Home Blog Page 1819

ਪੰਜਾਬ ਪੁਲਿਸ ਨੇ ਇੱਕ ਹਫ਼ਤੇ ‘ਚ 301 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ

0

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਫ਼ੈਸਲਾਕੁੰਨ ਜੰਗ ਤਹਿਤ ਪੰਜਾਬ ਪੁਲਿਸ ਵੱਲੋਂ ਪਿਛਲੇ ਹਫ਼ਤੇ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਤਹਿਤ 231 ਐੱਫ.ਆਈ.ਆਰਜ਼., ਜਿਨ੍ਹਾਂ ਵਿੱਚ 23 ਕਮਰਸ਼ੀਅਲ ਮਾਮਲੇ ਵੀ ਸ਼ਾਮਲ ਹਨ, ਦਰਜ ਕਰਕੇ 301 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਮੰਗਲਵਾਰ ਨੂੰ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ 4.18 ਕਿਲੋਗ੍ਰਾਮ ਹੈਰੋਇਨ, 6.46 ਕਿਲੋਗ੍ਰਾਮ ਅਫੀਮ, 37 ਕਿਲੋਗ੍ਰਾਮ ਗਾਂਜਾ, 10 ਕੁਇੰਟਲ ਭੁੱਕੀ ਅਤੇ 71 ਹਜ਼ਾਰ ਨਸ਼ੇ ਦੀਆਂ ਗੋਲੀਆਂ/ਕੈਪਸੂਲ/ਇੰਜੈਕਸ਼ਨ/ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ 7.45 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਐੱਨ.ਡੀ.ਪੀ.ਐੱਸ. ਕੇਸਾਂ ਵਿੱਚ ਭਗੌੜੇ ਹੋਏ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ 5 ਜੁਲਾਈ, 2022 ਨੂੰ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਪਿਛਲੇ ਇਕ ਹਫ਼ਤੇ ਦੌਰਾਨ 15 ਹੋਰ ਵਿਅਕਤੀ ਗ੍ਰਿਫ਼ਤਾਰ ਕੀਤੇ ਜਾਣ ਨਾਲ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 459 ਤੱਕ ਪਹੁੰਚ ਗਈ ਹੈ।

ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਗੌਰਵ ਯਾਦਵ ਨੇ ਸਾਰੇ ਸੀ.ਪੀਜ਼./ਐਸ.ਐਸ.ਪੀਜ਼. ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ ’ਤੇ ਨਸ਼ਿਆਂ ਦੀ ਬਰਾਮਦਗੀ ਨਾਲ ਜੁੜੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਉਨ੍ਹਾਂ ਕੋਲੋਂ ਥੋੜ੍ਹੀ ਮਾਤਰਾ ਵਿੱਚ ਹੀ ਨਸ਼ੇ ਦੀ ਬਰਾਮਦਗੀ ਹੋਈ ਹੋਵੇ।

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੰਜਾਬ ਨੂੰ ਨਸ਼ਾ-ਮੁਕਤ ਸੂਬਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਇਸ ਸਰਹੱਦੀ ਸੂਬੇ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ। ਡੀ.ਜੀ.ਪੀ. ਨੇ ਸਾਰੇ ਸੀ.ਪੀਜ਼./ਐਸ.ਐਸ.ਪੀਜ਼. ਨੂੰ ਸਖ਼ਤੀ ਨਾਲ ਹੁਕਮ ਦਿੱਤੇ ਹਨ ਕਿ ਉਹ ਆਪਣੇ ਅਧੀਨ ਖੇਤਰਾਂ ਵਿੱਚ ਨਸ਼ੇ ਦੀ ਖ਼ਰੀਦ-ਫ਼ਰੋਖ਼ਤ ਵਾਲੀਆਂ ਸਾਰੀਆਂ ਸੰਵੇਦਨਸ਼ੀਲ ਥਾਵਾਂ ਅਤੇ ਨਸ਼ਾ ਤਸਕਰਾਂ ਦੀ ਸ਼ਨਾਖ਼ਤ ਕਰਨ। ਉਨ੍ਹਾਂ ਨੇ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਨਾਜਾਇਜ਼ ਪੈਸੇ ਨੂੰ ਬਰਾਮਦ ਕੀਤਾ ਜਾ ਸਕੇ।

