ਬੀਤੀ ਸ਼ਾਮ ਪਟਿਆਲਾ ‘ਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਪਟਿਆਲਾ ਵਿਖੇ ਵਾਪਰੇ ਭਿਆਨਕ ਹਾਦਸੇ ’ਚ ਸੀ. ਆਈ. ਡੀ. ਇੰਸਪੈਕਟਰ ਦੀ ਮੌਤ ਹੋ ਗਈ। ਪਟਿਆਲਾ ਦੇ 21 ਨੰਬਰ ਫਾਟਕ ਉਪਰ ਟਰੇਨ ਥੱਲੇ ਆਉਣ ਨਾਲ ਸੀ. ਆਈ. ਡੀ. ਇੰਸਪੈਕਟਰ ਪਰਮਜੀਤ ਸਿੰਘ ਵਾਸੀ ਰਾਮਗੜ੍ਹ ਦੀ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਰੇਨ ਨੇ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਪੁਲਸ ਅਧਿਕਾਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਵਿਅਕਤੀ ਪਰਮਜੀਤ ਸਿੰਘ ਪੰਜਾਬ ਪੁਲਸ ਦੇ ਵਿਭਾਗ ਸੀ. ਆਈ. ਡੀ. ’ਚ ਇੰਸਪੈਕਟਰ ਸਨ, ਜਿਨ੍ਹਾਂ ਦੀ ਡਿਊਟੀ ਪਟਿਆਲਾ ’ਚ ਹੀ ਸੀ। ਇਹ ਰਾਮਗੜ੍ਹ ਦੇ ਰਹਿਣ ਵਾਲੇ ਹਨ ਅਤੇ ਹੁਣ ਕੁਝ ਸਮੇਂ ਤੋਂ ਛੁੱਟੀ ’ਤੇ ਸਨ। ਪਟਿਆਲਾ ਦੇ 21 ਨੰਬਰ ਫਾਟਕ ਤੋਂ 5 ਵੱਜ ਕੇ 15 ਮਿੰਟ ’ਤੇ ਟਰੇਨ ਲੰਘ ਰਹੀ ਸੀ, ਜਿਸ ਦੇ ਥੱਲੇ ਆਉਣ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।