Home Blog Page 1707

ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦਾ ਪੁਲਿਸ ਸਬ-ਇੰਸਪੈਕਟਰ ਕੀਤਾ ਕਾਬੂ

0

ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੀ.ਆਈ.ਏ. ਬਰਨਾਲਾ ਵਿਖੇ ਤਾਇਨਾਤ ਪੁਲਿਸ ਸਬ-ਇੰਸਪੈਕਟਰ ਮਨਜਿੰਦਰ ਸਿੰਘ ਨੂੰ 15000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਬਰਨਾਲਾ ਸ਼ਹਿਰ ਦੇ ਕਾਰ ਡੀਲਰ ਸਿਮਰਦੀਪ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਜਾਣਕਾਰੀ ਦਿੱਤੀ ਕਿ ਮੋਗਾ ਸ਼ਹਿਰ ਦੇ ਧਰਮਪਾਲ ਨਾਲ ਸਕਾਰਪੀਓ ਗੱਡੀ ਵੇਚਣ ਨੂੰ ਲੈ ਕੇ ਉਸਦਾ ਵਿੱਤੀ ਝਗੜਾ ਚੱਲ ਰਿਹਾ ਹੈ ਅਤੇ ਐਸ.ਆਈ. ਮਨਜਿੰਦਰ ਸਿੰਘ ਦੂਜੀ ਧਿਰ ਨਾਲ ਸਮਝੌਤਾ ਕਰਨ ਲਈ ਉਸ ‘ਤੇ ਦਬਾਅ ਪਾ ਰਿਹਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਮਝੌਤਾ ਨਾ ਕਰਨ ਦੀ ਸੂਰਤ ਵਿੱਚ ਉਸ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੀ ਡਰਾਵਾ ਦੇ ਕੇ ਉਕਤ ਪੁਲਿਸ ਮੁਲਾਜ਼ਮ ਉਸ ਪਾਸੋਂ 15,000 ਰੁਪਏ ਰਿਸ਼ਵਤ ਵਜੋਂ ਮੰਗ ਰਿਹਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਪਟਿਆਲਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਦੋਸ਼ੀ ਪੁਲਿਸ ਮੁਲਾਜ਼ਮ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਫਿਰੋਜ਼ਪੁਰ ਜੇਲ੍ਹ ’ਚ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀਆਂ ਤੋਂ ਦੋ ਹੋਰ ਮੋਬਾਈਲ ਹੋਏ ਬਰਾਮਦ

0

ਜੇਲ੍ਹਾਂ ‘ਚੋਂ ਕੈਦੀਆਂ ਕੋਲੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਅਤੇ ਨਿਰਮਲਜੀਤ ਸਿੰਘ ਦੀ ਅਗਵਾਈ ਵਿਚ ਚਲਾਏ ਗਏ ਸਰਚ ਅਭਿਆਨ ਦੌਰਾਨ ਹਵਾਲਾਤੀਆਂ ਤੋਂ ਸਿਮ ਕਾਰਡ ਦੇ ਨਾਲ 2 ਹੋਰ ਮੋਬਾਈਲ ਫੋਨ ਬਰਾਮਦ ਹੋਏ ਹਨ। ਇਸ ਹਵਾਲਾਤੀ ਬਲਜਿੰਦਰ ਸਿੰਘ ਅਤੇ ਰਾਜਦੀਪ ਸਿੰਘ ਉਰਫ਼ ਰਾਜੂ ਦੇ ਖਿਲਾਫ਼ ਮਾਮਲੇ ਦਰਜ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਸ ਨੂੰ ਭੇਜੀ ਗਈ ਲਿਖਤੀ ਸੂਚਨਾ ਵਿਚ ਦੱਸਿਆ ਗਿਆ ਹੈ ਕਿ ਜਦੋਂ ਉਨ੍ਹਾਂ ਨੇ ਜੇਲ੍ਹ ਦੇ ਬਲਾਕ ਨੰਬਰ 2 ਦੀ ਬੈਰਕ ਨੰਬਰ 2 ਦੀ ਅਚਾਨਕ ਤਲਾਸ਼ੀ ਲਈ ਤਾਂ ਹਵਾਲਾਤੀ ਬਲਜਿੰਦਰ ਸਿੰਘ ਕੋਲੋਂ ਓਪੋ ਕੰਪਨੀ ਦਾ ਇਕ ਟੱਚ ਸਕਰੀਨ ਮੋਬਾਈਲ ਫੋਨ ਸਮੇਤ ਸਿਮ ਕਾਰਡ ਬਰਾਮਦ ਹੋਇਆ।

ਪੁਰਾਣੀ ਬੈਰਕ ਨੰਬਰ ਇਕ ਦੀ ਤਲਾਸ਼ੀ ਲੈਣ ’ਤੇ ਰਾਜਦੀਪ ਸਿੰਘ ਉਰਫ਼ ਰਾਜੂ ਵੱਲੋਂ ਬੈਰਕ ਨੰਬਰ 10 ਨੇੜੇ ਭੱਠੀਆਂ ਦੇ ਕੋਲ ਟੋਆ ਪੁੱਟ ਕੇ ਦੱਬਿਆ ਇੱਕ ਸੈਮਸੰਗ ਕੀਪੈਡ ਮੋਬਾਈਲ ਫ਼ੋਨ ਸਮੇਤ ਸਿਮ ਕਾਰਡ ਬਰਾਮਦ ਹੋਇਆ। ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਬਰਖ਼ਾਸਤ ਪੁਲਿਸ ਅਫਸਰ ਰਾਜਜੀਤ ਸਿੰਘ ਖ਼ਿਲਾਫ਼ ਮੁੜ ਜਾਰੀ ਹੋਇਆ ਲੁੱਕ ਆਊਟ ਨੋਟਿਸ

