Home Blog Page 1713

ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਸ਼ਾ ਤਸਕਰ ਕੋਲੋਂ ਫੜੀ 25 ਕਰੋੜ ਦੀ ਹੈ.ਰੋਇਨ

0

ਤਰਨਤਾਰਨ ਦੇ CIA ਸਟਾਫ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ ਵਿਸ਼ੇੇਸ਼ ਗਸ਼ਤ ਦੌਰਾਨ ਵਾਹਨਾਂ ਦੀ ਚੈਕਿੰਗ ਮੌਕੇ i20 ਕਾਰ ਵਿਚ ਸਵਾਰ ਇੱਕ ਵਿਅਕਤੀ ਕੋਲੋਂ 5 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤਾ ਗਿਆ ਹੈ। ਇਸ ਦੀ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਪੁਲਿਸ ਨੇ ਖੇਪ ਨੂੰ ਕਬਜ਼ੇ ‘ਚ ਲੈ ਕੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਝਬਾਲ ਵਿਖੇ NDPS ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਦਿਆਂ SP ਹੈੱਡ ਕੁਆਰਟਰ ਮਨਿੰਦਰ ਸਿੰਘ ਨੇ ਦੱਸਿਆ ਕਿ DSP ਇਨਵੈਸਟੀਗੇਸ਼ਨ ਅਰੁਣ ਕੁਮਾਰ ਅਤੇ CIA ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਤਰਸੇਮ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਖੈਰਦੀਨਕੇ ਵੱਲ ਜਾਂਦਿਆਂ ਸੂਏ ਦੇ ਪੁਲ਼ ਐਮਾਂ ਕੋਲ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ।

ਇਸੇ ਦੌਰਾਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਇੱਕ ਕਾਰ ਆਉਂਦੀ ਦਿਖਾਈ ਦਿੱਤੀ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਗੱਡੀ ਨੂੰ ਰੋਕਣ ਲਈ ਕਿਹਾ ‘ਤਾਂ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਗੱਡੀ ’ਚ ਸਵਾਰ ਵਿਅਕਤੀ ਜਿਸਦੀ ਪਛਾਣ ਦੀਪਕ ਕੁਮਾਰ ਉਰਫ਼ ਕੋਚਰ ਪੁੱਤਰ ਸ਼ਾਮ ਕੁਮਾਰ ਵਾਸੀ ਵਿਕਟੋਰੀਆ ਇਨਕਲੇਵ, ਪਿੰਡ ਬੱਲੂਕੀ ਲੁਧਿਆਣਾ ਵਜੋਂ ਹੋਈ।

DSP ਅਰੁਣ ਸ਼ਰਮਾ ਦੀ ਮੌਜੂਦਗੀ ਵਿਚ ਜਦੋਂ ਉਕਤ i20 ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਦੀ ਕਡੰਕਟਰ ਸੀਟ ਦੀ ਪੈਰਾਂ ਵਾਲੀ ਜਗ੍ਹਾ ਤੋਂ ਟੇਪ ਨਾਲ ਲਪੇਟੇ ਹੋਏ 9 ਪੈਕੇਟ ਬਰਾਮਦ ਹੋਏ। ਉਕਤ ਪੈਕੇਟਾਂ ਨੂੰ ਚੈੱਕ ਕੀਤਾ ਤਾਂ ਉਨ੍ਹਾਂ ’ਚੋਂ 5 ਕਿੱਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੀਪਕ ਕੁਮਾਰ ਕੋਚਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ, ਜਿਸ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਸਿਆਚਿਨ ਗਲੇਸ਼ੀਅਰ ‘ਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫ਼ਸਰ ਬਣੀ ਕੈਪਟਨ ਫਾਤਿਮਾ ਵਸੀਮ

0

ਸਿਆਚਿਨ ਗਲੇਸ਼ੀਅਰ ਵਿੱਚ ਫੌਜ ਦੀ ਆਪ੍ਰੇਸ਼ਨਲ ਪੋਸਟ ‘ਤੇ ਪਹਿਲੀ ਵਾਰ ਮਹਿਲਾ ਮੈਡੀਕਲ ਅਫਸਰ ਦੀ ਤਾਇਨਾਤੀ ਕੀਤੀ ਗਈ ਹੈ। ਕੈਪਟਨ ਫਾਤਿਮਾ ਵਸੀਮ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੀ ਪੋਸਟ 15 ਹਜ਼ਾਰ 200 ਫੁੱਟ ਦੀ ਉਚਾਈ ‘ਤੇ ਹੋਵੇਗੀ। ਸੋਸ਼ਲ ਮੀਡੀਆ ‘ਤੇ ਫੌਜ ਦੇ ਫਾਇਰ ਐਂਡ ਫਿਊਰੀ ਕੋਰ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਫਾਇਰ ਐਂਡ ਫਿਊਰੀ ਕੋਰ ਨੇ ਇੱਕ ਵੀਡੀਓ ਜਾਰੀ ਕੀਤੀ, ਜਿਸ ਵਿੱਚ ਸਿਆਚਿਨ ਬੈਟਲ ਸਕੂਲ ਵਿੱਚ ਫਾਤਿਮਾ ਟ੍ਰੇਨਿੰਗ ਲੈਂਦੀ ਦਿਖਾਈ ਦਿੱਤੀ।

