ਪੰਜਾਬ ‘ਚ ਦੋ ਸਬ-ਡਵੀਜ਼ਨਾਂ ਦੇ ਸਕੂਲਾਂ-ਕਾਲਜਾਂ ‘ਚ ਅੱਜ ਤੇ ਭਲਕੇ ਛੁੱਟੀ ਦਾ ਐਲਾਨ
ਕਪੂਰਥਲਾ ਪ੍ਰਸ਼ਾਸਨ ਨੇ ਸ੍ਰੀ ਗੁਰੂ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਕੱਢੀ ਜਾਣ ਵਾਲੀ ਸ਼ੋਭਾਯਾਤਰਾ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ 22 ਫਰਵਰੀ ਨੂੰ ਕਪੂਰਥਲਾ ਸਬ-ਡਵੀਜ਼ਨ ਅਤੇ 23 ਫਰਵਰੀ ਨੂੰ ਫਗਵਾੜਾ ਸਬ-ਡਵੀਜ਼ਨ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ-ਕਾਲਜਾਂ ‘ਚ ਛੁੱਟੀ ਦਾ ਐਲਾਨ ਕੀਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪੰਚਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਪੂਰਥਲਾ ਅਤੇ ਫਗਵਾੜਾ ਸਬ-ਡਵੀਜ਼ਨਾਂ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਅਤੇ ਕਾਲਜ ਕ੍ਰਮਵਾਰ 22 ਅਤੇ 23 ਫਰਵਰੀ ਨੂੰ ਬੰਦ ਰਹਿਣਗੇ।
ਜਾਰੀ ਕੀਤੇ ਗਏ ਹੁਕਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਹੁਕਮ ਉਨ੍ਹਾਂ ਸਕੂਲਾਂ/ਕਾਲਜਾਂ ‘ਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਵਿੱਚ ਬੋਰਡ/ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਉਕਤ ਮਿਤੀਆਂ ਨੂੰ ਹੋਣਗੀਆਂ। ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪੰਚਾਲ ਨੇ 22 ਅਤੇ 23 ਫਰਵਰੀ ਨੂੰ ਸ਼ੋਭਾ ਯਾਤਰਾ ਦੇ ਰੂਟ ‘ਤੇ ਮੀਟ/ਮੱਛੀ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਵੀ ਹੁਕਮ ਜਾਰੀ ਕੀਤੇ ਹਨ।
ਹਰਿਆਣਾ ‘ਚ ਅੱਜ 2 ਘੰਟੇ ਲਈ ਕਿਸਾਨ ਸੜਕਾਂ ਕਰਨਗੇ ਜਾਮ
ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਹੁਣ ਤੱਕ ਕਈ ਕਿਸਾਨ ਸ਼ਹੀਦ ਵੀ ਹੋ ਗਏ ਹਨ।ਹਰਿਆਣਾ ‘ਚ ਅੱਜ ਕਿਸਾਨ 2 ਘੰਟੇ ਲਈ ਸੜਕਾਂ ਜਾਮ ਕਰਨਗੇ।
ਦੱਸ ਦਈਏ ਕਿ ਸ਼ੰਭੂ ਤੇ ਖਨੌਰੀ ਸਰਹੱਦ ‘ਤੇ ਹੋਈ ਝੜਪ ਦੇ ਸਬੰਧ ‘ਚ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨੇ ਹਰਿਆਣਾ ‘ਚ ਦੁਪਹਿਰ 12 ਤੋਂ 2 ਵਜੇ ਤੱਕ ਰੋਡ ਜਾਮ ਕਰਨ ਦਾ ਐਲਾਨ ਕੀਤਾ ਹੈ।
ਯੂਨੀਅਨ ਦੇ ਪ੍ਰਧਾਨ ਗੁਰਨਾਮ ਚੜੂਨੀ ਨੇ ਕਿਹਾ ਕਿ ਪਹਿਲਾਂ ਸਿਰਫ਼ ਪ੍ਰਦਰਸ਼ਨ ਹੋਣਾ ਸੀ ਪਰ ਝੜਪ ਤੋਂ ਬਾਅਦ ਫੈਸਲਾ ਬਦਲ ਦਿੱਤਾ ਗਿਆ ਹੈ।
ਬੀਤੇ ਕੱਲ੍ਹ ਇੱਕ ਨੌਜਵਾਨ ਕਿਸਾਨ ਦੀ ਗੋਲੀ ਲੱਗਣ ਨਾਲ ਮੌ.ਤ ਵੀ ਹੋ ਗਈ।ਕੱਲ੍ਹ ਹੋਈ ਝੜਪ ਦੇ ਮਾਮਲੇ ਦੀ ਜਾਂਚ ਲਈ ਕਿਸਾਨ ਆਗੂ ਅੱਜ ਖਨੌਰੀ ਬਾਰਡਰ ‘ਤੇ ਜਾਣਗੇ। ਜਿੱਥੇ ਉਹ ਅੰਦੋਲਨ ਲਈ ਡਟੇ ਕਿਸਾਨਾਂ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲੈਣਗੇ।
ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਦਿੱਲੀ ਜਾਣ ਦੀ ਆਪਣੀ ਯੋਜਨਾ 2 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਅਸੀਂ ਅਗਲੇ 2 ਦਿਨਾਂ ਤੱਕ ਰਣਨੀਤੀ ਬਣਾਵਾਂਗੇ। ਖਨੌਰੀ ਸਰਹੱਦ ‘ਤੇ ਕਿਸਾਨ ਦੀ ਮੌਤ ਅਤੇ ਤਣਾਅਪੂਰਨ ਸਥਿਤੀ ਤੋਂ ਬਾਅਦ ਕਿਸਾਨਾਂ ਨੇ ਇਹ ਫੈਸਲਾ ਲਿਆ।
ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦਿਆਂ ASI ਨੂੰ ਕੀਤਾ ਗ੍ਰਿਫਤਾਰ
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਥਾਣਾ ਲੌਂਗੋਵਾਲ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਚਤਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਨੂੰ ਬਿੰਦਰ ਸਿੰਘ ਵਾਸੀ ਪਿੰਡ ਝਾੜੋਂ ਜ਼ਿਲ੍ਹਾ ਸੰਗਰੂਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ASI ਉਸ ਦੇ ਰਿਸ਼ਤੇਦਾਰ ਰਣਜੀਤ ਸਿੰਘ ਵਾਸੀ ਪਿੰਡ ਝਾੜੋਂ, ਸੁਨਾਮ, ਜ਼ਿਲ੍ਹਾ ਸੰਗਰੂਰ ਨੂੰ ਥਾਣਾ ਲੌਂਗੋਵਾਲ ਵਿਖੇ ਪੁਲਿਸ ਕੇਸ ਵਿੱਚ ਨਾਮਜ਼ਦ ਕੀਤੇ ਜਾਣ ਉਪਰੰਤ ਉਸ ਕੋਲ਼ੋਂ 10,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ।
ਸ਼ਿਕਾਇਤਕਰਤਾ ਨੇ ਅੱਗੇ ਕਿਹਾ ਕਿ ਉਕਤ ਛੋਟਾ ਥਾਣੇਦਾਰ ਰਣਜੀਤ ਸਿੰਘ ਦੇ ਘਰੋਂ ਇੱਕ ਗੱਡੀ (ਅਰਟਿਗਾ ਕਾਰ) ਵੀ ਚੁੱਕ ਕੇ ਲੈ ਗਿਆ ਹੈ ਜੋ ਉਸਦੀ ਪਤਨੀ ਦੇ ਨਾਮ ‘ਤੇ ਰਜਿਸਟਰਡ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ASI ਰਣਜੀਤ ਸਿੰਘ ਨੂੰ ਰਿਸ਼ਵਤ ਦੇਣ ਲਈ ਧਮਕੀਆਂ ਦੇ ਰਿਹਾ ਹੈ ਨਹੀਂ ਤਾਂ ਉਹ ਇਸ ਮਾਮਲੇ ਵਿੱਚ ਉਸਦੀ ਪਤਨੀ ਨੂੰ ਵੀ ਨਾਮਜ਼ਦ ਕਰ ਦੇਵੇਗਾ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਜਿਸ ਵਿੱਚ ਏ.ਐਸ.ਆਈ. ਚਤਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਬਿੰਦਰ ਸਿੰਘ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਸਕੂਲ ਵੈਨ ਥੱਲੇ ਆਇਆ ਮਾਸੂਮ ਬੱਚਾ, ਹੋਈ ਮੌ.ਤ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਇੱਥੇ ਇੱਕ ਮਾਸੂਮ ਬੱਚੇ ਦੀ ਮੌ.ਤ ਹੋ ਗਈ ਹੈ।ਜਾਣਕਾਰੀ ਅਨੁਸਾਰ ਇੱਕ 8 ਸਾਲਾ ਬੱਚੇ ਦੀ ਸਕੂਲ ਦੀ ਹੀ ਬੱਸ ਦੇ ਟਾਇਰ ਥੱਲੇ ਆ ਜਾਣ ਕਾਰਨ ਮੌਤ ਹੋ ਗਈ।