0

ਬਰਖ਼ਾਸਤ ਪੁਲਿਸ ਅਫਸਰ ਰਾਜਜੀਤ ਸਿੰਘ ਨਾਲ ਜੁੜੀ ਖ਼ਬਰ ਸਾਹਮਣੇ ਆਈ ਹੈ। ਡਰੱਗਜ਼ ਕੇਸ ’ਚ ਬਰਖ਼ਾਸਤ ਪੁਲਿਸ ਅਫਸਰ ਰਾਜਜੀਤ ਸਿੰਘ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਹੈ। ਜਿਸ ਦੇ ਚੱਲਦੇ ਇਕ ਵਾਰ ਫਿਰ ਉਸ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਰਾਜਜੀਤ ਸਿੰਘ ਅਕਤੂਬਰ 2023 ਤੋਂ ਫਰਾਰ ਹੈ। ਰਾਜਜੀਤ ਦੇ ਵਿਦੇਸ਼ ਭੱਜਣ ਦੀ ਇਨਪੁਟ ਪੰਜਾਬ ਇੰਟੈਲੀਜੈਂਸ ਨੇ ਦਿੱਤੀ ਹੈ।

ਹੁਣ ਪੰਜਾਬ ਪੁਲਸ ਨੇ ਇਸ ਲਈ ਐੱਨ. ਆਈ. ਏ. ਦਾ ਸਹਿਯੋਗ ਮੰਗਿਆ ਹੈ। ਉਥੇ ਹੀ ਇੰਟੈਲੀਜੈਂਸ ਨੇ ਇਨਪੁਟ ਨੂੰ ਪੁਖਤਾ ਕਰਨ ਲਈ ਪੰਜਾਬ ਪੁਲਸ ਨੇ ਰਾਜਜੀਤ ਦੇ ਖ਼ਿਲਾਫ ਫਿਰ ਤੋਂ ਦੇਸ਼ ਭਰ ਵਿਚ ਇੰਟਰਨੈਸ਼ਨਲ ਏਅਰਪੋਰਟ ’ਚ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਏਅਰਪੋਰਟਾਂ ’ਤੇ ਰਾਜਜੀਤ ਦੇ ਜਾਂਚ ਕੀਤੀ ਜਾਵੇਗੀ ਕਿ ਉਹ ਕਿਸ ਦੇਸ਼ ਵਿਚ ਗਿਆ ਹੈ। ਡਰੱਗ ਤੇ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਵੀ ਰਾਜਜੀਤ ਦੇ ਵਿਦੇਸ਼ ਭੱਜਣ ਦੇ ਸੰਕੇਤ ਦਿੱਤੇ ਹਨ।

ਸਭ ਤੋਂ ਪਹਿਲਾਂ ਪੰਜਾਬ ਪੁਲਸ ਦੀ ਟੀਮ ਨੇਪਾਲ, ਮਹਾਰਾਸ਼ਟਰ ਸਮੇਤ ਹੋਰ ਏਅਰਪੋਰਟਾਂ ਤੋਂ ਜਾਣਕਾਰੀ ਲੈ ਰਹੀ ਹੈ। ਉਸ ਦੇ ਨੇਪਾਲ ਤੋਂ ਹੁੰਦੇ ਹੋਏ ਵਿਦੇਸ਼ ਭੱਜਣ ਦੇ ਇਨਪੁਟ ਮਿਲੇ ਹਨ। ਰਾਜਜੀਤ ਦੇ ਵਿਦੇਸ਼ਾਂ ਵਿਚ ਰਹਿ ਰਹੇ ਕਰੀਬੀ ਵੀ ਰਡਾਰ ’ਤੇ ਹਨ। ਜਾਂਚ ਏਜੰਸੀਆਂ ਨੇ ਇਨ੍ਹਾਂ ਦੀ ਡਿਟੇਲ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਡਰੱਗ ਤਸਕਰੀ ਦੇ ਇਸ ਮਾਮਲੇ ਵਿਚ ਮੁਲਜ਼ਮ ਰਾਜਜੀਤ 20 ਅਕਤੂਬਰ 2023 ਤੋਂ ਫਰਾਰ ਚੱਲ ਰਿਹਾ ਹੈ।

ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਰਾਜਜੀਤ ਦੀ ਪ੍ਰਾਪਰਟੀ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਟੀ. ਐੱਫ. ਨੇ ਵਿੱਤ ਮੰਤਰਾਲੇ ਨੂੰ ਪੱਤਰ ਭੇਜਿਆ ਹੈ। ਇਸ ਵਿਚ ਮੁਲਜ਼ਮ ਦੀ ਪ੍ਰਾਪਰਟੀ ਅਟੈਚ ਕਰਨ ਦਾ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।

ਇਸ ’ਤੇ ਕੇਂਦਰ ਸਰਕਾਰ ਦੀ ਸੰਬੰਧਤ ਏਜੰਸੀ ਦੀ ਕਮੇਟੀ ਨੂੰ ਰਾਜਜੀਤ, ਉਸ ਦੀ ਪਤਨੀ, ਬੇਟੀ ਨੂੰ 9 ਫਰਵਰੀ ਤਕ ਦਿੱਲੀ ਵਿਚ ਅਥਾਰਿਟੀ ਦੇ ਸਾਹਮਣੇ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜੇ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਰਾਜਜੀਤ ਦੀ ਪ੍ਰਾਪਟੀ ਅਟੈਚ ਕੀਤੀ ਜਾਵੇਗੀ। ਇਸ ਲਈ ਰਾਜਜੀਤ ਦੀ ਪੰਜਾਬ ਵਿਚ ਨੌ ਪ੍ਰਾਪਰਟੀਆਂ ਦੀ ਪਛਾਣ ਕੀਤੀ ਗਈ ਹੈ।