ਫਾਇਰ ਐਂਡ ਫਿਊਰੀ ਕਾਰਪਸ ਨੂੰ ਅਧਿਕਾਰਿਕ ਤੌਰ ‘ਤੇ 14 ਵਾਂ ਕਾਰਪਸ ਕਿਹਾ ਜਾਂਦਾ ਹੈ। ਇਸਦਾ ਹੈੱਡਕੁਆਰਟਰ ਲੇਹ ਵਿੱਚ ਹੈ। ਇਸਦੀ ਤਾਇਨਾਤੀ ਚੀਨ-ਪਾਕਿਸਤਾਨ ਦੀਆਂ ਸਰਹੱਦਾਂ ‘ਤੇ ਹੁੰਦੀ ਹੈ। ਨਾਲ ਹੀ ਇਹ ਸਿਆਚਿਨ ਗਲੇਸ਼ੀਅਰ ਦੀ ਰਾਖੀ ਕਰਦੇ ਹਨ। ਇਸ ਤੋਂ ਪਹਿਲਾਂ 5 ਦਸੰਬਰ 2023 ਨੂੰ ਫੌਜ ਨੇ ਦੱਸਿਆ ਕਿ ਸਨੋਅ ਲੈਪਰਡ ਬ੍ਰਿਗੇਡ ਦੀ ਕੈਪਟਨ ਗੀਤਿਕਾ ਕੌਲ ਪਹਿਲੀ ਮੈਡੀਕਲ ਅਫਸਰ ਬਣੀ ਸੀ। ਉਨ੍ਹਾਂ ਨੂੰ ਸਿਆਚਿਨ ਦੀ ਬੈਟਲਫ਼ੀਡ ‘ਤੇ ਤਾਇਨਾਤ ਕੀਤਾ ਗਿਆ ਹੈ। ਜਿਸਦੀ ਉਚਾਈ 15,600 ਫੁੱਟ ਹੈ।

ਦੱਸ ਦੇਈਏ ਕਿ ਸਿਆਚਿਨ ਗਲੇਸ਼ੀਅਰ ਭਾਰਤ-ਪਾਕਿ ਬਾਰਡਰ ਨੇੜੇ ਕਰੀਬ 78 ਕਿਮੀ ਵਿਚ ਫੈਲਿਆ ਹੋਇਆ ਹੈ। ਇਸਦੇ ਇੱਕ ਪਾਸੇ ਪਾਕਿਸਤਾਨ, ਦੂਜੇ ਪਾਸੇ ਅਕਸਾਈ ਚੀਨ ਹੈ। 1972 ਦੇ ਸ਼ਿਮਲਾ ਸਮਝੌਤੇ ਵਿੱਚ ਸਿਆਚਿਨ ਨੂੰ ਬੇਜਾਨ ਤੇ ਬੰਜਰ ਦੱਸਿਆ ਗਿਆ ਸੀ। ਹਾਲਾਂਕਿ ਉਦੋਂ ਭਾਰਤ-ਚਾਂ ਦੇ ਵਿਚਾਲੇ ਇਸਦੀ ਸੀਮਾ ਦਾ ਨਿਰਧਾਰਣ ਨਹੀਂ ਹੋਇਆ ਸੀ।

ਨੌਜਵਾਨ ਨੇ ਆਪਣੇ ਅਗਵਾ ਹੋਣ ਦਾ ਰਚਿਆ ਡਰਾਮਾ, ਪੁਲਿਸ ਨੇ ਇੰਝ ਸੁਲਝਾਇਆ ਮਾਮਲਾ

0

ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੇ ਇਕ 20 ਸਾਲਾ ਨੌਜਵਾਨ ਨੂੰ ਆਪਣੇ ਪਿਤਾ ਤੋਂ ਪੈਸੇ ਵਸੂਲਣ ਲਈ ਆਪਣੇ ਹੀ ਅਗਵਾ ਦਾ ਨਾਟਕ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਵਾਲਿਵ ਪੁਲਿਸ ਨੂੰ ਵਸਈ ਦੇ ਫਾਦਰਵਾੜੀ ਇਲਾਕੇ ਦੇ ਇਕ ਨਿਵਾਸੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਬੇਟਾ 7 ਦਸੰਬਰ ਨੂੰ ਘਰੋਂ ਨਿਕਲਿਆ ਸੀ ਪਰ ਵਾਪਸ ਘਰ ਨਹੀਂ ਆਇਆ।

ਪੁਲਿਸ ਜਦੋਂ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਸ਼ਿਕਾਇਤਕਰਤਾ ਨੂੰ ਉਸ ਦੇ ਬੇਟੇ ਦਾ ਫ਼ੋਨ ਆਇਆ ਕਿ ਤਿੰਨ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ ਹੈ ਅਤੇ ਉਹ 30,000 ਰੁਪਏ ਦੀ ਫਿਰੌਤੀ ਮੰਗ ਕਰ ਰਹੇ ਹਨ ਅਤੇ ਫਿਰੌਤੀ ਨਾ ਮਿਲਣ ’ਤੇ ਉਹ ਉਸ ਨੂੰ ਮਾਰ ਦੇਣਗੇ।