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਬੈਂਕ ਲੁੱਟਣ ਵਾਲੇ ਕੀਤੇ ਕਾਬੂ

0

ਬੀਤੇ ਦਿਨੀ ਘਨੌਰ ਵਿਚ ਇੱਕ ਬੈਂਕ ‘ਚ ਲੁੱਟ ਦੀ ਵਾਰਦਾਤ ਹੋਈ ਸੀ। ਲੁਟੇਰੇ 17 ਲੱਖ ਰੁਪਏ ਲੈ ਕੇ ਫਰਾਰ ਹੋ ਗਏ ਸਨ। ਇਸ ਮਾਮਲੇ ‘ਚ ਪਟਿਆਲਾ ਪੁਲਿਸ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਘਨੌਰ ਵਿਚ ਬੈਂਕ ਲੁੱਟਣ ਵਾਲੇ 4 ਦੋਸ਼ੀ ਪੁਲਿਸ ਨੇ ਲੁੱਟ ਦੇ 12 ਘੰਟਿਆਂ ਵਿਚ ਹੀ ਕਾਬੂ ਕਰ ਲਏ। ਇਨ੍ਹਾਂ ਦੋਸ਼ੀਆਂ ਦੇ ਨਾਂ ਅਮਨਦੀਪ, ਪ੍ਰਭਦਿਆਲ,ਦਿਲਪ੍ਰੀਤ ਤੇ ਨਰਿੰਦਰ ਹਨ। ਇਹ ਸਾਰੇ ਚਮਕੌਰ ਸਾਹਿਬ ਇਲਾਕੇ ਦੇ ਰਹਿਣ ਵਾਲੇ ਹਨ। ਇਸ ਦੀ ਪੁਸ਼ਟੀ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ 17 ਲੱਖ ਨਗਦੀ ਅਤੇ ਵਾਰਦਾਤ ਵਿਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਹੈ।

ਸਿੱਧੂ ਮੂਸੇਵਾਲਾ ਦੀ ਯਾਦ ‘ਚ ਅਫਸਾਨਾ ਖਾਨ ਨੇ ਸ਼ੇਅਰ ਕੀਤੀ ਪੋਸਟ

0

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ 6 ਮਹੀਨੇ ਹੋ ਗਏ ਹਨ। ਇਸ ਮੌਕੇ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰੇ ਸਿੱਧੂ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਗਾਇਕਾ ਅਫਸਾਨਾ ਖਾਨ ਨੇ ਪੋਸਟ ਸ਼ੇਅਰ ਕਰ ਸਿੱਧੂ ਨੂੰ ਯਾਦ ਕੀਤਾ ਹੈ। ਹਾਲੇ ਵੀ ਪਰਿਵਾਰ ਮੂਸੇਵਾਲਾ ਦੇ ਇਨਸਾਫ ਲਈ ਲੜਾਈ ਲੜ ਰਿਹਾ ਹੈ।

ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਲਿਖਿਆ, “ਅੱਜ ਬਾਈ ਤੈਨੂੰ ਗਏ 6 ਮਹੀਨੇ ਹੋ ਗਏ, ਪਰ ਸਾਨੂੰ ਹਾਲੇ ਵੀ ਯਕੀਨ ਨਹੀਂ। ਇੱਦਾਂ ਲਗਦਾ ਹੈ ਕਿ ਜਿਵੇਂ ਤੂੰ ਸਾਡੇ ਵਿੱਚ ਅੱਜ ਮੌਜੂਦ ਆ। ਜਿੰਨਾ ਚਿਰ ਸਰੀਰ ‘ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ। ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਹਮੇਸ਼ਾ ਰਹੇਗਾ।”

12 ਦਸੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਲਏ ਜਾ ਸਕਦੇ ਹਨ ਕਈ ਵੱਡੇ ਫੈਸਲੇ

