‘ਭਾਰਤ ਜੋੜੋ ਯਾਤਰਾ’ ਦੌਰਾਨ ਲੱਗੇ ਧੱਕੇ ‘ਤੇ ਬੋਲੇ ਰਾਜਾ ਵੜਿੰਗ, ਮੈਂ ਤਾਂ ਜੰਮਿਆ ਹੀ ਧੱਕਿਆ ‘ਚ ਹਾਂ, ਧੱਕੇ-ਧੱਕੇ ਖਾ-ਖਾ ਕੇ ਹੀ ਇੱਥੇ ਤੱਕ ਪਹੁੰਚਿਆ ਹਾਂ

0
29

ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੱਲ੍ਹ ਰਾਹੁਲ ਗਾਂਧੀ ਦੀ ਪੰਜਾਬ ‘ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਇੱਕ ਸੁਰੱਖਿਆ ਕਰਮੀ ਵਲੋਂ ਧੱਕਾ ਦੇ ਦਿੱਤਾ ਗਿਆ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਇੱਕ ਖਾਸ ਆਗੂ ਨੂੰ ਰਾਹੁਲ ਗਾਂਧੀ ਦੇ ਨੇੜੇ ਲੈ ਕੇ ਜਾ ਰਹੇ ਸਨ। ਇਹ ਦੇਖ ਕੇ ਰਾਹੁਲ ਦੀ ਸੁਰੱਖਿਆ ‘ਚ ਤਾਇਨਾਤ ਮੁਲਾਜ਼ਮ ਨੇ ਰਾਜਾ ਵੜਿੰਗ ਨੂੰ ਧੱਕਾ ਦੇ ਦਿੱਤਾ।

ਇਸ ਵੀਡੀਓ ਤੋਂ ਬਾਅਦ ਰਾਜਾ ਵੜਿੰਗ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕੋਈ ਮਹਾਰਾਜਾ ਨਹੀਂ ਜੰਮਿਆ ਹਾਂ ਜੇਕਰ ਕੋਈ ਰਾਜਾ ਮਹਾਰਾਜਾ ਦੇ ਘਰ ਜਾਂ ਫਿਰ ਕਿਸੇ ਮੰਤਰੀ ਦੇ ਘਰ ਜਨਮਿਆ ਹੁੰਦਾ ਤਾਂ ਉਸਨੂੰ ਸ਼ਾਇਦ ਧੱਕਾ ਨਾ ਵੱਜਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਤਾਂ ਧੱਕੇ-ਧੱਕੇ ਖਾ-ਖਾ ਕੇ ਹੀ ਇੱਥੇ ਤੱਕ ਪਹੁੰਚਿਆ ਹਾਂ।

ਮੈਨੂੰ ਧੱਕਿਆ ਦੀ ਕੋਈ ਪਰਵਾਹ ਨਹੀਂ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂਨੂੰ ਰਾਹੁਲ ਗਾਂਧੀ ਨੇ ਧੱਕਾ ਨਹੀਂ ਮਾਰਿਆ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ CRPF ਨੂੰ ਸ਼ਾਇਦ ਇਹ ਲੱਗਿਆ ਕਿ ਕੋਈ ਹੋਰ ਵਿਅਕਤੀ ਰਾਹੁਲ ਗਾਂਧੀ ਨੇੜੇ ਆ ਰਿਹਾ ਹੈ। ਇਸ ਲਈ ਉਨ੍ਹਾਂ ਵਲੋਂ ਅਜਿਹਾ ਕੀਤਾ ਗਿਆ।ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਦੁਸ਼ਮਣ ਦੀ ਚਾਲ ਵੀ ਹੋ ਸਕਦੀ ਹੈ।

ਇਹ ਸਭ ਰਾਹੁਲ ਗਾਂਧੀ ਦੇ ਸਾਹਮਣੇ ਹੋਇਆ। ਹਾਲਾਂਕਿ ਉਸ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਇਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਾਜਾ ਵੜਿੰਗ ਕਾਫੀ ਗੁੱਸੇ ‘ਚ ਨਜ਼ਰ ਆ ਰਿਹਾ ਹੈ। ਉਂਜ ਕਾਂਗਰਸੀ ਸਪੱਸ਼ਟ ਕਰ ਰਹੇ ਹਨ ਕਿ ਉਹ ਰਾਹੁਲ ਨੂੰ ਮਿਲਣ ਲਈ ਇੱਕ ਆਮ ਵਰਕਰ ਨੂੰ ਲੈ ਕੇ ਜਾ ਰਹੇ ਸਨ।

ਰਾਜਾ ਵੜਿੰਗ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕਰ ਰਹੇ ਸਨ। ਅਚਾਨਕ ਉਹ ਅੱਗੇ ਆਏ ਤੇ ਅੱਗੇ ਚੱਲ ਰਹੇ ਕਿਸੇ ਦੀ ਬਾਂਹ ਫੜ ਕੇ ਰਾਹੁਲ ਗਾਂਧੀ ਨੂੰ ਮਿਲਣ ਲਈ ਪਿੱਛੇ ਲੈ ਗਏ। ਜਿਵੇਂ ਹੀ ਉਹ ਕਰਮਚਾਰੀ ਨੂੰ ਨੇੜੇ ਲੈ ਗਿਆ ਤਾਂ ਰਾਹੁਲ ਦੇ ਨਾਲ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਦੇਖ ਲਿਆ। ਉਸ ਨੇ ਤੁਰੰਤ ਵਰਕਰ ਨੂੰ ਧੱਕਾ ਦੇ ਕੇ ਇਕ ਪਾਸੇ ਕਰ ਦਿੱਤਾ ਅਤੇ ਰਾਜਾ ਵੜਿੰਗ ਨੂੰ ਰਾਹੁਲ ਦੇ ਬਿਲਕੁਲ ਸਾਹਮਣੇ ਸਾਈਡ ਵੱਲ ਧੱਕ ਦਿੱਤਾ। ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਅਤੇ ਰਾਜਾ ਵੜਿੰਗ ਵਿਚਾਲੇ ਗਰਮਾ-ਗਰਮੀ ਦੀ ਝਲਕ ਵੀ ਸਾਹਮਣੇ ਆਈ।

LEAVE A REPLY

Please enter your comment!
Please enter your name here