ਇਸ ਤੋਂ ਬਾਅਦ ਵਸਈ, ਵਿਰਾਰ, ਨਾਲਾਸੋਪਾਰਾ ਅਤੇ ਹੋਰ ਥਾਵਾਂ ’ਤੇ ਨੌਜਵਾਨ ਦੀ ਤਲਾਸ਼ ਕੀਤੀ ਗਈ। ਕੁਝ ਸੁਰਾਗ ਮਿਲਣ ਤੋਂ ਬਾਅਦ ਨੌਜਵਾਨ ਦੇ ਵਸਈ ਫਾਟਾ ’ਚ ਹੋਣ ਦਾ ਸ਼ਨੀਵਾਰ ਨੂੰ ਪਤਾ ਲੱਗਾ। ਜਦੋਂ ਪੁਲਿਸ ਨੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਆਪਣੇ ਪਿਤਾ ਤੋਂ ਪੈਸੇ ਲੈਣਾ ਚਾਹੁੰਦਾ ਸੀ ਪਰ ਪਿਤਾ ਨੇ ਇਨਕਾਰ ਕਰ ਦਿੱਤਾ ਸੀ। ਇਸ ਲਈ ਉਸ ਨੇ ਆਪਣੇ ਪਿਤਾ ਤੋਂ ਪੈਸੇ ਵਸੂਲਣ ਲਈ ਆਪਣੇ ਅਗਵਾ ਦੀ ਕਹਾਣੀ ਬਣਾਈ।

ਹੁਣ ਆਸਟ੍ਰੇਲੀਆ ਜਾਣਾ ਹੋਇਆ ਔਖਾ, ਸਰਕਾਰ ਨੇ ਵੀਜ਼ਾ ਨਿਯਮ ਸਖਤ ਕਰਨ ਦਾ ਕੀਤਾ ਐਲਾਨ

0

ਵਿਦੇਸ਼ ਵਿੱਚ ਪੜ੍ਹਨ ਤੇ ਉੱਥੇ ਜਾ ਕੇ ਵਸਣ ਵਾਲੇ ਵਿਦਿਆਰਥੀਆਂ ਦੇ ਲਈ ਇੱਕ ਖਬਰ ਸਾਹਮਣੇ ਆਈ ਹੈ। ਇੱਕ ਪਾਸੇ ਜਿੱਥੇ ਕੈਨੇਡਾ ਨੇ GIC ਫੀਸ 10 ਹਜ਼ਾਰ ਤੋਂ ਵਧਾ ਕੇ 20,635 ਡਾਲਰ ਕਰ ਦਿੱਤੀ ਹੈ, ਹੁਣ ਉੱਥੇ ਹੀ ਹੁਣ ਆਸਟ੍ਰੇਲੀਆ ਨੇ ਵੀ ਸਟੂਡੈਂਟ ਵੀਜ਼ਾ ਨਿਯਮਾਂ ਵਿੱਚ ਸਖਤੀ ਦਾ ਆਦੇਸ਼ ਦਿੱਤਾ ਹੈ। ਦਰਅਸਲ, ਆਸਟ੍ਰੇਲੀਆ ਹੁਣ ਮਾਈਗ੍ਰੈਂਟ ਪਾਲਿਸੀ ਸਖਤ ਕਰਨ ਜਾ ਰਿਹਾ ਹੈ।

ਆਸਟ੍ਰੇਲੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਲੋਅ ਸਕਿਲਡ ਕਾਮਿਆਂ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰੇਗਾ। ਜਿਸ ਨਾਲ ਅਗਲੇ ਦੋ ਸਾਲਾਂ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਿੱਚ ਅੱਧੀ ਕਮੀ ਆ ਸਕਦੀ ਹੈ ਕਿਉਂਕਿ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸੁਧਾਰ ਕਰਨਾ ਚਾਹੁੰਦੀ ਹੈ।

ਨਵੀਆਂ ਨੀਤੀਆਂ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥਾਈਂ ਨੂੰ ਅੰਗਰੇਜ਼ੀ ਪ੍ਰੀਖਿਆਵਾਂ ਵਿੱਚ ਉੱਚ ਰੇਟਿੰਗ ਹਾਸਿਲ ਕਰਨ ਦੀ ਜ਼ਰੂਰਤ ਹੋਵੇਗੀ ਤੇ ਇੱਕ ਵਿਦਿਆਰਥੀ ਦੇ ਦੂਜੇ ਵੀਜ਼ਾ ਅਰਜ਼ੀ ‘ਤੇ ਜ਼ਿਆਦਾ ਜਾਂਚ ਹੋਵੇਗੀ, ਜਿਸ ਕਾਰਨ ਉਨ੍ਹਾਂ ਦਾ ਵੀਜ਼ਾ ਆਉਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ।

ਇਹ ਫੈਸਲਾ 2022-23 ਵਿੱਚ ਨੈੱਟ ਇਮੀਗ੍ਰੇਸ਼ਨ ਦੇ ਰਿਕਾਰਡ 510,000 ਤਕ ਪਹੁੰਚਣ ਦੀ ਉਮੀਦ ਤੋਂ ਬਾਅਦ ਆਇਆ ਹੈ। ਅਧਿਕਾਰਤ ਅੰਕੜਿਆਂ ਨੇ ਤੋਂ ਪਤਾ ਚੱਲਿਆ ਹੈ ਕਿ 2024-25 ਤੇ 2025-26 ਵਿੱਚ ਇਸ ਦੇ ਡਿੱਗ ਕੇ ਲਗਪਗ ਇੱਕ ਚੌਥਾਈ ਮਿਲੀਅਨ ਹੋਣ ਦਾ ਅਨੁਮਾਨ ਹੈ, ਜੋ ਮੋਟੇ ਤੌਰ ‘ਤੇ ਪ੍ਰੀ-ਕੋਵਿਡ ਲੈਵਲਜ਼ ਦਾ ਅਨੁਰੂਪ ਹੈ।