0

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 12 ਦਸੰਬਰ ਨੂੰ ਹੋਣ ਜਾ ਰਹੀ ਹੈ। ਇਹ ਮੀਟਿੰਗ 12 ਦਸੰਬਰ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਰੱਖੀ ਗਈ ਹੈ। ਮੀਟਿੰਗ ਪੰਜਾਬ ਸਿਵਲ ਸਕੱਤਰੇਤ-1 ਚੰਡੀਗੜ੍ਹ ਵਿਖੇ ਹੋਵੇਗੀ।

ਇਸ ਮੀਟਿੰਗ ਦੀ ਅਗਵਾਈ CM ਭਗਵੰਤ ਮਾਨ ਵੱਲੋਂ ਕੀਤੀ ਜਾਵੇਗੀ। ਇਸ ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ । ਇਸ ਤੋਂ ਪਹਿਲਾਂ ਹੋਈ ਕੈਬਨਿਟ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਹਰੀ ਝੰਡੀ ਦਿੱਤੀ ਗਈ ਸੀ। ਇਸ ਮੀਟਿੰਗ ਵਿੱਚ ਵੀ ਕਈ ਵੱਡੇ ਫੈਸਲੇ ਹੋਣ ਦੀ ਉਮੀਦ ਹੈ।

 

ਪੰਜਾਬ ਪੁਲਿਸ ਵੱਲੋਂ ਦਿੱਤੀ ਮੋਹਲਤ ਅੱਜ ਹੋਈ ਖਤਮ, ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ‘ਤੇ ਮੁੜ ਹੋਵੇਗਾ ਐਕਸ਼ਨ

0

ਪੰਜਾਬ ’ਚ ਸ਼ੋਸ਼ਲ ਮੀਡੀਆ ’ਤੇ ਗੰਨ ਕਲਚਰ ਵਾਲੀਆਂ ਤਸਵੀਰਾਂ ਹਟਾਉਣ ਦੀ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਦਿੱਤਾ ਗਿਆ 3 ਦਿਨਾਂ ਦਾ ਸਮਾਂ ਅੱਜ ਖਤਮ ਹੋ ਗਿਆ ਹੈ। ਇਸ ਲਈ ਪੰਜਾਬ ਪੁਲਿਸ ਵੱਲੋਂ ਮੰਗਲਵਾਰ ਤੋਂ ਤਸਵੀਰਾਂ ਨਾ ਹਟਾਉਣ ਵਾਲੇ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰ ਕੇ ਲੋਕਾਂ ਨੂੰ ਕਿਹਾ ਸੀ ਕਿ ਉਹ ਸੋਸ਼ਲ ਮੀਡੀਆ ਤੋਂ ਆਪਣੀਆਂ ਸਾਰੀਆਂ ਪੁਰਾਣੀਆਂ ਤਸਵੀਰਾਂ ਨੂੰ ਹਟਾਉਣ, ਜੋ ਗੰਨ ਕਲਚਰ ਨੂੰ ਉਤਸ਼ਾਹਿਤ ਕਰਦੀਆਂ ਹਨ।

DGP ਨੇ ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹ ’ਤੇ ਚੁੱਕਿਆ ਸੀ, ਜਿਨ੍ਹਾਂ ਕਿਹਾ ਸੀ ਕਿ ਸੋਸ਼ਲ ਮੀਡੀਆ ’ਤੇ ਜੇਕਰ ਲੋਕਾਂ ਨੇ ਹਥਿਆਰਾਂ ਵਾਲੀਆਂ ਆਪਣੀਆਂ ਤਸਵੀਰਾਂ ਪਾਈਆਂ ਹਨ ਤਾਂ ਉਨ੍ਹਾਂ ਨੂੰ ਹਟਾਉਣ ਲਈ ਕੁੱਝ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਸਾਈਟਾਂ ਤੋਂ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਹਟਾਉਣ ਲਈ ਕਿਹਾ ਹੈ ਅਤੇ ਇਸ ਲਈ ਪੰਜਾਬ ਪੁਲਿਸ ਨੇ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