ਸੂਤਰਾਂ ਮੁਤਾਬਕ ਰਾਜਜੀਤ ਦੇ ਬੈਂਕ ਖਾਤਿਆਂ ਵਿਚ ਪਿਛਲੇ 10 ਸਾਲਾਂ ਦੌਰਾਨ 13 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ। ਜ਼ਿਆਦਾ ਲੈਣ ਦੇਣ ਰਾਜਜੀਤ ਦੇ ਖਾਤਿਆਂ ਵਿਚ ਹੋਇਆ ਹੈ। ਉਥੇ ਹੀ ਅਣਜਾਣ ਖਾਤਿਆਂ ਰਾਹੀਂ ਵੀ ਲੈਣ ਦੇਣ ਕੀਤਾ ਗਿਆ ਹੈ। ਐੱਸ. ਟੀ. ਐੱਫ. ਪੂਰੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਵਿਜੀਲੈਂਸ ਬਿਊਰੋ ਨੇ ਇਕ ਐੱਸ. ਪੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਹੈ।

ਸੜਕਾਂ ਦਾ ਨਵੀਨੀਕਰਨ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਹਰਭਜਨ ਸਿੰਘ ETO

0

ਲੋਕ ਨਿਰਮਾਣ ਮੰਤਰੀ ਅਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸੂਬੇ ਦੀਆਂ ਸੜਕਾਂ ਦਾ ਨਵੀਨੀਕਰਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਰੋਡ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਸੂਬੇ ਵਿਚ ਕੋਈ ਵੀ ਬਲੈਕ ਸਪਾਟ ਨਹੀਂ ਛੱਡਿਆ ਜਾਵੇਗਾ।

ਉਹ ਅੱਜ ਦਸੂਹਾ ਵਿਖੇ ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੀ ਮੌਜੂਦਗੀ ਵਿਚ 9.50 ਕਰੋੜ ਰੁਪਏ ਦੀ ਲਾਗਤ ਨਾਲ 20.23 ਕਿਲੋਮੀਟਰ ਲੰਬੀ ਬਣਨ ਵਾਲੀ ਦਸੂਹਾ-ਕਮਾਹੀ ਦੇਵੀ ਰੋਡ ਨੂੰ ਮਜ਼ਬੂਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਹਲਕਾ ਇੰਚਾਰਜ ਮੁਕੇਰੀਆਂ ਪ੍ਰੋ. ਜੀ. ਐਸ ਮੁਲਤਾਨੀ, ਐਸ.ਡੀ.ਐਮ ਦਸੂਹਾ ਪ੍ਰਦੀਪ ਸਿੰਘ ਬੈਂਸ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਲੋਕ ਨਿਰਮਾਣ ਮੰਤਰੀ ਨੇ ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੜਕ ਕੰਢੀ ਖੇਤਰ ਦੀ ਕਾਫੀ ਮਹੱਤਵਪੂਰਨ ਸੜਕ ਹੈ ਅਤੇ ਇਹ ਨੈਸ਼ਨਲ ਹਾਈਵੇਅ ਜਲੰਧਰ-ਪਠਾਨਕੋਟ (ਐਨ.ਐਚ-44) ਦਸੂਹਾ ਤੋਂ ਤਲਵਾੜਾ, ਢੋਲਵਾਹਾ, ਹਰਿਆਣਾ ਸੜਕ ਨੂੰ ਕਮਾਹੀ ਦੇਵੀ ਨਾਲ ਮਿਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਹੀ ਧਾਰਮਿਕ ਸਥਾਨ ਜਿਵੇਂ ਕਿ ਪਾਂਡਵ ਸਰੋਵਰ ਮੰਦਿਰ, ਮੰਦਿਰ ਬਾਬਾ ਲਾਲ ਦਿਆਲ ਜੀ ਅਤੇ ਕਮਾਹੀ ਦੇਵੀ ਮੰਦਿਰ ਸਥਿਤ ਹਨ, ਜਿਨ੍ਹਾਂ ਦੀ ਪੂਰੇ ਖੇਤਰ ਵਿਚ ਕਾਫੀ ਮਾਨਤਾ ਹੈ।