ਇਸ ਸਬੰਧੀ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓ’ਨੀਲ ਨੇ ਸੋਮਵਾਰ ਨੂੰ ਸਰਕਾਰ ਦੀ ਨਵੀਂ ਮਾਈਗ੍ਰੇਸ਼ਨ ਰਣਨੀਤੀ ਦੇ ਰਸਮੀ ਰਿਲੀਜ਼ ਤੋਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਪ੍ਰਣਾਲੀ ‘ਚ ਸਭ ਤੋਂ ਵਧੀਆ ਸੰਤੁਲਨ ਬਣਾਉਣ ਲਈ ਚੌਵੀ ਘੰਟੇ ਕੰਮ ਕੀਤਾ ਹੈ।

ਦੱਸ ਦੇਈਏ ਕਿ ਆਸਟ੍ਰੇਲੀਆ ਨੇ ਪਿਛਲੇ ਸਾਲ ਆਪਣੀ ਸਾਲਾਨਾ ਪਰਵਾਸ ਗਿਣਤੀ ਨੂੰ ਵਧਾਇਆ ਤਾਂ ਜੋ ਪ੍ਰਮੁੱਖ ਕਾਰੋਬਾਰਾਂ ਨੂੰ ਮੁਲਾਜ਼ਮਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਭਰਤੀ ਕਰਨ ਵਿੱਚ ਮਦਦ ਮਿਲ ਸਕੇ, ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਸੀਮਾ ‘ਤੇ ਸਖਤ ਕੰਟਰੋਲ ਹੋਇਆ ਤੇ ਲਗਵੱਗ ਦੋ ਸਾਲਾਂ ਤੱਕ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਦੇਸ਼ ਤੋਂ ਬਾਹਰ ਰੱਖਿਆ ਗਿਆ।

ਮੁਹਾਲੀ ‘ਚ ਬੱਸ ਨੇ ਰੇਹੜੀ ਨੂੰ ਮਾਰੀ ਟੱਕਰ, 3 ਨੌਜਵਾਨਾਂ ਦੀ ਹੋਈ ਮੌ.ਤ

0

ਮੁਹਾਲੀ: ਲਾਲੜੂ ਦੇ ਪਿੰਡ ਹੰਡੇਸਰਾ ਦੇ ਰਹਿਣ ਵਾਲੇ 3 ਨੌਜਵਾਨਾਂ ਦੀ ਨਿੱਜੀ ਬੱਸ ਦੀ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ। ਫਿਲਹਾਲ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮੋਰਚਰੀ ‘ਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਰੇਹਨ, ਗਗਨਦੀਪ ਅਤੇ ਸਲਮਾਨ ਵਾਸੀ ਪਿੰਡ ਸਤਾਰਪੁਰ, ਲਾਲੜੂ ਵਜੋਂ ਹੋਈ ਹੈ। ਤਿੰਨਾਂ ਮ੍ਰਿਤਕਾਂ ਦੀ ਉਮਰ 20 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਐਤਵਾਰ ਦੁਪਹਿਰ ਕਰੀਬ ਸਵਾ 2 ਵਜੇ ਹਰਿਆਣਾ ਦੀ ਇਕ ਨਿੱਜੀ ਬੱਸ ਅੰਬਾਲਾ ਤੋਂ ਨਾਰਾਇਣਗੜ੍ਹ ਜਾ ਰਹੀ ਸੀ। ਇਸ ਬੱਸ ਨੇ ਰਾਹ ‘ਚ ਜੁਗਾੜੂ ਰੇਹੜੀ ‘ਤੇ ਸਬਜ਼ੀ ਲਾ ਕੇ ਬੈਠੇ 3 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ।

ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਚਾਲਕ ਨੇ ਰੇਹੜੀ ਸਵਾਰ ਤਿੰਨ ਨੌਜਵਾਨਾਂ ‘ਤੇ ਬੱਸ ਚੜ੍ਹਾ ਦਿੱਤੀ। ਜਿਸ ‘ਚ ਰੇਹਾਨ ਅਤੇ ਸਲਮਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਗਗਨਦੀਪ ਨੂੰ ਇਲਾਜ ਲਈ ਅੰਬਾਲਾ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ।

ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ। ਜਤਿੰਦਰ ਸਿੰਘ ਘਟਨਾ ਵਾਲੀ ਥਾਂ ‘ਤੇ ਪੁੱਜੇ ਅਤੇ ਲਾਸ਼ਾਂ ਨੂੰ ਤੁਰੰਤ ਡੇਰਾਬੱਸੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਫਿਲਹਾਲ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਐੱਸ. ਐੱਚ. ਓ. ਗੁਰਬੀਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

ਪਟਿਆਲਾ ‘ਚ ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਚੱਲਦਾ ਸ਼ੋਅ ਕਰਵਾਇਆ ਗਿਆ ਬੰਦ