ਪਿਛਲੇ ਦਿਨੀਂ ਸੂਬੇ ’ਚ ਕੁੱਝ ਲੋਕਾਂ ਖ਼ਿਲਾਫ਼ ਐੱਫ. ਆਈ. ਆਰ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਨੇ ਹਥਿਆਰਾਂ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾਈਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਤਿੰਨ ਦਿਨਾਂ ਦੀ ਮੋਹਲਤ ਖ਼ਤਮ ਹੋ ਗਈ ਹੈ, ਇਸ ਲਈ ਅੱਜ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਸੋਸ਼ਲ ਮੀਡੀਆ ਤੋਂ ਹਥਿਆਰਾਂ ਦੀਆਂ ਤਸਵੀਰਾਂ ਨਾ ਹਟਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

ਜਲੰਧਰ ‘ਚ ਲਾਰੈਂਸ ਬਿਸ਼ਨੋਈ ਦੇ ਦੋਸਤ ਦਾ ਗੋਲੀਆਂ ਮਾਰ ਕੇ ਕੀਤਾ ਕਤਲ

0

ਜਲੰਧਰ ‘ਚ ਇੱਕ ਬਾਊਂਸਰ ਦਾ ਕਤਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਰਾਮਾਮੰਡੀ ਦੀ ਹੱਦ ਵਿਚ ਪੈਂਦੇ ਸਤਨਾਮ ਨਗਰ ਵਿਚ ਸੋਮਵਾਰ ਰਾਤ ਗੁਆਂਢੀਆਂ ਵਿਚਾਲੇ ਹੋਈ ਬਹਿਸ ਤੋਂ ਬਾਅਦ ਸ਼ਰਾਬ ਦੇ ਨਸ਼ੇ ’ਚ ਟੈਕਸੀ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਔਲਖ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਆਪਣੇ ਦੋਸਤ ਨੂੰ ਮਿਲਣ ਆਏ ਬਾਊਂਸਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸਦੇ ਨਾਲ ਹੀ ਮਾਰੇ ਗਏ ਬਾਊਂਸਰ ਦਾ ਨਾਂ ਸੋਨੂੰ ਦੱਸਿਆ ਜਾ ਰਿਹਾ ਹੈ। ਇਸਦੇ ਨਾਲ ਹੀ ਉਸਨੂੰ ਲਾਰੈਸ਼ ਬਿਸ਼ਨੋਈ ਦਾ ਕਰੀਬੀ ਵੀ ਦੱਸਿਆ ਜਾ ਰਿਹਾ ਹੈ। ਜਦਕਿ ਇਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਸਤਨਾਮ ਨਗਰ ’ਚ ਰਹਿਣ ਵਾਲੇ ਬਲਜਿੰਦਰ ਤੇ ਗੁਰਮੀਤ ਸਿੰਘ ਔਲਖ ਜੋ ਕਿ ਟੈਕਸੀ ਯੂਨੀਅਨ ਦਾ ਪ੍ਰਧਾਨ ਹੈ, ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਬਲਜਿੰਦਰ ਨੂੰ ਮਿਲਣ ਲਈ ਉਸ ਦਾ ਦੋਸਤ ਸੋਨੂੰ ਉਰਫ ਰਵਿੰਦਰ ਜੋ ਕਿ ਬਾਊਂਸਰ ਹੈ, ਗੁਰਾਇਆ ਤੋਂ ਆਇਆ ਸੀ ਤੇ ਇਨ੍ਹਾਂ ਦਾ ਵਿਵਾਦ ਸ਼ਾਂਤ ਕਰਵਾਉਣ ਲੱਗਾ। ਵਿਵਾਦ ਘੱਟਣ ਦੀ ਬਜਾਏ ਵੱਧ ਗਿਆ ਤਾਂ ਸ਼ਰਾਬ ਦੇ ਨਸ਼ੇ ‘ਚ ਗੁਰਮੀਤ ਸਿੰਘ ਔਲਖ ਆਪਣੇ ਘਰ ਵਿੱਚੋਂ ਆਪਣੀ ਰਿਵਾਲਵਰ ਲੈ ਆਇਆ ਅਤੇ ਗੋਲੀਆਂ ਚਲਾ ਦਿੱਤੀਆਂ।

