰਦ ਕਰ ਦਿੱਤਾ।

ਮਾਨਯੋਗ ਮਾਨ ਸਰਕਾਰ ਨੇ ਹੁਣ 50 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਹ ਕੰਮ ਮੁੜ ਪੁਰਾਣੇ ਡਿਜ਼ਾਈਨ ਅਨੁਸਾਰ ਲੋਕ ਨਿਰਮਾਣ ਵਿਭਾਗ ਰਾਹੀਂ ਸ਼ੁਰੂ ਕੀਤਾ ਗਿਆ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਕੁਝ ਮੁੱਦੇ ਸਨ, ਜਿਸ ਕਾਰਨ ਕੰਮ ਠੱਪ ਹੋ ਗਿਆ। ਇਸ ਦਾ ਕੰਮ ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ।

ਫਿਰੌਤੀ ਮੰਗਣ ਦੇ ਮਾਮਲੇ ‘ਚ ਗੈਂਗਸਟਰ ਗੋਲਡੀ ਬਰਾੜ ਭਗੌੜਾ ਕਰਾਰ

0

ਗੈਂਗਸਟਰ ਗੋਲਡੀ ਬਰਾੜ (34) ਨੂੰ ਚੰਡੀਗੜ੍ਹ ਦੀ ਜ਼ਿਲਾ ਅਦਾਲਤ ਨੇ 1 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ‘ਚ ਭਗੌੜਾ ਕਰਾਰ ਦਿੱਤਾ ਹੈ। ਚੰਡੀਗੜ੍ਹ ਦੇ ਇਕ ਵਪਾਰੀ ਦੀ ਸ਼ਿਕਾਇਤ ‘ਤੇ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ‘ਚ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ ਮਨਜੀਤ ਸਿੰਘ ‘ਤੇ ਵੀ ਦੋਸ਼ ਹਨ। ਹੁਣ ਮਾਮਲੇ ਦੀ ਸੁਣਵਾਈ ਸ਼ੁਰੂ ਹੋਵੇਗੀ।

ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 387, 120ਬੀ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਸੁਣਵਾਈ 29 ਨਵੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਗੋਲਡੀ ਬਰਾੜ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਦਾ ਸਾਥੀ ਹੈ। ਗੋਲਡੀ ਨੇ ਕੈਨੇਡਾ ‘ਚ ਬੈਠ ਕੇ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਈ ਸੀ। ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਵਿੱਚ ਸ਼ਾਰਪ ਸ਼ੂਟਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ।

ਨਸ਼ੇ ਦੇ ਆਦੀ ਨੌਜਵਾਨ ਨੇ ਆਪਣੇ ਪੂਰੇ ਪਰਿਵਾਰ ਦਾ ਕੀਤਾ ਕਤਲ

0

ਦਿੱਲੀ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਦਿੱਲੀ ਸਨਸਨੀਖੇਜ਼ ਵਾਰਦਾਤ ਨਾਲ ਦਹਿਲ ਉੱਠੀ ਹੈ। ਦਿੱਲੀ ਦੇ ਸਾਊਥ ਵੈਸਟ ਜ਼ਿਲ੍ਹੇ ਦੇ ਪਾਲਮ ਇਲਾਕੇ ’ਚ ਇੱਕ ਘਰ ’ਚੋਂ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਖ਼ੁਦਕੁਸ਼ੀ ਦਾ ਨਹੀਂ ਸਗੋਂ ਕਤਲ ਦਾ ਹੈ।

ਇਹ ਵੀ ਪੜ੍ਹੋ: ਵਿਆਹ ‘ਚ ਹੋਈ ਫਾਇਰਿੰਗ, ਗੋਲੀ ਲੱਗਣ ਨਾਲ ਲਾੜੇ ਦੇ ਦੋਸਤ ਦੀ ਗਈ ਜਾਨ

ਦਰਅਸਲ ਕਲਯੁੱਗੀ ਪੁੱਤਰ ਨੇ ਆਪਣੇ ਹੀ ਮਾਂ-ਬਾਪ, ਭੈਣ ਅਤੇ ਦਾਦੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਦੋਸ਼ੀ ਪੁੱਤਰ ਨਸ਼ੇ ਦਾ ਆਦੀ ਸੀ ਅਤੇ ਆਏ ਦਿਨ ਘਰ ’ਚ ਪੈਸਿਆਂ ਨੂੰ ਲੈ ਕੇ ਝਗੜਾ ਕਰਦਾ ਸੀ। ਜਿਸ ਕਾਰਨ ਉਸ ਨੇ ਆਪਣਾ ਪੂਰਾ ਪਰਿਵਾਰ ਹੀ ਮੌਤ ਦੀ ਨੀਂਦ ਸੁਆ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਪਾਲਮ ਇਲਾਕੇ ’ਚ ਕੱਲ੍ਹ ਦੇਰ ਰਾਤ ਨੂੰ ਵਾਪਰੀ। ਬੀਤੀ ਰਾਤ ਵੀ ਹਮੇਸ਼ਾ ਵਾਂਗ ਘਰ ’ਚ ਝਗੜਾ ਹੋਇਆ ਅਤੇ ਨਸ਼ੇੜੀ ਪੁੱਤਰ ਨੇ ਆਪਣੇ ਪੂਰੇ ਪਰਿਵਾਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਮਗਰੋਂ ਫਰਾਰ ਹੋ ਰਹੇ ਦੋਸ਼ੀ ਪੁੱਤਰ ਨੂੰ ਗੁਆਂਢ ’ਚ ਰਹਿਣ ਵਾਲੇ ਲੋਕਾਂ ਨੇ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।ਇਸ ਦੌਰਾਨ ਪਾਲਮ ਥਾਣਾ ਪੁਲਿਸ ਨੇ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਮਟ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਅਰੁਣਾਚਲ ਪ੍ਰਦੇਸ਼ ‘ਚ ਆਇਆ ਭੂਚਾਲ, ਰਿਕਟਰ ਪੈਮਾਨੇ ‘ਤੇ 3.8 ਤੀਬਰਤਾ

ਪੁਲਿਸ ਨੇ ਦੱਸਿਆ ਕਿ ਦੋਸ਼ੀ ਲੜਕੇ ਦਾ ਨਾਂ ਕੇਸ਼ਵ ਹੈ। ਉਹ ਨਸ਼ੇ ਦੀ ਆਦਤ ਕਰ ਕੇ ਪਰਿਵਾਰ ਵੱਲੋਂ ਝਿੜਕਣ ’ਤੇ ਨਾਰਾਜ਼ ਸੀ। ਜਿਸ ਕਾਰਨ ਗੁੱਸੇ ’ਚ ਆ ਕੇ ਉਸ ਨੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਪੁਲਿਸ ਨੇ ਅਪਰਾਧ ’ਚ ਇਸਤੇਮਾਲ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ। ਮਰਨ ਵਾਲਿਆਂ ’ਚ ਪਿਤਾ ਦਿਨੇਸ਼ ਕੁਮਾਰ (42), ਮਾਤਾ ਦਰਸ਼ਨ ਸੈਨੀ (40), ਦਾਦੀ ਦੀਵਾਨੋ ਦੇਵੀ (75) ਅਤੇ ਭੈਣ ਉਰਵਸ਼ੀ (22) ਹੈ।