ਇਸ ਹਾਦਸੇ ‘ਚ ਜਿਸ ਬੱਚੇ ਦੀ ਮੌ.ਤ ਹੋਈ ਹੈ।ਉਸਦਾ ਪਰਿਵਾਰ ਜਿੱਥੇ ਇਸ ਹਾਦਸੇ ਕਾਰਨ ਡੂੰਘੇ ਸਦਮੇ ‘ਚ ਹੈ, ਉੱਥੇ ਹੀ ਗੁੱਸੇ ਵਿੱਚ ਆਏ ਬੱਚੇ ਦੇ ਮਾਪਿਆਂ, ਪਿੰਡ ਨਿਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਸਕੂਲ ਅੱਗੇ ਧਰਨਾ ਲਗਾ ਦਿੱਤਾ ਗਿਆ ਹੈ। ਉਨ੍ਹਾਂ ਨੇ ਨਾਅਰੇਬਾਜ਼ੀ ਕਰਦਿਆਂ ਹੋਇਆ ਸਕੂਲ ਦੇ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਡਰਾਈਵਰ ਅਤੇ ਕੰਡਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਮ੍ਰਿਤਕ 8 ਸਾਲਾ ਜਸਕੀਰਤ ਸਿੰਘ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੈਨ ਦੇ ਡਰਾਈਵਰ ਅਤੇ ਕੰਡਕਟਰ ਨੇ ਜਸਕੀਰਤ ਸਿੰਘ ਨੂੰ ਵੈਨ ਤੋਂ ਥੱਲੇ ਉਤਾਰ ਦਿੱਤਾ ਤੇ ਨਾਲ ਦੀ ਨਾਲ ਹੀ ਵੈਨ ਅੱਗੇ ਤੋਰ ਲਈ, ਜਿਸ ਕਾਰਨ ਜਸਕੀਰਤ ਸਿੰਘ ਉਕਤ ਸਕੂਲ ਵੈਨ ਦੇ ਟਾਇਰਾਂ ਹੇਠ ਆ ਕੇ ਗੰਭੀਰ ਜ਼ਖਮੀ ਹੋ ਗਿਆ।
ਇਸ ਦੌਰਾਨ ਬੱਚੇ ਨੂੰ ਚੁੱਕ ਕੇ ਨਜਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਜਸਕੀਰਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕ ਬੱਚੇ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਉਨਾਂ ਦੇ ਬੱਚੇ ਦੀ ਜਾਨ ਗਈ ਹੈ।
ਥਾਣਾ ਬਡਾਲੀ ਆਲਾ ਸਿੰਘ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵੈਨ ਨੂੰ ਕਬਜ਼ੇ ‘ਚ ਲੈਂਦੇ ਹੋਏ ਵੈਨ ਦੇ ਡਰਾਇਵਰ ਤੇ ਕੰਡਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਹੋਰ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ । ਗਾਰਡਨ ਵੈਲੀ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਦੇਵ ਸਿੰਘ ਨਾਮਧਾਰੀ ਨੇ ਕਿਹਾ ਕਿ ਉਨਾਂ ਦੀ ਹਮਦਰਦੀ ਬੱਚੇ ਦੇ ਪਰਿਵਾਰ ਨਾਲ ਹੈ ਤੇ ਉਨਾਂ ਦੀਆਂ ਸਾਰੀਆਂ ਗੱਡੀਆਂ ਦੇ ਕਾਗਜ਼ਾਤ ਪੂਰੇ ਹਨ।
ਇੱਕ ਹੋਰ ਕਿਸਾਨ ਨੌਜਵਾਨ ਦੀ ਹੋਈ ਮੌ.ਤ
ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।ਕਿਸਾਨ ਮੰਗਾਂ ਨੂੰ ਲੈ ਕੇ ਚਲ ਰਹੇ ਕਿਸਾਨ ਅੰਦੋਲਨ ਦੌਰਾਨ ਇੱਕ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਅੰਦੋਲਨ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਐਮਐਸ ਡਾਕਟਰ ਐਚ ਐਸ ਰੇਖੀ ਨੇ ਇੱਕ ਕਿਸਾਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ
ਜਾਣਕਾਰੀ ਅਨੁਸਾਰ ਖਨੌਰੀ ਸਰਹੱਦ ਉਤੇ ਇਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ ਰਹਿਣ ਵਾਲੇ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ।
ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਬਾਰਡਰ ਉਤੇ ਸਖਤ ਪੁਲਿਸ ਬਲ ਤੈਨਾਤ ਕੀਤੇ ਹੋਏ ਹਨ।
ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ।
ਇਸੇ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਜਦੋਂ ਕਿ ਹੋਰ ਦਰਜਨਾਂ ਕਿਸਾਨ ਜ਼ਖਮੀ ਹੋ ਗਏ ਹਨ ਜੋ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਏ ਗਏ ਹਨ।
ਵਿਜੀਲੈਂਸ ਬਿਊਰੋ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਂ ‘ਤੇ ਰਿਸ਼ਵਤ ਲੈਣ ਵਾਲਾ ਕਾਬੂ
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਮਰਪੁਰਾ, ਲੁਧਿਆਣਾ ਸ਼ਹਿਰ ਨਿਵਾਸੀ ਅਮਰਦੀਪ ਸਿੰਘ ਬਾਂਗੜ, ਜੋ ਜਗਜੀਤ ਨਗਰ, ਲੁਧਿਆਣਾ ਵਿਖੇ ਆਪਣਾ ਦਫ਼ਤਰ ਚਲਾ ਰਿਹਾ ਹੈ, ਨੂੰ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀਆਂ ਦੇ ਨਾਂ ‘ਤੇ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪ੍ਰੀਤ ਨਗਰ ਸ਼ਿਮਲਾਪੁਰੀ, ਲੁਧਿਆਣਾ ਦੇ ਵਸਨੀਕ ਨਰੇਸ਼ ਕੁਮਾਰ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਦੋਸ਼ੀ ਅਮਰਦੀਪ ਸਿੰਘ ਬਾਂਗੜ ਨੇ ਨਗਰ ਨਿਗਮ ਲੁਧਿਆਣਾ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਜਾਰੀ ਕਰਵਾਉਣ ਬਦਲੇ ਉਸ ਕੋਲੋਂ 30,000 ਰੁਪਏ ਰਿਸ਼ਵਤ ਲਈ ਸੀ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਸ਼ਿਕਾਇਤਕਰਤਾ ਦੇ ਪਿਤਾ ਮਦਨ ਲਾਲ ਨੇ ਸਾਲ 2022 ਵਿੱਚ ਮਕਾਨ ਖਰੀਦਿਆ ਸੀ ਅਤੇ ਉਸ ਨੂੰ ਉਕਤ ਮਕਾਨ ਨੂੰ ਅੱਗੇ ਵੇਚਣ ਲਈ ਐਨ.ਓ.ਸੀ. ਦੀ ਜ਼ਰੂਰਤ ਸੀ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਅਮਰਦੀਪ ਸਿੰਘ ਬਾਂਗੜ ਨੇ ਦਾਅਵਾ ਕੀਤਾ ਸੀ ਕਿ ਉਹ ਗਿੱਲ ਪਿੰਡ ਦੇ ਪਟਵਾਰਖਾਨੇ (ਮਾਲ ਦਫ਼ਤਰ) ਵਿੱਚ ਕੰਮ ਕਰਦਾ ਹੈ ਅਤੇ ਉਹ 30,000 ਰੁਪਏ ਰਿਸ਼ਵਤ ਦੇ ਕੇ ਜਲਦ ਐਨ.ਓ.ਸੀ. ਜਾਰੀ ਕਰਵਾ ਸਕਦਾ ਹੈ ਕਿਉਂਕਿ ਉਹ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਣਦਾ ਹੈ। ਉਸ ਦੇ ਭਰੋਸੇ ‘ਤੇ ਸ਼ਿਕਾਇਤਕਰਤਾ ਨੇ 30,000 ਰੁਪਏ ਅਮਰਦੀਪ ਸਿੰਘ ਬਾਂਗੜ ਨੂੰ ਆਪਣੇ ਦੋਸਤ ਓਮ ਪ੍ਰਕਾਸ਼ ਦੀ ਮੌਜੂਦਗੀ ‘ਚ ਉਸ ਦੇ ਦਫ਼ਤਰ ਵਿਖੇ ਦੇ ਦਿੱਤੇ। ਐਨ.ਓ.