ਇਸ ਤੋਂ ਇਲਾਵਾ ਇਸ ਸੜਕ ’ਤੇ ਕਰੀਬ 30-40 ਪਿੰਡਾਂ ਦਾ ਆਉਣਾ-ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਪਿਛਲੀ ਰਿਪੇਅਰ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਸਾਲ 2013 ਵਿਚ ਹੋਈ ਸੀ ਅਤੇ ਨਿਯਮਾਂ ਦੇ ਮੁਤਾਬਿਕ ਸਾਲ 2018 ਵਿਚ ਇਸ ਦੀ ਰਿਪੇਅਰ ਹੋਣੀ ਸੀ ਪਰ ਪਿਛਲੀਆਂ ਸਰਕਾਰ ਨੇ ਇਸ ਸੜਕ ਦੀ ਕੋਈ ਸੁਧ ਨਹੀਂ ਲਈ ਅਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਸੜਕ ਨੈਟਵਰਕ ਮਜ਼ਬੂਤ ਕਰ ਰਹੀ ਹੈ ਅਤੇ ਇਸੇ ਲੜੀ ਵਿਚ ਇਸ ਸੜਕ ਦਾ ਵੀ ਨਿਰਮਾਣ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸੜਕ ਦਾ ਨਿਰਮਾਣ ਕਾਰਜ 26 ਸਤੰਬਰ 2024 ਤੱਕ ਪੂਰਾ ਕਰ ਲਿਆ ਜਾਵੇਗਾ। ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਸੜਕ ਨਿਰਮਾਣ ਦੇ ਨਾਲ-ਨਾਲ ਸੂਬੇ ਵਿਚ ਬਿਜਲੀ ਨੈਟਵਰਕ ਨੂੰ ਵੀ ਮਜ਼ਬੂਤ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਪਾਵਰ ਕਾਰਪੋਰੇਸ਼ਨ 1880 ਕਰੋੜ ਰੁਪਏ ਦੇ ਘਾਟੇ ਵਿਚ ਸੀ ਅਤੇ ਸਾਡੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ 600 ਯੂਨਿਟ ਫਰੀ ਬਿਜਲੀ ਦੇਣ ਤੋਂ ਬਾਅਦ ਵੀ ਪਾਵਰ ਕਾਰਪੋਰੇਸ਼ਨ 564 ਕਰੋੜ ਰੁਪਏ ਮੁਨਾਫੇ ਵਿਚ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿਚ ਬਿਜਲੀ ਦੀ ਸਥਿਤੀ ਕਾਫੀ ਮਜ਼ਬੂਤ ਹੈ ਅਤੇ ਪੰਜਾਬ ਸਰਕਾਰ ਨੇ ਆਪਣੀ ਗਰੰਟੀ ਨੂੰ ਪੂਰਾ ਕਰਦੇ ਹੋਏ ਲੋਕਾਂ ਤੱਕ 600 ਯੂਨਿਟ ਮੁਫ਼ਤ ਬਿਜਲੀ ਪਹੁੰਚਾਈ ਹੈ, ਜਿਸ ਸਦਕਾ ਮੌਜੂਦਾ ਸਮੇਂ ਵਿਚ ਸੂਬੇ ਦੇ 90 ਫੀਸਦੀ ਤੋਂ ਵੱਧ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ।

ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਨੇ ਲੋਕ ਨਿਰਮਾਣ ਮੰਤਰੀ ਦੇ ਇਸ ਕਾਰਜ ’ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਵਿਚ ਉਨ੍ਹਾਂ ਦੇ ਯਤਨਾਂ ਨਾਲ ਸੜਕ ਨੈਟਵਰਕ ਮਜ਼ਬੂਤ ਹੋ ਰਿਹਾ ਹੈ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਦਸੂਹਾ ਵਿਧਾਨ ਸਭਾ ਹਲਕੇ ਦੀ ਹਰ ਮੰਗ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਹੈ। ਇਸ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਮਨਜੀਤ ਸਿੰਘ, ਐਸ.ਡੀ.ਈ ਦਵਿੰਦਰ ਪਾਲ, ਜੇ.ਈ ਯਾਦਵਿੰਦਰ ਸੋਢੀ, ਬਲਦੇਵ ਰਾਜ, ਅਸ਼ੋਕ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ।

ਦਿੱਲੀ ਸਰਕਾਰ ਨੇ ਟ੍ਰਾਂਸਜੈਂਡਰ ਭਾਈਚਾਰੇ ਲਈ ਕੀਤਾ ਵੱਡਾ ਐਲਾਨ

0

ਦਿੱਲੀ ਸਰਕਾਰ ਨੇ ਟ੍ਰਾਂਸਜੈਂਡਰ ਲਈ ਅੱਜ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਨਾਲ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਵੀ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ।

ਇਸ ਲਈ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਰਾਂਸਜੈਂਡਰ ਭਾਈਚਾਰੇ ਲਈ ਡੀਟੀਸੀ ਵਿੱਚ ਮੁਫ਼ਤ ਯਾਤਰਾ ਦਾ ਐਲਾਨ ਕੀਤਾ ਹੈ। ਟਰਾਂਸਜੈਂਡਰ ਭਾਈਚਾਰਾ ਜਲਦੀ ਹੀ ਇਸ ਯੋਜਨਾ ਦਾ ਲਾਭ ਲੈ ਸਕੇਗਾ, ਇਸ ਨੂੰ ਕੁਝ ਦਿਨਾਂ ਵਿੱਚ ਕੈਬਨਿਟ ਦੁਆਰਾ ਪਾਸ ਕਰ ਦਿੱਤਾ ਜਾਵੇਗਾ।

CM ਕੇਜਰੀਵਾਲ ਨੇ ਇਸ ਸਕੀਮ ਬਾਰੇ ਦੱਸਦਿਆਂ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਸਾਡੇ ਸਮਾਜਿਕ ਮਾਹੌਲ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਬਹੁਤ ਅਣਗੌਲਿਆ ਕੀਤਾ ਜਾਂਦਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ, ਉਹ ਵੀ ਇਨਸਾਨ ਹਨ ਅਤੇ ਉਨ੍ਹਾਂ ਦੇ ਵੀ ਬਰਾਬਰ ਦੇ ਅਧਿਕਾਰ ਹਨ।

ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਟਰਾਂਸਜੈਂਡਰ ਭਾਈਚਾਰੇ ਲਈ ਵੀ ਦਿੱਲੀ ਬੱਸਾਂ ਵਿੱਚ ਯਾਤਰਾ ਪੂਰੀ ਤਰ੍ਹਾਂ ਮੁਫਤ ਹੋਵੇਗੀ। ਜਲਦੀ ਹੀ ਇਸ ਨੂੰ ਕੈਬਨਿਟ ਵੱਲੋਂ ਪਾਸ ਕਰਕੇ ਲਾਗੂ ਕਰ ਦਿੱਤਾ ਜਾਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਕਿੰਨਰ ਭਾਈਚਾਰੇ ਦੇ ਲੋਕਾਂ ਨੂੰ ਇਸ ਫੈਸਲੇ ਦਾ ਬਹੁਤ ਫਾਇਦਾ ਹੋਵੇਗਾ।

ਵੀਡੀਓ ਵਿੱਚ ਅਰਵਿੰਦ ਕੇਜਰੀਵਾਲ ਨੇ ਇਸ ਸਕੀਮ ਬਾਰੇ ਵਿਸਥਾਰ ਵਿੱਚ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇੱਕ ਚੰਗੀ ਖ਼ਬਰ ਦੇਣੀ ਬਣਦੀ ਹੈ। ਕਿੰਨਰ ਸਮਾਜ ਉਹ ਸਮਾਜ ਹੈ, ਜਿਸ ਨੂੰ ਅੱਜ ਤੱਕ ਸਾਰੇ ਸਮਾਜ ਨੇ ਅਣਗੌਲਿਆ ਕੀਤਾ ਹੈ, ਉਨ੍ਹਾਂ ਲਈ ਕੋਈ ਕੰਮ ਨਹੀਂ ਕੀਤਾ ਗਿਆ। ਅੱਜ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਦਿੱਲੀ ਸਰਕਾਰ ਨੇ ਟਰਾਂਸਜੈਂਡਰ ਭਾਈਚਾਰੇ ਲਈ ਇੱਕ ਵੱਡਾ ਫੈਸਲਾ ਲਿਆ ਹੈ।

ਅਸੀਂ ਫੈਸਲਾ ਕੀਤਾ ਹੈ ਕਿ ਕਿੰਨਰ ਭਾਈਚਾਰੇ ਦੇ ਲੋਕਾਂ ਲਈ ਦਿੱਲੀ ਬੱਸਾਂ ਵਿੱਚ ਮੁਫਤ ਸਫਰ ਦੀ ਵਿਵਸਥਾ ਕੀਤੀ ਜਾਵੇਗੀ। ਜਿਸ ਤਰ੍ਹਾਂ ਅਸੀਂ ਔਰਤਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਦਿੰਦੇ ਹਾਂ, ਉਸੇ ਤਰ੍ਹਾਂ ਕਿੰਨਰ ਭਾਈਚਾਰੇ ਦੇ ਸਾਰੇ ਲੋਕਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ।ਇਹ ਫੈਸਲਾ ਅਗਲੇ ਕੁਝ ਦਿਨਾਂ ਵਿੱਚ ਕੈਬਨਿਟ ਵਿੱਚ ਲਿਆਂਦਾ ਜਾਵੇਗਾ। ਇੱਕ ਵਾਰ ਕੈਬਨਿਟ ਦੇ ਫੈਸਲੇ ਨੂੰ ਸੂਚਿਤ ਕਰਨ ਤੋਂ ਬਾਅਦ, ਇਹ ਸਹੂਲਤ ਜਲਦੀ ਤੋਂ ਜਲਦੀ ਚਾਲੂ ਹੋ ਜਾਵੇਗੀ ਅਸੀਂ ਅਗਲੇ ਕੁਝ ਹਫ਼ਤਿਆਂ ਵਿੱਚ ਇਸਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ।

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌ.ਤ

0

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌ.ਤ ਹੋ ਗਈ ਹੈ। ਇੱਥੇ ਇਕ ਹਾਦਸੇ ਦੌਰਾਨ ਪੰਜਾਬੀ ਟਰੱਕ ਡ੍ਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 33 ਸਾਲਾ ਟਰੱਕ ਡਰਾਈਵਰ ਸੁਬੇਗ ਸਿੰਘ ਵਜੋਂ ਹੋਈ ਹੈ। ਸੁਬੇਗ ਸਿੰਘ 7 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ। ਇਸ ਹਾਦਸੇ ਵਿਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਕੈਨੇਡਾ ਦੇ ਸਸਕੈਚਵਨ ਸੂਬੇ ਦੇ ਸ਼ਹਿਰ ਉੱਤਰੀ ਰੀਜਾਈਨਾ ਵਿਖੇ ਵਾਪਰਿਆ। ਸੁਬੇਗ ਸਿੰਘ ਦੇ ਟਰੱਕ ਵਿਚ ਪੱਥਰ ਦੀਆਂ ਭਾਰੀ ਸਲੈਬਾਂ ਲੱਦੀਆਂ ਹੋਈਆਂ ਸਨ। ਉੱਤਰੀ ਰੀਜਾਈਨਾ ਦੀ ਮੈਕਡਾਨਲਡ ਸਟਰੀਟ ਤੇ ਜਦੋਂ ਸੁਬੇਗ ਸਿੰਘ ਤੇ ਉਸ ਦਾ ਸਾਥੀ ਮਾਰਬਲ ਦੀਆਂ ਸਲੈਬਾਂ ਨੂੰ ਟਰੱਕ ‘ਚੋਂ ਉਤਾਰ ਰਹੇ ਸਨ ਤਾਂ ਮਾਰਬਲ ਦੀਆਂ ਸਲੈਬਾਂ ਫਿਸਲ ਕੇ ਉਨ੍ਹਾਂ ਉਪਰ ਡਿੱਗ ਗਈਆਂ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਸੁਬੇਗ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸੁਬੇਗ ਸਿੰਘ ਵਿਆਹਿਆ ਹੋਇਆ ਸੀ। ਉਹ ਅਪਣੇ ਪਿਛੇ ਮਾਤਾ-ਪਿਤਾ, ਭਰਾ, ਪਤਨੀ ਤੇ 2 ਸਾਲਾ ਧੀ ਛੱਡ ਗਿਆ ਹੈ। ਮ੍ਰਿਤਕ ਸੁਬੇਗ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਕਲਾਂ ਨਾਲ ਸਬੰਧਿਤ ਸੀ। ਸੁਬੇਗ ਸਿੰਘ ਦੇ ਮੌਤ ਦੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।