ਦੱਸਿਆ ਜਾ ਰਿਹਾ ਹੈ ਕਿ ਇਕ ਗੋਲੀ ਰਵਿੰਦਰ ਦੀ ਛਾਤੀ ਵਿਚ ਲੱਗੀ ਅਤੇ ਦੂਜੀ ਗੋਲੀ ਬਲਜਿੰਦਰ ਦੀ ਮਾਤਾ ਕੁਲਜੀਤ ਕੌਰ ਦੇ ਗਿੱਟੇ ਵਿਚ ਲੱਗੀ। ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਰਾਮਾਮੰਡੀ ਦੇ ਜੌਹਲ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਰਵਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸੈਂਟਰਲ ਨਿਰਮਲ ਸਿੰਘ, ਥਾਣਾ ਰਾਮਾਮੰਡੀ ਦੇ ਮੁੱਖੀ ਇੰਸਪੈਕਟਰ ਅਜੈਬ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ।

ਪਟਿਆਲਾ ਪੁਲਿਸ ਦੀ ਪਹਿਲਕਦਮੀ, ਵਰਦੀ ‘ਤੇ ਲਿਖਵਾਏ ਪੰਜਾਬੀ ਭਾਸ਼ਾ ‘ਚ ਨਾਂ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਕਿ ਪੰਜਾਬੀ ਭਾਸ਼ਾ ਨੂੰ ਮਹੱਤਤਾ ਦਿੱਤੀ ਜਾਵੇ।  ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਵੀ ਪੰਜਾਬੀ ਭਾਸ਼ਾ ਨੂੰ ਆਪਣੇ ਜੀਵਨ-ਜਾਚ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਇਸ ਦੁਰਲੱਭ ਸਰਮਾਏ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਇਸ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਇਮ ਰੱਖਣਾ ਚਾਹੀਦਾ ਹੈ।

CM ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਆਪਣੀ ਭਾਸ਼ਾ, ਸੱਭਿਆਚਾਰ ਅਤੇ ਰਵਾਇਤਾਂ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਇਸ ਨੇਕ ਕਾਰਜ ਲਈ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਇਸੇ ਤਹਿਤ ਪੰਜਾਬੀ ਭਾਸ਼ਾ ਪ੍ਰਤੀ ਪਟਿਆਲਾ ਪੁਲਿਸ ਵਲੋਂ ਪਹਿਲਕਦਮੀ ਕੀਤੀ ਗਈ ਹੈ ਜਿਸ ਤਹਿਤ ਹੁਣ ਵਰਦੀ ‘ਤੇ ਅੰਗਰੇਜ਼ੀ ਦੀ ਬਜਾਏ ਪੰਜਾਬੀ ‘ਚ ਨਾਮ ਲਿਖਵਾਉਣੇ ਸ਼ੁਰੂ ਕਰ ਦਿੱਤੇ ਹਨ।

