ਭਾਰਤ ਦੇ 16ਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਮਤਦਾਨ ਹੋ ਰਿਹਾ ਹੈ। ਰਾਸ਼ਟਰਪਤੀ ਚੋਣ ਲਈ ਵੋਟਿੰਗ ਸੋਮਵਾਰ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਵਿੱਚ ਲੋਕ ਸਭਾ-ਰਾਜ ਸਭਾ ਦੇ ਵਿਧਾਇਕ ਅਤੇ ਸੰਸਦ ਮੈਂਬਰ ਵੋਟਿੰਗ ਕਰ ਰਹੇ ਹਨ। ਸੰਸਦ ਭਵਨ ਦੀ ਪਹਿਲੀ ਮੰਜ਼ਿਲ ‘ਤੇ ਕਮਰਾ ਨੰਬਰ 63 ‘ਚ ਵੋਟਿੰਗ ਹੋ ਰਹੀ ਹੈ। ਸੰਸਦ ਮੈਂਬਰਾਂ ਨੂੰ ਬੈਲਟ ਪੇਪਰ ‘ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਨਾਂ ਵਿਰੁੱਧ ਆਪਣੀ ਤਰਜੀਹ ਦਰਜ ਕਰਨੀ ਹੋਵੇਗੀ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ ਅਤੇ ਅਗਲੇ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰਾਸ਼ਟਰਪਤੀ ਚੋਣ ਲਈ ਆਪਣੀ ਵੋਟ ਪਾ ਦਿੱਤੀ ਹੈ।ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ ਵਿਧਾਨ ਸਭਾ ਪਹੁੰਚ ਕੇ ਆਪਣੀ ਵੋਟ ਪਾਈ। ਸ਼ਿਵਰਾਜ ਸਿੰਘ ਚੌਹਾਨ ਨੇ ਵਿਧਾਨ ਸਭਾ ਦੇ ਸਪੀਕਰ ਤੋਂ ਬਾਅਦ ਆਪਣੀ ਵੋਟ ਪਾਈ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਵੀ ਗਾਂਧੀਨਗਰ ਵਿੱਚ ਆਪਣੀ ਵੋਟ ਪਾਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਤੇ PM ਮੋਦੀ ਨੇ ਵੀ ਵੋਟ ਪਾ ਦਿੱਤੀ ਹੈ।
ਰਾਸ਼ਟਰੀ ਜਮਹੂਰੀ ਗਠਜੋੜ (ਐੱਨਡੀਏ) ਤੋਂ ਦਰੋਪਦੀ ਮੁਰਮੂ ਅਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਵੱਲੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ। ਦਰੋਪਦੀ ਮੁਰਮੂ ਇਸ ਤੋਂ ਪਹਿਲਾਂ ਝਾਰਖੰਡ ਦੀ ਰਾਜਪਾਲ ਰਹਿ ਚੁੱਕੀ ਹੈ। ਜੇਕਰ ਕਬਾਇਲੀ ਨੇਤਾ ਮੁਰਮੂ ਚੁਣੀ ਜਾਂਦੀ ਹਨ ਤਾਂ ਮੁਰਮੂ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਭਾਰਤ ਦੀ ਪਹਿਲੀ ਰਾਸ਼ਟਰਪਤੀ ਹੋਵੇਗੀ। ਵਿਰੋਧੀ ਪਾਰਟੀਆਂ ਵੱਲੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਉਮੀਦਵਾਰ ਹਨ, ਜੋ ਕਦੇ ਭਾਜਪਾ ਦੇ ਵੱਡੇ ਨੇਤਾ ਸਨ। ਸਿਨਹਾ ਨੇ 2018 ਵਿੱਚ ਭਾਜਪਾ ਨੂੰ ਛੱਡ ਦਿੱਤਾ ਸੀ ਅਤੇ ਦੋਸ਼ ਲਾਇਆ ਸੀ ਕਿ ਭਾਜਪਾ ਵਿੱਚ ਅੰਦਰੂਨੀ ਲੋਕਤੰਤਰ ਨਹੀਂ ਹੈ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਅਜਿਹੇ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਕਰੀਬ 4800 ਵੋਟਰ (ਐਮਪੀ ਅਤੇ ਵਿਧਾਇਕ) ਵੋਟ ਪਾਉਣਗੇ। ਨਵੇਂ ਰਾਸ਼ਟਰਪਤੀ ਵਲੋਂ 25 ਜੁਲਾਈ ਨੂੰ ਸਹੁੰ ਚੁੱਕੀ ਜਾਵੇਗੀ।