ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਭਾਰਤੀ ਹਾਕੀ ਟੀਮ ਦੇ ਡਿਫੈਂਡਰ ਵਰੁਣ ਕੁਮਾਰ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਬੈਂਗਲੁਰੂ ‘ਚ ਭਾਰਤੀ ਹਾਕੀ ਟੀਮ ਦੇ ਇਕ ਖਿਡਾਰੀ ਖਿਲਾਫ POCSO ਐਕਟ ਤਹਿਤ FIR ਦਰਜ ਕੀਤੀ ਗਈ ਹੈ।
ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ਖ਼ਿਲਾਫ਼ ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇੱਕ ਮਹਿਲਾ ਨੇ ਉਸ ’ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ।
ਦੋਸ਼ ਲਗਾਉਣ ਵਾਲੀ ਮਹਿਲਾ ਏਅਰਲਾਈਨ ਕੰਪਨੀ ਵਿੱਚ ਕੰਮ ਕਰ ਰਹੀ ਹੈ। ਉਸਨੇ ਦਾਅਵਾ ਕੀਤਾ ਕਿ ਜਦੋਂ ਉਹ 2018 ਵਿੱਚ ਅਰਜੁਨ ਐਵਾਰਡੀ ਵਰੁਣ ਦੇ ਸੰਪਰਕ ਵਿੱਚ ਆਈ ਤਾਂ ਉਹ 17 ਸਾਲ ਦੀ ਸੀ। ਉਸ ਸਮੇਂ ਵਰੁਣ ਇੱਥੇ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਕੇਂਦਰ ‘ਚ ਸਿਖਲਾਈ ਲੈ ਰਿਹਾ ਸੀ।
ਵਰੁਣ ਨੇ ਉਸ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕੀਤਾ ਤੇ ਮਿਲਣ ਲਈ ਜ਼ੋਰ ਪਾਇਆ। ਜੁਲਾਈ 2019 ’ਚ ਉਸ ਨੇ ਮਹਿਲਾ ਨੂੰ ਹੋਟਲ ’ਚ ਸੱਦਿਆ। ਉਸ ਸਮੇਂ ਪੀੜਤ ਨਾਬਾਲਗ ਸੀ। ਇਸ ਦੇ ਬਾਵਜੂਦ ਵਰੁਣ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ। ਇਸ ਮਗਰੋਂ ਕਈ ਵਾਰ ਅਜਿਹਾ ਕੀਤਾ।
ਜ਼ਿਕਰਯੋਗ ਹੈ ਕਿ ਵਰੁਣ ਕੁਮਾਰ ਮੂਲ ਰੂਪ ‘ਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਉਹ ਹਾਕੀ ਲਈ ਪੰਜਾਬ ਆ ਗਏ। 2017 ‘ਚ ਭਾਰਤੀ ਟੀਮ ‘ਚ ਸ਼ੁਰੂਆਤ ਕੀਤੀ, 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਸਿਲਵਰ ਮੈਡਲ ਜਿੱਤਿਆ। ਵਰੁਣ ਕੁਮਾਰ 2022 ਦੀਆਂ ਏਸ਼ਿਆਈ ਖੇਡਾਂ ‘ਚ ਗੋਲ਼ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। 2020 ਟੋਕੀਓ ਓਲੰਪਿਕ ‘ਚ ਭਾਰਤ ਦੀ ਬ੍ਰੌਨਜ਼ ਮੈਡਲ ਜੇਤੂ ਟੀਮ ਦੇ ਮੈਂਬਰ।