ਪੰਜਾਬੀ ਭਾਸ਼ਾ ਨੂੰ ਹਰ ਮਹਿਕਮੇ ਵਿਚ ਪੂਰਨ ਤੌਰ ‘ਤੇ ਲਾਗੂ ਕਰਨ ਤਹਿਤ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਵਰਦੀ ‘ਤੇ ਆਪਣੀ ਨੇਮ ਪਲੇਟ ਪੰਜਾਬੀ ‘ਚ ਲਾਉਣੀ ਸ਼ੁਰੂ ਕੀਤੀ। ਜਿਨ੍ਹਾਂ ਤੋਂ ਬਾਅਦ ਪੁਲਸ ਮਹਿਕਮੇ ਦੇ ਹੋਰ ਮੁਲਾਜਮਾਂ ਨੇ ਵੀ ਪੰਜਾਬੀ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਮਾਂ ਬੋਲੀ ਸਾਡੇ ਲਈ ਸਭ ਤੋਂ ਪਹਿਲਾਂ ਹੈ, ਸਰਕਾਰ ਵਲੋਂ ਲਏ ਗਏ ਫੈਸਲੇ ਅਨੁਸਾਰ ਪੰਜਾਬੀ ਭਾਸ਼ਾ ਨੂੰ ਹਰ ਪੱਧਰ ‘ਤੇ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਪੰਜਾਬੀ ਭਾਸ਼ਾ ਨੂੰ ਮਹੱਤਵ ਦਿੰਦੇ ਹੋਏ ਪੰਜਾਬੀ ਭਾਸ਼ਾ ‘ਚ ਵਰਦੀ ‘ਤੇ ਨਾਂ ਲਿਖਵਾਉਣ ਵਾਲੇ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਾਡਾ ਮਾਣ ਹੈ, ਐੱਸਐੱਸਪੀ ਵਰੁਣ ਸ਼ਰਮਾ ਦੀ ਪਹਿਲਕਦਮੀ ਦੇ ਚਲਦਿਆਂ ਉਨ੍ਹਾਂ ਨੇ ਵੀ ਆਪਣਾ ਨਾਂ ਪੰਜਾਬੀ ‘ਚ ਲਿਖਵਾਇਆ ਹੈ।

ਸਾਬਕਾ DGP ਸੁਮੇਧ ਸੈਣੀ ਨੂੰ ਮੁੜ ਸੰਮਨ ਜਾਰੀ

0

ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਮੁੜ ਸੰਮਨ ਜਾਰੀ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਉਨ੍ਹਾਂ ਨੂੰ 29 ਨਵੰਬਰ ਦੁਪਹਿਰ 2 ਵਜੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।

ਸਾਬਕਾ ਉਪ ਮੁੱਖ ਮੰਤਰੀ OP ਸੋਨੀ ਅੰਮ੍ਰਿਤਸਰ ਵਿਜੀਲੈਂਸ ਅੱਗੇ ਹੋਏ ਪੇਸ਼, ਪੁੱਛਗਿੱਛ ਜਾਰੀ

0

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਬਿਊਰੋ ਵੱਲੋਂ ਜਾਰੀ ਕੀਤੇ ਸੰਮਨ ਤੋਂ ਬਾਅਦ ਆਪਣਾ ਪੱਖ ਪੇਸ਼ ਕਰਨ ਲਈ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਬਿਊਰੋ ਦੇ ਦਫ਼ਤਰ ਪੁੱਜੇ ਹਨ। ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅੱਜ ਸਵੇਰੇ 10 ਵਜੇ ਅੰਮ੍ਰਿਤਸਰ ਵਿਜੀਲੈਂਸ ਦੇ ਦਫ਼ਤਰ ‘ਚ ਪੇਸ਼ ਹੋਏ।

ਵਿਜੀਲੈਂਸ ਵੱਲੋਂ ਉਨ੍ਹਾਂ ਦੀ ਜਾਇਦਾਦ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸੀ ਮੰਤਰੀਆਂ ਤੋਂ ਬਾਅਦ ਹੁਣ ਸਾਬਕਾ ਡਿਪਟੀ ਸੀਐੱਮ ਓਮ ਪ੍ਰਕਾਸ਼ ਸੋਨੀ ਵੀ ਵਿਜੀਲੈਂਸ ਬਿਊਰੋ ਦੇ ਰਡਾਰ ‘ਤੇ ਆ ਗਏ ਹਨ। ਹਾਲ ਹੀ ਵਿੱਚ ਵਿਜੀਲੈਂਸ ਵਿਭਾਗ ਦਾ ਇੱਕ ਨੋਟਿਸ ਸਾਬਕਾ ਉਪ ਮੁੱਖ ਮੰਤਰੀ ਦੇ ਘਰ ਪਹੁੰਚਿਆ ਸੀ। ਜਿਸ ਵਿੱਚ ਉਨ੍ਹਾਂ ਨੂੰ 25 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਐਸਐਸਪੀ ਵਿਜੀਲੈਂਸ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਪਰ ਉਨ੍ਹਾਂ ਇਹ ਕਹਿ ਕੇ ਕਿ ਉਹ ਰੁੱਝੇ ਹੋਏ ਨੇ ਅਤੇ ਸ਼ਹਿਰ ਤੋਂ ਬਾਹਰ ਨੇ, ਉਨ੍ਹਾਂ ਕੁੱਝ ਦਿਨਾਂ ਦਾ ਸਮਾਂ ਮੰਗਿਆ ਸੀ।

ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਉਨ੍ਹਾਂ ਖ਼ਿਲਾਫ਼ 8 ਨਵੰਬਰ ਨੂੰ ਇਕ ਸ਼ਿਕਾਇਤ ਚੰਡੀਗੜ੍ਹ ’ਚ ਦਰਜ ਕੀਤੀ ਗਈ ਸੀ। ਇਸ ’ਚ ਕਿਹਾ ਗਿਆ ਸੀ ਕਿ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਾਂਗਰਸ ਸਰਕਾਰ ਦੇ ਸ਼ਾਸਨ ’ਚ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਆਮਦਨ ਤੋਂ ਕਿਤੇ ਵੱਧ ਜਾਇਦਾਦ ਬਣਾਈ ਹੈ। ਇਸ ਲਈ ਅੰਮ੍ਰਿਤਸਰ ਰੇਂਜ ਦੇ ਐੱਸ. ਐੱਸ. ਪੀ. ਵਰਿੰਦਰ ਸਿੰਘ ਸੰਧੂ ਨੂੰ ਮਾਮਲੇ ਦੀ ਜਾਂਚ ਲਈ ਨਿਯੁਕਤ ਕੀਤਾ ਗਿਆ ਸੀ।

ਬਟਾਲਾ ‘ਚ ਹੋਈ ਫਾਈਰਿੰਗ, ਅਕਾਲੀ ਵਰਕਰ ਦੀ ਗੋਲੀ ਲੱਗਣ ਨਾਲ ਮੌਤ

0

ਬਟਾਲਾ ‘ਚ ਇੱਕ ਅਕਾਲੀ ਵਰਕਰ ‘ਤੇ ਫਾਈਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਨਾਲ ਅਕਾਲੀ ਵਰਕਰ ਦੀ ਮੌਤ ਹੋ ਗਈ ਹੈ। ਬਟਾਲਾ ਦੇ ਨਜ਼ਦੀਕੀ ਪਿੰਡ ਸ਼ੇਖੂਪੁਰਾ ਦੇ ਅਕਾਲੀ ਵਰਕਰ ਦੀ ਬੀਤੀ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਅਜੀਤਪਾਲ ਸਿੰਘ ਬੱਲ ਪੁੱਤਰ ਪਿਆਰਾ ਸਿੰਘ ਵਾਸੀ ਸ਼ੇਖੂਪੁਰਾ ਵਜੋਂ ਹੋਈ ਹੈ। ਮ੍ਰਿਤਕ ਅਜੀਤਪਾਲ ਸਿੰਘ ਦੀ ਪਤਨੀ ਸਾਬਕਾ ਬਲਾਕ ਸੰਮਤੀ ਮੈਂਬਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਜੀਤਪਾਲ ਸਿੰਘ ਆਪਣੇ ਦੋਸਤ ਅੰਮ੍ਰਿਤਪਾਲ ਸਿੰਘ ਦੇ ਨਾਲ ਕਾਰ ਚ ਬੈਠ ਕੇ ਪਿੰਡ ਨੂੰ ਜਾ ਰਹੇ ਸਨ ਕਿ ਜਦ ਘਸੀਟਪੁਰ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਨੂੰ ਰੋਕ ਕੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਅਜੀਤਪਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਬੀਤੀ ਰਾਤ ਮੌਤ ਹੋ ਗਈ ਹੈ। ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਮ੍ਰਿਤਕ ਅਜੀਤਪਾਲ ਸਿੰਘ ਦੇ ਦੋਸਤ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਪੂਰੀ ਛਾਣਬੀਣ ਕੀਤੀ ਜਾ ਰਹੀ ਹੈ ।