ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਆਂਸਲ ਉਤਾੜ ਵਿਖੇ ਠਾਕੇ ਦੇ ਸਮਾਗਮ ਵਿੱਚ ਚੱਲ ਰਹੇ ਡੀ. ਜੇ. ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਠਾਕੇ ਦੇ ਸਮਾਗਮ ਵਿੱਚ ਚੱਲ ਰਹੇ ਡੀ. ਜੇ. ਦੌਰਾਨ ਠਾਕਾ ਸਮਾਗਮ ‘ਚ ਆਏ ਰਿਸ਼ਤੇਦਾਰ ਵੱਲੋਂ ਡੀ. ਜੇ. ‘ਤੇ ਪੈਸੇ ਚੁੱਕਣ ਵਾਲੇ 16 ਸਾਲਾ ਮੁੰਡੇ ਕੋਲੋਂ ਪਰਚੀਆਂ ਲੈਣ ਨੂੰ ਲੈ ਕੇ ਬਹਿਸ ਹੋ ਗਈ।
ਜਿਸ ਵਿਚ 16 ਸਾਲਾ ਮੁੰਡੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕਾਤਲ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਮੌਕੇ ‘ਤੇ ਪੁੱਜੀ ਥਾਣਾ ਵਲਟੋਹਾ ਦੀ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।
ਮ੍ਰਿਤਕ ਮੁੰਡੇ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਅਲਗੋਂ ਕੋਠੀ ਵਜੋਂ ਹੋਈ ਹੈ। ਜੋ ਕਿ ਅਲਗੋਂ ਕੋਠੀ ਦੇ ਹੀ ਡੀਜਿਆਂ ਦਾ ਕੰਮ ਕਰਦਾ ਸੀ। ਇਸ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਮ੍ਰਿਤਕ ਮੁੰਡੇ ਦੇ ਪਿਤਾ ਅੰਗਰੇਜ਼ ਸਿੰਘ ਅਤੇ ਮਾਤਾ ਨਿੰਦਰ ਕੌਰ ਸਦਮੇ ‘ਚ ਹਨ।
ਦੱਸ ਦਈਏ ਕਿ ਮ੍ਰਿਤਕ ਨੌਜਵਾਨ ਸੁਰਜੀਤ ਸਿੰਘ ਦੀ ਉਮਰ 16 ਸਾਲ ਦੇ ਕਰੀਬ ਹੈ ਅਤੇ ਉਸਦਾ ਇੱਕ ਭਰਾ ਤੇ ਦੋ ਹੋਰ ਭੈਣਾਂ ਹਨ। ਮ੍ਰਿਤਕ ਸੁਰਜੀਤ ਸਿੰਘ ਘਰੋਂ ਗਰੀਬ ਹੋਣ ਕਰਕੇ ਅਕਸਰ ਹੀ ਡੀ. ਜੇ. ਤੇ ਪੈਸੇ ਚੁਗਣ ਲਈ ਜਾਂਦਾ ਸੀ । ਉੱਥੇ ਹੀ ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਨਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਡੀ.ਜੇ. ‘ਤੇ ਪੈਸੇ ਚੁੱਕਣ ਲਈ ਅਕਸਰ ਜਾਇਆ ਕਰਦਾ ਸੀ।
ਜਿਸ ਦੀ ਬੀਤੀ ਰਾਤ ਠਾਕਾ ਸਮਾਗਮ ਵਿੱਚ ਆਏ ਇੱਕ ਰਿਸ਼ਤੇਦਾਰ ਵੱਲੋਂ ਪਰਚੀਆਂ ਮੰਗਣ ਨੂੰ ਲੈ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਮਾਤਾ ਨੇ ਤਰਨਤਾਰਨ ਦੇ ਐੱਸ. ਐੱਸ. ਪੀ. ਪਾਸੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਉਕਤ ਕਾਤਲ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ । ਇਸ ਮਾਮਲੇ ਸਬੰਧੀ ਥਾਣਾ ਵਲਟੋਹਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।