0

ਸੂਫ਼ੀ ਗਾਇਕ ਸਤਿੰਦਰ ਸਰਤਾਜ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਉਨ੍ਹਾਂ ਦੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸਤਿੰਦਰ ਸਰਤਾਜ ਦਾ ਪਟਿਆਲਾ ‘ਚ ‘ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ’ ‘ਚ ਲਾਈਵ ਸ਼ੋਅ ਚੱਲ ਰਿਹਾ ਸੀ, ਜਿਸ ਨੂੰ ਦੇਰ ਰਾਤ ਪੁਲਸ ਨੇ ਬੰਦ ਕਰਵਾ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਸ਼ੋਅ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸੀ ਪਰ ਇਹ ਸ਼ੋਅ 10.30 ਵਜੇ ਤਕ ਚੱਲਦਾ ਰਿਹਾ। ਇਸੇ ਦੌਰਾਨ ਪੁਲਸ ਮੁਲਾਜ਼ਮ ਸਟੇਜ ’ਤੇ ਆ ਗਏ ਤੇ ਉਨ੍ਹਾਂ ਨੇ ਸਤਿੰਦਰ ਨੂੰ ਸ਼ੋਅ ਬੰਦ ਕਰਨ ਲਈ ਕਿਹਾ। ਪੁਲਸ ਵੱਲੋਂ ਸ਼ੋਅ ਬੰਦ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਨੇ ਦੁਬਈ ਦੇ ਸੇਖ ਮੰਤਰੀ ਸੁਹੇਲ ਮੋਹੰਮਦ ਅਲ ਜ਼ਰੂਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੂੰ ਇੱਕ-ਦੂਜੇ ਨਾਲ ਗੱਲਬਾਤ ਕਰਦੇ ਦੇਖਿਆ ਗਿਆ ਸੀ। ਇਸ ਦੌਰਾਨ ਸਤਿੰਦਰ ਸਰਤਾਜ ਨੂੰ ਖ਼ਾਸ ਸਨਮਾਨ ਵੀ ਮਿਲਿਆ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕਰਦਿਆਂ ਦਿੱਤੀ ਸੀ।

ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਤਿੰਦਰ ਸਰਤਾਜ ਸੰਗੀਤ ਜਗਤ ਦੇ ਟੌਪ ਕਲਾਕਾਰਾਂ ‘ਚ ਗਿਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਮਿਊਜ਼ਿਕ ਇੰਡਸਟਰੀ ਨੂੰ ਅਨੇਕਾਂ ਸੁਪਰਹਿੱਟ ਗੀਤ ਤੇ ਐਲਬਮਾਂ ਦਿੱਤੀਆਂ ਹਨ।

ਬਰਨਾਲਾ ਗੋਬਰ ਗੈਸ ਪਲਾਂਟ ‘ਚ ਗੈਸ ਚੜ੍ਹਨ ਨਾਲ 2 ਇੰਜੀਨੀਅਰਾਂ ਦੀ ਹੋਈ ਮੌਤ

0

ਤਪਾ-ਤਾਜੋਕੇ ਰੋਡ ’ਤੇ ਨਿਰਮਾਣ ਅਧੀਨ ਗੋਬਰ ਗੈਸ ਪਲਾਂਟ ’ਚ ਕੰਮ ਕਰਦੇ ਇੰਜੀਨੀਅਰ ਤੇ ਉਸ ਦੇ ਸਾਥੀ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਤਰਸੇਮ ਚੰਦ ਵਾਸੀ ਤਪਾ ਵੱਲੋਂ ਗੋਬਰ ਗੈਸ ਪਲਾਂਟ ਦਾ ਨਿਰਮਾਣ ਅਧੀਨ ਗੋਬਰ ਗੈਸ ਪਲਾਂਟ ਦਾ ਕੰਮ ਚੱਲ ਰਿਹਾ ਸੀ ਤਾਂ ਦੁਪਹਿਰ 12.30 ਵਜੇ ਦੇ ਕਰੀਬ ਇੰਜੀਨੀਅਰ ਅਨਿਲ ਕੁਮਾਰ (42) ਪੁੱਤਰ ਓਮ ਸਿੰਘ ਅਤੇ ਉਸ ਦਾ ਸਾਥੀ ਮੋਹਿਤ ਕੁਮਾਰ ਵਾਸੀ ਨਾਰਸ਼ਨ ਕਲਾਂ (ਹਰਿਦੁਆਰ) ਪਲਾਂਟ ’ਚ ਬਣੇ ਡੱਗ, ਜੋ ਲਗਭਗ 10 ਫੁੱਟ ਡੂੰਘਾ ਸੀ, ’ਚ ਪੌੜ੍ਹੀ ਲਾ ਕੇ ਪਾਈਪ ਕੱਟ ਰਿਹਾ ਸੀ। ਅਚਾਨਕ ਪੌੜ੍ਹੀ ਸਲਿੱਪ ਹੋਣ ਕਾਰਨ ਪੌੜ੍ਹੀ ਸਣੇ ਡੱਗ ’ਚ ਡਿੱਗ ਪਿਆ ਤਾਂ ਉਪਰ ਖੜ੍ਹਾ ਉਸ ਦਾ ਦੂਜਾ ਸਾਥੀ ਜਦੋਂ ਉਸ ਦੇ ਬਚਾਅ ਲਈ ਹੇਠਾਂ ਉਤਰਿਆ ਤਾਂ ਦੋਵਾਂ ਦੀ ਗੈਸ ਚੜ੍ਹ ਕੇ ਦਮ ਘੁੱਟਣ ਕਾਰਨ ਮੌਤ ਹੋ ਗਈ।

