ਪਾਕਿਸਤਾਨ ‘ਚ ਦਹਿਸ਼ਤਗਰਦਾਂ ਵਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਇਕ ਪੁਲਸ ਸਟੇਸ਼ਨ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਇਸ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਮਲਾ ਚੋਣਾਂ ਤੋਂ 3 ਦਿਨ ਪਹਿਲਾਂ ਹੋਇਆ ਹੈ। ਇੱਥੇ 8 ਫਰਵਰੀ ਨੂੰ ਚੋਣ ਹੈ। ਫਿਲਹਾਲ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਅੱਜ ਸੋਮਵਾਰ ਸਵੇਰੇ ਕਰੀਬ 3 ਵਜੇ ਦਰਬਾਨ ਸ਼ਹਿਰ ਦੇ ਪੁਲਸ ਸਟੇਸ਼ਨ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਥਾਣੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਗ੍ਰੇਨੇਡ ਸੁੱਟੇ। ਇਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਅਸੀਂ ਵੀ ਜਵਾਬੀ ਕਾਰਵਾਈ ਕੀਤੀ ਪਰ ਅੱਤਵਾਦੀ ਫਰਾਰ ਹੋ ਗਏ। ਉਨ੍ਹਾਂ ਨੂੰ ਫੜਨ ਲਈ ਸਰਚ ਆਪਰੇਸ਼ਨ ਜਾਰੀ ਹੈ।