“ਮੁੱਖ ਮੰਤਰੀ ਤੀਰਥ ਯਾਤਰਾ” ਸਕੀਮ ਤਹਿਤ ਸ਼ਰਧਾਲੂਆਂ ਨੂੰ MLA ਅਮਨਦੀਪ ਕੌਰ ਨੇ ਕੀਤਾ ਰਵਾਨਾ

0

CM ਮਾਨ ਜੀ ਦੁਆਰਾ “ਮੁੱਖ ਮੰਤਰੀ ਤੀਰਥ ਯਾਤਰਾ” ਸਕੀਮ ਤਹਿਤ ਮੋਗਾ ਤੋਂ ਵੀ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਲਗਾਤਾਰ ਬੱਸਾਂ ਭੇਜੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਆਪਣੇ ਹਲਕੇ ਮੋਗਾ ਤੋ ਮਾਤਾ ਸ੍ਰੀ ਚਿੰਤਪੁਰਨੀ ਜੀ, ਜਵਾਲਾ ਜੀ, ਨੈਣਾ ਦੇਵੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਬੱਸ ਨੂੰ ਰਵਾਨਾ ਕੀਤਾ।

ਮੋਗਾ ਤੋਂ ਵਿਧਾਇਕ ਡਾ: ਅਮਨਦੀਪ ਕੌਰ ਵੱਲੋਂ ਪੰਜਵੀਂ ਬੱਸ ਯਾਤਰਾ ਨੂੰ ਰਵਾਨਾ ਕੀਤਾ ਗਿਆ। ਸ਼ਰਧਾਲੂ ਮਾਤਾ ਚਿੰਤਪੁਰਨੀ, ਨੈਣਾ ਦੇਵੀ, ਜਵਾਲਾ ਜੀ ਅਤੇ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨਗੇ। ਵਿਧਾਇਕ ਡਾ: ਅਮਨਦੀਪ ਕੌਰ ਨੇ ਸ਼ਰਧਾਲੂਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਮੁਬਾਰਕਾਂ ਦਿੱਤੀਆਂ।

ਇਸ ਮੌਕੇ ਯਾਤਰੀਆਂ ਨੇ ਜੈ ਮਾਤਾ ਦੀ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲਗਾ ਕੇ ਯਾਤਰੀਆਂ ਨੇ ਆਪਣੀ ਤੀਰਥ ਯਾਤਰਾ ਦੀ ਸ਼ੁਰੂਆਤ ਕੀਤੀ। ਡਾ: ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਜਾਰੀ ਹੈ ਅਤੇ ਸ਼ਰਧਾਲੂ ਵੀ ਇਸ ਦਾ ਲਾਭ ਉਠਾ ਰਹੇ ਹਨ। ਯਾਤਰੂਆਂ ਨੂੰ ਯਾਤਰਾ ਲਈ ਲੋੜੀਂਦਾ ਸਮਾਨ ਵੀ ਦਿੱਤਾ ਜਾ ਰਿਹਾ ਹੈ। ਅੱਜ ਮੋਗਾ ਤੋਂ ਪੰਜਵੀਂ ਬੱਸ ਯਾਤਰਾ ਸ਼ੁਰੂ ਕੀਤੀ ਗਈ ਹੈ।

ਪਟਾਕਾ ਫੈਕਟਰੀ ‘ਚ ਹੋਏ ਜ਼ਬਰਦਸਤ ਧਮਾਕੇ, 6 ਲੋਕਾਂ ਦੀ ਹੋਈ ਮੌ.ਤ

0

ਮੱਧ ਪ੍ਰਦੇਸ਼ ‘ਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਮੱਧ ਪ੍ਰਦੇਸ਼ ਦੇ ਹਰਦਾ ‘ਚ ਸਥਿਤ ਪਟਾਕਾ ਫੈਕਟਰੀ ‘ਚ ਮੰਗਲਵਾਰ ਸਵੇਰੇ ਅੱਗ ਲੱਗ ਗਈ। ਇਸ ਤੋਂ ਬਾਅਦ ਭਿਆਨਕ ਧਮਾਕੇ ਹੋਣੇ ਸ਼ੁਰੂ ਹੋ ਗਏ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਉਨ੍ਹਾਂ ਨੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ।