ਸੀ ਜਾਰੀ ਕਰਵਾਉਣ ਵਿੱਚ ਅਸਫ਼ਲ ਰਹਿਣ ‘ਤੇ ਦੋਸ਼ੀ ਅਮਰਦੀਪ ਸਿੰਘ ਬਾਂਗੜ ਨੇ ਸ਼ਿਕਾਇਤਕਰਤਾ ਨੂੰ 40,000 ਰੁਪਏ ਦਾ ਚੈੱਕ ਦਿੱਤਾ ਅਤੇ 40,000 ਰੁਪਏ ਕਢਵਾਉਣ ਤੋਂ ਬਾਅਦ ਉਸਨੂੰ 10,000 ਰੁਪਏ ਵਾਪਸ ਕਰਨ ਲਈ ਕਿਹਾ। ਪਰ ਦਸਤਖਤ ਮੇਲ ਨਾ ਹੋਣ ਕਾਰਨ ਇਹ ਚੈੱਕ ਪਾਸ ਨਹੀਂ ਹੋ ਸਕਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਤਫਤੀਸ਼ ਦੌਰਾਨ ਸ਼ਿਕਾਇਤਕਰਤਾ ਵੱਲੋਂ ਅਮਰਦੀਪ ਸਿੰਘ ਬਾਂਗੜ ਖਿਲਾਫ ਲਗਾਏ ਦੋਸ਼ ਸਹੀ ਪਾਏ ਗਏ। ਇਸ ਸਬੰਧੀ ਅਮਰਦੀਪ ਸਿੰਘ ਬਾਂਗੜ ਦੇ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ ਅਤੇ ਆਈਪੀਸੀ ਦੀ ਧਾਰਾ 420 ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।
ਮਸ਼ਹੂਰ ਰੇਡੀਓ ਹੋਸਟ ਅਮੀਨ ਸਯਾਨੀ ਦਾ ਹੋਇਆ ਦਿਹਾਂਤ
ਰੇਡੀਓ ਜਗਤ ਨਾਲ ਜੁੜੀ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਮਸ਼ਹੂਰ ਰੇਡੀਓ ਸਟਾਰ ਅਮੀਨ ਸਯਾਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਜਾਣਕਾਰੀ ਅਨੁਸਾਰ ਆਪਣੀ ਜਾਦੂਈ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਸਯਾਨੀ ਦਾ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਉਨ੍ਹਾਂ ਨੇ 91 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਰੇਡੀਓ ਦੀ ਦੁਨੀਆ ਵਿੱਚ ਆਵਾਜ਼ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਅਮੀਨ ਸਯਾਨੀ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਰਜ਼ਿਲ ਸਯਾਨੀ ਨੇ ਕੀਤੀ ਹੈ।
ਜ਼ਿਕਰਯੋਗ ਹੈ ਕਿ ਅਮੀਨ ਸਯਾਨੀ ਦੇਸ਼ ਦੇ ਪਹਿਲੇ ਰੇਡੀਓ ਸਟਾਰ ਸਨ, ਜਿਨ੍ਹਾਂ ਨੂੰ ਵੱਡੇ-ਵੱਡੇ ਫਿਲਮੀ ਸਿਤਾਰੇ ਵੀ ਬਹੁਤ ਸਨਮਾਨ ਦਿੰਦੇ ਸਨ।ਦੱਸਿਆ ਜਾ ਰਿਹਾ ਹੈ ਕਿ ਸਯਾਨੀ ਦੀ ਸਿਹਤ ਪਿਛਲੇ ਕੁਝ ਸਾਲਾਂ ਤੋਂ ਠੀਕ ਨਹੀਂ ਸੀ।
ਅਮੀਨ ਸਯਾਨੀ ਦੇ ਬੇਟੇ ਰਜ਼ਿਲ ਸਯਾਨੀ ਉਨ੍ਹਾਂ ਦੀ ਮੌਤ ਨਾਲ ਡੂੰਘੇ ਸਦਮੇ ‘ਚ ਹੈ। ਉਨ੍ਹਾਂ ਦੱਸਿਆ ਕਿ ਸਯਾਨੀ ਨੂੰ ਦੇਰ ਰਾਤ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਦੱਸ ਦੇਈਏ ਅਮੀਨ ਸਯਾਨੀ ਦਾ ਜਨਮ 21 ਦਸੰਬਰ 1932 ਨੂੰ ਮੁੰਬਈ ਵਿੱਚ ਹੋਇਆ ਸੀ। ਅਮੀਨ ਸਯਾਨੀ ਨੇ ਰੇਡੀਓ ਦੀ ਦੁਨੀਆ ਵਿੱਚ ਆਪਣੀ ਇੱਕ ਵੱਖਰੀ ਹੀ ਪਹਿਚਾਣ ਬਣਾ ਲਈ ਸੀ। ਉਨ੍ਹਾਂ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਦਿਲਾਂ ਵਿਚ ਘਰ ਕਰ ਗਿਆ। ਅਮੀਨ ਸਯਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ, ਮੁੰਬਈ ਤੋਂ ਇੱਕ ਰੇਡੀਓ ਪੇਸ਼ਕਾਰ ਵਜੋਂ ਕੀਤੀ ਸੀ। ਉਨ੍ਹਾਂ ਨੇ 10 ਸਾਲਾਂ ਤੱਕ ਇੱਥੇ ਅੰਗਰੇਜ਼ੀ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਲ ਇੰਡੀਆ ਰੇਡੀਓ ਨੂੰ ਭਾਰਤ ਵਿੱਚ ਪ੍ਰਸਿੱਧ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿਧਾਨ ਸਭਾ ਹਲਕਾ ਇੰਚਾਰਜਾਂ ਦਾ ਕੀਤਾ ਗਿਆ ਐਲਾਨ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦਾ ਐਲਾਨ ਕੀਤਾ ਗਿਆ ਹੈ।ਦੱਸ ਦਈਏ ਕਿ ਪਾਰਟੀ ਵੱਲੋਂ 11 ਹਲਕਿਆਂ ਦੇ ਇੰਚਾਰਜਾਂ ਦਾ ਐਲਾਨ ਕੀਤਾ ਗਿਆ ਹੈ।ਇਸ ਸੰਬੰਧੀ ਪਾਰਟੀ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।

ਕਿਸਾਨਾਂ ‘ਤੇ ਲਗਾਤਾਰ ਸੁੱਟੇ ਜਾ ਰਹੇ ਹੰਝੂ ਗੈਸ ਦੇ ਗੋਲੇ, ਬਾਰਡਰ ‘ਤੇ ਮਾਹੌਲ ਬਣਿਆ ਤਣਾਅਪੂਰਨ
ਕਿਸਾਨਾਂ ਦਾ ਸੰਘਰਸ਼ ਜਾਰੀ ਹੈ।ਕਿਸਾਨ ਲਗਾਤਾਰ ਆਪਣੀਆਂ ਮੰਗਾਂ ‘ਤੇ ਡਟੇ ਹੋਏ ਹਨ।ਦੱਸ ਦਈਏ ਕਿ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ 4 ਵਾਰ ਗੱਲਬਾਤ ਫੇਲ੍ਹ ਰਹਿਣ ਤੋਂ ਬਾਅਦ ਅੱਜ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਰਾਹੀਂ ਦਿੱਲੀ ਵੱਲ ਵੱਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬਾਰਡਰ ਉਤੇ ਸੁਰੱਖਿਆ ਨੂੰ ਲੈ ਕੇ ਸਖਤ ਪ੍ਰਬੰਧ ਕੀਤੇ ਗਏ ਹਨ।
ਅੱਜ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਗਏ ਸੱਦੇ ਉਤੇ ਜਦੋਂ 11 ਵਜੇ ਕਿਸਾਨਾਂ ਨੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਕਿਸਾਨ ਵੀ ਹੌਸਲੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ।ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ 5ਵੇਂ ਦੌਰ ਦੀ ਮੀਟਿੰਗ ਕਰਨ ਲਈ ਤਿਆਰ ਹੋ ਗਈ ਹੈ।
ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਦੱਸਿਆ ਕਿ ਅੱਗੇ ਦੀ ਗੱਲਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਬਣਾਈ ਰੱਖਣਾ ਜ਼ਰੂਰੀ ਹੈ।ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ ਸਮੇਂ ਦੀ ਲੋੜ ਹੈ। ਹਾਲਾਂਕਿ ਸਰਕਾਰ ਨੇ ਐਮਐਸਪੀ ਗਾਰੰਟੀ ਨੂੰ ਲੈ ਕੇ ਕਿਸਾਨਾਂ ਸਾਹਮਣੇ ਫਾਰਮੂਲਾ ਵੀ ਰੱਖਿਆ ਸੀ।ਜਿਸਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ ਸੀ।ਕਿਸਾਨ ਸਰਕਾਰ ਦੇ ਫੈਸਲੇ ਨਾਲ ਸਹਿਮਤ ਨਹੀਂ ਹੋਏ।ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਦੀਆਂ ਮੰਗਾਂ ਅਜੇ ਵੀ ਅਧੂਰੀਆਂ ਹਨ।