ਜਦੋਂ ਪਲਾਂਟ ਦੇ ਮਾਲਕ ਅਤੇ ਹੋਰ ਕੰਮ ਕਰਦੇ ਮਜ਼ਦੂਰਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਅਤੇ ਨਜ਼ਦੀਕੀ ਲੋਕਾਂ ਨੂੰ ਬੁਲਾਇਆ ਤਾਂ ਉਸ ਸਮੇਂ ਤੱਕ ਦੋਵਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਚੁੱਕੀ ਸੀ। ਮਾਲਕ ਅਤੇ ਨਜ਼ਦੀਕੀ ਲੋਕਾਂ ਨੇ ਡੱਗ ’ਚ ਡਿੱਗੇ ਇੰਜੀਨੀਅਰ ਅਤੇ ਉਸ ਦੇ ਸਾਥੀ ਨੂੰ ਬਾਹਰ ਕੱਢ ਕੇ ਤਪਾ ਪੁਲਸ ਨੂੰ ਸੂਚਨਾ ਦਿੱਤੀ ਤਾਂ ਸਬ-ਇੰਸਪੈਕਟਰ ਸੱਤ ਪਾਲ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਮੌਰਚਰੀ ਰੂਮ ਬਰਨਾਲਾ ’ਚ ਰੱਖਵਾ ਦਿੱਤਾ। ਮ੍ਰਿਤਕਾਂ ਦੇ ਵਾਰਿਸਾਂ ਦੇ ਆਉਣ ਤੋਂ ਬਾਅਦ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਧਾਰਾ 370 ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ PM ਮੋਦੀ ਨੇ ਦੱਸਿਆ ਇਤਿਹਾਸਕ

0

PM ਮੋਦੀ ਨੇ ਸੰਵਿਧਾਨ ਦੀ ਧਾਰਾ 370 ਦੇ ਪ੍ਰਬੰਧਾਂ ਨੂੰ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਇਤਿਹਾਸਕ ਦੱਸਿਆ ਹੈ। ਉਨ੍ਹਾਂ ਨੇ ਐਕਸ ‘ਤੇ ਪੋਸਟ ਕਰਦੇ ਹੋਏ ਕਿਹਾ,”ਧਾਰਾ 370 ਨੂੰ ਰੱਦ ਕਰਨ ‘ਤੇ ਅੱਜ ਦਾ ਸੁਪਰੀਮ ਕੋਰਟ ਦਾ ਫ਼ੈਸਲਾ ਇਤਿਹਾਸਕ ਹੈ ਅਤੇ 5 ਅਗਸਤ 2019 ਨੂੰ ਭਾਰਤ ਦੀ ਸੰਸਦ ਵਲੋਂ ਲਏ ਗਏ ਫ਼ੈਸਲੇ ਨੂੰ ਸੰਵਿਧਾਨਕ ਰੂਪ ਨਾਲ ਬਰਕਰਾਰ ਰੱਖਦਾ ਹੈ।

ਇਹ ਜੰਮੂ ਕਸ਼ਮੀਰ ਅਤੇ ਲੱਦਾਖ ‘ਚ ਸਾਡੀਆਂ ਭੈਣਾਂ ਅਤੇ ਭਰਾਵਾਂ ਲਈ ਆਸ, ਤਰੱਕੀ ਅਤੇ ਏਕਤਾ ਦਾ ਇਕ ਸ਼ਾਨਦਾਰ ਐਲਾਨ ਹੈ। ਅਦਾਲਤ ਨੇ, ਆਪਣੇ ਡੂੰਘੇ ਗਿਆਨ ਨਾਲ, ਏਕਤਾ ਦੇ ਮੂਲ ਸਾਰ ਨੂੰ ਮਜ਼ਬੂਤ ਕੀਤਾ ਹੈ, ਜਿਸ ਨੂੰ ਅਸੀਂ ਭਾਰਤੀ ਹੋਣ ਦੇ ਨਾਤੇ, ਬਾਕੀ ਸਭ ਤੋਂ ਉੱਪਰ ਪ੍ਰਿਯ ਮੰਨਦੇ ਹਾਂ।” ਇਸ ਦੇ ਨਾਲ ਹੀ ਉਨ੍ਹਾਂ ਕਿਹਾ,”ਮੈਂ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸਾਡੀ ਵਚਨਬੱਧਤਾ ਅਟੁੱਟ ਹੈ।