ਕੁਝ ਇਮਾਰਤਾਂ ਦੇ ਡਿੱਗਣ ਦੀਆਂ ਖਬਰਾਂ ਹਨ। ਅੱਗ ਨੇ ਨੇੜਲੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਹ ਅੰਕੜਾ ਹੋਰ ਵਧ ਸਕਦਾ ਹੈ। 60 ਤੋਂ ਵੱਧ ਜ਼ਖਮੀ ਹਨ। ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਹਰਦਾ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਹੰਗਾਮੀ ਮੀਟਿੰਗ ਬੁਲਾਈ ਹੈ। ਇਸ ਤੋਂ ਇਲਾਵਾ ਮੰਤਰੀ ਉਦੈ ਪ੍ਰਤਾਪ ਸਿੰਘ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਹਰਦਾ ਰਵਾਨਾ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵੀ ਪਹੁੰਚ ਗਈ। ਧਮਾਕਿਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜ ਪ੍ਰਭਾਵਿਤ ਹੋ ਰਹੇ ਹਨ।

ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ। ਅੱਗ ਲੱਗਣ ਸਮੇਂ ਫੈਕਟਰੀ ਵਿੱਚ 30 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ। ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜ਼ਖ਼ਮੀਆਂ ਅਤੇ ਮਰਨ ਵਾਲਿਆਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹੋ ਸਕਦੀਆਂ ਹਨ। ਮੁੱਢਲੀ ਜਾਣਕਾਰੀ ਅਨੁਸਾਰ ਇਹ ਪਟਾਕੇ ਬਣਾਉਣ ਵਾਲੀ ਫੈਕਟਰੀ ਰਾਜੂ ਅਗਰਵਾਲ ਦੀ ਹੈ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਆਸ-ਪਾਸ ਦੇ ਮਕਾਨ ਢਹਿ ਗਏ।

ਹਾਦਸੇ ਤੋਂ ਬਾਅਦ ਵਾਹਨ ਉੱਛਲ ਕੇ ਨਜ਼ਦੀਕੀ ਸੜਕ ‘ਤੇ ਜਾ ਡਿੱਗੇ। ਕੁਝ ਲੋਕਾਂ ਦੀ ਸੜਕ ‘ਤੇ ਹੀ ਮੌਤ ਹੋ ਗਈ। ਹਰਦਾ ਕੁਲੈਕਟਰ ਰਿਸ਼ੀ ਗਰਗ ਨੇ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ 20 ਤੋਂ 25 ਵਿਅਕਤੀ ਜ਼ਖ਼ਮੀ ਹੋਏ ਹਨ। ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

NDRF ਅਤੇ SDRF ਦੀ ਮਦਦ ਲਈ ਜਾ ਰਹੀ ਹੈ। ਸਾਡਾ ਧਿਆਨ ਬਚਾਅ ਅਤੇ ਰਾਹਤ ਕਾਰਜਾਂ ‘ਤੇ ਹੈ। ਪਟਾਕਾ ਫੈਕਟਰੀ ਵਿੱਚ ਧਮਾਕੇ ਤੋਂ ਬਾਅਦ ਨੇੜਲੇ 60 ਤੋਂ ਵੱਧ ਘਰਾਂ ਨੂੰ ਅੱਗ ਲੱਗ ਗਈ। 25 ਤੋਂ ਵੱਧ ਜ਼ਖ਼ਮੀਆਂ ਨੂੰ ਹਰਦਾ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ।

ਪ੍ਰਸ਼ਾਸਨ ਨੇ 100 ਤੋਂ ਵੱਧ ਘਰਾਂ ਨੂੰ ਖਾਲੀ ਕਰਵਾ ਲਿਆ ਹੈ। ਧਮਾਕੇ ਦੇ ਪ੍ਰਭਾਵ ਕਾਰਨ ਨੇੜਲੀ ਸੜਕ ‘ਤੇ ਆ ਰਹੇ ਵਾਹਨ ਵੀ ਕੁਝ ਦੂਰੀ ਤੱਕ ਜਾ ਡਿੱਗੇ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਫੈਕਟਰੀ ‘ਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਦੂਰੋਂ ਹੀ ਦੇਖਿਆ ਜਾ ਸਕਦਾ ਹੈ। ਨਰਮਦਾਪੁਰਮ ਅਤੇ ਖੰਡਵਾ ਤੋਂ ਵੀ ਐਂਬੂਲੈਂਸਾਂ ਨੂੰ ਹਰਦਾ ਭੇਜਿਆ ਗਿਆ ਹੈ। ਲੋਕਾਂ ਨੂੰ ਭੋਪਾਲ ਅਤੇ ਇੰਦੌਰ ਵਿੱਚ ਇਲਾਜ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਨੇੜਲੇ ਗਊ ਸ਼ੈੱਡ ਨੂੰ ਵੀ ਨੁਕਸਾਨ ਪਹੁੰਚਿਆ।

ਉਥੇ ਮੌਜੂਦ ਇਕ ਕਰਮਚਾਰੀ ਨੇ ਦੱਸਿਆ ਕਿ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਸਨ। ਪਟਾਕਾ ਫੈਕਟਰੀ ‘ਚ ਅੱਗ ਲੱਗਣ ਤੋਂ ਬਾਅਦ ਜ਼ੋਰਦਾਰ ਧਮਾਕੇ ਹੋਏ। ਕਰੀਬ 10 ਤੋਂ 15 ਵੱਡੇ ਧਮਾਕੇ ਹੋਏ। ਭੂਚਾਲ ਵਰਗੇ ਝਟਕੇ ਕਈ ਕਿਲੋਮੀਟਰ ਦੂਰ ਮਹਿਸੂਸ ਕੀਤੇ ਗਏ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਧਮਾਕੇ ਕਾਰਨ ਅੱਗ ਫੈਲ ਗਈ। ਇਸ ਕਾਰਨ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

