ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ। ਖਾਸ ਤੌਰ ‘ਤੇ ਮੰਗਲਵਾਰ ਦੀ ਤਰ੍ਹਾਂ ਬੁੱਧਵਾਰ ਨੂੰ ਵੀ ਪੰਜਾਬ ‘ਚ ਸੰਘਣੀ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ 11 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਲਈ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਜ਼ੀਬਿਲਟੀ ਜ਼ੀਰੋ ਰਹਿ ਸਕਦੀ ਹੈ।
ਅਜਿਹੇ ‘ਚ ਵਿਭਾਗ ਨੇ ਇਨ੍ਹਾਂ ਜ਼ਿਲਿਆਂ ‘ਚ ਲੋਕਾਂ ਨੂੰ ਡਰਾਈਵਿੰਗ ਕਰਦੇ ਸਮੇਂ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਮੌਸਮ ਮਾਹਿਰਾਂ ਮੁਤਾਬਕ ਪੱਛਮੀ ਗੜਬੜੀ ਕਾਰਨ ਨਵੇਂ ਸਾਲ ਦਾ ਸਵਾਗਤ ਸੰਘਣੀ ਧੁੰਦ ਅਤੇ ਮੀਂਹ ਨਾਲ ਹੋ ਸਕਦਾ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਨੇ ਦੱਸਿਆ ਕਿ ਅਗਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। ਇਸ ਤੋਂ ਬਾਅਦ ਪੱਛਮੀ ਗੜਬੜੀ ਕਾਰਨ ਸੂਬੇ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਹ ਵੈਸਟਰਨ ਡਿਸਟਰਬੈਂਸ ਕਮਜ਼ੋਰ ਹੈ, ਇਸ ਲਈ ਅਸਰ ਜ਼ਿਆਦਾ ਨਹੀਂ ਹੋਵੇਗਾ।