ਅਸੀਂ ਇਹ ਯਕੀਨੀ ਕਰਨ ਲਈ ਵਚਨਬੱਧ ਹਾਂ ਕਿ ਤਰੱਕੀ ਦਾ ਲਾਭ ਨਾ ਸਿਰਫ਼ ਤੁਹਾਡੇ ਤੱਕ ਪਹੁੰਚੇ ਸਗੋਂ ਇਸ ਦਾ ਲਾਭ ਸਾਡੇ ਸਮਾਜ ਦੇ ਸਭ ਤੋਂ ਕਮਜ਼ੋਰ ਅਤੇ ਹਾਸ਼ੀਏ ‘ਤੇ ਰਹਿਣ ਵਾਲੇ ਵਰਗਾਂ ਤੱਕ ਵੀ ਪਹੁੰਚੇ, ਜੋ ਧਾਰਾ 370 ਕਾਰਨ ਪੀੜਤ ਸਨ। ਅੱਜ ਦਾ ਫ਼ੈਸਲਾ ਸਿਰਫ਼ ਕਾਨੂੰਨੀ ਫ਼ੈਸਲਾ ਨਹੀਂ ਹੈ, ਇਹ ਆਸ ਦੀ ਕਿਰਨ ਹੈ, ਉੱਜਵਲ ਭਵਿੱਖ ਦਾ ਵਾਅਦਾ ਹੈ ਅਤੇ ਇਕ ਮਜ਼ਬੂਤ, ਵੱਧ ਇਕਜੁਟ ਭਾਰਤ ਦੇ ਨਿਰਮਾਣ ਦੇ ਸਾਡੇ ਸਮੂਹਿਕ ਸੰਕਲਪ ਦਾ ਪ੍ਰਮਾਣ ਹੈ।

ਪੰਜਾਬ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਿਆ ਅਹਿਮ ਫ਼ੈਸਲਾ

0

ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਨੇ ਸੂਬੇ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ ਹੈ। ਖੇਡ ਵਿਭਾਗ ਨੇ ਵੱਡੇ ਖੇਡ ਇਲਾਕਿਆਂ ‘ਚ ਆਪਣੀ ਤਾਕਤ ਦਿਖਾਉਣ ਲਈ ਛੋਟੀ ਉਮਰ ਤੋਂ ਹੀ ਖਿਡਾਰੀਆਂ ਨੂੰ ਤਿਆਰ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ‘ਚ ਇਕ ਹਜ਼ਾਰ ਖੇਡ ਨਰਸਰੀਆਂ ਖੋਲ੍ਹੀਆਂ ਜਾਣਗੀਆਂ।

ਪਹਿਲੇ ਪੜਾਅ ‘ਚ ਪੰਜਾਬ ‘ਚ 250 ਖੇਡ ਨਰਸਰੀਆਂ ਖੋਲ੍ਹੀਆਂ ਜਾਣਗੀਆਂ, ਜਿਨ੍ਹਾਂ ਵਿਚੋਂ 205 ਨਰਸਰੀਆਂ ਪੇਂਡੂ ਪੱਧਰ ’ਤੇ ਬਣਾਈਆਂ ਜਾਣਗੀਆਂ ਜਦਕਿ 45 ਸ਼ਹਿਰੀ ਇਲਾਕਿਆਂ ‘ਚ ਹੋਣਗੀਆਂ। ਨਰਸਰੀਆਂ ਦਾ ਪਹਿਲਾ ਪੜਾਅ ਸ਼ੁਰੂ ਕਰਨ ਤੋਂ ਪਹਿਲਾਂ ਵਿਭਾਗ ਨੇ ਪਾਇਲਟ ਫੇਜ਼ ‘ਚ 12 ਖੇਡ ਨਰਸਰੀਆਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।

ਖੇਡ ਵਿਭਾਗ ਦੇ ਅਧਿਕਾਰੀ ਅਨੁਸਾਰ ਪਾਇਲਟ ਫੇਜ਼ ‘ਚ ਇਨ੍ਹਾਂ ਦੀ ਸ਼ੁਰੂਆਤ ਮੋਹਾਲੀ, ਸੰਗਰੂਰ, ਬਠਿੰਡਾ, ਬਰਨਾਲਾ, ਮੁਕਤਸਰ, ਫਰੀਦਕੋਟ, ਤਰਨਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਜਲੰਧਰ ‘ਚ ਕੀਤੀ ਜਾਵੇਗੀ। ਖੇਡ ਨਰਸਰੀ ਕਿਹੜੀ ਖੇਡ ਦੀ ਹੋਵੇਗੀ, ਇਹ ਸਬੰਧਿਤ ਜ਼ਿਲ੍ਹੇ ‘ਚ ਖੇਡੀਆਂ ਜਾਣ ਵਾਲੀਆਂ ਖੇਡਾਂ ਅਤੇ ਲੋਕਾਂ ਦੀ ਪਸੰਦ ਨੂੰ ਧਿਆਨ ‘ਚ ਰੱਖਦਿਆਂ ਤੈਅ ਕੀਤਾ ਜਾਵੇਗਾ। ਖੇਡ ਦੇ ਮੈਦਾਨ, ਟਰੈਕ, ਖੇਡ ਸਾਜ਼ੋ-ਸਾਮਾਨ, ਖ਼ੁਰਾਕ, ਸਿਖਲਾਈ, ਕੋਚ ਅਤੇ ਨਰਸਰੀ ਸੁਪਰੀਡੈਂਟ ਦੀ ਨਿਯੁਕਤੀ ਦਾ ਖ਼ਰਚਾ 60 ਲੱਖ ਤੋਂ 80 ਲੱਖ ਰੁਪਏ ਤੱਕ ਹੋਵੇਗਾ। ਇਕ ਹਜ਼ਾਰ ਸਪੋਰਟਸ ਨਰਸਰੀਆਂ ’ਤੇ 52 ਕਰੋੜ ਰੁਪਏ ਦਾ ਬਜਟ ਖ਼ਰਚ ਹੋਣ ਦੀ ਉਮੀਦ ਹੈ।