0

ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ‘ਚ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 2 ਕਿੱਲੋ ਅਫੀਮ ਬਰਾਮਦ ਕੀਤੀ ਹੈ। ਫੜੇ ਗਏ ਤਸਕਰ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਡੀਐਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਅੱਧੀ ਰਾਤ ਨੂੰ ਜਦੋਂ ਪੁਲਿਸ ਪਾਰਟੀ ਨਾਕੇ ’ਤੇ ਮੌਜੂਦ ਸੀ ਤਾਂ ਸ਼ਹੀਦਗੜ੍ਹ ਨੇੜੇ ਬਾਈਕ ’ਤੇ ਸਵਾਰ ਇੱਕ ਨੌਜਵਾਨ ਨੂੰ ਰੋਕਿਆ ਗਿਆ। ਉਸ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਵਾਸੀ ਦਲੀਪ ਨਗਰ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਤਲਾਸ਼ੀ ਲੈਣ ‘ਤੇ ਉਸ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸ਼ਿਮਲਾ ‘ਚ ਹੋਈ ਲੈਂਡਸਲਾਈਡ, 2 ਮਜ਼ਦੂਰਾਂ ਦੀ ਹੋਈ ਮੌ.ਤ

0

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਰੁਕ ਗਿਆ ਹੈ ਪਰ ਹੁਣ ਲੈਂਡਸਲਾਈਡ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਸੂਬੇ ਦੀ ਰਾਜਧਾਨੀ ਸ਼ਿਮਲਾ ‘ਚ ਮੰਗਲਵਾਰ ਸਵੇਰੇ ਲੈਂਡਸਲਾਈਡ ਦੀ ਘਟਨਾ ਵਾਪਰੀ।

ਹਾਦਸੇ ਵਿੱਚ ਦੋ ਲੋਕਾਂ ਦੀ ਮੌ.ਤ ਹੋ ਗਈ ਹੈ। ਫਿਲਹਾਲ ਪੁਲਸ ਨੇ ਲਾ.ਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸ਼ਿਮਲਾ ਦੇ ਹਸਪਤਾਲ ਪਹੁੰਚਾਇਆ ਹੈ। ਦੂਜੇ ਪਾਸੇ ਘਟਨਾ ਵਾਲੀ ਥਾਂ ‘ਤੇ ਹੋਰ ਮਜ਼ਦੂਰ ਕੰਮ ਕਰ ਰਹੇ ਹੋਣ ਦੀ ਸੂਚਨਾ ਹੈ। ਇਸ ਦੌਰਾਨ ਪੰਜ ਮਜ਼ਦੂਰ ਜ਼ਖ਼ਮੀ ਹੋ ਕੇ ਵਾਲ-ਵਾਲ ਬਚ ਗਏ।

ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਕਰੀਬ 6:15 ਵਜੇ ਸ਼ਿਮਲਾ ਦੇ ਜੰਗਾ ਮਾਰਗ ‘ਤੇ ਅਸ਼ਵਨੀ ਖੱਡ ‘ਚ ਇਹ ਲੈਂਡਸਲਾਈਡ ਹੋਈ। ਲਾਸ਼ਾਂ ਨੂੰ ਕੱਢ ਕੇ IGMC ਨੂੰ ਭੇਜ ਦਿੱਤਾ ਗਿਆ ਹੈ। IGMC ਦੇ ਸੀਐਮਓ ਮਹੇਸ਼ ਨੇ ਦੱਸਿਆ ਕਿ ਲੈਂਡ ਸਲਾਈਡ ਵਿੱਚ ਦੱਬੇ ਦੋ ਮਜ਼ਦੂਰਾਂ ਨੂੰ ਸਵੇਰੇ ਲਿਆਂਦਾ ਗਿਆ ਅਤੇ ਦੋਵਾਂ ਦੀ ਮੌ.ਤ ਹੋ ਗਈ ਹੈ।

ਸ਼ਿਮਲਾ ਦੇ ਡੀਸੀ ਅਨੁਪਮ ਕਸ਼ਯਪ ਨੇ ਮੇਹਲੀ-ਜੰਗਾ ਰੋਡ ‘ਤੇ ਲੈਂਡਸਲਾਈਡ ਦੀ ਘਟਨਾ ਦਾ ਜਾਇਜ਼ਾ ਲਿਆ ਅਤੇ ਹੋਰ ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ, ਐਸਡੀਆਰਐਫ ਅਤੇ ਹੋਮਗਾਰਡ ਦੀਆਂ ਟੀਮਾਂ ਬਚਾਅ ਕਾਰਜਾਂ ਲਈ ਮੌਕੇ ‘ਤੇ ਪਹੁੰਚ ਗਈਆਂ।

ਪੁਲਿਸ ਅਤੇ ਐਸਡੀਆਰਐਫ ਦੀ ਟੀਮ ਨੇ ਫਾਇਰ ਬ੍ਰਿਗੇਡ ਅਤੇ ਹੋਮ ਗਾਰਡ ਕਰਮਚਾਰੀਆਂ ਦੀ ਮਦਦ ਨਾਲ ਕਰੀਬ ਇੱਕ ਘੰਟੇ ਵਿੱਚ ਲਾਸ਼ਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ 34 ਸਾਲਾ ਰਾਕੇਸ਼ ਅਤੇ 36 ਸਾਲਾ ਰਾਜੇਸ਼ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਅੰਤਰਿਮ ਰਾਹਤ ਪ੍ਰਦਾਨ ਕੀਤੀ ਹੈ।