ਯੂਕੇ ਵਿੱਚ ਪ੍ਰਧਾਨ ਮੰਤਰੀ ਦੇ ਉਮੀਦਵਾਰ ਰਿਸ਼ੀ ਸੂਨਕ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਂਗ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਘਰਾਂ ਦੇ ਬਿਜਲੀ ਬਿਲ ‘ਤੇ 200 ਪਾਉਂਡ ਦੀ ਕਟੌਤੀ ਕੀਤੀ ਜਾਵੇਗੀ। ਦਰਅਸਲ ਆਮ ਆਦਮੀ ਪਾਰਟੀ ਦੀ ਦਿੱਲੀ ਤੇ ਪੰਜਾਬ ਸਰਕਾਰ ਵਿਚ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਹੁਣ ਯੂਕੇ ‘ਚ ਵੀ ਆਮ ਆਦਮੀ ਪਾਰਟੀ ਵਾਂਗ ਐਲਾਨ ਕੀਤਾ ਗਿਆ ਹੈ।
ਬੋਰਿਸ ਜਾਨਸਨ ਦੇ ਅਸਤੀਫੇ ਤੋਂ ਬਾਅਦ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵਿਚ ਅਗਵਾਈ ਦੀ ਚੋਣ ਹੋ ਰਹੀ ਹੈ। ਇਸ ਵਿਚ ਰਿਸ਼ੀ ਸੂਨਕ ਅਤੇ ਲਿਜ ਟ੍ਰਸ ਵਿਚਾਲੇ ਮੁਕਾਬਲਾ ਹੈ। ਹਾਲ ਹੀ ਵਿਚ ਹੋਏ ਸਰਵੇ ਵਿਚ ਰਿਸ਼ੀ ਸੂਨਕ ਪਛੜਦੇ ਨਜ਼ਰ ਆ ਰਹੇ ਹਨ। ਅਜਿਹੇ ਵਿਚ ਉਨ੍ਹਾਂ ਦਾ ਇਹ ਐਲਾਨ ਕਾਫੀ ਅਹਿਮ ਸਾਬਿਤ ਹੋ ਸਕਦਾ ਹੈ। ਦਿ ਟਾਈਮਜ਼ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਐਨਰਜੀ ਬਿਲ ਵਿਚ ਵੈਟ ‘ਚ ਕਮੀ ਕਰਨਗੇ। ਇਸ ਨਾਲ ਬਿੱਲਾਂ ‘ਤੇ ਲੱਗਭਗ 200 ਪੌਂਡ ਦੀ ਬਚਤ ਹੋਵੇਗੀ।
ਦੱਸਣਯੋਗ ਹੈ ਕਿ ਬ੍ਰਿਟੇਨ ਵਿਚ ਪ੍ਰਧਾਨ ਮੰਤਰੀ ਅਹੁਦੇ ਦੀਆਂ ਚੋਣਾਂ ਲਈ ਕੰਜ਼ਰਵੇਟਿਵ ਪਾਰਟੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਚਾਲੇ ਗਹਿਮਾਗਹਿਮੀ ਜਾਰੀ ਹੈ। ਬੋਰਿਸ ਜਾਨਸਨ ਵੈਸੇ ਤਾਂ ਅਸਤੀਫਾ ਦੇ ਚੁੱਕੇ ਹਨ ਅਤੇ ਇਸ ਦੌੜ ਤੋਂ ਬਾਹਰ ਹਨ, ਪਰ ਉਨ੍ਹਾਂ ਦੇ ਖੇਮੇ ਦੇ ਵੀ ਦਾਅਵੇਦਾਰ ਦੌੜ ਵਿਚ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਨੂੰ ਪ੍ਰਧਾਨ ਮੰਤਰੀ ਸਤੰਬਰ ਤੋਂ ਪਹਿਲਾਂ ਨਹੀਂ ਮਿਲ ਸਕੇਗਾ। ਆਖਿਰ ਬ੍ਰਿਟੇਨ ਦੀ ਸੰਸਦ ਵਿਚ ਬਹੁਮਤ ਵਾਲੀ ਪਾਰਟੀ ਨੂੰ ਨਵਾਂ ਨੇਤਾ ਚੁਣਨ ਵਿਚ ਇੰਨਾ ਸਮਾਂ ਕਿਉਂ ਲੱਗੇਗਾ।