ਪੰਜਾਬ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਇਹ ਹੈ ਕਿ ਪੰਜਾਬ ਦੇ ਬੱਚੇ ਫਿੱਟ ਰਹਿਣ। ਖੇਡਾਂ ਰਾਹੀਂ ਹੀ ਬੱਚਿਆਂ ਦੀ ਫਿਟਨੈੱਸ ਬਰਕਰਾਰ ਰੱਖੀ ਜਾ ਸਕਦੀ ਹੈ।

ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਸੇ ਥਾਂ ’ਤੇ ਸਪੋਰਟਸ ਨਰਸਰੀ ਖੋਲ੍ਹੀ ਜਾਵੇਗੀ, ਜਿੱਥੇ ਸਰਕਾਰ ਨੂੰ ਨਰਸਰੀ ਸ਼ੁਰੂ ਕਰਨ ਲਈ 4 ਏਕੜ ਤੋਂ ਵੱਧ ਜ਼ਮੀਨ ਮਿਲੇਗੀ। ਉਸ ਪਿੰਡ ਜਾਂ ਇਲਾਕੇ ਨਾਲ ਸਬੰਧਿਤ ਖੇਡਾਂ ਨੂੰ ਧਿਆਨ ‘ਚ ਰੱਖਦਿਆਂ ਸਬੰਧਤ ਜ਼ਿਲ੍ਹੇ ਦੀ ਪੰਚਾਇਤ ਤੋਂ ਜ਼ਮੀਨ ਲੈ ਕੇ ਖੇਡ ਨਰਸਰੀ ਖੋਲ੍ਹੀ ਜਾਵੇਗੀ।

ਜਲੰਧਰ ‘ਚ ਕਰਿਆਨੇ ਦੀ ਦੁਕਾਨ ‘ਤੇ ਬੰਦੂਕ ਦੀ ਨੋਕ ‘ਤੇ ਹੋਈ ਲੁੱਟ

0

ਜਲੰਧਰ ਦੇ ਮਥੁਰਾ ਨਗਰ ‘ਚ ਇਕ ਕਰਿਆਨੇ ਦੀ ਦੁਕਾਨ ਤੇ ਬੰਦੂਕ ਦੀ ਨੋਕ ‘ਤੇ ਲੁੱਟ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮੁਲਜ਼ਮਾਂ ਨੇ ਇੱਕ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਅਤੇ ਰਿਵਾਲਵਰ ਦਿਖਾ ਕੇ 30 ਹਜ਼ਾਰ ਰੁਪਏ ਦੀ ਨਕਦੀ ਅਤੇ 5 ਹਜ਼ਾਰ ਰੁਪਏ ਤੋਂ ਵੱਧ ਦਾ ਸਾਮਾਨ ਲੁੱਟ ਲਿਆ ਅਤੇ ਫ਼ਰਾਰ ਹੋ ਗਏ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਘਟਨਾ ਦੀ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਨਹੀਂ ਆਈ ਹੈ।

ਬੌਬੀ ਵਰਮਾ ਨੇ ਦੱਸਿਆ ਕਿ ਉਸਦੇ ਚਾਚਾ ਵਿਨੋਦ ਸ਼ਰਮਾ ਦੀ ਮਥੁਰਾ ਨਗਰ ਵਿੱਚ ਕਰਿਆਨੇ ਦੀ ਦੁਕਾਨ ਹੈ। ਸੋਮਵਾਰ ਨੂੰ ਸਵੇਰੇ ਸਾਢੇ ਸੱਤ ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ‘ਤੇ ਬੈਠੇ ਸੀ। ਇਸ ਦੌਰਾਨ ਦੋ ਲੁਟੇਰੇ ਬਾਈਕ ‘ਤੇ ਸਵਾਰ ਹੋ ਕੇ ਆਏ ਅਤੇ ਆਉਂਦਿਆਂ ਹੀ ਮੁਲਜ਼ਮਾਂ ਨੇ ਪੀੜਤ ਦੀ ਛਾਤੀ ‘ਤੇ ਲੱਤ ਮਾਰ ਦਿੱਤੀ। ਇੱਕ ਲੁਟੇਰੇ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਅਤੇ ਦੂਜੇ ਦੇ ਹੱਥ ਵਿੱਚ ਰਿਵਾਲਵਰ ਫੜਿਆ ਹੋਇਆ ਸੀ।

ਪੀੜਤ ਵਿਨੋਦ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਜੇਬ ਵਿੱਚੋਂ ਕਰੀਬ 19,500 ਰੁਪਏ, ਬੈਗ ਵਿੱਚ ਪਏ 10,000 ਰੁਪਏ ਅਤੇ ਦੁਕਾਨ ਅੰਦਰੋਂ ਕਈ ਸਾਮਾਨ ਚੋਰੀ ਕਰ ਲਿਆ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਇਸ ਘਟਨਾ ਵਿੱਚ ਉਸ ਦਾ ਕਰੀਬ 35 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਤੋਂ ਬਾਅਦ ਦੋਸ਼ੀ ਸੋਢਲ ਨਗਰ ਵੱਲ ਭੱਜ ਗਿਆ।

ਪੀੜਤ ਨੇ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਮਾਮਲੇ ਦੀ ਸੂਚਨਾ ਦਿੱਤੀ। ਕਰੀਬ 3 ਘੰਟੇ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਜਾਂਚ ਲਈ ਮੌਕੇ ’ਤੇ ਪੁੱਜੀ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।